ਲੋਕਤੰਤਰ ''ਤੇ ਧੱਬਾ ਹਨ ਸਹਾਰਨਪੁਰ ''ਚ ਹਿੰਸਕ ਘਟਨਾਵਾਂ

11/17/2017 4:12:09 PM

ਪੱਛਮੀ ਉਤਰ ਪ੍ਰਦੇਸ਼ ਦਾ ਜ਼ਿਲਾ ਸਹਾਰਨਪੁਰ ਸੁਲਘ ਰਿਹਾ ਹੈ। ਸਹਾਰਨਪੁਰ ਦੇ ਪਿੰਡ ਸ਼ਬੀਰਪੁਰ 'ਚ ਦਲਿਤਾਂ 'ਤੇ ਉਚ ਜਾਤੀਆਂ ਵਲੋਂ ਢਾਹੇ ਅੱਤਿਆਚਾਰ ਕੀਰਨ ਦਲਿਤ ਬਸਤੀ ਖੰਡਰ ਬਣੀ ਹੋਈੇ ਹੈ। ਦਲਿਤਾਂ ਦੇ ਘਰ-ਬਾਰ, ਦੁਕਾਨਾਂ, ਟੀ.ਵੀ, ਪਸ਼ੂ, ਸਾਈਕਲ, ਮੋਟਰਸਾਈਕਲ, ਬਿਸਤਰੇ, ਫਰਨੀਚਰ, ਕੱਪੜੇ, ਕਿਤਾਬਾਂ ਤੇ ਕਣਕ ਨਾਲ ਭਰੀਆਂ ਬੋਰੀਆਂ, ਅੱਗ ਨਾਲ ਧੁੱਖ ਰਹੀਆਂ ਹਨ। ਬਸਤੀ ਵਿਚ ਸ਼ਮਸ਼ਾਨਘਾਟ ਵਰਗਾ ਛਨਾਟਾ ਛਾਇਆ ਹੋਇਆ ਹੈ। ਕੋਈ ਮਰਦ ਨਜ਼ਰ ਨਹੀ ਆ ਰਿਹਾ, ਕਿਤੇ ਕਿਤੇ ਕੋਈ ਔਰਤ ਟੁੱਟਾ ਫੁੱਟਾ ਸਮਾਨ ਸੋਧਦੀ ਦਿਸਦੀ ਹੈ। ਗੁਰੂ ਰਵੀਦਾਸ ਤੇ ਡਾਕਟਰ ਅੰਬੇਡਕਰ ਦੀ ਮੂਰਤੀ ਖੰਡਿਤ ਹੈ। ਪੁਲਿਸ ਫੋਰਸ ਗੁਰੂ ਰਵੀਦਾਸ ਮੰਦਰ 'ਚ ਮੰਜਿਆਂ 'ਤੇ ਬੰਦੂਕਾਂ ਲਈ ਬੈਠੀ ਹੈ।
ਦਲਿਤਾਂ 'ਤੇ ਇਹ ਘਿਨਾਉਣਾ ਅੱਤਿਆਚਾਰ ਕਿਉ ਹੋ ਰਿਹਾ ਹੈ? ਇਸ ਬਾਰੇ ਮੀਡੀਆ ਵਲੋਂ ਵੱਖ-ਵੱਖ ਰਿਪੋਰਟਾਂ ਆ ਰਹੀਆ ਹਨ। ਕੋਈ ਕਹਿੰਦਾ ਇਹ ਉਚ ਜਾਤੀ ਠਾਕਰਾਂ ਤੇ ਦਲਿਤਾਂ ਦਾ ਝਗੜਾ ਹੈ। ਕੋਈ ਕਹਿੰਦਾ ਇਸ ਪਿੱਛੇ ਰਾਜਨੀਤੀ ਚਲ ਰਹੀ ਹੈ। ਕੋਈ ਕਹਿੰਦਾ ਇਹ ਭਗਵਾ ਫੋਰਸ ਦੀ ਚਾਲ ਹੈ। ਕੋਈ ਕਹਿੰਦਾ ਇਹ ਮਾਇਆਵਤੀ ਦੀ ਰਾਜਨੀਤੀ ਹੈ। ਕੋਈ ਕਹਿੰਦਾ ਇਹ ਰਾਜਪੂਤ ਸੈਨਾ ਦਾ ਕਾਰਾ ਹੈ। ਨੈਸ਼ਨਲ ਦਸਤਕ ਦੀ ਰਿਪੋਰਟ ਅਨੁਸਾਰ ਸਹਾਰਨਪੁਰ ਕਾਂਡ ਦੇ ਪਿੱਛੇ ਗਹਿਰੀ ਸਾਜਿਸ਼ ਹੈ। ਪਰ ਰਾਜਨੀਤਕ ਪਾਰਟੀਆਂ ਇਕ ਦੂਜੇ ਉਪਰ ਚਿਕੜ ਸੁੱਟ ਰਹੀ ਰਹੀਆਂ ਹਨ। 
