ਸਿੱਖਿਆ ਸਮਿਤੀ ਵੱਲੋਂ ਲੱਚਰ ਗੀਤਾਂ ਵਿਰੁੱਧ ਪ੍ਰੋ. ਪੰਡਿਤ ਰਾਓ ਦੀ ਮੁਹਿੰਮ ਦਾ ਜ਼ੋਰਦਾਰ ਸਮਰਥਨ

11/21/2017 4:33:12 PM

ਸਰਵ ਸਿੱਖਿਆ ਸੁਧਾਰ ਸਮਿਤੀ ਚੰਡੀਗੜ੍ਹ ਵਲੋਂ ਪੰਜਾਬੀ ਗੀਤਾਂ ਵਿੱਚ ਸ਼ਰਾਬੀ, ਹਥਿਆਰਾਂ ਅਤੇ ਲੱਚਰ ਗੀਤਾਂ ਦੀ ਭਰਮਾਰ ਵਿਰੁੱਧ ਪ੍ਰੋ. ਪੰਡਿਤ ਰਾਓ ਧਰੇਨਵਰ ਵਲੋਂ ਚਲਾਈ ਮੁਹਿੰਮ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ ਹੈ। ਸਰਕਾਰੀ ਕਾਲਿਜ ਸੈਕਟਰ-46, ਚੰਡੀਗੜ੍ਹ ਵਿਖੇ ਬਤੌਰ ਸੋਸ਼ਾਲਿਓਜੀ ਦੇ ਇਹ ਪ੍ਰੋਫੈਸਰ, ਕਰਨਾਟਕ ਦੇ ਮੂਲ ਰੂਪ ਵਾਸੀ ਹੋਣ ਦੇ ਬਾਵਜੂਦ ਪੰਜਾਬੀ ਭਾਸ਼ਾ  ਦੀ ਤਨ, ਮਨ ਅਤੇ ਧਨ ਨਾਲ ਸੇਵਾ ਕਰ ਰਹੇ ਹਨ ਅਤੇ ਅੱਜ ਕੱਲ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਪ੍ਰਦੂਸ਼ਿਤ ਕਰਨ ਵਾਲੇ ਲੱਚਰ ਗੀਤਾਂ ਵਿਰੁੱਧ ਵੱਡੀ ਮੁਹਿੰਮ ਚਲਾਈ ਹੋਈ ਹੈ।
ਸਮਿਤੀ ਦੇ ਚੇਅਰਮੈਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਅਤੇ ਕਾਰਜਕਾਰੀ ਪ੍ਰਧਾਨ ਸ੍ਰ. ਜਗਤਾਰ ਸਿੰਘ ਜੋਗ ਨੇ ਕਿਹਾ ਕਿ ਸਮੇਂ ਦੀ ਮੰਗ ਅਨੁਸਾਰ ਪ੍ਰੋ. ਰਾਓ ਜੋ ਹੁਣ ਪੰਜਾਬੀ ਭਾਸ਼ਾ, ਸਮਾਜ ਅਤੇ ਸੱਭਿਆਚਾਰ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਡਾ ਉਪਰਾਲਾ ਕਰ ਰਹੇ ਹਨ ਕਿਉਂਕਿ ਪੰਜਾਬੀ ਗੀਤਾਂ ਵਿੱਚ ਹਥਿਆਰਾਂ, ਸ਼ਰਾਬ ਅਤੇ ਲੱਚਰਪੁਣੇ ਨੇ ਪੰਜਾਬੀਆਂ ਨੂੰ ਸਮਾਜਿਕ ਖੇਤਰ ਵਿੱਚ ਬਹੁਤ ਹੀ ਨਿਮਾਣ ਵੱਲ ਮੋੜ ਦਿੱਤਾ ਹੈ। ਬੱਸਾਂ ਵਿੱਚ ਵਜਦੇ ਗੰਦੇ ਗਾਣੇ, ਸਫ਼ਰ ਕਰ ਰਹੇ ਹਰ ਸਰੀਫ਼ ਆਦਮੀ ਨੂੰ ਸ਼ਰਮ ਨਾਲ ਪਾਣੀ-ਪਾਣੀ ਕਰ ਦੇਂਦੇ ਹਨ। ਇਸੇ ਤਰ੍ਹਾਂ ਟੀ.ਵੀ. ਤੇ ਗਾਏ ਜਾਣ ਵਾਲੇ ਲੱਚਰ ਗੀਤ ਵੀ ਪਰਿਵਾਰਿਕ ਮਾਹੌਲ ਨੂੰ ਗੰਧਲਾ ਕਰਦੇ ਹਨ।
