ਕਹਾਣੀਨਾਮਾ 30 : ਰਿਸ਼ਤਿਆਂ ਨੂੰ ਨਿਭਾਉਣ ਦੀ ਜਾਚ

04/26/2021 4:21:56 PM

ਸਮਾਜ ਦੇ ਬਣਾਏ ਚੌਗਿਰਦੇ ’ਚ ਵਿਚਰਦਿਆਂ ਹਰੇਕ ਮਨੁੱਖ ਦੀ ਰਿਸ਼ਤਿਆਂ ਰੂਪੀ ਸਾਂਝ ਉਸ ਨੂੰ ਜ਼ਿੰਦਗੀ ਜਿਊਣ ’ਚ ਉਸਾਰੂ ਰੂਪ ਅਦਾ ਕਰਦੀ ਹੈ। ਇਹ ਰਿਸ਼ਤੇ ਜਨਮ ਦੇਣ ਵਾਲੀ ਮਾਂ ਤੋਂ ਲੈ ਕੇ ਪੋਤਿਆਂ-ਦੋਹਤਿਆਂ ਤੋਂ ਅੱਗੇ ਤੱਕ ਦੇਖੇ ਜਾ ਸਕਦੇ ਹਨ। ਇਨ੍ਹਾਂ ਰਿਸ਼ਤਿਆਂ ਦੇ ਕਈ ਰੂਪ ਹੁੰਦੇ ਹਨ, ਜਿਨ੍ਹਾਂ ਦੀ ਲੋੜ ਬੰਦੇ ਨੂੰ ਵੱਖ-ਵੱਖ ਸਮੇਂ ’ਚ ਵੱਖ-ਵੱਖ ਰੂਪ ’ਚ ਪੈਂਦੀ ਹੈ। ਇਹ ਮੌਕੇ ਖੁਸ਼ੀ-ਗ਼ਮੀ ਦੋ ਮੌਕਿਆਂ ’ਤੇ ਵੱਖ-ਵੱਖ ਰੂਪ ’ਚ ਦੇਖੀ ਜਾ ਸਕਦੀ ਹੈ। ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਨੂੰ ਆਪਣੀ ਮਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਜਿਹੜੀ ਆਪਣੇ ਖੂਨ ਦੀਆਂ ਘੁੱਟਾਂ ਭਾਵ ਆਪਣਾ ਦੁੱਧ ਪਿਲਾ ਕੇ ਪਾਲਦੀ ਹੈ ।ਉਸ ਦੇ ਗਿੱਲੇ-ਸੁੱਕੇ, ਭੁੱਖ-ਪਿਆਸ ਦਾ ਪਲ-ਪਲ ਖਿਆਲ ਰੱਖਦੀ ਹੈ ।ਉਹ ਆਪਣੇ ਬੱਚੇ ਦੇ ਭਵਿੱਖ ਨੂੰ ਲੈ ਕੇ ਆਪਣੇ ਸੁਪਨੇ ਸਜਾਉਣ ਲੱਗਦੀ ਹੈ। ਮਾਂ ਭਾਵੇਂ ਘਰ ਦੀ ਗਰੀਬ ਹੋਵੇ ਪਰ ਆਪਣੇ ਬੱਚੇ ਦੇ ਭਵਿੱਖ ਦੇ ਸੁਪਨਿਆਂ ਨੂੰ ਲੈ ਕੇ ਬਹੁਤ ਅਮੀਰ ਹੁੰਦੀ ਹੈ।