ਰਿਪੋਰਟਾਂ ਅਨੁਸਾਰ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਗੁਰੂ ਰਵੀਦਾਸ ਜੈਅੰਤੀ ਮੌਕੇ ਦਲਿਤਾਂ ਨੇ ਗੁਰੂ ਰਵੀਦਾਸ ਮੰਦਰ ਵਿੱਚ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਡਕਰ ਦੀ ਮੂਰਤੀ ਸਥਾਪਤ ਕਰਨੀ ਚਾਹੀ, ਪਰ ਠਾਕਰਾਂ ਦੇ ਵਿਰੋਧ ਕਰਨ 'ਤੇ ਐਸ.ਡੀ.ਐਮ ਨੇ ਰੋਕ ਦਿੱਤਾ ਕਿ ਮਨਜੂਰੀ ਤੋਂ ਬਗੈਰ ਮੂਰਤੀ ਨਹੀ ਲੱਗ ਸਕਦੀ। ਉਤਰ ਪ੍ਰਦੇਸ਼ ਵਿਚ ਸਾਲ 2007 ਤੋਂ ਡਾਕਟਰ ਅੰਬੇਡਕਰ ਦਾ ਬੁੱਤ ਲਾਉਣ 'ਤੇ ਪਾਬੰਦੀ ਲੱਗੀ ਹੋਈ ਹੈ। ਇਲਾਕੇ ਦੇ ਰਾਜਪੂਤ ਠਾਕਰਾਂ ਨੇ 5 ਮਈ ਨੂੰ ਸ਼ਿਮਲਾਨਾ ਪਿੰਡ ਵਿੱਚ ਮਹਾਂਰਾਣਾ ਪ੍ਰਤਾਪ ਦੀ ਯਾਤਰਾ ਨਿਕਾਲੀ। ਦਲਿਤ ਬਸਤੀ ਪਾਸ ਜਾ ਕੇ ਠਾਕਰਾਂ ਦੇ ਮੁੰਡਿਆ ਨੇ ਡੈਕ ਉਚੀ ਉਚੀ ਚਲਾਉਣਾ ਸ਼ੁਰੂ ਕਰ ਦਿੱਤਾ। ਸਰਪੰਚ ਦੇ ਭਰਾ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੇਕਿਆ ਤੇ ਪੁੱਛਿਆ, 'ਕੀ ਤੁਹਾਡੇ ਪਾਸ ਮਨਜੂਰੀ ਹੈ। ਇੰਨੇ 'ਚ ਹੀ ਰਾਜਪੂਤ ਨੌਜ਼ਵਾਨ ਭੜਕ ਪਏ, ਤੇ ਉਹਨਾਂ ਮਹਾਰਾਣਾ ਪ੍ਰਤਾਪ ਜ਼ਿੰਦਾਬਾਦ, ਜੈ ਰਾਜਪੁਤਾਨਾ ਜ਼ਿੰਦਾਬਾਦ, ਡਾਕਟਰ ਅੰਬੇਡਕਰ-ਮੁਰਦਾਬਾਦ ਦੇ ਨਾਅਰੇ ਲਾਉਂਣੇ ਸ਼ੁਰੂ ਕਰ ਦਿੱਤੇ। ਦਲਿਤਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਗਰਮਾਂ-ਗਰਮੀ ਹੋ ਗਈ। ਰਾਜਪੂਤਾਂ ਨੇ ਦਲਿਤਾਂ 'ਤੇ ਹਮਲਾ ਕਰ ਦਿੱਤਾ ਤੇ ਦਲਿਤਾਂ ਦੇ ਘਰਾਂ ਦੀ ਭੰਨ ਤੋੜ ਕਰਨ ਲੱਗ ਪਏ। ਇਸੇ ਦਰਮਿਆਨ ਸਮੁਤੀ ਨਾਂ ਦੇ ਇਕ ਆਦਮੀ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਮੁਤਾਬਿਕ ਹਜ਼ੂਮ ਵਿੱਚ ਦਮ ਘੁੱਟਣ ਕਾਰਨ ਠਾਕਰ ਸਮੁਤੀ ਦੀ ਮੌਤ ਹੋ ਗਈ, ਜਿਸ ਤੋਂ ਠਾਕਰ ਭੜਕ ਪਏ।
