ਪੰਜਾਬ ''ਚੋਂ ਨਸ਼ਿਆਂ ਦੇ ਖਾਤਮੇ ਲਈ ਨਸ਼ਾ ਵਿਰੋਧੀ ਕਮੇਟੀਆਂ ''ਚ ਜ਼ਿਆਦਾ ਇਕੱਠ ਦੀ ਲੋੜ

08/20/2023 1:39:34 AM

ਨਸ਼ਾ ਵਿਰੋਧੀ ਕਮੇਟੀਆਂ ਨਸ਼ਾ ਸੇਵਨ ਦੇ ਵਿਰੁੱਧ ਹਨ। ਨਸ਼ਿਆਂ ਦੀ ਵੱਧ ਰਹੀ ਆਮਦ ਕਿਸੇ ਇਕ ਘਰ ਦੀ ਸਮੱਸਿਆ ਨਹੀਂ ਸਗੋਂ ਇਹ ਤਾਂ ਪੂਰੇ ਪੰਜਾਬ ਦੀ ਸਮੱਸਿਆ ਬਣੀ ਹੋਈ ਹੈ। ਪੰਜਾਬ ਵਿੱਚ ਅੱਜ ਕਈ ਕਿਸਮ ਦੇ ਨਸ਼ਿਆਂ ਦਾ ਸੇਵਨ ਪੂਰੇ ਜ਼ੋਰਾਂ 'ਤੇ ਹੈ। ਪਹਿਲੇ ਹਨ ਕੁਦਰਤੀ ਭਾਵ ਬਨਸਪਤੀ 'ਚੋਂ ਮਿਲਣ ਵਾਲੇ ਨਸ਼ੇ ਜਿਵੇਂ ਭੰਗ, ਅਫੀਮ, ਡੋਡੇ ਆਦਿ। ਨੌਜਵਾਨਾਂ ਵਿੱਚ ਨਸ਼ੇ ਦੀ ਆਦਤ ਦੇ ਵਧਣ 'ਚ ਕਿਸੇ ਇਕ ਪੱਖ ਦਾ ਕਸੂਰ ਨਹੀਂ ਹੈ, ਸਗੋਂ ਇਸ ਵਿੱਚ ਸਭ ਦਾ ਬਰਾਬਰ ਕਸੂਰ ਹੈ। ਮਾਪਿਆਂ  ਤੋਂ ਇਲਾਵਾ ਖੁਦ ਨੌਜਵਾਨਾਂ ਦਾ, ਸਮਾਜ ਅਤੇ ਪ੍ਰਸ਼ਾਸਨ ਦਾ ਵੀ। ਅੱਜ ਕਈ ਕਿਸਮ ਦੇ ਨਸ਼ੇ ਮਿਲਦੇ ਹਨ।

