ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ’ਤੇ ਵਿਸ਼ੇਸ਼

06/25/2022 5:05:43 PM

ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਜਾਂ ਵਿਸ਼ਵ ਨਸ਼ਾ ਦਿਵਸ ਹਰ ਸਾਲ 26 ਜੂਨ ਨੂੰ ਨਸ਼ਿਆਂ ਦੀ ਦੁਰਵਰਤੋਂ ਤੋਂ ਮੁਕਤ ਕਰਨ ਲਈ ਮਨਾਇਆ ਜਾਂਦਾ ਹੈ। ਹਰ ਸਾਲ ਵਿਸ਼ਵ ਭਰ ਦੀਆਂ ਵੱਖ-ਵੱਖ ਸੰਸਥਾਵਾਂ ਇਸ ਦਿਵਸ ਨੂੰ ਮਨਾਉਂਦੀਆਂ ਹਨ, ਜਿਸ ਨਾਲ ਸਮਾਜ ਨੂੰ ਗੈਰ-ਕਾਨੂੰਨੀ ਨਸ਼ੇ ਪੈਦਾ ਕਰਨ ਵਾਲੀ ਵੱਡੀ ਸਮੱਸਿਆ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕੀਤੀ ਜਾ ਸਕੇ। ਇਸ ਲਈ ਇਸ ਵਾਰ ਦਾ ਮੁੱਖ ਵਿਸ਼ਾ ‘‘ਸਿਹਤ ਅਤੇ ਮਾਨਵਤਾਵਾਦੀ ਸੰਕਟ ਵਿੱਚ ਡਰੱਗ ਚੁਣੌਤੀਆਂ ਨੂੰ ਸੰਬੋਧਿਤ ਕਰਨਾ’’ ਹੈ। ਇਹ ਨਸ਼ੇ ਅਤੇ ਅਪਰਾਧ ਦੇ ਸੰਯੁਕਤ ਰਾਸ਼ਟਰ ਦਫ਼ਤਰ ਸੰਕਟ ਦੀਆਂ ਸਥਿਤੀਆਂ ਤੋਂ ਪੈਦਾ ਹੋਣ ਵਾਲੀਆਂ ਅੰਤਰਰਾਸ਼ਟਰੀ ਚੁਣੌਤੀਆਂ ਨੂੰ ਸੰਬੋਧਿਤ ਕਰ ਰਿਹਾ ਹੈ। 

2022 ਵਿੱਚ ਦੁਨੀਆ ਅਫਗਾਨਿਸਤਾਨ, ਯੂਕ੍ਰੇਨ ਅਤੇ ਹੋਰ ਥਾਵਾਂ ’ਤੇ ਵਿਆਪਕ ਮਾਨਵਤਾਵਾਦੀ ਸੰਕਟਾਂ ਦਾ ਗਵਾਹ ਬਣ ਰਹੀ ਹੈ, ਜਦੋਂਕਿ ਕੋਵਿਡ -19 ਅਜੇ ਵੀ ਇੱਕ ਪ੍ਰਮੁੱਖ ਵਿਸ਼ਵ ਸਿਹਤ ਸੰਕਟ ਹੈ। ਸਿੰਥੈਟਿਕ ਡਰੱਗ ਸੰਕਟ ਲਈ ਅਨੁਕੂਲ ਹੱਲ ਦੀ ਲੋੜ ਹੈ। ਗਲੋਬਲ ਭਾਈਚਾਰੇ ਅਤੇ ਏਕਤਾ ਦੀ ਇੱਕ ਵਧ ਰਹੀ ਭਾਵਨਾ ਉਭਰਦੀ ਰਹਿੰਦੀ ਹੈ, ਜਿਵੇਂ ਸੰਕਟ ਦੇ ਸਮੇਂ ਵਿੱਚ ਸਾਰਿਆਂ ਦੀ ਦੇਖਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ। ‘‘ਸੰਕਟ ਵਿੱਚ ਦੇਖਭਾਲ’’ ਮੁਹਿੰਮ ਨਸ਼ਿਆਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ਵ ਵਿਆਪੀ ਯਤਨਾਂ ਨੂੰ ਸਫਲ ਕਰਨ ਬਣਾਉਣ ਵਿੱਚ ਮਦਦ ਕਰਨਾ ਹੈ। ਜੇਕਰ ਇਸ ਦਿਵਸ ਦਾ ਇਤਿਹਾਸ ਵੇਖਿਆ ਜਾਵੇ ਤਾਂ ਵਿਸ਼ਵ ਵਿੱਚ ਨਸ਼ਿਆਂ ਦੀ ਵਧਦੀ ਵਰਤੋਂ ਅਤੇ ਸਮਾਜ ’ਤੇ ਪੈ ਰਹੇ ਕੁਪ੍ਰਭਾਵਾਂ ਨੂੰ ਵੇਖਦਿਆਂ ਸੰਯੁਕਤ ਰਾਸ਼ਟਰ ਸੰਗਠਨ ਵਲੋਂ ਇਸ ਸਬੰਧੀ ਮਿਤੀ 7 ਦਸੰਬਰ, 1987 ਨੂੰ ਮੀਟਿੰਗ ਕੀਤੀ ਗਈ। ਹਰ ਸਾਲ 26 ਜੂਨ ਦਾ ਦਿਹਾੜਾ ਵਿਸ਼ਵ ਭਰ ਵਿੱਚ ਨਸ਼ਾਖੋਰੀ ਅਤੇ ਨਸ਼ਿਆਂ ਦੀ ਨਜਾਇਜ਼ ਸਮਗਲਿੰਗ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਤੌਰ ’ਤੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ। 