ਸਮੁਤੀ ਦੀ ਮੌਤ ਤੋਂ ਬਾਅਦ ਦਲਿਤਾਂ ਨੂੰ ਸਬਕ ਸਿਖਾਉਣ ਲਈ ਗੁੱਸੇ 'ਚ ਆਏ ਗੁਆਂਢੀ ਪਿੰਡਾਂ ਦੇ ਕਰੀਬ ਪਜਾਰਾਂ ਹਥਿਆਰਬੰਦ ਠਾਕਰਾਂ ਨੇ ਪੈਟਰੋਲ ਨਾਲ ਲੈਸ ਹੋ ਕੇ ਦਲਿਤ ਬਸਤੀ 'ਤੇ ਹਮਲਾ ਕਰ ਦਿੱਤਾ। ਦਲਿਤ ਪਰਿਵਾਰਾਂ ਦੇ 56 ਘਰ-ਬਾਰ, ਦੁਕਾਨਾਂ, ਟੀ.ਵੀ, ਪਸ਼ੂ, 25-26 ਸਾਈਕਲ ਤੇ ਮੋਟਰਸਾਈਕਲ, ਬਿਸਤਰੇ, ਫਰਨੀਚਰ ਸਾੜ ਦਿੱਤੇ। ਸਮੁੱਚੀ ਦਲਿਤ ਬਸਤੀ ਵਿੱਚ ਦਹਿਸ਼ਤ ਫੈਲਾਈ ਗਈ। ਔਰਤਾਂ ਦੀ ਸ਼ਰੇਆਮ ਬੇਇਜ਼ਤੀ ਕੀਤੀ ਗਈ। ਔਰਤਾਂ ਨੂੰ ਕਿਰਪਾਨਾਂ ਨਾਲ ਵੱਢਿਆ ਗਿਆ, ਮਸੂਮ ਬੱਚਿਆੰ ਨੂੰ ਅੱਗ ਵਿੱਚ ਸੁੱਟਣ ਦੀ ਕੋਸ਼ਿਸ ਹੋਈ। ਡਾਕਟਰ ਅੰਬੇਡਕਰ ਦਾ ਬੁੱਤ ਅਪਮਾਨਤ ਕਰਕੇ ਤੋੜ ਦਿੱਤਾ ਗਿਆ। ਦਲਿਤਾਂ ਨੂੰ ਜਾਤੀ ਗਾਲੀ-ਗਲੋਚ ਕਰਕੇ ਜ਼ਲੀਲ ਕੀਤਾ ਗਿਆ। ਠਾਕਰਾਂ ਦੇ ਟੋਲੇ ਪਹਿਲਾਂ ਘਰ ਲੁੱਟਦੇ, ਫਿਰ ਸਭ ਕੁੱਝ ਨੂੰ ਅੱਗ ਲਗਾ ਦਿੰਦੇ। ਠਾਕੁਰ ਮਹਾਰਾਣਾ ਪ੍ਰਤਾਪ ਜ਼ਿੰਦਾਬਾਦ, ਜੈ ਰਾਜਪੁਤਾਨਾ ਜ਼ਿੰਦਾਬਾਦ, ਡਾਕਟਰ ਅੰਬੇਡਕਰ-ਮੁਰਦਾਬਾਦ ਦੇ ਨਾਅਰੇ ਲਾਉਂਣੇ ਲਾਉਂਦੇ ਦਲਿਤ ਬਸਤੀ ਫੂਕਦੇ ਗਏ। ਪੁਲਿਸ ਮੂਕ ਦਰਸ਼ਕ ਬਣੀ ਰਹੀ।
ਪੱਤਰਕਾਰਾਂ ਨੂੰ ਦਲਿਤ ਔਰਤ ਤਾਰਾਵਤੀ ਨੇ ਰੋਂਦੇ ਹੋਏ ਦੱਸਿਆ ਕਿ ਦੰਗਾਈਆਂ ਦੀ ਭੀੜ ਨੇ ਮੇਰੀ ਗਰਭਵਤੀ ਮੱਝ ਨੂੰ ਮਾਰ ਦਿੱਤਾ। ਉਸ ਨੇ ਇੱਕ ਕਮਰੇ ਦੀ ਗਹਿਲ ਦਿਖਾਉਂਦੇ ਹੋਏ ਦੱਸਿਆ ਕਿ ਇੱਥੇ 20-25 ਸਾਡੇ ਆਦਮੀ ਛੁੱਪੇ ਹੋਏ ਸੀ। ਦੰਗਾਈ ਗਹਿਲ ਪੁੱਟਦੇ ਰਹੇ ਪਰ ਨਹੀਂ ਪੁੱਟ ਹੋਈ। ਜੇ ਗਹਿਲ ਪੁੱਟੀ ਜਾਂਦੀ ਤਾਂ ਠਾਕਰਾਂ ਨੇ ਸਾਡੇ ਸਾਰੇ ਆਦਮੀ ਮਾਰ ਦੇਣੇ ਸੀ। ਪੁਲਿਸ ਨੇ ਸਾਡੀ ਮਦਦ ਨਹੀਂ ਕੀਤੀ, ਉਲਟਾ ਠਾਕਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ,'ਜੋ ਕਰਨਾ ਹੈ, ਤਿੰਨ ਘੰਟਿਆਂ ਦੇ ਅੰਦਰ-ਅੰਦਰ ਕਰ ਲਓ।' ਪੱਤਰਕਾਰਾਂ ਨੂੰ ਰੁਮਿਲਾ ਤੇ ਹੋਰ ਦਲਿਤ ਔਰਤਾਂ ਨੇ ਰੋ ਰੋ ਦੱਸਿਆ ਕਿ ਅਸੀਂ ਆਪਣੀ ਜਾਨ ਬਚਾਉਣ ਲਈ ਘਰਾਂ ਦੀਆਂ ਛੱਤਾਂ ਤੋਂ ਪਿਛਵਾੜੇ ਛਾਲਾਂ ਮਾਰ ਕੇ ਬਚੀਆਂ। ਫਲੀ ਨਾਂ ਦੀ ਔਰਤ ਨੇ ਦੱਸਿਆ ਕਿ ਮੇਰਾ ਪਤੀ ਟੈਂਪੂ ਨਾਲ ਢੋਆ-ਢੁਆਈ ਕਰਦਾ ਹੈ, ਹਮਲਾਵਰਾਂ ਨੇ ਟੈਂਪੂ ਨੂੰ ਅੱਗ ਲਗਾ ਦਿੱਤੀ। ਮੀਮੋ ਨੇ ਦੱਸਿਆ ਕਿ ਠਾਕਰਾਂ ਦੀ ਭੀੜ ਗੁਰੂ ਰਵੀਦਾਸ ਮੰਦਰ ਵਿੱਚ ਡਾਕਟਰ ਅੰਬੇਡਕਰ ਅਤੇ ਗੁਰੂ ਰਵੀਦਾਸ ਪ੍ਰਤੀ ਅਪਮਾਨਜਨਕ ਨਾਅਰੇ ਲਾਉਂਦੀ ਘੁਸੀ ਤੇ ਰਵੀਦਾਸ ਮੰਦਰ ਨੂੰ ਨੁਕਸਾਨ ਪਹੁੰਚਾਇਆ। ਡਾਕਟਰ ਅੰਬੇਡਕਰ ਤੇ ਗੁਰੂ ਰਵੀਦਾਸ ਦੀ ਮੂਰਤੀ ਤੋੜ ਦਿੱਤੀ, ਫਿਰ ਦੰਗਈੇ ਮੂਰਤੀ ਉਤੇ ਪਿਸ਼ਾਬ ਕਰਕੇ ਅੰਬੇਡਕਰ ਮੁਰਦਾਬਾਦ! ਮਹਾਂਰਾਣਾ ਪ੍ਰਤਾਪ ਜਿੰਦਾਬਾਦ! ਜੈ ਸ਼੍ਰੀ ਰਾਮ, ਜੈ ਰਾਜਪੁਤਾਨਾ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਗਏ। 
ਅੱਤਿਆਚਾਰਾਂ ਦਾ ਸ਼ਿਕਾਰ ਸਰਕਾਰੀ ਹਸਪਤਾਲ ਵਿੱਚ 10 ਦਲਿਤ ਦਾਖਲ ਹਨ। ਹਸਪਤਾਲ ਵਿੱਚ ਦਾਖਲ ਪ੍ਰਦੀਪੋ ਨੇ ਦੱਸਿਆ ਕਿ ਠਾਕਰਾਂ ਨੇ ਇੱਟਾਂ ਮਾਰ-ਮਾਰ ਕੇ ਮੇਰਾ ਹੱਥ ਤੋੜ ਦਿੱਤਾ। ਪ੍ਰਦੀਪੋ ਨੇ ਰੋਂਦਿਆ ਕਿਹਾ ਕਿ 26 ਮਈ ਨੂੰ ਮੇਰੀ ਲੜਕੀ ਦੀ ਸ਼ਾਦੀ ਹੈ। ਦੰਗਈ ਠਾਕਰਾਂ ਨੇ ਵਿਆਹ ਦਾ ਸਾਰਾ ਸਮਾਨ ਭੰਨ ਤੋੜ ਕਰਕੇ ਸਾੜ ਦਿੱਤਾ ਹੈ। ਪਤਾ ਨਹੀਂ ਹੁਣ ਸ਼ਾਦੀ ਕਿਵੇਂ ਹੋਵੇਗੀ? ਰੀਨਾ ਤੇ ਅਗਿਨ ਵਾਸਤਵ ਨੇ ਦੱਸਿਆ ਕਿ ਉਹ ਖੇਤਾਂ 'ਚੋਂ ਕੰਮ ਕਰਕੇ ਵਾਪਿਸ ਆ ਰਹੇ ਸੀ ਤਾਂ ਰਸਤੇ ਵਿੱਚ ਰਾਜਪੂਤ ਠਾਕਰਾਂ ਨੇ ਤਲਵਾਰਾਂ ਨਾਲ ਉਹਨਾਂ 'ਤੇ ਹਮਲਾ ਕਰਕੇ ਜਖ਼ਮੀ ਕਰ ਦਿੱਤਾ, ਠਾਕਰਾਂ ਨੇ ਤਲਵਾਰਾਂ ਨਾਲ ਮੇਰੀਆਂ ਛਾਤੀਆਂ ਵੱਢਣ ਦੀ ਕੋਸ਼ਿਸ਼ ਕੀਤੀ। ਸਾਡੇ ਤੋਂ ਜੈ ਬੋਲੋ ਰਾਜਪੁਤਾਨਾਂ ਦੇ ਨਾਅਰੇ ਲੁਆਏ ਗਏ। ਪਲਿਸ ਉਹਨਾਂ ਦੇ ਨਾਲ ਸੀ। ਭੱਠਾ ਮਜ਼ਦੂਰ ਅਨਿਲ ਨੇ ਦੱਸਿਆ ਕਿ ਠਾਕਰਾਂ ਨੇ ਸਰੀਆਂ ਨਾਲ ਕੁੱਟ-ਕੁੱਟ ਕੇ ਮੇਰਾ ਸਰੀਰ ਤੋੜ ਦਿੱਤਾ ਤੇ ਮੈਂ ਬੈਠਣ ਤੋਂ ਵੀ ਅਸਮਰਥ ਹਾਂ।
ਬੜਗਾਂਵ ਪੁਲਿਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 9 ਠਾਕਰਾਂ ਅਤੇ 8 ਦਲਿਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਠਾਕਰ ਰਣਵੀਰ ਨੇ ਕਿਹਾ ਕਿ ਦਲਿਤ ਸਾਡੇ ਖੇਤਾਂ 'ਤੇ ਨਿਰਭਰ ਹਨ, ਫਿਰ ਉਹ ਸਾਡੀ ਬਰਾਬਰੀ ਕਿਵੇਂ ਕਰ ਸਕਦੇ ਹਨ? ਸਾਰੇ ਫਸਾਦ ਦੀ ਜੜ• ਸਹਾਰਨਪੁਰ ਦਾ 'ਰਵੀਦਾਸ ਹੋਸਟਲ' ਹੈ। ਇੱਥੋਂ ਪੜ•-ਲਿਖ ਕੇ 1@-15 ਦਲਿਤ ਹਰ ਸਾਲ ਨੌਕਰੀ 'ਚ ਚਲੇ ਜਾਂਦੇ ਹਨ ਤੇ ਫਿਰ ਇਹੀ ਦਲਿਤਾਂ ਨੂੰ ਠਾਕਰਾਂ ਦੇ ਖਿਲਾਫ਼ ਉਕਸਾਉਂਦੇ ਹਨ। ਠਾਕਰ ਅਮਰਪਾਲ ਰਾਣਾ ਨੇ ਕਿਹਾ ਕਿ ਜਦ ਦਲਿਤ ਸਾਡੇ ਖੇਤਾਂ ਵਿੱਚ ਕੰਮ ਕਰਨ ਦੀ ਬਨਿਸਪਤ ਨੋਇਡਾ ਅਤੇ ਆਸ ਪਾਸ ਦੇ ਸ਼ਹਿਰਾਂ ਵਿੱਚ ਮਜ਼ਦੂਰੀ ਕਰਨ ਚਲੇ ਜਾਂਦੇ ਹਨ, ਫਿਰ ਉਹ ਸਾਡੇ ਖੇਤਾਂ ਵਿਚ ਚਾਰਾ-ਬਾਲਣ ਲਈ ਕਿਉ ਆਉਂਦੇ ਹਨ। ਰਾਜਪੂਤਾਂ ਨੂੰ ਹੱਥੀ ਕੰਮ ਕਰਨਾ ਪੈ ਰਿਹਾ ਹੈ।
