ਤਲਖ ਹਕੀਕਤਾਂ ਅਤੇ ਚਲੰਤ ਮਸਲਿਆਂ ਦਾ ਕਵੀ : ਦਿਨੇਸ਼ ਨੰਦੀ

05/17/2020 4:02:05 PM

ਦਿਨੇਸ਼ ਦੀਆਂ ਕਵਿਤਾਵਾਂ ਪੜ੍ਹਦਿਆਂ ਯਕੀਨ ਨਹੀਂ ਆਉਂਦਾ ਕਿ ਸੰਸਕ੍ਰਿਤ ਵਿਸ਼ੇ ਦਾ ਅਧਿਆਪਕ ਪੰਜਾਬੀ 'ਚ ਇੰਨ੍ਹੀਆਂ ਸੋਹਣੀਆਂ ਕਵਿਤਾਵਾਂ ਲਿਖ ਸਕਦਾ ਹੈ। ਬਠਿੰਡਾ ਜ਼ਿਲੇ ਦੇ ਪਿੰਡ ਗੰਗਾ 'ਚ ਜਨਮੇ ਦਿਨੇਸ਼ ਦੇ ਮਨ ਮਸਤਕ 'ਚ ਦਸਵੀਂ ਜਮਾਤ ਦੌਰਾਨ ਹੀ ਸਾਹਿਤਕਾਰੀ ਦੇ ਵਲਵਲੇ ਅੰਗੜਾਈਆਂ ਲੈਣ ਲੱਗੇ ਅਤੇ ਕਾਲਜ ਤੱਕ ਪੁੱਜਦਿਆਂ ਜੌਗਰਫੀ ਦੇ ਪ੍ਰੋ. ਬਰਾੜ ਦੀ ਹੱਲਾਸ਼ੇਰੀ ਸਦਕਾ ਇਨ੍ਹਾਂ ਵਲਵਲਿਆਂ ਦੀ ਹੋਰ ਉੱਚੀ ਹੋਈ ਪਰਵਾਜ਼ ਨੂੰ ਪਲੇਠੇ ਕਾਵਿ ਸੰਗ੍ਰਹਿ 'ਕਿਰ ਰਹੀ ਰੇਤ' ਨਾਲ ਅੰਜ਼ਾਮ ਮਿਲਿਆ। 2017 'ਚ ਪਬਲਿਸ਼ ਇਸ ਪਲੇਠੇ ਕਾਵਿ ਸੰਗ੍ਰਹਿ 'ਚ ਦਿਨੇਸ਼ ਨੇ ਇਨਸਾਨੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਖਹਿ ਕੇ ਲੰਘਦੀਆਂ ਕਵਿਤਾਵਾਂ ਨੂੰ ਸ਼ੁਮਾਰ ਕਰਦਿਆਂ ਛੋਟੀ ਉਮਰ ਦਾ ਵੱਡਾ ਕਵੀ ਹੋਣ ਦੀ ਗੱਲ ਤਸਦੀਕ ਕਰਵਾਈ। ਕੋਮਲ ਭਾਵੀ ਦਿਨੇਸ਼ ਇਨਾਸਨੀ ਜ਼ਿੰਦਗੀ ਦੀਆਂ ਤੰਗੀਆਂ ਅਤੇ ਤੁਰਸ਼ੀਆਂ ਨੂੰ ਬੇਹੱਦ ਨੇੜੇ ਤੋਂ ਵੇਖਣ ਦਾ ਆਦੀ ਹੈ। ਉਸ ਦੀ ਹਰ ਕਵਿਤਾ ਥੁੜ੍ਹਾਂ ਮਾਰੇ ਲੋਕਾਂ ਦੀ ਦਰਦਮੰਦ ਅਤੇ ਸਮਾਜਿਕ ਬੁਰਾਈਆਂ ਦਾ ਆਈਨਾ ਬਣ ਕੇ ਆਉਂਦੀ ਹੈ। ਧਾਰਮਿਕ ਕੱਟੜਵਾਦ, ਸਾਮਰਾਜਵਾਦੀ ਚਾਲਾਂ ਅਤੇ ਕਿਰਤੀਆਂ ਦੇ ਹੱਕਾਂ 'ਤੇ ਪੈਂਦੇ ਡਾਕਿਆਂ ਨੂੰ ਭਲੀ-ਭਾਂਤ ਜਾਣਦਾ ਅਤੇ ਮਹਿਸੂਸ ਕਰਦਾ ਹਾਂ।