ਵਿਸ਼ਵ ਦੇ ਹੋਰ ਕਈ ਦੇਸ਼ਾਂ ਵਾਂਗ ਭਾਰਤ ਵਿੱਚ ਵੀ ਹਰ ਸਾਲ ਇਸ ਦਿਨ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ’ਤੇ ਵਿਸ਼ੇਸ਼ ਸਮਾਗਮ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਗੈਰ ਕਨੂੰਨੀ ਨਸ਼ਿਆਂ ਦੀ ਵੱਧ ਰਹੀ ਵਰਤੋਂ ’ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਨਸ਼ਿਆਂ ਦੀ ਸਮੱਸਿਆ ਅਤਿ ਗੰਭੀਰ ਸਮੱਸਿਆ ਹੈ, ਜੋ ਬਹੁਤੇ ਅਪਰਾਧਾਂ ਦੀ ਜੜ੍ਹ ਹਨ। ਦੁਨੀਆਂ ਦਾ ਹਰ ਦੇਸ਼ ਨਸ਼ਿਆਂ ਤੋਂ ਪ੍ਰਭਾਵਿਤ ਹੈ। ਨਾਜਾਇਜ਼ ਨਸ਼ਿਆਂ ਦੀ ਵਰਤੋਂ ਪ੍ਰਮੁੱਖ ਤੌਰ ’ਤੇ ਨੌਜਵਾਨਾਂ ਵਿੱਚ ਕੇਂਦਰਿਤ ਹੈ। ਇਹ ਵਿਕਸਿਤ ਅਤੇ ਵਿਕਾਸਸ਼ੀਲ ਦੋਵਾਂ ਤਰਾਂ ਦੇ ਮੁਲਕਾਂ ਦੀ ਆਰਥਿਕਤਾ ਲਈ ਸਮੱਸਿਆ ਬਣ ਗਈ ਹੈ। ਵਿਸ਼ਵ ਵਿੱਚ ਹਰ ਸਾਲ ਲੱਗਭੱਗ 500 ਅਰਬ ਡਾਲਰਜ਼ ਦਾ ਗੈਰ ਕਨੂੰਨੀ ਨਸ਼ਿਆਂ ਦਾ ਵਪਾਰ ਹੁੰਦਾ ਹੈ, ਜੋ ਪੈਟਰੋਲੀਅਮ ਅਤੇ ਹਥਿਆਰਾਂ ਦੇ ਵਪਾਰ ਤੋਂ ਬਾਅਦ ਤੀਜੇ ਨੰਬਰ ’ਤੇ ਆਉਂਦਾ ਹੈ। ਸੰਯੁਕਤ ਰਾਸ਼ਟਰ ਦੇ ਨਸ਼ਿਆਂ  ਅਤੇ ਅਪਰਾਧ ਬਾਰੇ ਦਫ਼ਤਰ ਵਲੋਂ ਨਸ਼ਿਆਂ ਸਬੰਧੀ ਜਾਰੀ ਵਿਸ਼ਵ ਰਿਪੋਰਟ ਅਨੁਸਾਰ ਪਿਛਲੇ ਸਾਲ ਦੁਨੀਆ ਭਰ ਵਿੱਚ ਲਗਭਗ 275 ਮਿਲੀਅਨ ਲੋਕਾਂ ਨੇ ਨਸ਼ਿਆਂ ਦੀ ਵਰਤੋਂ ਕੀਤੀ, ਜਦੋਂ ਕਿ 36 ਮਿਲੀਅਨ ਤੋਂ ਵੱਧ ਲੋਕ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਵਿਕਾਰ ਤੋਂ ਪੀੜਤ ਸਨ। 


ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ 24 ਸਾਲਾਂ ਵਿੱਚ ਦੁਨੀਆ ਦੇ ਕੁਝ ਹਿੱਸਿਆਂ ਵਿੱਚ ਭੰਗ ਦੀ ਵਰਤੋਂ ਲਗਭਗ ਚਾਰ ਗੁਣਾ ਵੱਧ ਗਈ ਹੈ। ਭਾਵੇਂ ਨਸ਼ੀਲੇ ਪਦਾਰਥਾਂ ਨੂੰ ਹਾਨੀਕਾਰਕ ਮੰਨਣ ਵਾਲੇ ਕਿਸ਼ੋਰਾਂ ਦੀ ਪ੍ਰਤੀਸ਼ਤਤਾ 40 ਫੀਸਦੀ ਤੱਕ ਘੱਟ ਗਈ, ਇਸਦੇ ਬਾਵਜੂਦ ਭੰਗ ਦੀ ਵਰਤੋਂ ਕਈ ਤਰ੍ਹਾਂ ਦੇ ਸਿਹਤ ਅਤੇ ਹੋਰ ਨੁਕਸਾਨਾਂ ਨਾਲ ਜੁੜੀ ਹੋਈ ਹੈ। ਨਸ਼ਿਆਂ ਦੀ ਵਰਤੋਂ ਦੇ ਜੋਖ਼ਮਾਂ ਦੀ ਘੱਟ ਧਾਰਨਾ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀਆਂ ਉੱਚੀਆਂ ਦਰਾਂ ਨਾਲ ਜੋੜਿਆ ਗਿਆ ਹੈ ਅਤੇ 2021 ਦੀ ਰਿਪੋਰਟ ਦੀਆਂ ਖੋਜਾਂ ਨੌਜਵਾਨਾਂ ਨੂੰ ਸਿੱਖਿਅਤ ਕਰਨ ਅਤੇ ਜਨਤਕ ਸਿਹਤ ਦੀ ਸੁਰੱਖਿਆ ਲਈ ਧਾਰਨਾ ਅਤੇ ਹਕੀਕਤ ਵਿਚਕਾਰ ਪਾੜੇ ਨੂੰ ਬੰਦ ਕਰਨ ਦੀ ਜ਼ਰੂਰਤ ਨੂੰ ਉਜਾਗਰ ਕਰਦੀਆਂ ਹਨ। ਰਿਪੋਰਟ ਅਨੁਸਾਰ ਸੰਯੁਕਤ ਰਾਜ ਵਿੱਚ 1995-2019 ਦੇ ਵਿਚਕਾਰ ਭੰਗ ਨੂੰ ਹਾਨੀਕਾਰਕ ਮੰਨਣ ਵਾਲੇ ਕਿਸ਼ੋਰਾਂ ਦੀ ਪ੍ਰਤੀਸ਼ਤਤਾ ਸੰਯੁਕਤ ਰਾਜ ਵਿੱਚ 40 ਫੀਸਦੀ ਅਤੇ ਯੂਰਪ ਵਿੱਚ 25 ਫੀਸਦੀ ਤੱਕ ਘਟੀ ਹੈ। ਇਸ ਤੋਂ ਇਲਾਵਾ ਬਹੁਤੇ ਦੇਸ਼ਾਂ ਨੇ ਭੰਗ ਦੀ ਵਰਤੋਂ ਵਿੱਚ ਵਾਧਾ ਦਰਜ ਕੀਤਾ ਹੈ। ਮਹਾਂਮਾਰੀ ਦੌਰਾਨ 77 ਦੇਸ਼ਾਂ ਦੇ ਸਿਹਤ ਪੇਸ਼ੇਵਰਾਂ ਦੇ ਸਰਵੇਖਣਾਂ ਵਿੱਚ 42 ਫੀਸਦੀ ਨੇ ਦਾਅਵਾ ਕੀਤਾ ਕਿ ਭੰਗ ਦੀ ਵਰਤੋਂ ਵਿੱਚ ਵਾਧਾ ਹੋਇਆ ਹੈ। ਇਸ ਦੌਰਾਨ ਫਾਰਮਾਸਿਊਟੀਕਲ ਦਵਾਈਆਂ ਦੀ ਗੈਰ-ਮੈਡੀਕਲ ਵਰਤੋਂ ਵਿੱਚ ਵੀ ਵਾਧਾ ਦੇਖਿਆ ਗਿਆ ਹੈ। 

ਨਸ਼ੀਲੇ ਪਦਾਰਥਾਂ ਦੀ ਵਰਤੋਂ ਵਧ ਰਹੀ ਹੈ ਪਰ ਵਿਗਿਆਨ-ਅਧਾਰਿਤ ਇਲਾਜ ਵਧੇਰੇ ਉਪਲਬਧ ਹੈ। 2010-2019 ਦੇ ਵਿਚਕਾਰ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ 22  ਫੀਸਦੀ ਦਾ ਵਾਧਾ ਹੋਇਆ ਹੈ। ਮੌਜੂਦਾ ਅਨੁਮਾਨ 2030 ਤੱਕ ਵਿਸ਼ਵ ਪੱਧਰ ’ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ 11 ਫੀਸਦੀ ਦੇ ਵਾਧੇ ਵੱਲ ਇਸ਼ਾਰਾ ਕਰਦੇ ਹਨ। ਇਸ ਅਨੁਮਾਨ ਅਨੁਸਾਰ 15 ਤੋਂ 64 ਸਾਲ ਦੀ ਉਮਰ ਦੇ ਲਗਭਗ 5.5 ਫੀਸਦੀ ਆਬਾਦੀ ਨੇ ਪਿਛਲੇ ਸਾਲ ਘੱਟੋ-ਘੱਟ ਇੱਕ ਵਾਰ ਨਸ਼ਿਆਂ ਦੀ ਵਰਤੋਂ ਕੀਤੀ, ਜਦੋਂਕਿ 36.3 ਮਿਲੀਅਨ ਲੋਕ ਜਾਂ ਨਸ਼ੇ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ ਦਾ 13 ਫੀਸਦੀ ਨਸ਼ੇ ਤੋਂ ਪੀੜਤ ਹਨ। ਵਿਸ਼ਵਵਿਆਪੀ ਤੌਰ ’ਤੇ 11 ਮਿਲੀਅਨ ਤੋਂ ਵੱਧ ਲੋਕਾਂ ਦੁਆਰਾ ਨਸ਼ੀਲੇ ਟੀਕੇ ਲਗਾਉਣ ਦਾ ਅਨੁਮਾਨ ਹੈ, ਜਿਨ੍ਹਾਂ ਵਿੱਚੋਂ ਅੱਧੇ ਹੈਪੇਟਾਈਟਸ ਸੀ ਨਾਲ ਜੀ ਰਹੇ ਹਨ। ਤੇਜ਼ ਤਕਨੀਕੀ ਨਵੀਨਤਾ ਨਸ਼ੇ ਵੇਚਣ ਲਈ ਨਵੇਂ ਪਲੇਟਫਾਰਮਾਂ ਦੀ ਵਰਤੋਂ ਕਰਨ ਵਾਲਿਆਂ ਦੀ ਚੁਸਤੀ ਅਤੇ ਅਨੁਕੂਲਤਾ ਦੇ ਨਾਲ ਅਤੇ ਹੋਰ ਪਦਾਰਥ, ਇੱਕ ਗਲੋਬਲਾਈਜ਼ਡ ਮਾਰਕੀਟ ਵਿੱਚ ਸ਼ੁਰੂਆਤ ਕਰਨ ਦੀ ਸੰਭਾਵਨਾ ਹੈ ਜਿੱਥੇ ਸਾਰੀਆਂ ਦਵਾਈਆਂ ਵਧੇਰੇ ਉਪਲਬਧ ਹਨ ਅਤੇ ਹਰ ਥਾਂ ਪਹੁੰਚਯੋਗ ਹਨ। 

ਡਰੱਗ ਬਾਜ਼ਾਰਾਂ ਨੇ ਸ਼ੁਰੂਆਤੀ ਵਿਘਨ ਤੋਂ ਬਾਅਦ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਮਹਾਂਮਾਰੀ ਦੇ ਦੌਰਾਨ ਡਰੱਗ ਬਾਜ਼ਾਰਾਂ ਦੀ ਲਚਕਤਾ ਨੇ ਇੱਕ ਵਾਰ ਫਿਰ ਤਸਕਰਾਂ ਦੀ ਬਦਲੇ ਹੋਏ ਵਾਤਾਵਰਣ ਅਤੇ ਹਾਲਾਤਾਂ ਵਿੱਚ ਤੇਜ਼ੀ ਨਾਲ ਅਨੁਕੂਲ ਹੋਣ ਦੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਹੈ। ਇਸ ਰਿਪੋਰਟ ਅਨੁਸਾਰ ਪਿਛਲੇ ਸਾਲ ਆਈ ਮਹਾਂਮਾਰੀ ਕੋਰੋਨਾ ਦਾ ਵੀ ਨਸ਼ਿਆਂ ’ਤੇ ਅਸਰ ਪਿਆ ਹੈ। ਕੋਰੋਨਾ ਕਾਰਨ ਵਧੀ ਬੇਰੋਜ਼ਗਾਰੀ, ਮਾਨਸਿਕ ਪ੍ਰੇਸ਼ਾਨੀਆਂ ਕਾਰਨ ਲੋਕ ਨਸ਼ਿਆਂ ਦੇ ਆਦੀ ਹੋ ਰਹੇ ਹਨ। ਨਸ਼ਿਆਂ ਨੂੰ ਮੁੱਖ ਤੌਰ ’ਤੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਆਮ ਤੌਰ ’ਤੇ ਸਰਕਾਰ ਵਲੋਂ ਪਾਬੰਦੀਸ਼ੁਦਾ ਨਸ਼ਿਆਂ ਨੂੰ ਹੀ ਨਸ਼ੇ ਸਮਝਿਆ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕੁਝ ਸੂਬਿਆਂ ਵਿੱਚ ਪਾਬੰਦੀਸ਼ੁਦਾ ਅਤੇ ਗੈਰ ਕਨੂੰਨੀ ਨਸ਼ੇ ਦੂਜੇ ਰਾਜਾਂ ਵਿੱਚ ਮੰਨਜੂਰਸ਼ੁਦਾ ਹਨ ਜਿਵੇਂ ਗੁਜਰਾਤ ਸਮੇਤ ਕੁੱਝ ਰਾਜਾਂ ਵਿੱਚ ਬੇਸ਼ੱਕ ਸ਼ਰਾਬ ਤੇ ਪਾਬੰਦੀ ਹੈ ਪਰ ਦੂਜੇ ਕਈ ਰਾਜਾਂ ਦੀ ਆਮਦਨ ਦਾ ਵੱਡਾ ਸਾਧਨ ਹੀ ਸ਼ਰਾਬ ਦੀ ਵਿਕਰੀ ਬਣਿਆ ਹੋਇਆ ਹੈ। ਇਸੇ ਤਰਾਂ ਕਈ ਰਾਜਾਂ ਵਿੱਚ ਅਫੀਮ ਤੇ ਪਾਬੰਦੀ ਹੈ ਪਰ ਕਈ ਦੂਜੇ ਰਾਜਾਂ ਵਿੱਚ ਇਸਦੀ ਖੇਤੀ ਅਤੇ ਵਿਕਰੀ ਹੁੰਦੀ ਹੈ। ਭੰਗ, ਅਫੀਮ, ਸ਼ਰਾਬ, ਡੋਡੇ, ਭੁੱਕੀ ਆਦਿ ਨਸ਼ਿਆਂ ਦੇ ਨਾਲ-ਨਾਲ ਅੱਜ ਕੱਲ ਨਸ਼ਿਆਂ ਦੇ ਆਧੁਨਿਕ ਕਈ ਨਵੇਂ ਰੂਪ ਸਾਹਮਣੇ ਆ ਰਹੇ ਹਨ ਜਿਵੇਂ ਬਰਾਊਨ ਸ਼ੂਗਰ, ਕੱਚੀ ਅਫੀਮ, ਚਰਸ, ਮਾਰਫੀਨ ਦੇ ਟੀਕੇ, ਕੈਪਸੂਲ, ਗੋਲੀਆਂ, ਸਮੈਕ, ਹੈਰੋਇਨ ਆਦਿ। 

