ਡੇਂਗੂ ਵਾਲੇ ਹਾਕਾਂ ਮਾਰਦੇ, ਕਿਤੇ ਮਿਲ ਜਾ ਬਕਰੀਆਂ ਵਾਲੇ

11/21/2017 4:52:13 PM

ਅੱਜ ਤੋਂ 50-60 ਸਾਲ ਪਹਿਲਾਂ ਦੇ ਪੰਜਾਬੀ ਸੱਭਿਆਚਾਰਿਕ ਮਹੌਲ ਵੱਲ ਜੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਉਸ ਵੇਲੇ ਦਾ ਸੱਭਿਆਚਾਰਿਕ ਵਾਤਾਵਰਣ ਬਕਰੀਆ ਵਾਲਿਆਂ ਦੇ ਨਾਂ ਨਾਲ ਸਬੰਧਤ ਇੱਕ ਲੋਕ ਗੀਤ ਦੀਆਂ ਇਨ੍ਹਾਂ ਸਤਰਾਂ ਨਾਲ ਬਹੁਤ ਹੀ ਖੁਸ਼ਗਵਾਰ ਬਣਿਆ ਹੁੰਦਾ ਸੀ
ਹਾਕਾਂ ਮਾਰਦੇ ਬਕਰੀਆਂ ਵਾਲੇ
ਬੱਲੀਏ! ਰੁਮਾਲ ਭੁੱਲ ਗਈ।
ਬਕਰੀਆਂ ਚਾਰਣ ਵਾਲੇ ਭਾਵੇਂ ਸਮਾਜ ਦੇ ਬਹੁਤ ਹੀ ਗਰੀਬ ਤਬਕੇ ਨਾਲ ਸਬੰਧ ਰੱਖਦੇ ਸਨ ਪਰ ਫਿਰ ਵੀ ਉਨ੍ਹਾਂ ਦੀ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਮਾਜ ਨੂੰ ਅਥਾਹ ਦੇਣ ਸੀ। ਸਾਡੇ ਸਮਾਜ ਵਿੱਚ ਬਕਰੀ ਨੂੰ ਡਰਪੋਕ, ਵਿਚਾਰੀ ਅਤੇ ਕਮਜ਼ੋਰ ਕਰਕੇ ਜਾਣਿਆ ਜਾਂਦਾ ਰਿਹਾ ਹੈ। ਇਹ ਗੱਲ ਸਦੀਆਂ ਤੋਂ ਸਾਫ਼ ਹੀ ਰਹੀ ਹੈ ਕਿ ਬਕਰੀ ਨੇ ਕਿਸੇ ਵਰਗ ਨੂੰ ਕਦੇ ਨੁਕਸਾਨ ਨਹੀਂ ਪਹੁੰਚਾਇਆ ਸਗੋਂ ਆਪਣੀ ਅਣਭੋਲ ਹਾਲਤ ਵਿੱਚ ਵੀ ਲੋਕਾਂ ਨੂੰ ਸੁੱਖ ਹੀ ਦਿੱਤਾ ਹੈ। ਔਖੇ ਸਮਿਆਂ ਵਿੱਚ ਵੀ ਮਨੁੱਖ ਦੀ ਕਿਸੇ ਨਾ ਕਿਸੇ ਰੂਪ ਵਿੱਚ ਸੇਵਾ ਕਰਦੀ ਰਹੀ ਹੈ। ਇਹੀ ਕਾਰਣ ਸੀ ਕਿ ਇਸ ਨੇ ਸੱਭਿਆਚਾਰਿਕ ਖੇਤਰ ਵਿੱਚ ਵੀ ਆਪਣੀ  ਨਿਵੇਕਲੀ ਥਾਂ ਬਣਾਈ ਰੱਖੀ ਹੈ ਜਿਵੇਂ ਪੰਜਾਬੀ ਪੇਂਡੂ ਵਿਆਹਾਂ ਵਿੱਚ ਜਦੋਂ ਮੁਟਿਆਰਾਂ ਗਿੱਧੇ ਦਾ ਪਿੜ ਬੰਨਦੀਆਂ ਹਨ ਅਤੇ ਇੱਕ ਦੂਜੀ ਨੂੰ ਗਿੱਧੇ ਵਿੱਚ ਨੱਚਣ ਦੀ ਵਾਰੀ ਦੇਣ ਲਈ ਕਹਿੰਦਿਆਂ ਹਨ ਤਾਂ ਜੇ ਕੋਈ ਮੁਟਿਆਰ ਨੱਚਣ ਲਈ ਕੁਝ ਢਿੱਲ-ਮੱਠ ਕਰਦੀ ਹੈ ਤਾਂ ਉਸਦੀਆਂ ਸਾਥਣਾਂ ਉਸ ਨੂੰ ਵੰਗਾਰਦੀਆਂ ਹੋਈਆਂ ਇਸ ਪੰਜਾਬੀ ਬੋਲੀ ਦਾ ਸਹਾਰਾ ਲੈਂਦੀਆਂ ਹੋਈਆਂ ਕਹਿੰਦੀਆਂ ਹਨ-
ਫੀਤਾ, ਫੀਤਾ -ਫੀਤਾ,
ਨੀ ਇਹਨੇ ਕੀ ਨੱਚਣਾ,
ਜਿਸ ਦੁੱਧ ਬਕਰੀ ਦਾ ਪੀਤਾ।
ਕਹਿਣ ਦਾ ਭਾਵ ਕਿ ਬਕਰੀ ਦੇ ਦੁੱਧ ਨੂੰ ਨਿਮਾਣਾ ਜਾਂ ਘਟੀਆ ਹੀ ਗਿਣਿਆ ਜਾਂਦਾ ਸੀ। ਪੇਂਡੂ ਸਮਾਜ ਵਿੱਚ ਜ਼ਿਆਦਾ ਕਰਕੇ ਮੱਝ ਦਾ ਦੁੱਧ, ਜਾਂ ਫਿਰ ਬੱਚਿਆਂ ਦੀ ਵਧੇਰੇ ਤੰਦਰੁਸਤੀ ਲਈ ਗਊ ਦਾ ਦੁੱਧ ਹੀ ਵਰਤਿਆ ਜਾਂਦਾ ਸੀ। ਪਰ ਗਰੀਬ ਘਰਾਂ ਵਿੱਚ, ਜਿਨ੍ਹਾਂ ਪਾਸ ਕੋਈ ਮੱਝ ਜਾਂ ਗਾਂ ਰੱਖਣ ਦਾ ਵਿੱਤੀ ਉਪਰਾਲਾ ਨਹੀਂ ਸੀ ਹੁੰਦਾ ਤਾਂ ਉਹ ਆਪਣੇ ਬੱਚਿਆਂ ਨੂੰ ਚਾਹ-ਦੁੱਧ ਦੇਣ ਲਈ ਬਕਰੀ ਹੀ ਰੱਖ ਲੈਂਦੇ ਸਨ। ਇਹ ਵੀ ਠੀਕ ਸੀ ਕਿ ਬਕਰੀ ਦਾ ਦੁੱਧ ਜਦੋਂ ਚਾਹੋ ਉਦੋਂ ਕੱਢ ਲਿਆ ਜਾਂਦਾ ਸੀ। ਮਹਿਮਾਨ ਜਦੋਂ ਮਰਜ਼ੀ ਆਏ, ਉਸਦੇ ਚਾਹ-ਪਾਣੀ ਲਈ ਦੁੱਧ ਦਾ ਨਲਕਾ ਬਕਰੀ ਸਦਾ ਤਿਆਰ ਹੀ ਹੁੰਦੀ ਸੀ। ਇਸ ਲਈ ਦੁੱਧ-ਚਾਹ ਲਈ ਬਕਰੀ ਗਰੀਬਾਂ ਦਾ ਪੂਰਾ ਸਾਥ ਨਿਭਾਉਂਦੀ ਸੀ।