ਜ਼ਿਲਾ ਬਰਨਾਲਾ ਦੇ ਸਰਕਾਰੀ ਹਾਈ ਸਕੂਲ ਤਪਾ 'ਚ ਬਤੌਰ ਸੰਸਕ੍ਰਿਤ ਅਧਿਆਪਕ ਸੇਵਾ ਨਿਭਾਅ ਰਿਹਾ ਦਿਨੇਸ਼ ਕਵਿਤਾ ਲਿਖਦਾ ਨਹੀਂ ਸਗੋਂ ਉਸ ਦੇ ਅੰਦਰੋਂ ਕਵਿਤਾਮਈ ਝਰਨੇ ਵਹਿੰਦੇ ਹਨ। ਉਸ ਨੂੰ ਕਵਿਤਾ ਲਿਖਣ ਲਈ ਰਾਤਾਂ ਨੂੰ ਨਹੀਂ ਉੱਠਣਾ ਪੈਂਦਾ। ਉਹ ਤਾਂ ਕਾਰ ਚਲਾਉਦਿਆਂ ਜ਼ਿੰਦਗੀ ਦੀਆਂ ਔਕੜਾਂ ਅਤੇ ਸਿਸਟਮ ਨਾਲ ਖਿਆਲਾਂ ਦੀ ਅਜਿਹੀ ਲੜਾਈ ਲੜਦਾ ਹੈ ਕਿ ਨਾਲ ਬੈਠੇ ਨੂੰ ਆਪਣੇ ਬੋਲਾਂ ਨੂੰ ਕਾਗਜ਼ ਦੀ ਹਿੱਕ 'ਤੇ ਉਕਰਨ ਲਈ ਕਹਿ ਕਵਿਤਾ ਸਿਰਜ ਲੈਂਦਾ ਹੈ। ਚਲੰਤ ਮਸਲਿਆਂ 'ਤੇ ਲਿਖਣਾ ਉਸ ਦੀ ਕਾਵਿ-ਕਲਾ ਦਾ ਕਮਾਲ ਹੈ। ਦਿਨੇਸ਼ ਅਕਾਸ਼ਬਾਣੀ ਬਠਿੰਡਾ ਅਤੇ ਰੇਡਿਉ ਪੰਜਾਬ ਟੂਡੇ ਜ਼ਰੀਏ ਸਰੋਤਿਆਂ ਨਾਲ ਆਪਣੀ ਸਾਂਝ ਪਾਉਣ ਤੋਂ ਇਲਾਵਾ ਨੇਮ ਨਾਲ ਸਾਹਿਤਕ ਅਤੇ ਸਮਾਜ ਸੇਵਾ ਦੇ ਕਾਰਜਾਂ 'ਚ ਹਾਜ਼ਰੀ ਲਗਵਾਉਂਦਾ ਰਹਿੰਦਾ ਹੈ। ਪ੍ਰਸਿੱਧ ਪੰਜਾਬੀ ਸ਼ਾਇਰ ਅਜ਼ੀਮ ਸੇਖਰ, ਕੁਲਦੀਪ ਬੰਗੀ, ਗੁਰਸੇਵਕ ਬੀੜ, ਪ੍ਰੋ.ਲਖਵੀਰ ਸਿੰਘ ਮੁਕਤਸਰ, ਕੁਲਵਿੰਦਰ ਚਾਨੀ, ਗੁਰਜੀਤ ਬਰਾੜ ਅਤੇ ਬਲਵਿੰਦਰ ਸਿੰਘ ਚਹਿਲ ਉਸਦੇ ਪਸੰਦੀਦਾ ਅਤੇ ਅਗਵਾਈਕਾਰ ਸਾਹਿਤਕਾਰ ਹਨ। ਪੇਸ਼ ਹਨ ਉਸ ਦੀਆਂ ਕੁਝ ਕਵਿਤਾਵਾਂ:-

1. ਕੋਰੋਨਾ ਵਾਇਰਸ

ਵਾਇਰਸ ਦਾ ਨਾਮ
ਕੋਰੋਨਾ ਨਹੀਂ
ਡਿਜ਼ੀਟਲ ਮਾਰਕੀਟਿੰਗ
ਅਸਲ ਨਾਮ ਹੈ
ਵਾਇਰਸ ਦਾ।

ਜਿੱਡਾ ਵੱਡਾ ਹੰਗਾਮਾ
ਓਨਾ ਵੱਡਾ ਬਾਜ਼ਾਰ
ਬਣਾਇਆ ਜਾਵੇਗਾ
ਦਵਾਈਆਂ ਦਾ
ਤੇ ਵੱਟ ਲਿਆ ਜਾਵੇਗਾ
ਖਰਬਾਂ ਦਾ ਸਰਮਾਇਆ
ਦੇ ਦੇ ਕੇ ਡਰਾਵਾ
ਮੌਤ ਦਾ
ਬਣ ਜਾਵੇਗਾ ਬਜਟ
ਹਰ ਦੇਸ਼ ਵਿਚ
ਤੇ ਫਿਰ
ਚੀਨ ਅਤੇ ਅਮਰੀਕਾ ਵਰਗੇ ਦੇਸ਼
ਵੇਚਣਗੇ
ਮਹਿੰਗੀਆਂ ਕਿੱਟਾਂ
ਜਨਤਾ ਨੂੰ
ਜਾਂਚਣ ਲਈ
ਕਰੋਨਾ ਵਾਇਰਸ!