ਇਹ ਵੀ ਪੜ੍ਹੋ- ਕਹਾਣੀਨਾਮਾ 29 : ਰੱਬ ਦੀ ਨਾਰਾਜ਼ਗੀ

ਬਾਪ ਆਪਣੇ ਬੱਚੇ ਦੀ ਹਰੇਕ ਲੋੜ ਪੂਰੀ ਕਰਨ ਦਾ ਚਾਹਵਾਨ ਹੁੰਦਾ ਹੈ।ਹਰੇਕ ਵਿਅਕਤੀ ਦੇ ਜੀਵਨ ’ਚ ਉਸ ਦੇ ਭੈਣ-ਭਰਾ, ਚਾਚੇ-ਤਾਏ ਅਤੇ ਦਾਦੇ-ਦਾਦੀ ਦੀ ਵਿਸ਼ੇਸ਼ ਲੋੜ ਹੁੰਦੀ ਹੈ। ਜਿਨ੍ਹਾਂ ਤੋਂ ਹੱਸਣਾ-ਖੇਡਣਾ, ਰੁੱਸਣਾ-ਮਨਾਉਣਾ ਭਾਸ਼ਾ ਅਤੇ ਗਿਆਨ ਰੂਪੀ ਅਹਿਮ ਗੱਲਾਂ ਦਾ ਗੂੜ੍ਹ ਗਿਆਨ ਪ੍ਰਾਪਤ ਕਰਦਾ ਹੈ। ਦਾਦੇ-ਦਾਦੀ ਤੋਂ ਸੁਣੀਆਂ ਬਾਤਾਂ ਸਾਰੀ ਉਮਰ ਉਸ ਨੂੰ ਜ਼ਿੰਦਗੀ ਦੇ ਤੱਤੇ-ਠੰਡੇ ਪਲਾਂ ’ਚ ਹਿੰਮਤ ਨਾ ਹਾਰਨ ਦਾ ਹੌਸਲਾ ਦਿੰਦੀਆਂ ਰਹਿੰਦੀਆਂ ਹਨ।ਚਾਚੇ-ਤਾਏ ਦੇ ਕੁੱਛੜ ਚੁੱਕ ਕੇ ਜਾਂ ਉਂਗਲੀ ਲਾ ਕੇ ਦੇਖੇ ਮੇਲੇ, ਤਿਉਹਾਰ ਉਸ ਅੰਦਰ ਮੋਹ ਅਤੇ ਆਪਣੇਪਣ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ। ਸਾਂਝੇ ਘਰਾਂ ’ਚ ਰਹਿੰਦਿਆਂ ਮਨੁੱਖ ਦੀ ਜ਼ਿੰਦਗੀ ਦਾ ਹਰੇਕ ਦਿਨ ਮੇਲੇ ਜਾਂ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ ਸੀ। ਛੋਟੇ ਹੁੰਦਿਆਂ ਜਦੋਂ ਚਾਚੀਆਂ, ਤਾਈਆਂ ਕੋਲ ਬੈਠਿਆਂ ਨੂੰ ਨੀਂਦ ਆ ਜਾਣੀ ਤਾਂ ਉਨ੍ਹਾਂ ਵੀ ਉਹ ਮਾਂ ਵਾਲਾ ਪਿਆਰ ਤੇ ਦੁਲਾਰ ਕਰਨਾ, ਇਹ ਆਮ ਗੱਲ ਸੀ। ਕਿਸੇ ਨੇ ਸੱਚ ਹੀ ਕਿਹਾ ਸੀ ਕਿ ਪੁਰਾਣੇ ਸਮੇਂ ’ਚ ‘ਘਰ ਕੱਚੇ ਪਰ ਲੋਕ ਸੱਚੇ’ ਸੀ।

