ਕਵਿਤਾ ਖਿੜਕੀ : "ਅਜਬ ਹੀ ਰੰਗ ਦੀਵਾਲੀ ਦੇ"

11/12/2020 3:41:40 PM

"ਅਜਬ ਹੀ ਰੰਗ ਦੀਵਾਲੀ ਦੇ"

ਕੁਝ ਬਜ਼ਾਰੀ ਭੁੱਖੇ ਦੇਖੇ, 
ਪਾਉਂਦੇ ਰੋਟੀ ਦੀਆਂ ਬਾਤਾਂ, 
ਕੁਝ ਚਬਾਉਂਦੇ ਕੁੱਕੜ ਦੇਖੇ, 
ਲਿੱਬੜੇ ਨਾਲ ਸ਼ਰਾਬਾਂ, 
ਕਿਧਰੇ ਪਕਵਾਨ ਖਾਵਣ ਕੁੱਤੇ, 
ਰੁਲਦੇ ਵਿੱਚ ਗੰਦੀ ਨਾਲੀ ਦੇ, 
ਵਾਹ ਓ ਮੇਰਿਆ ਰੱਬਾ ਵੇਖੇ, 
ਅਜਬ ਹੀ ਰੰਗ ਦੀਵਾਲੀ ਦੇ। 

ਕਿਧਰੇ ਗੱਡੀਆਂ ਤੋਹਫ਼ੇ ਨਾਲ ਭਰੀਆਂ, 
ਕਿਧਰੇ ਰੁਲਣ ਜੁਆਕ ਸੜਕਾਂ ’ਤੇ ਮੰਗਦੇ, 
ਕੁਝ ਖੁਸ਼ੀਆਂ ਵਿੱਚ ਜਸ਼ਨ ਮਨਾਵਣ, 
ਕੁਝ ਫਿਰਦੇ ਨੰਗ ਧੜੰਗੇ, 
ਕਿਧਰੇ ਹੋਵੇ ਖੂਬ ਲੁਟਾਈ, 
ਕਿਧਰੇ ਰੋਂਦੇ ਰੋਣੇ ਖੀਸੇ ਖਾਲੀ ਦੇ, 
ਵਾਹ ਓ ਮੇਰਿਆ ਰੱਬਾ ਵੇਖੇ, 
ਅਜਬ ਹੀ ਰੰਗ ਦੀਵਾਲੀ ਦੇ।  

ਕੋਰੋਨਾ ਨੇ ਕਈ ਘਰ ਖਾਲੀ ਕੀਤੇ, 
ਰੋਵਣ ਮਾਵਾਂ ਪੁੱਤਰਾਂ ਦੇ ਬਾਜੋ, 
ਟੁੱਟ ਗਈਆਂ ਭੈਣਾਂ ਦੀਆਂ ਬਾਂਹਵਾਂ, 
ਗਏ ਵੀਰ ਜਿਨ੍ਹਾਂ ਦੇ ਜਹਾਨੋ, 
ਕਿਵੇਂ ਗਾਵਣ ਦੱਸੋ ਸੋਹਲੇ?
ਰਾਤ ਰਹਿਮਤਾਂ ਵਾਲੀ ਦੇ,
ਵਾਹ ਓ ਮੇਰਿਆ ਰੱਬਾ ਵੇਖੇ,  
ਅਜਬ ਹੀ ਰੰਗ ਦੀਵਾਲੀ ਦੇ। 

ਲੋਟੂ ਸਰਕਾਰ ਦੀ ਰੋਜ ਦੀਵਾਲੀ, 
ਚੂਸੇ ਖੂਨ ਗ਼ਰੀਬਾਂ ਦਾ, 
ਭੁੱਖਾ ਅੰਨਦਾਤਾ ਹੈ ਮਰਦਾਂ, 
ਅਜਬ ਖੇਡ ਨਸੀਬਾਂ ਦਾ, 
ਪੜ੍ਹੀ ਲਿਖੀ ਜਵਾਨੀ ਰੁਲਦੀ, 
ਕੀ ਹਾਲ ਸੁਣਾਵਾਂ ਬਦਹਾਲੀ ਦੇ, 
ਵਾਹ ਓ ਮੇਰਿਆ ਰੱਬਾ ਵੇਖੇ, 
ਅਜਬ ਹੀ ਰੰਗ ਦੀਵਾਲੀ ਦੇ। 
                 

ਮਨਦੀਪ ਪਾਲ ਕੌਰ, 
ਸ.ਪ.ਸ.ਮੀਆਂਪੁਰ ਅਰਾਈਆਂ, 
ਰੂਪਨਗਰ, 9463192156

 

ਨੀ ਦੀਵਿਆਂ ਵਾਲੀਏ ਕੁੜੀਏ

ਨੀ ਦੀਵਿਆਂ ਵਾਲੀਏ ਕੁੜੀਏ
ਸਾਡੇ ਸਧਰਾਂ ਦੇ ਛੱਪਰ 'ਤੇ
ਦੋ ਦੀਵੇ ਧਰਜਾ
ਮਨ ਦੇ ਘੁੱਪ ਹਨ੍ਹੇਰੇ ਅੰਦਰ
ਮੱਠਾ ਮੱਠਾ ਚਾਨਣ ਕਰ ਜਾ
ਨੀ ਦੀਵਿਆਂ ਵਾਲੀਏ.........

ਨਰਮਾਂ ਚੁਗਣ ਗਏ
ਕਿਰਤੀਆਂ ਦੇ ਘਰਾਂ ਵਿੱਚ
ਝਾੜੂ ਫੇਰ ਜਾਵੀਂ
ਬੰਦ ਬੂਹਿਆਂ ਨੂੰ ਵੇਖ
ਚਾਰ ਕੁ ਹੰਝੂ ਕੇਰ ਜਾਵੀਂ
ਜਿੰਨ੍ਹਾਂ ਦੇ ਸਿਰ ਹਾਲੇਂ 
ਆਪਣੇ ਜੰਮਣ ਦਾ ਹੈ ਕਰਜ਼ਾ
ਨੀ ! ਦੀਵਿਆਂ ਵਾਲੀਏ..........

ਤੂੰ ਜਾਈਂ ਓਸ ਗਰੀਬੀ ਮਾਂ ਦੇ ਘਰ
ਜੀਹਦੇ ਪੁੱਤ ਦੀ ਲਾਸ਼
ਪੇਟੀ ਵਿੱਚ ਬੰਦ ਕਰਕੇ ਭੇਜ ਦਿੱਤੀ ਸੀ 
ਵਿਦੇਸ਼ ਵਾਲਿਆਂ ਨੇ
ਓਸ ਬਾਰੇ ਚਾਰ ਕੁ ਗੱਲਾਂ ਪੁੱਤ ਬਾਰੇ ਕਰ ਆਵੀਂ
ਜੀਹਨੂੰ ਹਰ ਦੀਵਾਲੀ ਬੜ੍ਹਾ ਲੱਗਦਾ ਡਰ ਜਾ
ਨੀ ਦੀਵਿਆਂ ਵਾਲੀਏ............

ਸਤਨਾਮ ਸਮਾਲਸਰੀਆ
ਸੰਪਰਕ: 9710860004


rajwinder kaur

Content Editor

Related News