ਦਿੱਲੀ ਯੂਨੀਵਰਸਿਟੀ ਦੇ ਸਕਾਲਰ ਵਿਦਿਆਰਥੀ ਆਗੂ ਰਾਹੁਲ ਰਾਜ ਗੌਤਮ ਦਾ ਕਹਿਣਾ ਹੈ ਕਿ ਸ਼ਬੀਰਪੁਰ ਵਿੱਚ ਠਾਕਰ ਰਾਜਪੂਤਾਂ ਵੱਲੋਂ ਦਲਿਤਾਂ ਉਪਰ ਢਾਏ ਗਏ ਅੱਤਿਆਚਾਰਾਂ ਬਾਰੇ ਭੀਮ ਆਰਮੀ ਵਾਲਿਆਂ ਨੇ ਡੀ.ਜੀ.ਪੀ. ਨੂੰ ਅੱਤਿਆਚਾਰੀਆਂ 'ਤੇ ਦੋ ਦਿਨ 'ਚ ਕਾਰਵਾਈ ਕਰਨ ਲਈ ਮੈਮੋਰਿੰਡਮ ਦਿੱਤਾ, ਪਰ ਕੋਈ ਕਾਰਵਾਈ ਨਹੀਂ ਹੋਈ। ਭੀਮ ਆਰਮੀ ਨੇ 9 ਮਈ ਨੂੰ ਸਹਾਰਨਪੁਰ ਦੇ ਰਵੀਦਾਸ ਹੋਸਟਲ ਵਿੱਚ ਦਲਿਤ ਪੰਚਾਇਤ ਬੁਲਾਈ, ਜੋ ਪੁਲਿਸ ਤੇ ਪ੍ਰਸ਼ਾਸ਼ਨ ਨੇ ਹੋਣ ਨਹੀਂ ਦਿੱਤੀ। ਜਦ ਭੀਮ ਆਰਮੀ ਵਾਲੇ ਗਾਂਧੀ ਮੈਦਾਨ 'ਚ ਮੀਟਿੰਗ ਕਰ ਰਹੇ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਘੇਰੇ ਵਿੱਚ ਲੈ ਲਿਆ ਤੇ ਡਾਕਟਰ ਅੰਬੇਡਕਰ ਦੇ ਖ਼ਿਲਾਫ਼ ਬੁਰਾ ਬੋਲਣ ਲੱਗੇ ਤਾਂ ਭੀਮ ਆਰਮੀ ਦੇ ਆਗੂ ਉੁਹਨਾਂ ਨੂੰ ਸਮਝਾਉਣ ਲੱਗੇ ਤਾਂ ਪੁਲਿਸ ਨੇ ਉਹਨਾਂ ਉਪਰ ਲਾਠੀਚਾਰਜ ਕਰਕੇ ਖਿੰਡਾ ਦਿੱਤਾ। ਫਿਰ ਉਹ ਭੀਮ ਆਰਮੀ ਦੇ ਮੁੱਖੀ ਦੇ ਪਿੰਡ ਇਕੱਤਰ ਹੋਏ ਤਾਂ ਪੁਲਿਸ ਨੇ ਉਥੇ ਵੀ ਉਹਨਾਂ 'ਤੇ ਲਾਠੀਚਾਰਜ ਕੀਤਾ। ਸੈਂਕੜੇ ਦਲਿਤਾਂ 'ਤੇ ਮੁਕੱਦਮੇ ਦਰਜ ਕਰਕੇ ਫੜ-ਫੜ ਜੇਲਾਂ 'ਚ ਬੰਦ ਕੀਤਾ ਜਾ ਰਿਹਾ। ਰਾਹੁਲ ਨੇ ਦੋਸ਼ ਲਾਉਦਿਆ ਕਿਹਾ ਪੁਲਿਸ ਤੇ ਪ੍ਰਸ਼ਾਸ਼ਨ ਸਮੰਤਵਾਦ ਨੂੰ ਸੁਰੱਖਿਅਤ ਰੱਖਣ ਲਈ ਰਾਜਪੂਤਾਂ ਦੇ ਨਾਲ ਮਿਲਿਆ ਹੋਇਆ ਹੈ। ਸਮਾਜਿਕ ਨਿਆਂ ਲਈ ਉਠ ਰਹੇ ਲੋਕਾਂ ਉਪਰ ਜਬਰ-ਜ਼ੁਲਮ ਢਾਇਆ ਜਾ ਰਿਹਾ ਹੈ। 
