ਮਾਣਮੱਤੀ ਸ਼ਖ਼ਸੀਅਤ  ਸ਼੍ਰੋਮਣੀ ਰਾਗੀ ਡਾ.ਜਸਬੀਰ ਕੌਰ 'ਪਟਿਆਲਾ'

02/04/2021 2:44:09 PM

ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਬੀਬੀਆਂ ਨੇ ਹਮੇਸ਼ਾ ਹੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰਾ ਯੋਗਦਾਨ ਪਾਇਆ ਹੈ । ਬੇਬੇ ਨਾਨਕੀ ਪਹਿਲੇ ਕੀਰਤਨੀਏ ਹਨ ਜਿੰਨ੍ਹਾਂ ਨੇ ਬਾਬੇ ਨਾਨਕ ਦੀ ਸੁਰ ਨੂੰ ਪਹਿਚਾਣ ਕੇ ਬਾਣੀ ਦਾ ਪ੍ਰਚਾਰ ਕਰਨ ਵਾਸਤੇ ਚਾਰੇ ਉਦਾਸੀਆਂ ਕਰਨ ਲਈ ਰਬਾਬ ਸਾਜ਼ ਲਈ ਪੈਸੇ ਦਿੱਤੇ ਤੇ ਵੀਰ ਦੀ ਜ਼ਿੰਮੇਵਾਰੀ ਨੂੰ ਆਪ ਸੰਭਾਲਿਆ।ਮਾਤਾ ਖੀਵੀ ਜੀ ,ਬੀਬੀ ਭਾਨੀ ਤੇ ਮਾਤਾ ਗੰਗਾ ਜੀ ਨੇ ਸੇਵਾ ਤੇ ਸਿਮਰਨ ਦੇ ਖੇਤਰ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਮਾਤਾ ਗੁਜਰੀ ਜੀ ਤੇ ਹੋਰ ਅਨੇਕਾਂ ਸਿੱਖ ਬੀਬੀਆਂ ਹਨ ਜਿੰਨ੍ਹਾਂ ਕੌਮ ਲਈ ਕੁਰਬਾਨੀਆਂ ਦਿੱਤੀਆਂ ਤੇ ਵਧ ਚੜ੍ਹ ਕੇ ਸੰਘਰਸ਼ਾਂ ਵਿੱਚ ਹਿੱਸਾ ਲਿਆ ਤੇ ਕੌਮ ਨੂੰ ਨਵੀਂ ਸੇਧ ਦਿੱਤੀ ।ਇਸੇ ਹੀ ਪ੍ਰੰਪਰਾ ਨੂੰ ਤੋਰਨ ਲਈ ਭਾਰਤ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਬਹਾਦਰ  ਬੀਬੀਆਂ ਹੋਈਆਂ ਹਨ ਜਿੰਨ੍ਹਾਂ ਆਪਣੀ ਕਲਾ,ਸਾਹਿਤ,ਹੁਨਰ ਤੇ ਵਿਦਵਤਾ ਨਾਲ ਇਕ ਵਿਲੱਖਣ ਜਗ੍ਹਾ ਬਣਾਈ ਹੈ।ਮਦਰਟਰੇਸਾ,ਕਲਪਨਾ ਚਾਵਲਾ, ਬੀਬੀ ਜਸਵੰਤ ਕੌਰ,ਡਾ ਇੰਦਰਜੀਤ ਕੌਰ ਤੇ ਬੀਬੀ ਮਾਨ ਕੌਰ ਹੁਰਾਂ ਦੇ ਨਾਂ ਕੌਣ ਨਹੀਂ ਜਾਣਦਾ। ਬੀਬੀ ਮਾਨ ਕੌਰ ਨੂੰ 104 ਸਾਲ ਦੀ ਉਮਰ ਵਿੱਚ ਰਾਸ਼ਟਰਪਤੀ ਵਲੋਂ 'ਨਾਰੀ ਸ਼ਕਤੀ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 