ਕਈ ਨਸ਼ੇੜੀ ਖਾਂਸੀ ਦੀ ਦਵਾਈ, ਆਇਓਡੈਕਸ ਆਦਿ ਦਾ ਵੀ ਨਸ਼ਾ ਕਰਦੇ ਹਨ। ਚੋਣਾਂ ਦੌਰਾਨ ਤਾਂ ਨਸ਼ਿਆਂ ਦੀ ਵਰਤੋਂ ਕਈ ਗੁਣਾ ਵੱਧ ਜਾਂਦੀ ਹੈ। ਜਿਹੜੇ ਨੇਤਾ ਅਕਸਰ ਨਸ਼ਿਆ ਵਿਰੁੱਧ ਭਾਸ਼ਣ ਦਿੰਦੇ ਹਨ, ਉਹੀ ਨੇਤਾ ਚੋਣਾਂ ਵਿੱਚ ਨਸ਼ਿਆਂ ਨੂੰ ਵੰਡਦੇ ਹਨ। ਚੋਣਾਂ ਸਮੇਂ ਵਿਕਣ ਵਾਲੀ ਜ਼ਹਿਰੀਲੀ ਸ਼ਰਾਬ ਅਤੇ ਹੋਰ ਮਿਲਾਵਟੀ ਨਸ਼ਿਆਂ ਨਾਲ ਕਈ ਵਾਰ ਆਮ ਲੋਕ ਮਾਰੇ ਜਾਂਦੇ ਹਨ। ਸਮਾਜ ਵਿੱਚ ਨਸ਼ਿਆਂ ਦੇ ਦਿਨ ਪ੍ਰਤੀ ਦਿਨ ਵਧਣ ਦੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਸਰਕਾਰ ਦੀਆਂ ਢਿੱਲਮੱਠ ਦੀਆਂ ਨੀਤੀਆਂ, ਕਾਨੂੰਨ ਵਿੱਚ ਲਚਕੀਲਾਪਣ, ਨਸ਼ਿਆਂ ਦੇ ਸੋਦਾਗਰਾਂ ਦੀ ਸਰਕਾਰੇ ਦਰਬਾਰੇ ਪਹੁੰਚ, ਲੋਕਾਂ ਵਿੱਚ ਵਧ ਰਿਹਾ ਤਣਾਅ ਆਦਿ ਸ਼ਾਮਲ ਹਨ। 