ਪੋਲਿਟ ਬਿਊਰੋ ਮੈਂਬਰ ਸੁਭਾਸ਼ਨੀ ਅਲੀ ਨੇ ਰਾਸ਼ਟਰਪਤੀ ਨੂੰ ਮਿਲ ਕੇ ਦੋਸ਼ ਲਾਇਆ ਹੈ ਕਿ ਸਹਾਰਨਪੁਰ ਦੇ ਪਿੰਡ ਸ਼ਬੀਰਪੁਰ ਪਿੰਡ ਵਿੱਚ ਦਲਿਤਾਂ ਵਲ•ੋਂ ਡਾਕਟਰ ਅੰਬੇਡਕਰ ਦੀ ਮੂਰਤੀ ਲਗਾਉਣ ਕਾਰਨ ਹੀ ਇਹ ਘਿਨਾਉਣਾ ਅੱਤਿਆਚਾਰ ਢਾਇਆ ਗਿਆ ਹੈ। ਔਰਤਾਂ ਦੀ ਇਜੱਤ ਨਾਲ ਸ਼ਰੇਆਮ ਖਲਵਾੜ ਕੀਤਾ ਗਿਆ ਹੈ। ਔਰਤਾਂ ਨੂੰ ਕਿਰਪਾਨਾਂ ਨਾਲ ਵੱਢਿਆ ਗਿਆ ਹੈ, ਮਸੂਮ ਬੱਚਿਆੰ ਨੂੰ ਵਾ ਬਖ਼ਸ਼ਿਆ ਨਹੀ ਗਿਆ ਹੈ। ਪੀੜਤ ਦਲਿਤਾਂ ਨੂੰ ਰਾਹਤ ਪਹੁੰਚਾਉਣ ਲਈ ਬਾਹਰੋਂ ਰਾਸ਼ਣ-ਸਮੱਗਰੀ ਵੀ ਨਹੀਂ ਜਾਣ ਦਿੱਤੀ ਜਾ ਰਹੀ। ਪ੍ਰਸ਼ਾਸ਼ਨ ਦਬੰਗਾਂ ਨਾਲ ਮਿਲਿਆ ਹੋਇਆ ਹੈ ਤੇ ਦਲਿਤਾਂ ਦੀ ਕੋਈ ਮਦਦ ਨਹੀਂ ਕਰ ਰਿਹਾ ਹੈ। 
ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਦੀ ਮੁਰਾਦਾਬਾਦ ਤੇ ਅਲੀਗੜ ਫੇਰੀ ਮੌਕੇ ਜਦੋਂ ਦਲਿਤਾਂ ਨੇ ਕਾਲੇ ਝੰਡਿਆਂ ਨਾਲ ਰੋਸ ਪ੍ਰਗਟ ਕੀਤਾਂ ਤਾਂ 500 ਦਲਿਤਾਂ 'ਤੇ ਕੇਸ ਦਰਜ ਕਰਕੇ ਉਹਨਾਂ ਨੂੰ ਅੰਦਰ ਕਰ ਦਿੱਤਾ ਗਿਆ। ਅਲੀਗੜ 'ਚ ਦਲਿਤਾਂ ਦੇ ਘਰਾਂ 'ਚ ਘੁਸ ਕੇ ਅੱਤਿਆਚਾਰ ਢਾਉਣ ਦੀਆਂ ਵੀ ਖ਼ਬਰਾਂ ਆਈਆਂ ਹਨ। ਅੱਤਿਆਚਾਰ ਨਾਲ ਪੀੜਤ ਦਲਿਤਾਂ ਨੇ ਨਿਆਂ ਨਾ ਮਿਲਣ ਕਾਰਨ ਰੋਸ ਵਜੋਂ ਪਹਿਲਾਂ ਮੁਰਾਦਾਬਾਦ ਤੇ ਅਲੀਗੜ ਵਿਚ ਹਿੰਦੂ ਧਰਮ ਛੱਡਕੇ ਬੁੱਧ ਧੱਮ ਅਪਣਾ ਲਿਆ ਤੇ ਹੁਣ ਸਰਾਰਨਪੁਰ ਦੇ ਇਲਾਕੇ ਦੇ ਕਰੀਬ ਪੀੜਤ 250 ਪਰਿਵਾਰਾਂ ਨੇ ਧਮਕੀ ਦਿੱਤੀ ਹੈ ਕਿ ਜੇ ਦਲਿਤਾਂ 'ਤੇ ਅੱਤਿਆਚਾਰ ਬੰਦ ਨਾ ਹੋਏ ਤਾਂ ਉਹ ਮੁਸਲਮਾਨ ਬਣ ਜਾਣਗੇ।