2 .ਲਫਜ਼ਾਂ ਨੂੰ 

ਲਫਜ਼ਾਂ ਨੂੰ ਕਹਿ
ਮੇਰੇ ਕੋਲ ਨਾ ਆਉਣ।

ਇਹ ਜਦ ਵੀ ਆਉਂਦੇ ਨੇ
ਨਵੀਂ ਰਚਨਾ ਕਰਵਾਉਂਦੇ ਨੇ
ਹੋ ਕੇ ਬੇਖੌਫ
ਲਿਖ ਦਿੰਦਾ ਹਾਂ
ਹੂ-ਬ-ਹੂ
ਜੋ ਵੀ ਕਹਿੰਦੇ ਨੇ।

ਲਫਜ਼ਾਂ 'ਚ ਪਰੋਈ ਸਚਾਈ
ਲੱਗਦੀ ਹੈ ਕੌੜੀ
ਤੇ ਫਿਰ
ਧਰਮ ਦੇ ਠੇਕੇਦਾਰ
ਸੱਤਾ ਦੇ ਭੁੱਖੇ ਲੀਡਰ
ਲੈ ਕੇ ਤਲਵਾਰਾਂ
ਪੈ ਜਾਂਦੇ ਨੇ ਮੇਰੇ ਪਿੱਛੇ
ਲਫਜ਼ਾਂ ਨੂੰ ਕਹਿ 
ਜੇ ਆਉਣਾ ਵੀ ਹੈ
ਬਹਾਰ ਦੇ ਮੌਸਮ 'ਚ ਆਉਣ 
ਤਾਂ ਕਿ ਕੋਈ ਨਗਮਾ
ਪ੍ਰੀਤਮ ਪਿਆਰੇ ਦੀ
ਨਜ਼ਰ ਕਰ ਸਕਾਂ
ਕੁੱਝ ਖੂੰਖਾਰ ਲੋਕਾਂ ਤੋਂ
ਹਾਲ ਦੀ ਘੜੀ ਬਚ ਸਕਾਂ।

PunjabKesari

3. ਆਧੁਨਿਕ ਨਾਰੀ

ਕਜਲੋਟੀ ਵਿਚੋਂ ਲੈ ਕੇ ਕੱਜਲ ਵਿਚ ਅੱਖੀਆਂ ਦੇ ਪਾਵਾਂ,
ਖਲਕ ਤੋਂ ਫਲਕ ਤੱਕ ਉਡਾਰੀ ਕਿਉਂ ਸੁਪਨੇ 'ਚ ਲਾਵਾਂ।
ਖੰਭ ਸਮੇਟ ਨਾ ਹੁਣ ਮੈਂ ਰੱਖਣੇ ਮਾਰਨ ਚਾਅ ਉਡਾਰੀ,
ਹੋਂਦ ਮੇਰੀ ਵੀ ਅੱਡਰੀ ਜੱਗ ਤੇ ਜੱਗ ਜਨਨੀ ਅਖਵਾਵਾਂ।
ਆਖਣ ਮਰਦ ਵਿਚਾਰੀ ਏ ਇਹ ਤਾਂ ਅਬਲਾ ਨਾਰੀ ਏ,
ਕਿਉਂ ਬਣ ਕੇ ਤਰਸ ਦਾ ਪਾਤਰ ਖੁਦ ਨੂੰ ਦੇਵਾਂ ਸਜ਼ਾਵਾਂ।
ਆਪਣੀ ਦੁਨੀਆਂ ਮੈਂ ਵੀ ਜੀਵਾਂ ਛੱਡ ਰਵਾਇਤ ਪੁਰਾਣੀ,
ਦੁਨੀਆਂ ਦੇ ਸਭ ਰਾਗ ਰੰਗੀਲੇ ਵਿੱਚ ਖੁਸ਼ੀ ਦੇ ਗਾਵਾਂ।
ਫੰਦੇ ਲੱਗਣ ਮੈਨੂੰ ਨੰਦੀ ਸ਼ਿੰਗਾਰ ਦੇ ਸਾਰੇ ਜੇਵਰ,
ਮੰਡੀ 'ਚ ਸਜਾਵਟੀ ਵਸਤੂ ਹੁਣ ਕਿਉਂ ਬਣਦੀ ਜਾਵਾਂ।

ਬਿੰਦਰ ਸਿੰਘ ਖੁੱਡੀ ਕਲਾਂ
ਮੋਬਾਈਲ - 98786-05965

ਗਲੀ ਨੰਬਰ 1, ਸ਼ਕਤੀ ਨਗਰ,ਬਰਨਾਲਾ।

 


rajwinder kaur

Content Editor

Related News