ਸਾਡੇ ਸਮਾਜ ਵਿੱਚ ਬੱਚੇ ਦੇ ਜਨਮ ਤੋਂ ਲੈ ਕੇ ਮੰਗਣੀ, ਵਿਆਹ, ਨੌਕਰੀ, ਰਿਟਾਇਰਮੈਂਟ ਆਦਿ ਕੋਈ ਰਸਮ ਨਸ਼ੇ ਬਿਨਾਂ ਪੂਰੀ ਨਹੀਂ ਹੁੰਦੀ। ਅੱਜ ਸ਼ਾਇਦ ਕੋਈ ਸ਼ਹਿਰ, ਪਿੰਡ, ਗਲੀ, ਮੁਹੱਲਾ ਅਜਿਹਾ ਬਚਿਆ ਹੋਵੇ ਜਿੱਥੇ ਨਸ਼ਿਆਂ ਦੀ ਭਰਮਾਰ ਨਾ ਹੋਵੇ। ਨੌਜਵਾਨ ਪੀੜ੍ਹੀ ਲਈ ਨਸ਼ਾ ਇੱਕ ਫੈਸ਼ਨ ਬਣ ਗਿਆ ਹੈ। ਨੌਜਵਾਨ ਮੁੰਡਿਆਂ ਤੋਂ ਇਲਾਵਾ ਨੌਜਵਾਨ ਕੁੜੀਆਂ ਨਸ਼ੇ ਦੇ ਦਲਦਲ ਵਿੱਚ ਫਸਦੀਆਂ ਜਾ ਰਹੀਆਂ ਹਨ। ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਨਵੀਂ ਦਿੱਲੀ ਦੇ ਨੈਸ਼ਨਲ ਡਰੱਗ ਡਿਪੈਂਡੈਂਸ ਟਰੀਟਮੈਂਟ ਸੈਂਟਰ (ਐੱਨ.ਡੀ.ਡੀ.ਟੀ.ਸੀ.) ਰਾਹੀਂ ਭਾਰਤ ਵਿੱਚ ਪਦਾਰਥਾਂ ਦੀ ਵਰਤੋਂ ਦੀ ਹੱਦ ਅਤੇ ਪੈਟਰਨ ਬਾਰੇ ਪਹਿਲੇ ਰਾਸ਼ਟਰੀ ਸਰਵੇਖਣ ਦੀ ਰਿਪੋਰਟ ਅਨੁਸਾਰ, ਸ਼ਰਾਬ ਸਭ ਤੋਂ ਆਮ ਮਨੋਵਿਗਿਆਨਕ ਪਦਾਰਥ ਹੈ ਜਿਸਦੀ ਵਰਤੋਂ ਭਾਰਤੀਆਂ ਦੁਆਰਾ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਕੈਨਾਬਿਸ ਅਤੇ ਓਪੀਓਡਸ ਆਉਂਦੇ ਹਨ। ਦੇਸ਼ ਵਿੱਚ ਲਗਭਗ 16 ਕਰੋੜ ਵਿਅਕਤੀ ਸ਼ਰਾਬ ਦਾ ਸੇਵਨ ਕਰਦੇ ਹਨ, 3.1 ਕਰੋੜ ਵਿਅਕਤੀ ਭੰਗ ਦੇ ਉਤਪਾਦਾਂ ਅਤੇ 2.26 ਕਰੋੜ ਓਪੀਔਡਸ ਦੀ ਵਰਤੋਂ ਕਰਦੇ ਹਨ। 5.7 ਕਰੋੜ ਤੋਂ ਵੱਧ ਲੋਕ ਹਾਨੀਕਾਰਕ ਨਸ਼ਿਆਂ ਦੀ ਵਰਤੋਂ ਤੋਂ ਪ੍ਰਭਾਵਿਤ ਹਨ। ਉਨ੍ਹਾਂ ਨੂੰ ਸ਼ਰਾਬ ਦੀ ਵਰਤੋਂ ਦੀਆਂ ਸਮੱਸਿਆਵਾਂ ਲਈ ਮਦਦ ਦੀ ਲੋੜ ਹੈ, ਲਗਭਗ 25 ਲੱਖ ਕੈਨਾਬਿਸ ਨਿਰਭਰਤਾ ਤੋਂ ਪੀੜਤ ਹਨ ਅਤੇ ਲਗਭਗ 77 ਲੱਖ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਓ.ਪੀ.ਔਡ. ਵਰਤੋਂ ਦੀਆਂ ਸਮੱਸਿਆਵਾਂ ਲਈ ਮਦਦ ਦੀ ਲੋੜ ਹੋਣ ਦਾ ਅਨੁਮਾਨ ਹੈ। ਨਸ਼ੀਲੇ ਪਦਾਰਥਾਂ ਦਾ ਟੀਕਾ ਲਗਾਉਣਾ ਪੂਰੇ ਦੇਸ਼ ਵਿੱਚ ਕਾਫ਼ੀ ਫੈਲਿਆ ਹੋਇਆ ਹੈ। 