ਪੰਜਾਬ ਵਿੱਚ ਨਸ਼ਾ ਇਕ ਵੱਡਾ ਮੁੱਦਾ ਹੈ। ਇਸ 'ਤੇ ਸਹੀ ਵਿਉਂਤਬੰਦੀ ਨਾਲ ਕੰਮ ਕਰਨ ਦੀ ਲੋੜ ਹੈ। ਪੰਜਾਬ ਵਿੱਚ ਸਿਰਫ਼ ਮਰਦ ਹੀ ਨਹੀਂ ਸਗੋਂ ਕਈ ਔਰਤਾਂ ਵੀ ਨਸ਼ੇ ਕਰਦੀਆਂ ਹਨ। 35 ਹਜ਼ਾਰ ਦੇ ਕਰੀਬ ਪੰਜਾਬੀ ਸਿੰਥੈਟਿਕ ਡਰੱਗਜ਼ ਲੈ ਰਹੇ ਹਨ। ਪੰਜਾਬ ਵਿੱਚ 30 ਲੱਖ ਦੇ ਕਰੀਬ ਲੋਕ ਨਸ਼ਾ ਕਰਦੇ ਹਨ। ਇਨ੍ਹਾਂ ਵਿੱਚੋਂ 15 ਲੱਖ ਸ਼ਰਾਬ ਪੀਂਦੇ ਹਨ। ਪੀਜੀਆਈ ਦੇ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋਫੈਸਰ ਜੇਐੱਸ ਠਾਕੁਰ ਨੇ ਇਕ ਅਧਿਐਨ ਦੇ ਆਧਾਰ ’ਤੇ ਇਹ ਦਾਅਵਾ ਕੀਤਾ ਹੈ। ਨੌਜਵਾਨ ਕਈ ਤਰ੍ਹਾਂ ਦੇ ਨਸ਼ੇ ਜਿਵੇਂ ਕਿ ਨਸ਼ੀਲੀਆਂ ਦਵਾਈਆਂ, ਤੰਬਾਕੂ, ਅਫੀਮ, ਹੈਰੋਇਨ, ਚਰਸ, ਗਾਂਜਾ, ਡੋਡੇ, ਸ਼ਰਾਬ, ਨਸ਼ੇ ਦੇ ਟੀਕੇ, ਗੋਲੀਆਂ, ਕੈਪਸੂਲ, ਭੁੱਕੀ ਆਦਿ ਦਾ ਸੇਵਨ ਕਰਕੇ ਆਪਣਾ ਜੀਵਨ ਖਤਮ ਕਰ ਰਹੇ ਹਨ।

ਨਸ਼ੇ ਦੇ ਸ਼ਿਕਾਰ ਨੌਜਵਾਨ ਆਰਥਿਕ, ਸਮਾਜਿਕ ਅਤੇ ਸਰੀਰਕ ਪੱਖੋਂ ਕਮਜ਼ੋਰ ਹੋ ਜਾਂਦੇ ਹਨ ਅਤੇ ਪੈਸਾ ਨਾ ਹੋਣ ਦੀ ਸੂਰਤ ਵਿੱਚ ਕਈ ਨੌਜਵਾਨ ਚੋਰੀ ਕਰਕੇ ਆਪਣਾ ਨਸ਼ਾ ਪੂਰਾ ਕਰਦੇ ਹਨ ਤੇ ਘਰ ਵਿੱਚ ਪਰਿਵਾਰ ਨਾਲ ਮਾਹੌਲ ਸੁਖਾਵਾਂ ਨਹੀਂ ਰਹਿੰਦਾ। ਸ਼ਰਾਬ, ਅਫੀਮ, ਭੁੱਕੀ, ਸਿਗਰਟ ਆਦਿ ਨਸ਼ੇ ਜੇ ਇਰਾਦਾ ਹੋਵੇ ਤਾਂ ਛੱਡੇ ਜਾ ਸਕਦੇ। ਨਸ਼ੇ ਥੱਕੇ ਹੋਏ ਸਰੀਰ ਨੂੰ ਵਕਤੀ ਤੌਰ 'ਤੇ ਕੁਝ ਤੇਜ਼ੀ ਦਿੰਦੇ ਹਨ ਪਰ ਸ਼ਕਤੀ ਅਤੇ ਤਾਕਤ ਨਹੀਂ, ਇਸ ਕਰਕੇ ਸਰੀਰ, ਮਨ ਤੇ ਦਿਮਾਗ ਲਈ ਖ਼ਤਰਨਾਕ ਹੁੰਦੇ ਹਨ। ਜਦੋਂ ਅਸੀਂ ਨਸ਼ਾ ਛੱਡਣ ਨੂੰ ਕਹਿੰਦੇ ਹਾਂ ਤਾਂ ਨਸ਼ੇੜੀ ਅੱਗੋਂ ਜਵਾਬ ਆਮ ਤੌਰ 'ਤੇ ਇਹੀ ਜਵਾਬ ਦਿੰਦਾ ਹੈ ਕਿ ਇਹ ਤਾਂ ਅਗਲੇ ਜਹਾਨ ਵਿੱਚ ਹੀ ਛੁੱਟੇਗਾ।

ਸਿਹਤ ਵਿਭਾਗ ਸਿਵਲ ਅਧਿਕਾਰੀਆਂ ਨੂੰ ਵੀ ਇਹ ਜਾਣਕਾਰੀ ਹੈ ਜਿਵੇਂ ਕਿ ਆਮ ਹੀ ਵੇਖਣ ਵਿੱਚ ਆਇਆ ਕਿ ਸੁੰਨੀ ਥਾਂ 'ਤੇ ਡਾਕਟਰੀ ਕੂੜਾ (ਬਾਇਓ ਮੈਡੀਕਲ ਵੇਸਟ) ਮਿਲਿਆ, ਜਿਸ ਵਿੱਚ ਵਰਤੀਆਂ ਹੋਈਆਂ ਸਰਿੰਜਾਂ, ਸੂਈਆਂ ਅਤੇ ਦਵਾਈਆਂ ਆਦਿ ਸਨ। ਐੱਚਆਈਵੀ, ਹੈਪੇਟਾਈਟਸ ਏ, ਬੀ, ਸੀ, ਟੀਬੀ ਆਦਿ ਅਜਿਹੀਆਂ ਹੀ ਬੀਮਾਰੀਆਂ ਹਨ। ਵਰਤੀਆਂ ਗਈਆਂ ਸਰਿੰਜਾਂ, ਪੱਟੀਆਂ ਅਤੇ ਹੋਰ ਮੈਡੀਕਲ ਕੂੜਾ-ਕਰਕਟ ਬਾਇਓ ਮੈਡੀਕਲ ਵੇਸਟ ਵਿੱਚ ਆਉਂਦਾ ਹੈ ਅਤੇ ਇਸ ਦੇ ਮਨੁੱਖਾਂ ਦੇ ਸੰਪਰਕ ਵਿੱਚ ਆਉਣ ਨਾਲ ਕਮਿਊਨੀਕੇਬਲ ਡਿਸੀਸਜ਼ ਫੈਲ ਸਕਦੀਆਂ ਹਨ। ਕੂੜਾ-ਕਰਕਟ ਤੋਂ ਸਰਿੰਜਾਂ ਚੁੱਕ ਕੇ ਨਸ਼ੇੜੀ ਨਸ਼ੇ ਦੇ ਟੀਕੇ ਲਾਉਂਦੇ ਹਨ। ਇਸ ਲਈ ਨਸ਼ਾ ਇਕ ਬਿਮਾਰੀ ਤਾਂ ਹੈ ਹੀ, ਨਾਲ ਹੀ ਕਈ ਹੋਰ ਬਿਮਾਰੀਆਂ ਵੀ ਸਹੇੜ ਲੈਂਦੇ ਹਨ।

ਇਨ੍ਹਾਂ ਤੋਂ ਸਮਾਜ ਨੂੰ ਬਚਾਉਣ ਲਈ ਸਾਰੀਆਂ ਸਮਾਜ ਸੇਵੀ ਸੰਗਠਨਾਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਕਮੇਟੀਆਂ ਵੀ ਵੱਡੇ ਪੱਧਰ 'ਤੇ ਬਣਾਉਣੀਆਂ ਪੈਣਗੀਆਂ। ਪਿੰਡ ਲੈਵਲ 'ਤੇ ਕਮੇਟੀਆਂ ਕਾਮਯਾਬ ਤਾਂ ਹੋ ਜਾਂਦੀਆਂ ਹਨ ਪਰ ਇਨ੍ਹਾਂ ਨਸ਼ਾ ਵੇਚਣ ਵਾਲਿਆਂ ਦੀਆਂ ਵੀ ਕਮੇਟੀਆਂ ਹਨ। ਇਹ ਸਾਰੇ ਇਲਾਕੇ ਦੇ ਸਮੱਗਲਰ ਇਕੱਠੇ ਹੋ ਕੇ ਕਮੇਟੀ ਮੈਂਬਰਾਂ ਨੂੰ ਖਰਾਬ ਕਰਦੇ ਹਨ। ਇਨ੍ਹਾਂ ਨਸ਼ਾ ਵੇਚਣ ਵਾਲਿਆਂ ਨਾਲ ਮਹਿੰਗੀ ਹੋਈ ਸਿਆਸਤ ਕਾਰਨ ਸਿਆਸੀ ਆਗੂਆਂ, ਤਸਕਰਾਂ, ਗੈਂਗਸਟਰਾਂ, ਅਪਰਾਧੀਆਂ ਅਤੇ ਭ੍ਰਿਸ਼ਟ ਅਫ਼ਸਰਾਂ ਦੇ ਗੱਠਜੋੜ ਹੋਣ ਨਾਲ ਬਲ ਮਿਲਦਾ ਹੈ। ਇਹ ਨਸ਼ਾ ਤਸਕਰਾਂ ਕੋਲ ਪੈਸੇ ਦੀ ਕੋਈ ਘਾਟ ਨਹੀਂ ਹੁੰਦੀ। ਇਸ ਲਈ ਇਹ ਕਈ ਲੋਕਾਂ ਦੇ ਖਰਚੇ ਝੱਲਦੇ ਹਨ, ਜਿਸ ਕਰਕੇ ਸਿਆਸੀ ਆਗੂਆਂ, ਭਿਸ਼੍ਰਟ ਅਫ਼ਸਰ ਇਨ੍ਹਾਂ ਲੋਕਾਂ ਲਈ ਕੰਮ ਕਰਦੇ ਹਨ।