ਪੜ੍ਹਾਈ ਅਤੇ ਸੰਗੀਤ ਵਿੱਦਿਆ
ਡਾ. ਜਸਬੀਰ ਕੌਰ ਜੀ ਦਾ ਜਨਮ 1959 ਈ: ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਕਲਾਂ ਵਿੱਚ ਪਿਤਾ ਪ੍ਰੀਤਮ ਸਿੰਘ ਤੇ ਮਾਤਾ ਗੁਰਮੀਤ ਕੌਰ ਦੀ ਕੁੱਖੋਂ ਹੋਇਆ।ਤੀਖਣ ਬੁੱਧੀ ਦੀ ਮਾਲਕ ਡਾ. ਜਸਬੀਰ ਕੌਰ ਨੇ ਬੀ.ਏ. ਤਕ ਦੀ ਪੜ੍ਹਾਈ ਗੁਰਦਾਸਪੁਰ ਤੋਂ ਤੇ ਐਮ.ਏ. ਸੰਗੀਤ ਗਾਇਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ।ਸੰਘਰਸ਼ਮਈ ਜ਼ਿੰਦਗੀ ਬਤੀਤ ਕਰਦਿਆਂ ਪੀ. ਐਚ.ਡੀ .ਦੀ ਡਿਗਰੀ "ਗੁਰਮਤਿ ਸੰਗੀਤ ਦਾ ਇਤਿਹਾਸਕ ਵਿਕਾਸ" ਵਿਸ਼ੇ ਨਾਲ 1997 ਈ : ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ।ਸੰਗੀਤ ਦੀ ਵਿੱਦਿਆ  ਪੰਡਤ ਉਅੰਕਾਰ ਨਾਥ ਠਾਕੁਰ ਦੇ ਸ਼ਗਿਰਦ ਪੰਡਤ ਸੂਰਜ ਪ੍ਰਕਾਸ਼, ਡਾ ਯਸ਼ਪਾਲ ਚੰਡੀਗੜ੍ਹ,ਪ੍ਰੋ.ਸ਼ਮਸ਼ੇਰ ਸਿੰਘ ਕਰੀਰ,ਪ੍ਰੋ.ਤਾਰਾ ਸਿੰਘ,ਉਸਤਾਦ ਬਦਰੂਜਮਾਨ ਲਾਹੌਰ ਪਾਸੋਂ ਪ੍ਰਾਪਤ ਕੀਤੀ।

ਸ਼੍ਰੋਮਣੀ ਰਾਗੀ ਦਾ ਸਨਮਾਨ 
ਹਾਲ ਹੀ ਵਿਚ ਪੰਜਾਬ ਸਰਕਾਰ ਤੇ ਭਾਸ਼ਾ ਵਿਭਾਗ ਵਲੋਂ ਐਲਾਨੇ ਗਏ ਸ਼੍ਰੋਮਣੀ ਐਵਾਰਡਾਂ ਵਿੱਚੋਂ ਇਕ ਜ਼ਿਕਰ ਸਤਿਕਾਰ ਯੋਗ ਸ਼ਖ਼ਸੀਅਤ ਡਾ. ਜਸਬੀਰ ਕੌਰ ਹੁਰਾਂ ਦਾ ਵੀ ਆਉਂਦਾ ਹੈ ਜਿਨ੍ਹਾਂ ਨੂੰ ਸ਼੍ਰੋਮਣੀ ਰਾਗੀ ਦਾ ਸਨਮਾਨ ਦਿੱਤਾ ਜਾ ਰਿਹਾ ਹੈ। ਦੱਸਣਯੋਗ ਬਣਦਾ ਹੈ ਕਿ ਡਾ. ਜਸਬੀਰ ਕੌਰ ਜੀ ਪਹਿਲੀ ਸਿੱਖ ਬੀਬੀ ਹਨ ਜੋ ਸ਼੍ਰੋਮਣੀ ਰਾਗੀ ਦੇ ਐਵਾਰਡ ਲਈ ਹੱਕਦਾਰ ਬਣੇ ਹਨ। ਸੰਘਰਸ਼ ਭਰੇ ਜੀਵਨ ਵਿਚੋਂ ਨਿਕਲ ਕੇ ਬੁਲੰਦੀਆਂ ਹਾਸਲ ਕਰਨ ਦੀ ਪ੍ਰੇਰਨਾ ਸਾਨੂੰ ਡਾ.ਸਾਹਿਬਾ  ਜੀ ਤੋਂ ਮਿਲਦੀ ਹੈ।ਇਕੱਲੇ ਸੰਗੀਤ ਖੇਤਰ ਵਿੱਚ ਹੀ ਨਹੀਂ ਵਿਦਿਅਕ ਖੇਤਰ ਵਿੱਚ ਵੀ ਉੱਚ ਵਿੱਦਿਆ ਪ੍ਰਾਪਤ ਕਰਕੇ ਵਿਸ਼ਵ ਭਰ ਵਿੱਚ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਗੁਰਮਤਿ ਸੰਗੀਤ ਦੇ ਖੇਤਰ ਵਿੱਚ ਕੀਰਤਨ ਕਰਦਿਆਂ ਉਹ ਭਾਈ ਦਵਿੰਦਰ ਸਿੰਘ,ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ ਜਿੰਨਾ ਨੇ ਉਹਨਾਂ ਨੂੰ ਨਾਮਵਰ ਸਟੇਜਾਂ ਤੇ ਕੀਰਤਨ ਗਾਇਨ ਕਰਨ ਦਾ ਮੌਕਾ ਦਿਵਾਇਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਰਤਨ ਗਾਇਨ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪੀ ਟੀ ਸੀ ਪੰਜਾਬ ਵਲੋਂ ਕਰਵਾਏ ਗਏ ਵਿਲੱਖਣ  ਪ੍ਰੋਗਰਾਮ ਵਿੱਚ  "ਗਾਵਹੋ ਸਚੀ ਬਾਣੀ" ਤੇ ਚੜ੍ਹਦੀਕਲਾ ਟਾਈਮ ਟੀਵੀ ਵਲੋਂ  "ਭਲੋ ਭਲੋ ਰੇ ਕੀਰਤਨੀਆ" ਪ੍ਰਸਿੱਧ ਪ੍ਰੋਗਰਾਮਾਂ 'ਚ ਆਪ ਨੇ ਜੱਜ ਦੀ ਅਹਿਮ ਭੂਮਿਕਾ ਨਿਭਾਈ।ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ  ਸਥਾਪਤ ਗੁਰੂ ਨਾਨਕ ਚੇਅਰ ਮੌਕੇ ਤੇ ਜਿੱਥੇ ਆਪ ਨੇ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਉੱਥੇ ਬਾਬਾ ਫ਼ਰੀਦ,ਬਾਬਾ ਬੁੱਲ੍ਹੇ ਸ਼ਾਹ,ਸ਼ਾਹ ਹੁਸੈਨ,ਗੁਲਾਮ ਫ਼ਰੀਦ ਦੀਆਂ ਗਾਇਨ ਸ਼ੈਲੀਆਂ ਨੂੰ ਵੱਖਰੇ ਅੰਦਾਜ਼ ਵਿੱਚ ਕਰਵਾਇਆ।

PunjabKesariਸੁਰਜੀਤ ਸਿੰਘ 'ਦਿਲਾ ਰਾਮ '
 

ਗੁਰਮਤਿ ਸੰਗੀਤ ਦਾ ਪ੍ਰਚਾਰ
ਤਕਰੀਬਨ 30 ਸਾਲ ਆਪ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ  ਸੰਗੀਤ ਵਿਭਾਗ ਤੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਿਚ ਮੁਖੀ ਦੇ ਪਦ ਤੋਂ ਇਲਾਵਾ  ਡੀਨ ਆਰਟਸ ਐਂਡ ਕਲਚਰ ਤੇ ਮੈਂਬਰ ਸਿੰਡੀਕੇਟ ਵੀ ਰਹੇ।ਉਨਾਂ ਕਈ ਵਿਭਾਗੀ ਮੈਗਜ਼ੀਨਾਂ,ਪੁਸਤਕਾਂ ਤੇ ਸੰਪਾਦਨਾ ਕੀਤੀ ਅਤੇ ਕਈ ਅੰਤਰਰਾਸ਼ਟਰੀ ਕਾਨਫਰੰਸਾਂ ਵੀ ਕਰਵਾਈਆਂ। 46 ਤੋਂ ਉਪਰ ਉਨ੍ਹਾਂ ਦੇ ਵੱਖ ਵੱਖ ਪੁਸਤਕਾਂ  ਵਿੱਚ ਖੋਜ ਪੇਪਰ ਛਪ ਚੁੱਕੇ ਹਨ ਅਤੇ 75 ਦੇ ਕਰੀਬ ਵੱਖ ਵੱਖ ਮੈਗਜ਼ੀਨਾਂ,ਅਖ਼ਬਾਰਾਂ ਵਿੱਚ ਲੇਖ ਛਪੇ ਹਨ। ਲੋਕ ਸੰਗੀਤ ਤੇ ਗੁਰਮਤਿ ਸੰਗੀਤ ਦੇ  ਨਾਲ  ਸੰਬੰਧਤ ਵੀ ਆਪ ਦੀਆਂ ਕਈ ਰਚਨਾਵਾਂ  ਛਪ ਚੁੱਕੀਆਂ ਹਨ । ਗੁਰਮਤਿ ਸੰਗੀਤ ਦੇ ਪ੍ਰਚਾਰ ਲਈ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਲੋਕ ਗਾਇਨ ਸ਼ੈਲੀਆਂ ਤੇ ਵੱਖ ਵੱਖ ਰਾਗਾਂ ਵਿੱਚ ਜਿੱਥੇ ਅਮਰੀਕਾ,ਆਸਟ੍ਰੇਲੀਆ ਦੀਆਂ ਵੱਡੀਆ ਸਟੇਜਾਂ ਤੇ ਕੀਰਤਨ ਕੀਤਾ ਉੱਥੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਜਵੱਦੀ ਟਕਸਾਲ ਲੁਧਿਆਣਾ, ਤਾਲ ਕਟੋਰਾ ਗਾਰਡਨ ਨਵੀਂ ਦਿੱਲੀ , ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ,ਸ਼੍ਰੋਮਣੀ ਗੁ.ਪ੍ਰੰ.ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ,ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੱਡੀਆਂ ਸਟੇਜਾਂ ਤੇ ਵੀ ਵੱਖ ਵੱਖ ਰਾਗਾਂ  'ਚ ਕੀਰਤਨ ਗਾਇਨ ਕਰਕੇ ਬਾਣੀ ਦਾ ਪ੍ਰਚਾਰ ਕੀਤਾ ਹੈ।ਗੁਰੂ ਗ੍ਰੰਥ ਸਾਹਿਬ ਦੀਆਂ ਗਾਇਨ ਸ਼ੈਲੀਆਂ ਗਾਇਨ ਕਰਨਾ ਅਤੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਨਾ ਇਨ੍ਹਾਂ ਦਾ ਮੁੱਖ ਕਾਰਜ ਹੈ।