ਪ੍ਰਿੰਸੀਪਲ ਗੋਸਲ ਨੇ ਕਿਹਾ ਕਿ ਕਿਸੇ ਸੱਭਿਅਤ ਸਮਾਜ ਦਾ ਸਰਮਾਇਆ ਉਸਦਾ ਸੱਭਿਆਚਾਰ ਹੁੰਦਾ ਹੈ ਜੇ ਸੱਭਿਆਚਾਰ ਹੀ ਗੰਧਲਾ ਅਤੇ ਲੱਚਰ ਹੋਵੇਗਾ ਤਾਂ ਸਮਾਜ ਨੂੰ ਸੱਭਿਅਤ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਪ੍ਰੇਮੀ ਅਤੇ ਪੰਜਾਬੀ ਸੱਭਿਆਚਾਰ ਨੂੰ ਪਿਆਰਾ ਕਰਨ ਵਾਲੇ ਵਿਅਕਤੀ ਦਾ ਫ਼ਰਜ ਬਣਦਾ ਹੈ ਕਿ ਉਹ ਪੰਡਿਤ ਰਾਓ ਵੱਲੋਂ ਚਲਾਈ ਗਈ ਇਸ ਮੁਹਿੰਮ ਵਿੱਚ ਉਨ੍ਹਾਂ ਦਾ ਸਾਥ ਦੇਵੇ ਤਾਂ ਕਿ ਸਾਡੀ ਆਉਣ ਵਾਲੀ ਪੀੜੀ ਨੂੰ ਇਸ ਲੱਚਰਪੁਣੇ ਤੋਂ ਬਚਾਇਆ ਜਾ ਸਕੇ। ਕਿਸੇ ਵੀ ਗੀਤਕਾਰ ਨੂੰ ਸਮਾਜਿਕ ਪ੍ਰਦੂਸ਼ਣ ਫੈਲਾਉਣ ਦਾ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਲੋਕਾਂ ਨੂੰ ਸ਼ਰਾਬ ਨਾਲ ਜੋੜ ਅਤੇ ਹਥਿਆਰ ਚੁਕਾ ਕੇ ਗੀਤਕਾਰ ਅਤੇ ਗਾਇਕ ਸਮਾਜ ਦਾ ਕੀ ਭਲਾ ਕਰਨਾ ਚਾਹੁੰਦੇ ਹਨ?  ਉਨ੍ਹਾਂ ਨੇ ਇਸ ਨੇਕ ਕੰਮ ਲਈ ਪ੍ਰੋਫੈਸਰ ਰਾਓ ਨੂੰ ਗੈਰ ਪੰਜਾਬੀ ਹੁੰਦੇ ਹੋਏ ਵੀ ਪੰਜਾਬੀ ਸੱਭਿਆਚਾਰ ਨੂੰ ਇੱਥੋਂ ਤੱਕ ਮਹੱਤਤਾ ਦੇਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਪੂਰੀ ਸੰਸਥਾ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਨੂੰ ਇਸ ਮੁਹਿੰਮ ਵਿੱਚ ਹਰ ਤਰ੍ਹਾਂ ਦੀ ਮਦਦ ਦੇਵੇਗੀ।  
ਬਹਾਦਰ ਸਿੰਘ ਗੋਸਲ, 
ਚੈਅਰਮੈਨ,
ਸਰਵ ਸਿੱਖਿਆ ਸੁਧਾਰ ਸਮਿਤੀ ਚੰਡੀਗੜ੍ਹ।
ਮੋ. ਨੰ: 98764-52223