ਉਹ ਸਾਰਾ ਕੁਝ ਜਾਣਦੇ ਹੋਏ ਵੀ ਝੂਠੇ ਪਰਚੇ ਪਾ ਕੇ ਨਸ਼ਾ ਛੁਡਾਊ ਕਮੇਟੀ ਨੂੰ ਤੰਗ ਕਰਦੇ ਹਨ। ਇਸ ਲਈ ਕਮੇਟੀ ਨੂੰ ਪਿੰਡਾਂ ਤੋਂ ਖੜ੍ਹਾ ਕਰਕੇ ਜ਼ਿਲ੍ਹੇ ਤੋਂ ਪੰਜਾਬ ਤੱਕ ਬਣਾਓ ਤਾਂ ਕਿ ਸਰਕਾਰ ਨੂੰ ਲੋਕਾਂ ਦੇ ਇਕੱਠ ਅੱਗੇ ਝੁਕਾਉਣ ਲਈ ਮਜਬੂਰ ਕੀਤਾ ਜਾਵੇ। ਇਕ ਪਿੰਡ 'ਚੋਂ ਨਸ਼ਾ ਕਦੇ ਵੀ ਖ਼ਤਮ ਨਹੀਂ ਹੋ ਸਕਦਾ ਕਿਉਂਕਿ ਨਾਲ ਦੇ ਪਿੰਡਾਂ ਵਿੱਚ ਜੇ ਬੰਦ ਨਾ ਹੋਇਆ ਤਾਂ ਦੂਜੇ ਪਿੰਡ ਤੋਂ ਨਸ਼ੇੜੀ ਆਪਣੀ ਹਿਰਸ ਪੂਰੀ ਕਰਨ ਲਈ ਨਸ਼ਾ ਲੈ ਆਉਣਗੇ। ਇਸ ਲਈ ਜੇ ਕਮੇਟੀ ਦਾ ਘੇਰਾ ਵੱਡਾ ਹੋਵੇਗਾ ਤਾਂ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁੰਚੇਗੀ। ਇਸ ਲਈ ਕਮੇਟੀ ਪੰਜਾਬ ਲੈਵਲ 'ਤੇ ਜ਼ਰੂਰ ਬਣਵਾਓ, ਕਿਉਂ ਜੋ ਇਕੱਠ ਜ਼ਿਆਦਾ ਹੋਵੇ ਤੇ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ। ਥੋੜ੍ਹੇ ਲੋਕਾਂ ਨੂੰ ਵੇਖ ਕੇ ਸਰਕਾਰ ਤੇ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ, ਇਸ ਲਈ ਸਾਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ।

-ਅਮੀਰ ਸਿੰਘ ਪੀਰੂ ਵਾਲਾ

Mukesh

This news is Content Editor Mukesh