ਗ੍ਰਿਫ਼ਤਾਰੀ ਦੀ ਵਜ੍ਹਾ
ਜਿੱਥੇ ਆਪ ਜੀ ਕਪੂਰੀ ਮੋਰਚੇ ਵਿੱਚ ਸ਼ਾਮਿਲ ਹੋਏ ਉਥੇ ਏਸ਼ੀਆਈ ਖੇਡਾਂ ਵਿੱਚ ਵੀ ਆਪਣੇ ਹੱਕਾਂ ਨੂੰ ਮਨਵਾਉਣ ਲਈ ਮੁਹਰਲੀ ਭੂਮਿਕਾ ਨਿਭਾਈ ਤੇ ਗ੍ਰਿਫ਼ਤਾਰੀ ਦਿੱਤੀ। ਧਰਮ ਯੁੱਧ ਮੋਰਚੇ ਵਿੱਚ ਬੀਬੀਆਂ ਦੇ ਪਹਿਲੇ ਜੱਥੇ ਦੀ ਅਗਵਾਈ ਕਰਕੇ ਢਾਈ ਸੌ ਬੀਬੀਆਂ ਨਾਲ ਗ੍ਰਿਫ਼ਤਾਰੀ ਦਿੱਤੀ ਤੇ ਜੇਲ੍ਹ ਕੱਟੀ।

