ਨਿੱਜੀ ਸਕੂਲਾਂ ’ਚ ਅਧਿਆਪਕਾਂ ਦਾ ਹੋ ਰਿਹਾ ਆਰਥਿਕ ਸ਼ੋਸ਼ਣ

05/01/2021 4:55:36 PM

ਇਸ ’ਚ ਕੋਈ ਸ਼ੱਕ ਨਹੀਂ ਕਿ ਪਿਛਲੇ ਦਸ ਸਾਲਾਂ ’ਚ ਨਿੱਜੀ ਸਕੂਲ ਖੁੱਲ੍ਹਣ ਦੀ ਜੋ ਭਰਮਾਰ ਪੰਜਾਬ ’ਚ ਦੇਖਣ ਨੂੰ ਮਿਲੀ ਹੈ, ਉਹ ਹੋਰ ਕਿਤੇ ਨਹੀਂ ਮਿਲਦੀ। ਪੰਜਾਬ ’ਚ ਆਏ ਦਿਨ ਇਹ ਦੁਕਾਨਾਂ ਧੜਾਧੜ ਖੁੱਲ੍ਹ ਰਹੀਆਂ ਹਨ, ਜਿਨ੍ਹਾਂ ਦਾ ਅਸਰ ਸਰਕਾਰੀ ਸਕੂਲਾਂ ’ਤੇ ਪੈਣਾ ਲਾਜ਼ਮੀ ਹੈ।ਉੱਤੋਂ ਸਾਡੀਆਂ ਸਰਕਾਰਾਂ ਇਨ੍ਹਾਂ ਸਕੂਲਾਂ ਨੂੰ ਪ੍ਰਮੋਟ ਕਰ ਰਹੀਆਂ ਹਨ। ਇਨ੍ਹਾਂ ਨਿੱਜੀ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਹਾਲਤ ਬਹੁਤ ਤਰਸਯੋਗ ਹੈ । ਜਿਹੜੇ ਵਿਚਾਰੇ ਡਬਲ ਐੱਮ. ਏ., ਪੀ. ਐੱਚ. ਡੀ. ਅਤੇ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਡਿਗਰੀਆਂ ਪ੍ਰਾਪਤ ਹੁੰਦੇ ਹਨ। ਜਿਨ੍ਹਾਂ ਦੀ ਜੇਕਰ ਤਨਖਾਹ ਦੀ ਗੱਲ ਕਰੀਏ ਤਾਂ ਪੰਜ ਹਜ਼ਾਰ, ਛੇ ਹਜ਼ਾਰ ਹੱਦ ਤੋਂ ਹੱਦ ਸੱਤ ਹਜ਼ਾਰ ।

ਕਈ ਸਕੂਲਾਂ ਦੇ ਮਾਲਕ ਤਾਂ ਏਨੇ ਜ਼ਮੀਰ ਦੇ ਮਰੇ ਹੁੰਦੇ ਹਨ ਕਿ ਦੋ ਹਜ਼ਾਰ, ਪੰਚੀ ਸੌ ’ਤੇ ਵੀ ਬੀ. ਐੱਡ., ਪੰਜਾਬ ਟੈੱਟ ਪਾਸ ਕੁੜੀਆਂ, ਮੁੰਡਿਆਂ ਨੂੰ ਰੱਖ ਕੇ ਉਨ੍ਹਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾ ਰਹੇ ਹਨ, ਫੇਰ ਉੱਤੋਂ ਤਿੰਨ-ਤਿੰਨ ਮਹੀਨੇ ਤਨਖਾਹ ਨਹੀਂ ਦਿੰਦੇ । ਦੱਸੋ ਭਲਾ ਉਹ ਵਿਚਾਰੇ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰਨ। ਆਪ ਕਿਸੇ ਬੱਚੇ ਦੀ ਫੀਸ ਦੇ ਪੰਜ ਪੈਸੇ ਨੀਂ ਛੱਡਦੇ, ਹਾਲਾਂਕਿ ਸਾਰੀਆਂ ਕਾਪੀਆਂ, ਕਿਤਾਬਾਂ, ਸਟੇਸ਼ਨਰੀ ਸਾਰੀ ਆਪਣੇ ਸਕੂਲ ਵੱਲੋਂ ਦੇ ਕੇ ਮੋਟੀ ਕਮਾਈ ਕਰਦੇ ਹਨ। ਪਿਛਲੇ ਸਾਲ ਅਤੇ ਇਸ ਸਾਲ ਵੀ ਅਜਿਹੇ ਗਰੀਬ ਘਰਾਂ ਦੇ ਪ੍ਰਾਈਵੇਟ ਅਧਿਆਪਕਾਂ ਨੂੰ ਕਣਕਾਂ ਵੱਢਦੇ, ਝੋਨੇ ਲਾਉਂਦੇ ਅਸੀਂ ਆਮ ਹੀ ਮੀਡੀਆ ਦੇ ਸਾਧਨਾਂ ਰਾਹੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ।ਉਂਝ ਗੁਰਦੁਆਰੇ ਜਾ ਕੇ ਅਰਦਾਸ ਕਰਾਉਂਦੇ ਹਾਂ, ਪ੍ਰਮਾਤਮਾ ਸਾਡਾ ਸਕੂਲ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਕਰੇ । ਤੁਸੀਂ ਤਾਂ ਤਰੱਕੀ ਕਰ ਹੀ ਲੈਣੀ ਹੈ ਪਰ ਉਨ੍ਹਾਂ ਅਧਿਆਪਕਾਂ ਦੀ ਤਰੱਕੀ ਬਸ ਉੱਥੇ ਹੀ ਰੁਕੀ ਰਹਿਣੀ ਹੈ ਪੰਜ-ਸੱਤ ਹਜ਼ਾਰ ’ਤੇ ।

ਕਹਿਣਾ ਤਾਂ ਬਹੁਤ ਸੌਖਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉੱਤੋਂ ਸਕੂਲ ਨਿਯਮਾਂ ਦਾ ਪਾਲਣ ਕਰੋ, ਜਿਵੇਂ ਅਧਿਆਪਕ ਰੋਜ਼ਾਨਾ ਚੰਗੇ ਕੱਪੜੇ ਪਾ ਕੇ ਆਉਣਾ, ਬੱਚਿਆਂ ਵਾਲੀ ਬੱਸ ਵਿੱਚ ਸਕੂਲ ਨਾ ਆਉਣਾ, ਹੋਰ ਪਤਾ ਨਹੀਂ ਕੀ-ਕੀ, ਪੁੱਛਣ ਵਾਲਾ ਹੋਵੇ, ਓਏ ਰੱਬ ਦਿਓ ਬੰਦਿੳ ਨਿੱਤ ਚੰਗੇ ਕੱਪੜੇ ਇੱਕ ਗਰੀਬ ਅਧਿਆਪਕ ਕਿੱਥੋਂ ਖਰੀਦੇ ? ਨਿੱਤ ਕੋਲੋਂ ਪੈਸੇ ਲਗਾ ਕੇ ਪ੍ਰਾਈਵੇਟ ਬੱਸ ਵਿੱਚ ਅਧਿਆਪਕ ਕਿੱਥੋਂ ਆਵੇ ? ਕਈ ਸਕੂਲ ਮਾਲਕਾਂ ਦਾ ਇਖ਼ਲਾਕ ਤਾਂ ਇਥੋਂ ਤੱਕ ਵੀ ਡਿੱਗ ਪੈਂਦਾ ਹੈ ਕਿ ਉਹ ਮਜ਼ਬੂਰ ਮੁੰਡੇ-ਕੁੜੀਆਂ ਤੋਂ ਘਰਾਂ ਦੇ ਕੰਮ ਵੀ ਕਰਵਾਉਂਦੇ ਹਨ।ਇਹ ਖਬਰਾਂ ਆਮ ਹੀ ਸਾਨੂੰ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ।ਇੱਕ ਪ੍ਰਾਈਵੇਟ ਅਧਿਆਪਕ ਬਿਜਲੀ ਦਾ ਬਿੱਲ ਅਤੇ ਘਰ ਦੇ ਰਾਸ਼ਨ ਦਾ ਖਰਚ ਨਹੀਂ ਚੁੱਕ ਸਕਦਾ, ਉਸ ਲਈ ਆਪਣੇ ਬੱਚੇ ਪੜ੍ਹਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ।ਉਤੋਂ ਮਹਿੰਗਾਈ ਆਏ ਦਿਨ ਗਰੀਬ ਬੰਦੇ ਦਾ ਗਲਾ ਘੁੱਟ ਰਹੀ ਹੈ।

 ਰੱਬ ਦਾ ਵਾਸਤਾ ਕੁਝ ਤੇ ਆਪਣੇ ਅੰਦਰ ਝਾਤ ਮਾਰੋ, ਜੇ ਬੰਦੇ ਦਾ ਨਹੀਂ ਤਾਂ ਰੱਬ ਦਾ ਭੈਅ ਤਾਂ ਮੰਨੋ, ਅਧਿਆਪਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਤਾਂ ਜ਼ਰੂਰ ਦਿਓ, ਜੇ ਰਜਿਸਟਰ ’ਤੇ ਸਾਈਨ ਪੰਦਰਾਂ ਹਜ਼ਾਰ ’ਤੇ ਕਰਵਾ ਰਹੇ ਹੋ ਤਾਂ ਪੰਦਰਾਂ ਹੀ ਦਿਓ । ਸਾਡੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪ੍ਰਾਈਵੇਟ ਅਧਿਆਪਕ ਦੀ ਇੱਕ ਨਿਸ਼ਚਿਤ ਤਨਖਾਹ ਜਾਰੀ ਕਰਨੀ ਚਾਹੀਦੀ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਸਕੂਲ ਮਾਲਕ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
                                                                                                                                                                                                                                                                     

                                                                                                                                                                                                                          ਸਤਨਾਮ ਸਮਾਲਸਰੀਆ 
                                                                                                                                                                                                                           99142-98580
                                                                                                                                                                                                                                                                     

Manoj

This news is Content Editor Manoj