ਰਿਸ਼ਤਿਆਂ ਦੀ ਮਿਠਾਸ ਨੇ ਕਦੇ ਆਪਣੇ ਪਰਾਏ ਦਾ ਅਹਿਸਾਸ ਨਹੀਂ ਹੋਣ ਦਿੱਤਾ ਸੀ।ਜਦੋਂ ਵਿਆਹ ਕਾਰਜ ਹੋਣਾ ਤਾਂ ਮਾਂ ਤੋਂ ਇਲਾਵਾ ਚਾਚੀਆਂ, ਤਾਈਆਂ, ਆਂਢ-ਗੁਆਂਢ ਤੋਂ ਵੀ ਚਾਅ ਨਹੀਂ ਚੁੱਕਿਆ ਜਾਂਦਾ ਸੀ। ਵਿਆਹ ਹੋਣ ਤੋਂ ਬਾਅਦ ਪਤੀ-ਪਤਨੀ ਦੇ ਚੰਗੇ ਵਿਵਹਾਰ ਦਾ ਪ੍ਰਭਾਵ ਬੱਚਿਆਂ ’ਤੇ ਪੈਣਾ ਲਾਜ਼ਮੀ ਹੁੰਦਾ ਸੀ। ਬੱਚੇ ਵੀ ਆਪਣੇ ਮਾਂ-ਬਾਪ ਵਾਂਗ ਲਾਇਕ, ਮਿਹਨਤੀ ਅਤੇ ਆਗਿਆਕਾਰੀ ਹੁੰਦੇ ਸਨ।ਪਤੀ-ਪਤਨੀ ’ਚ ਆਮ ਤੌਰ ’ਤੇ ਤਾਂ ਕੋਈ ਨਾਰਾਜ਼ਗੀ ਹੁੰਦੀ ਨਹੀਂ ਸੀ, ਜੇਕਰ ਹੁੰਦੀ ਵੀ ਸੀ ਤਾਂ ਘੜੀ ਪਲ ਦੀ। ਅੱਜਕਲ ਵਾਂਗ ਇਹ ਨਹੀਂ ਕਿ ਇੱਕ-ਦੂਜੇ ਨੂੰ ਮਹੀਨਾ ਦੋ-ਦੋ ਮਹੀਨੇ ਬੁਲਾਉਣਾ ਹੀ ਨਹੀਂ , ਇਹੋ ਜਿਹੇ ਮਾਂ-ਬਾਪ ਦਾ ਬੱਚਿਆਂ ’ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਣਾ ਹੈ, ਇਹ ਆਪਾਂ ਭਲੀਭਾਂਤ ਜਾਣਦੇ ਹਾਂ। ਪਤੀ-ਪਤਨੀ ਦਾ ਰਿਸ਼ਤਾ ਇੱਕ ਬਹੁਤ ਸੂਖਮ ਅਤੇ ਸੁਹਜਵਾਦੀ ਹੁੰਦਾ ਹੈ, ਜਿਸ ਨੂੰ ਜਿੰਨੀ ਸੁਹਜਤਾ ਨਾਲ ਨਿਭਾਇਆ ਜਾਵੇ, ਚੰਗੀ ਗੱਲ ਹੈ।

ਪਹਿਲਾਂ ਵਾਲੀਆਂ ਪਤਨੀਆਂ ਆਪਣੇ ਸੱਸਾਂ-ਸਹੁਰਿਆਂ ਦੀ ਇੱਜ਼ਤ ਅਤੇ ਉਨ੍ਹਾਂ ਦੀ ਖੂਬ ਸੇਵਾ ਕਰਦੀਆਂ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਸੀ, ਜੇਕਰ ਅੱਜ ਮੈਂ ਆਪਣੇ ਸੱਸ-ਸਹੁਰੇ ਦੀ ਸੇਵਾ ਕਰਾਂਗੀ ਤਾਂ ਕੱਲ ਨੂੰ ਦੇਖ ਕੇ ਮੇਰੇ ਪੁੱਤ-ਪੋਤੇ ਵੀ ਸਾਡੀ ਸੇਵਾ ਕਰਨਗੇ ਅਤੇ ਇਹ ਗੱਲ ਉਨ੍ਹਾਂ ਦੀ ਸੋਲ੍ਹਾਂ ਆਨੇ ਸੱਚ ਹੁੰਦੀ ਸੀ ਪਰ ਅਫਸੋਸ ਦੀ ਗੱਲ ਹੈ ਅਸੀਂ ਅੱਜ ਜਿਸ ਦੌਰ ’ਚੋਂ ਗੁਜ਼ਰ ਰਹੇ ਹਾਂ, ਉਸ ’ਚ ਪੜ੍ਹੇ ਲਿਖੇ ਲੋਕ ਮਾਪਿਆਂ ਨੂੰ ਰੋਟੀ ਦੇਣ ਤੋਂ ਵੀ ਮੁਨਕਰ ਹਨ। ਅੱਜ ਤੋਂ ਕੋਈ ਵੀਹ ਸਾਲ ਪਹਿਲਾਂ ਕੋਈ ਬਿਰਧ ਆਸ਼ਰਮ ਨਹੀਂ ਹੁੰਦਾ ਸੀ। ਸਿਆਣੇ ਕਹਿੰਦੇ ਨੇ ਜੇ ਪਾਟਿਆ ਸਿਉਂਏ ਨਾ, ਰੁੱਸਿਆ ਮਨਾਈਏ ਨਾ ਤਾਂ ਰਿਸ਼ਤੇ ਨੀਂ ਨਿਭਦੇ ।

ਸਤਨਾਮ ਸਮਾਲਸਰੀਆ
97108-60004 

Manoj

This news is Content Editor Manoj