ਬਤੌਰ ਪ੍ਰਿੰਸੀਪਲ ਨਿਭਾਅ ਰਹੇ ਨੇ ਸੇਵਾ 
ਵਿਦੇਸ਼ਾਂ 'ਚੋਂ ਪ੍ਰਾਪਤ ਹੋਏ ਸਨਮਾਨ ਆਪ ਦੀ ਸ਼ਖ਼ਸੀਅਤ ਨੂੰ ਦਰਸਾਉਂਦੇ ਹਨ।ਅਜੋਕੇ ਸਮੇਂ ਵਿੱਚ ਆਪ ਗੁਰੂ ਨਾਨਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਚਲ ਰਹੇ ਗੁਰਮਤਿ ਕਾਲਜ ਪਟਿਆਲਾ ਵਿਖੇ ਬਤੌਰ ਪ੍ਰਿੰਸੀਪਲ ਦੀ ਸੇਵਾ ਨਿਭਾ ਰਹੇ ਹਨ।ਗੁਰਮਤਿ ਕਾਲਜ ਪਟਿਆਲਾ ਦੀ ਨੀਂਹ ਸੰਤ ਗੁਰਮੁਖ ਸਿੰਘ ਹੁਰਾਂ ਨੇ ਰੱਖੀ ਸੀ।ਡਾ. ਗੰਡਾ ਸਿੰਘ ,ਪ੍ਰਿੰ ਸਤਬੀਰ ਸਿੰਘ ਤੇ ਹੋਰ ਵਿਦਵਾਨਾਂ ਨੇ ਇਸ ਕਾਲਜ ਨੂੰ ਨਿਖਾਰਿਆ।ਇਸ ਕਾਲਜ ਵਿਚੋਂ ਪੜ੍ਹੇ ਅਨੇਕਾਂ ਵਿਦਿਆਰਥੀ ਉੱਚ ਵਿਦਿਆ ਪ੍ਰਾਪਤ ਕਰਕੇ  ਵੱਡੇ-ਵੱਡੇ ਅਦਾਰਿਆਂ ਵਿੱਚ ਧਰਮ ਦੇ ਖੇਤਰ ਵਿੱਚ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ।ਅਜੋਕੇ ਸਮੇਂ ਵਿੱਚ  ਆਪ ਜੀ ਦੀ ਕਾਰਗੁਜ਼ਾਰੀ ਹੇਠ ਗੁਰਮਤਿ ਕਾਲਜ ਵਿੱਚ ਨੈਸ਼ਨਲ, ਇੰਟਰਨੈਸ਼ਨਲ ਪੱਧਰ ਤੇ ਸੈਮੀਨਾਰ,ਵੈਬੀਨਾਰ ਕਰਵਾਏ ਗਏ  ਹਨ।ਆਪ ਜੀ ਗੁਰਮਤਿ ਕਾਲਜ ਦੀ ਸ਼ਾਨ ਹਨ ਤੇ ਇਸਦੇ ਨਾਲ ਹੀ ਆਪ  ਗਲੋਬਲ ਯੂਨਾਈਟਿਡ ਸਿੱਖ ਵੂਮੈਨ ਆਰਗੇਨਾਈਜ਼ੇਸ਼ਨ ਵਰਲਡ ਦੇ ਪ੍ਰਧਾਨ  ਵੀ ਹਨ।ਨਸ਼ਾ ਵਿਰੋਧੀ ਪ੍ਰਚਾਰ ਮੰਚ ਦੇ ਸੈਕਟਰੀ ਹੋਣ ਕਰਕੇ ਆਪ ਜੀ  ਸਮਾਜ ਨੂੰ ਸੇਧ ਦੇਣ ਲਈ ਅਨੇਕਾਂ ਸਮਾਜਿਕ ਕਾਰਜ ਕਰ ਰਹੇ ਹਨ।  ਆਪ ਨੇ ਭਗਤ ਪੂਰਨ, ਸ.ਗੁਰਚਰਨ ਸਿੰਘ ਟੌਹੜਾ, ਸੰਤ ਜਰਨੈਲ ਸਿੰਘ,ਸੰਤ ਲੌਂਗੋਵਾਲ  ਆਦਿ  ਵਰਗੀਆਂ ਮਹਾਨ ਸ਼ਖ਼ਸੀਅਤਾਂ ਨਾਲ ਸੇਵਾ ਤੇ ਧਰਮ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਈ।ਹਮੇਸ਼ਾ ਆਪ ਜੀ ਦੇ ਬੋਲਾਂ ਵਿਚੋਂ ਮਿਠਾਸ ਤੇ ਨਿਮਰਤਾ ਨਜ਼ਰ ਆਉਂਦੀ ਹੈ।ਸਿੱਖ ਕੌਮ ਦੀਆਂ ਮਹਾਨ ਬੀਬੀਆਂ 'ਚ ' ਇਨ੍ਹਾਂ ਰੁਤਬਾ ਹਾਸਲ ਕੀਤਾ ਹੈ। ਡਾ. ਜਸਬੀਰ ਕੌਰ ਸਮਾਜ ਲਈ ਪ੍ਰੇਰਨਾ ਸ੍ਰੋਤ ਹਨ।ਇਸ ਗੱਲੋਂ ਮਾਣਮੱਤੇ ਹਾਂ ਕਿ ਅਸੀਂ ਇਸ ਮਾਣਯੋਗ ਹਸਤੀ ਦੀ ਸਰਪ੍ਰਸਤੀ ਹੇਠ ਵਿੱਦਿਆ ਹਾਸਲ ਕਰ ਰਹੇ ਹਾਂ ।

ਸੁਰਜੀਤ ਸਿੰਘ 'ਦਿਲਾ ਰਾਮ '
ਸੰਪਰਕ 99147-22933

ਨੋਟ: ਡਾ. ਜਸਬੀਰ ਕੌਰ ਦੀਆਂ ਪ੍ਰਾਪਤੀਆਂ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News