ਦਲਿਤਾਂ 'ਤੇ ਢਾਹੇ ਗਏ ਅੱਤਿਆਚਾਰਾਂ ਦਾ ਨਿਰੀਖਣ ਕਰਨ ਲਈ 23 ਮਈ ਨੂੰ ਮਾਇਆਵਤੀ ਸਹਾਰਨਪੁਰ ਦੇ ਪਿੰਡ ਸ਼ਬੀਰਪੁਰ ਗਈ। ਪੀੜਤਾਂ ਨੇ ਰੋ ਰੋ ਕੇ ਮਇਆਵਤੀ ਨੂੰ ਆਪਣੇ ਨਾਲ ਹੋਈਆ ਜਿਆਜ਼ਤੀਆਂ ਬਾਰੇ ਦੱਸਿਆ।  ਮਾਇਆਵਤੀ ਦੇ ਜਾਣ ਤੋਂ ਬਾਅਦ ਜਦ ਲੋਕ ਵਾਪਸ ਘਰਾਂ ਨੂੰ ਜਾ ਰਹੇ ਸੀ ਤਾਂ ਰਸਤੇ ਵਿਚ ਅਣਪਛਾਤੇ ਦੰਗਾਈਆਂ ਨੇ ਇਕ ਗੱਡੀ 'ਤੇ ਫ਼ਾਇਰਿੰਗ ਕਰਕੇ ਇਕ ਆਦਮੀ ਨੂੰ ਮਾਰ ਦਿੱਤਾ ਅਤੇ ਬਾਕੀਆਂ ਨੂੰ ਤੇਜਧਾਰ ਹਥਿਆਰਾਂ ਨਾਲ ਬੁਰੀ ਤਰਾਂ ਵੱਢ ਟੁੱਕ ਕਰਕੇ ਫਰਾਰ ਹੋ ਗਏ। ਜਿਸ ਨਾਲ ਇਲਾਕੇ ਵਿਚ ਤਨਾਅ ਫੇਰ ਵੱਧ ਗਿਆ ਤਾਂ ਸਰਕਾਰ ਨੂੰ ਪੈਰਾਮਿਲਟਰੀ ਫੋਰਸਿਜ਼ ਤੈਨਾਤ ਕਰਨੀਆਂ ਪਈਆਂ ਹਨ। ਇਸ ਤੋਂ ਬਾਅਦ ਪ੍ਰਸ਼ਾਸ਼ਨ ਨੇ ਸਹਾਰਨਪੁਰ ਦੇ ਪਿੰਡ ਸ਼ਬੀਰਪੁਰ ਤੇ ਇਲਾਕੇ ਦੇ ਪਿੰਡਾਂ ਵਿਚ ਰਾਜਨੀਤਕ ਆਗੂਆਂ ਦੇ ਉੱਥੇ ਜਾਣ ਅਤੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਾ ਦਿੱਤੀ ਹੈ। 
ਸਹਾਰਨਪੁਰ ਕਾਂਡ ਦੀ ਘਟਨਾ ਨੂੰ ਦਲਿਤ ਆਗੂ ਸਿਰਫ ਇਕ ਜਾਤ ਦਾ ਮਸਲਾ ਨਾ ਬਣਾਉਣ? ਦਲਿਤ ਇਸ ਸੰਘਰਸ਼ ਵਿੱਚ ਤਦ ਹੀ ਸਫਲ ਹੋ ਸਕਦੇ ਹਨ ਜੇ ਉਹ ਮਨੁੱਖੀ ਅਧਿਕਾਰਾਂ ਅਤੇ ਸਮਾਜਵਾਦ ਲਈ ਲੜ ਰਹੀਆਂ, ਜ਼ਮਹੂਰੀਅਤ ਪਸੰਦ ਤਾਕਤਾਂ ਨੂੰ ਸਾਥ ਲੈ ਕੇ ਅੰਦੋਲਨ ਕਰਨਗੇ ਕਿ ਸਹਾਰਨਪੁਰ ਵਿਚ ਜਿਨ•ਾ ਦਬੰਗ ਲੋਕਾਂ ਨੇ ਦਲਿਤਾਂ 'ਤੇ ਅੱਤਿਆਚਾਰ ਕੀਤੇ ਹਨ, ਉਹਨਾਂ ਨੂੰ ਸਪੈਸ਼ਲ ਅਦਾਲਤ ਬਣਾਕੇ ਸਖਤ ਸਜ਼ਾਵਾਂ, ਪੀੜਤ ਪਰਿਵਾਰਾਂ ਨੂੰ ਆਪਣੇ ਘਰ ਉਸਾਰਨ ਲਈ ਮੁਆਵਜੇ ਵਜੋਂ ਸਪੈਸ਼ਲ ਗਰਾਂਟਾਂ ਦਿੱਤੀਆ ਜਾਣ ਅਤੇ ਦਲਿਤਾਂ ਉੱਪਰ ਦਰਜ ਕੀਤੇ ਗਏ ਝੂਠੇ ਕੇਸ ਵਾਪਿਸ ਲਏ ਜਾਣ।
ਐੱਸ ਐੱਲ ਵਿਰਦੀ ਐਡਵੋਕੇਟ 
ਸਿਵਲ ਕੋਰਟਸ ਫਗਵਾੜਾ, ਪੰਜਾਬ
ਫੋਨ : 9814517499