ਪੰਜਾਬ ਰਾਜ ਨੂੰ ਬੇਸ਼ੱਕ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਹੁਣ ਪੰਜਾਬ ਵਿੱਚ ਨਸ਼ਿਆ ਦਾ ਛੇਵਾਂ ਦਰਿਆ ਵਗ ਰਿਹਾ ਹੈ। ਕਈ ਵੱਡੇ-ਵੱਡੇ ਸਮਾਜਿਕ, ਧਾਰਮਿਕ, ਰਾਜਨੀਤਿਕ ਆਗੂ ਨਸ਼ਿਆਂ ਵਿੱਚ ਡੁੱਬੇ ਪਏ ਹਨ। ਗੈਰ ਸਰਕਾਰੀ ਸੰਗਠਨ ਸੋਸਾਇਟੀ ਫਾਰ ਪ੍ਰਮੋਸ਼ਨ ਆਫ ਯੂਥ ਐਂਡ ਮਾਸਸ ਅਤੇ ਏਮਜ਼ ਮਾਹਿਰਾਂ ਦੁਆਰਾ ਕਰਵਾਏ ਗਏ ਸਰਵੇਖਣ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿਚ ਲਗਭਗ 2.32 ਲੱਖ ਵਿਅਕਤੀ ਨਸ਼ਿਆਂ ’ਤੇ ਨਿਰਭਰ ਹਨ। ਇਸਦਾ ਮਤਲਬ ਕਿ ਬਾਲਗ ਆਬਾਦੀ ਦਾ 1.2% ਨਸ਼ਿਆਂ ਦਾ ਆਦੀ ਹੈ। ਪੰਜਾਬ ਦੀ ਆਬਾਦੀ ਦਾ ਸਭ ਤੋਂ ਵੱਧ ਫੀਸਦੀ ਨਸ਼ਿਆਂ ਦੀ ਵਰਤੋਂ ਕਰ ਰਿਹਾ ਹੈ। ਜ਼ਿਆਦਾਤਰ ਨਸ਼ਿਆਂ ਦੀਆਂ ਸ਼੍ਰੇਣੀਆਂ ਲਈ, ਪੰਜਾਬ ਵਿੱਚ ਇਸਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਪ੍ਰਤੀਸ਼ਤਤਾ ਰਾਸ਼ਟਰੀ ਔਸਤ ਨਾਲੋਂ ਬਹੁਤ ਜ਼ਿਆਦਾ ਹੈ। ਪੰਜਾਬ ਵਿੱਚ ਸ਼ਰਾਬ ਦੀ ਵਰਤੋਂ 28.5% ਹੈ, ਜਦੋਂਕਿ ਰਾਸ਼ਟਰੀ ਔਸਤ 14.6% ਹੈ। ਕੈਨਾਬਿਸ ਲਈ ਇਹ ਪੰਜਾਬ ਵਿੱਚ 12.5% ਅਤੇ ਰਾਸ਼ਟਰੀ ਔਸਤ 2.8% ਹੈ। ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਉਨੀਕੇਸ਼ਨਜ਼, ਚੰਡੀਗੜ੍ਹ ਦੀ ਇੱਕ ਰਿਪੋਰਟ ਅਨੁਸਾਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਵਿੱਚ ਲਗਭਗ 35 ਫੀਸਦੀ 15 ਤੋਂ 25 ਸਾਲ ਦੇ ਨੌਜਵਾਨ ਸਾਮਿਲ ਹਨ। 

ਇੱਕ ਗੈਰ ਸਰਕਾਰੀ ਸੰਗਠਨ ਵਲੋਂ ਸਿਹਤ ਵਿਭਾਗ ਪੰਜਾਬ ਅਤੇ ਸਮਾਜਿਕ ਨਿਆਏ ਮੰਤਰਾਲਿਆ ਲਈ ਨਸ਼ਿਆਂ ਦੀ ਵਰਤੋਂ ਸਬੰਧੀ ਪੰਜਾਬ ਦੇ ਲੱਗਭੱਗ 10 ਜ਼ਿਲ੍ਹਿਆਂ ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮੋਗਾ, ਪਟਿਆਲਾ, ਸੰਗਰੂਰ, ਤਰਨਤਾਰਨ ਆਦਿ ਵਿੱਚ ਸਰਵੇਖਣ ਕੀਤਾ ਗਿਆ, ਜਿਸ ਵਿੱਚ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਸਮਾਜਿਕ ਸੁਰਖਿਆ ਵਿਭਾਗ ਪੰਜਾਬ ਵਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਿਤੇ ਗਏ ਐਫੀਡੈਵਿਟ ਵਿੱਚ ਕਿਹਾ ਗਿਆ ਕਿ ਪੰਜਾਬ ਵਿੱਚ 16 ਫੀਸਦੀ ਲੋਕ ਗੰਭੀਰ ਨਸ਼ਿਆਂ ਦੇ ਆਦੀ ਹਨ। ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਵਲੋਂ ਐੱਚ. ਆਈ. ਵੀ./ਏਡਜ਼ ਕੰਟਰੋਲ ਲਈ ਚਲਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮ ਵਿੱਚ ਇਹ ਗੱਲ ਸਪਸ਼ਟ ਹੋ ਗਈ ਕਿ ਬਾਕੀ ਨਸ਼ਿਆਂ ਦੇ ਨਾਲ ਨਾਲ ਪੰਜਾਬ ਵਿੱਚ ਟੀਕਿਆਂ ਦੁਆਰਾ ਨਸ਼ਾ ਕਰਨ ਦੇ ਰੁਝਾਨ ਵਿੱਚ ਵੀ ਵਾਧਾ ਹੋਇਆ ਹੈ, ਜੋ ਐੱਚ.ਆਈ.ਵੀ./ਏਡਜ਼ ਫੈਲਣ ਦਾ ਵੱਡਾ ਕਾਰਨ ਬਣਿਆ ਹੋਇਆ ਹੈ। 