ਸਮਾਜ ਵਿੱਚ ਗਰੀਬੀ-ਅਮੀਰੀ ਸਦਾ ਬਣੀ ਹੀ ਰਹੀ ਹੈ ਅਤੇ ਹਰ ਪਰਿਵਾਰ ਲਈ ਸਮਾਜਿਕ ਤੋਲ ਮਾਪ ਚਲਦਾ ਹੀ ਰਿਹਾ ਹੈ। ਕਿਸੇ ਵੀ ਪਰਿਵਾਰ ਦਾ ਸਮਾਜਿਕ ਸਟੇਟਸ ਜਾਨਣ ਲਈ, ਖਾਨਦਾਨ ਦੀ ਗੱਲ ਕੀਤੀ ਜਾਂਦੀ ਸੀ ਪਰ ਫਿਰ ਉਸੇ ਖਾਨਦਾਨ ਨੂੰ ਤਾਂ ਕਈ ਵਾਰ ਬਕਰੀ ਦੇ ਦੁੱਧ ਨਾਲ ਜੋੜ ਦਿੱਤਾ ਜਾਂਦਾ ਸੀ। ਜਿਵੇਂ ਕਿਹਾ ਜਾਂਦਾ ਸੀ -
ਘਰ ਬਕਰੀ ਲਵੇਰੀ,
ਦੁੱਧ ਦੇਂਦੀ ਪਨਸੇਰੀ।
ਚਾਹ ਬਣਦੀ ਵਧੇਰੀ,
ਪਰ ਘੁੱਟ ਘੁੱਟ ਆਵੇ ਨਾ।
ਹੋਰ ਖਾਨਦਾਨੀ ਦਾ ਕੋਈ ਅੰਤ ਆਵੇ ਨਾ
ਇਸ ਤਰ੍ਹਾਂ ਇਹ ਗਰੀਬੜੀ ਜਿਹੀ ਬਕਰੀ ਸਾਡੇ ਸਮਾਜਿਕ, ਸੱਭਿਆਚਾਰਿਕ ਅਤੇ ਆਰਥਿਕ ਮਸਲਿਆਂ ਨਾਲ ਬਹੁਤ ਹੀ ਨੇੜਤਾ ਰੱਖਦੀ ਸੀ। ਪਰ ਸਮੇਂ ਦੇ ਨਾਲ ਜਿਉਂ ਹੀ ਮਨੁੱਖ ਨੇ ਵਿਕਾਸ ਦੀ ਗਤੀ ਦਾ ਰਾਹ ਫੜਿਆ, ਇਸ ਵਿਚਾਰੀ ਬਕਰੀ ਤੋਂ ਵੀ ਦੂਰ ਜਾਣ ਲੱਗਿਆ। ਸ਼ਹਿਰਾਂ ਦੇ ਲੋਕ ਤਾਂ ਬਕਰੀ ਕੀ, ਗਾਂ-ਮੱਝ ਦਾ ਦੁੱਧ ਵੀ ਭੁੱਲ ਬੈਠੇ, ਬਸ ਬੋਤਲਾਂ ਜਾਂ ਪੈਕਟਾਂ ਦੇ ਦੁੱਧ ਤੇ ਆਸਰਿਤ ਹੋ ਗਏ। ਚਾਹ-ਪਾਣੀ ਅਤੇ ਬੱਚਿਆਂ ਨੂੰ ਦੁੱਧ ਦੇਣ ਲਈ ਵੀ ਸੱਭ ਦੀਆਂ ਨਜ਼ਰ ਬਾਜ਼ਾਰ 'ਚ ਆਉਣ ਵਾਲੇ ਦੁੱਧ ਵਾਲੇ ਪੈਕਟਾਂ ਪਰ ਟਿੱਕੀਆਂ ਰਹਿੰਦੀਆਂ। ਹਾਲਾਤ ਇਹ ਬਣ ਗਏ ਕਿ ਵੱਡੇ ਸ਼ਹਿਰਾਂ ਦੇ ਬੱਚਿਆਂ ਨੂੰ ਤਾਂ ਹੁਣ ਇਹ ਵੀ ਨਹੀਂ ਪਤਾ ਕਿ ਦੁੱਧ ਮੱਝਾਂ-ਗਊਆਂ ਜਾਂ ਬਕਰੀਆਂ ਦੇਂਦੀਆਂ ਹਨ। ਬਹੁਤ ਨੇ ਤਾਂ ਮੱਝਾਂ-ਬਕਰੀਆਂ ਦੇਖੀਆਂ ਹੀ ਨਹੀਂ ਹੁੰਦੀਆਂ । ਬਹੁਤ ਸਾਰੇ ਸ਼ਹਿਰਾਂ ਵਿੱਚ ਗਊਆਂ ਤਾਂ ਉਹ ਦੇਖ ਲੈਂਦੇ ਹਨ ਕਿਉਂਕਿ ਬਹੁਤ ਸਾਰੀਆਂ ਅਵਾਰਾ ਫਿਰ ਰਹੀਆਂ ਹੁੰਦੀਆਂ ਹਨ। ਮੱਝਾਂ ਦਿਖਾਉਣ ਲਈ ਬੱਚਿਆਂ ਨੂੰ ਪਿੰਡਾਂ ਵਿੱਚ ਲਿਜਾਣਾ ਪੈਂਦਾ ਹੈ।
ਕੁਦਰਤ ਦਾ ਚੱਕਰ ਵੀ ਅਜੀਬ ਹੈ ਜੋ ਲੋਕ ਬਕਰੀ ਅਤੇ ਬਕਰੀ ਦੇ ਦੁੱਧ ਤੋਂ ਦੂਰ ਚਲੇ ਗਏ, ਕੁਦਰਤ ਨੇ ਅਜਿਹਾ ਪ੍ਰਕੋਪ ਦਿਖਾਇਆ ਕਿ ਉਹ ਲੋਕ ਪਿੰਡਾਂ ਵਿੱਚ ਬਕਰੀਆਂ ਭਾਲਦੇ ਦੇਖੇ ਗਏ। ਪਿਛਲੇ ਦੋ-ਤਿੰਨ ਸਾਲਾਂ ਤੋਂ ਡੇਂਗੂ ਬੁਖਾਰ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਅਜਿਹਾ ਜਕੜਿਆ ਕਿ ਸਰਕਾਰੀ ਸਿਹਤ ਵਿਭਾਗਾਂ ਦੇ ਹੱਥ ਵੀ ਖੜ੍ਹੇ ਹੋ ਗਏ। ਸਥਿਤੀ ਇੰਨੀ ਖਰਾਬ ਹੋਣ ਲੱਗੀ ਕਿ ਬਹੁਤ ਸਾਰੀਆਂ ਮੌਤਾਂ ਡੇਂਗੂ ਦੇ ਕਾਰਣ ਹੋਣ ਲੱਗੀਆਂ। ਇਸ ਸਾਲ ਤਾਂ ਇਸ ਸਮੱਸਿਆ ਨੇ ਲੋਕਾਂ ਦੇ ਮਨਾਂ ਵਿੱਚ ਭੈ ਦਾ ਮਾਹੌਲ ਪੈਦਾ ਕਰ ਦਿੱਤਾ। ਡੇਂਗੂ ਇੰਨੇ ਵੱਡੇ ਪੱਧਰ ਤੇ ਫੈਲਿਆ ਕਿ ਕੀ ਪਿੰਡ ਅਤੇ ਕੀ ਸ਼ਹਿਰ ਸੱਭ ਇਸ ਦੀ ਲਪੇਟ ਵਿੱਚ ਆ ਗਏ। ਪੰਜਾਬ ਜਿਹੇ ਪ੍ਰਾਂਤ ਵਿੱਚ ਵੀ ਡੇਂਗੂ ਦੇ ਹਜ਼ਾਰਾਂ ਕੇਸ ਸਾਹਮਣੇ ਆਏ ਅਤੇ ਇਸ ਬੁਖਾਰ ਨਾਲ ਮਰਨ ਵਾਲਿਆ ਦੀ ਗਿਣਤੀ ਵੀ ਦਿਨ ਪ੍ਰਤੀ ਦਿਨ ਵਧਦੀ ਹੀ ਗਈ। ਲੋਕ ਹਜ਼ਾਰਾਂ ਰੂਪੈ ਟੈਸਟਾਂ ਪਰ ਲਗਾਉਣ ਲੱਗੇ ਅਤੇ ਪੀ.ਜੀ.ਆਈ. ਚੰਡੀਗੜ੍ਹ ਵਰਗੇ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਲੋੜ ਤੋਂ ਵੱਧ ਹੋਣ ਲੱਗੀ। ਮਰੀਜ਼ਾਂ ਦੇ ਕੀਤੇ ਟੈਸਟਾਂ ਵਿੱਚ ਸੈਲਾਂ ਦੀ ਗਿਣਤੀ ਲੱਖਾਂ ਵਿੱਚ ਘਟਣ ਲੱਗੀ। ਬਹੁਤੇ ਟੈਸਟਾਂ ਦੀ ਰਿਪੋਰਟ ਚਿੰਤਾਜਨਕ ਹੋਣ ਲੱਗੀ। ਦਵਾਈਆਂ ਦਾ ਅਸਰ ਨਾ ਹੁੰਦਾ ਦੇਖ, ਲੋਕ ਦੇਸੀ ਦਵਾਈਆਂ ਜਾਂ ਬਕਰੀ ਦੇ ਦੁੱਧ ਦਾ ਸਹਾਰਾ ਲੈਣ ਲੱਗੇ।
ਅਜਿਹੀ ਹਾਲਤ ਵਿੱਚ ਜਿੱਥੇ ਵੀ ਕਿਤੇ ਇਸ ਮਹਾਂਮਾਰੀ ਦੀ ਗੱਲ ਚਲਦੀ, ਲੋਕ ਮਰੀਜ਼ਾਂ ਨੂੰ ਬਕਰੀ ਦਾ ਦੁੱਧ ਪੀਣ ਦੀਆਂ ਸਲਾਹਾਂ ਦੇਣ ਲੱਗੇ। ਪੰਜਾਬ ਵਿੱਚ ਹੀ ਇਹ ਪੁਜੀਸ਼ਨ ਬਣ ਗਈ ਕਿ ਲੋਕਾਂ ਨੂੰ ਬਕਰੀ ਦਾ ਦੁੱਧ ਮਿਲਣਾ ਮੁਸ਼ਕਿਲ ਹੋ ਗਿਆ। ਜਿਨ੍ਹਾਂ ਪਾਸ ਬਕਰੀਆਂ ਸਨ ਉਨ੍ਹਾਂ ਨੇ ਦੁੱਧ ਦਾ ਰੇਟ ਬਹੁਤ ਵਧਾ ਦਿੱਤਾ। ਸੈਂਕੜਿਆਂ ਰੁਪਇਆ ਵਿੱਚ ਪ੍ਰਤੀ ਕਿਲੋ ਬਕਰੀ ਦਾ ਦੁੱਧ ਵਿਕਣ ਲੱਗਾ। ਸ਼ਹਿਰਾਂ ਦੇ ਲੋਕ ਦੂਰ ਦੂਰ ਤੋਂ ਸਿਫ਼ਾਰਸ਼ੀ ਬਕਰੀ ਦਾ ਦੁੱਧ ਮੰਗਾਉਣ ਲੱਗੇ। ਪਰ ਗਰੀਬਾਂ ਲਈ ਇਹ ਕੰਮ ਹੋਰ ਵੀ ਮੁਸ਼ਕਿਲ ਹੋ ਗਿਆ, ਇੱਕ ਪਾਸੇ ਮਹਿੰਗੇ ਟੈਸਟ, ਮਹਿੰਗੀਆਂ ਦਵਾਈਆਂ ਅਤੇ ਮਹਿੰਗਾ ਬਕਰੀ ਦਾ ਦੁੱਧ ਖ੍ਰੀਦ ਕੇ ਉਹ ਆਪਣੇ ਪਰਿਵਾਰਾਂ ਦੇ ਮੈਂਬਰਾਂ ਦੀ ਸਿਹਤ ਦਾ ਧਿਆਨ ਰੱਖਣ ਲੱਗੇ ਪਰ ਇਸ ਬੁਖਾਰ ਦੇ ਭੰਨੇ ਮਰੀਜ਼, ਇੰਨੇ ਕੰਮਜ਼ੋਰ ਹੋ ਜਾਂਦੇ ਹਨ ਕਿ ਉਹ ਬਹੁਤ ਬਹੁਤ ਦਿਨਾਂ ਤੱਕ ਆਪਣੇ ਰੁਜ਼ਗਾਰ ਤੇ ਨਹੀਂ ਜਾ ਸਕਦੇ। ਇਸ ਤਰ੍ਹਾਂ ਪਰਿਵਾਰਾਂ ਦਾ ਆਰਥਿਕ ਸੋਸ਼ਣ ਵੀ ਹੋ ਰਿਹਾ ਹੈ। ਪਿੰਡਾਂ ਦੇ ਵਿੱਚ ਬਕਰੀ ਦਾ ਦੁੱਧ ਲੈਣ ਲਈ ਲੋਕ ਬਕਰੀ ਵਾਲਿਆਂ ਦੇ ਤਰਲੇ ਕੱਢਦੇ ਹਨ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਬਕਰੀ ਦਾ ਦੁੱਧ ਪੀਣ ਨਾਲ ਘਟੇ ਹੋਏ ਮਨੁੱਖੀ ਸੈਲ ਜਲਦੀ ਪੂਰੇ ਹੋ ਜਾਂਦੇ ਹਨ ਅਤੇ ਡੇਂਗੂ ਦੇ ਮਰੀਜ਼ ਜਲਦੀ ਠੀਕ ਹੋ ਜਾਂਦੇ ਹਨ। ਪਿੰਡਾਂ ਵਿੱਚ ਚਰਦੀਆਂ ਬਕਰੀਆਂ ਨੂੰ ਦੇਖ ਲੋਕ ਖੁਸ਼ ਹੋ ਜਾਂਦੇ ਹਨ। ਕਾਰਾਂ ਵਿੱਚ ਜਾਂਦੇ ਸ਼ਹਿਰੀ ਲੋਕ, ਬਕਰੀ ਦੇਖ ਹੱਥਾਂ ਨਾਲ ਇਸ਼ਾਰਾ ਕਰਦੇ, ''ਉਹ ਦੇਖੋ ਬਕਰੀ!'' ਇਸ ਤਰ੍ਹਾਂ ਕੁਦਰਤ ਨੇ ਲੋਕਾਂ ਨੂੰ ਮੁੜ ਬਕਰੀਆਂ ਅਤੇ ਬਕਰੀਆਂ ਵਾਲੇ ਯਾਦ ਕਰਵਾ ਦਿੱਤੇ ਅਤੇ ਬਹੁਤ ਸਾਰੇ ਲੋਕ ਬਕਰੀ ਵਾਲਿਆਂ ਨੂੰ ਆਵਾਜ਼ਾਂ ਮਾਰਦੇ ਨਜ਼ਰ ਆਉਣ ਲੱਗੇ।
ਬਹਾਦਰ ਸਿੰਘ ਗੋਸਲ,
ਮਕਾਨ ਨੰ: 3098, ਸੈਕਟਰ-37-ਡੀ
ਚੰਡੀਗੜ੍ਹ ਮੋਬ. 98764-52223