ਕੋਵਿਡ-19 ਸਬੰਧੀ ਹੋਈ ਤਾਲਾਬੰਦੀ ਦੌਰਾਨ ਸ਼ਰਾਬ ਸਮੇਤ ਹੋਰ ਨਸ਼ਿਆਂ ਦੀ ਹੋਈ ਗੈਰ ਕਨੂੰਨੀ ਵਿਕਰੀ ਅਤੇ ਸਰਕਾਰੀ ਨਸ਼ਾ ਛਡਾਉ ਕੇਂਦਰਾਂ ਅੱਗੇ ਲੱਗੀਆਂ ਲੰਬੀਆਂ ਲਾਇਨਾਂ ਪੰਜਾਬ ਵਿੱਚ ਨਸ਼ਿਆਂ ਦੀ ਗੰਭੀਰ ਸਮੱਸਿਆ ਸਬੰਧੀ ਪੋਲ ਖੋਲ੍ਹਦੀਆਂ ਹਨ। ਪਿਛਲੇ ਕੁੱਝ ਦਹਾਕਿਆਂ ਦੌਰਾਨ ਪੰਜਾਬ ਵਿੱਚ ਸ਼ਰਾਬ ਦੇ ਪਿਆਕੜਾਂ ਦੀ ਗਿਣਤੀ ਵਿੱਚ ਅਥਾਹ ਵਾਧਾ ਹੋਇਆ ਹੈ। ਪੰਜਾਬ ਵਿੱਚ ਜਹਿਰੀਲੀ ਸ਼ਰਾਬ ਅਤੇ ਮਿਲਾਵਟੀ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲਦੀਆਂ ਹਨ। ਸਰਕਾਰ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਪਰ ਨਸ਼ਿਆਂ ਦੇ ਕਾਰੋਬਾਰ ਵਿੱਚ ਕੋਈ ਖ਼ਾਸ ਗਾਟ ਨਜ਼ਰ ਨਹੀਂ ਆ ਰਹੀ ਹੈ। ਸਰਕਾਰ ਵਲੋਂ ਇਸ ਸਬੰਧੀ ਕੀਤੀ ਜਾ ਰਹੀ ਸੱਖਤੀ ਅਤੇ ਕਾਨੂੰਨੀ ਕਾਰਵਾਈ ਦਾ ਵੀ ਜਿਆਦਾ ਅਸਰ ਵੇਖਣ ਨੂੰ ਨਹੀਂ ਮਿਲ਼ ਰਿਹਾ ਹੈ ਕਿਉਂਕਿ ਕਈ ਵਿਅਕਤੀ ਰਾਜਨੀਤੀਵਾਨਾਂ ਅਤੇ ਅਧਿਕਾਰੀਆਂ ਦੀ ਮਿਲੀਭੁੱਗਤ ਨਾਲ  ਬਿਨਾਂ ਕਿਸੇ ਡਰ ਦੇ ਅਪਣਾ ਧੰਦਾ ਕਰ ਰਹੇ ਹਨ। ਜੇਕਰ ਸਰਕਾਰ ਅਤੇ ਬੁੱਧੀਜੀਵੀ ਵਰਗ ਨੇ ਅਜੇ ਵੀ ਇਸ ਸਮੱਸਿਆ ਵੱਲ ਧਿਆਨ ਨਾਂ ਦਿਤਾ ਤਾਂ ਆਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ। ਜਰੂਰਤ ਹੈ ਕਿ ਸਰਕਾਰ ਦੇ ਨਾਲ ਨਾਲ ਧਾਰਮਿਕ, ਸਮਾਜਿਕ, ਰਾਜਨੀਤਿਕ ਆਗੂ ਇਸ ਸਮੱਸਿਆ ਤੋਂ ਲੋਕਾਂ ਨੂੰ ਬਚਾਉਣ ਲਈ ਖੁੱਲਕੇ ਅੱਗੇ ਆਣ ਤਾਂ ਜੋ ਦੇਸ਼ ਅਤੇ ਸਮਾਜ ਨੂੰ ਨਸ਼ਾ ਮੁੱਕਤ ਬਣਾਇਆ ਜਾਵੇ ਅਤੇ ਇਸ ਦਿਨ ਨੂੰ ਮਨਾਉਣ ਦਾ ਅਸਲੀ ਮੰਤਬ ਪੂਰਾ ਹੋਵੇਗਾ। 

ਕੁਲਦੀਪ ਚੰਦ ਦੋਭੇਟਾ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜ਼ਿਲ੍ਹਾ ਰੂਪਨਗਰ ਪੰਜਾਬ
9417563054


rajwinder kaur

Content Editor

Related News