ਦਬੰਗ ਤੇ ਬੇਬਾਕ ਸਾਹਿਤਕਾਰ ''ਸਆਦਤ ਹਸਨ ਮੰਟੋ''

02/20/2020 12:02:55 PM

ਆਦਮੀ ਔਰਤ ਨਾਲ ਪਿਆਰ ਕਰਦਾ ਹੈ ਤਾਂ ਹੀਰ ਰਾਂਝੇ ਦੀ ਕਹਾਣੀ ਬਣ ਜਾਂਦੀ ਹੈ, ਰੋਟੀ ਨੂੰ ਪਿਆਰ ਕਰਦਾ ਹੈ ਤਾਂ ਐਪੀਕਿਊਰਸ ਦਾ ਫਲਸਫਾ ਪੈਦਾ ਹੋ ਜਾਂਦਾ ਹੈ, ਤਖ਼ਤ ਨੂੰ ਪਿਆਰ ਕਰਦਾ ਹੈ ਤਾਂ ਸਿਕੰਦਰ, ਚੰਗੇਜ਼, ਤੈਮੂਰ ਜਾਂ ਹਿਟਲਰ ਬਣ ਜਾਂਦਾ ਹੈ ਅਤੇ ਜਦ ਰੱਬ ਨਾਲ ਲਿਵ ਲਾਉਂਦਾ ਹੈ ਤਾਂ ਮਹਾਤਮਾ ਬੁੱਧ ਦਾ ਰੂਪ ਧਾਰਨ ਕਰ ਲੈਂਦਾ ਹੈ।“ ਉਕਤ ਸ਼ਬਦ ਸਆਦਤ ਹਸਨ ਮੰਟੋ ਦੀ ਇਕ ਰਚਨਾ ਕਸੌਟੀ ਵਿੱਚ ਦਰਜ ਹਨ। ਸਾਹਿਤ ਚ' ਜਦ ਵੀ ਕਹਾਣੀ ਜਾਂ ਅਫਸਾਨੇ ਦੀ ਗੱਲ ਤੁਰਦੀ ਹੈ ਤਾਂ ਸਆਦਤ ਹਸਨ ਮੰਟੋ ਦਾ ਨਾਮ ਆਪ ਮੁਹਾਰੇ ਸਾਹਮਣੇ ਆ ਜਾਂਦਾ ਹੈ। ਉਹ ਉਰਦੂ ਦੇ ਅਜਿਹੇ ਸੰਸਾਰ ਪ੍ਰਸਿੱਧ ਅਫਸਾਨਾ ਨਿਗਾਰ (ਕਹਾਣੀਕਾਰ) ਸਨ ਕਿ ਜਿਨ੍ਹਾਂ ਦੇ ਬਗੈਰ ਅਫਸਾਨੇ ਜਾਂ ਕਹਾਣੀ ਦੀ ਗੱਲ ਕਰਨਾ ਅਧੂਰੀ ਹੈ।
ਮੰਟੋ ਦਾ ਜਨਮ 11 ਮਈ 1912 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਪੜੌਦੀ, ਸਮਰਾਲਾ ਨੇੜੇ ਹੋਇਆ। ਮੰਟੋ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਬਾਅਦ ਉਹ ਅੰਮ੍ਰਿਤਸਰ ਚਲੇ ਗਏ ਅਤੇ ਉਥੋਂ ਦੇ ਇੱਕ ਮੁਹੱਲੇ ਕੂਚਾ ਵਕੀਲਾਂ ਵਿਖੇ ਰਹਿਣ ਲੱਗੇ। ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿਖੇ ਹੀ ਹੋਈ। ਇਸ ਉਪਰੰਤ 1921 ਵਿੱਚ ਉਸ ਨੂੰ ਐਮ ਏ ਓ ਮਿਡਲ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖ਼ਲ ਕਰਾਇਆ ਗਿਆ। ਉਸਦਾ ਵਿਦਿਆ ਪ੍ਰਾਪਤੀ ਦਾ ਸਮਾਂ ਬਹੁਤਾ ਹੌਸਲਾ-ਅਫ਼ਜ਼ਾ ਨਹੀਂ ਰਿਹਾ । ਇਹੋ ਵਜ੍ਹਾ ਹੈ ਕਿ ਮੈਟ੍ਰਿਕ ਦੇ ਇਮਤਿਹਾਨ ਵਿੱਚੋਂ ਤਿੰਨ ਵਾਰ ਫ਼ੇਲ੍ਹ ਹੋਏ। ਬਾਅਦ ਚ' ਉਨ੍ਹਾਂ ਨੇ 1931 ਵਿੱਚ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾ। ਉਸ ਤੋਂ ਬਾਅਦ ਮੰਟੋ ਨੇ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ।
ਇਥੇ ਜਿਕਰਯੋਗ ਹੈ ਕਿ ਜਲ੍ਹਿਆਂਵਾਲਾ ਬਾਗ਼ ਹਾਦਸੇ ਦੋਰਾਨ ਹੋਏ ਹੱਤਿਆਕਾਂਡ ਦੀ ਮੰਟੋ ਦੇ ਮਨ ਤੇ ਗਹਿਰੀ ਸੱਟ ਵੱਜੀ । ਇਸ ਸੰਦਰਭ ਵਿੱਚ ਮੰਟੋ ਨੇ ਆਪਣੀ ਪਹਿਲੀ ਕਹਾਣੀ 'ਤਮਾਸ਼ਾ' ਲਿਖੀ। 1932 ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਗਈ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਬੇਹੱਦ ਮੁਸ਼ਕਿਲਾਂ ਵਿੱਚੋ ਦੀ ਗੁਜਰਨਾ ਪਿਆ। ਮੰਟੋ ਦੀ ਜ਼ਿੰਦਗੀ ਵਿੱਚ 1933 ਦੌਰਾਨ ਵੱਡਾ ਮੋੜ ਉਸ ਸਮੇਂ ਆਇਆ ਜਦੋਂ ਉਨ੍ਹਾਂ ਵਾਸਤਾ ਪ੍ਰਸਿੱਧ ਲੇਖਕ ਅਬਦੁਲ ਬਾਰੀ ਅਲਿਗ ਨਾਲ ਪਿਆ। ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਅਤੇ ਰੂਸੀ ਸਾਹਿਤ ਪੜ੍ਹਨ ਦੀ ਪ੍ਰੇਰਣਾ ਦਿੱਤੀ ।
ਸਆਦਤ ਹਸਨ ਮੰਟੋ ਉਹ ਕਹਾਣੀਕਾਰ ਹੈ ਜਿਸ ਦੀਆਂ ਕਹਾਣੀਆਂ ਅੱਜ ਵੀ ਸ਼ੌਕ ਨਾਲ ਪੜ੍ਹੀਆਂ ਜਾਂਦੀਆਂ ਹਨ। ਬਿਨਾਂ ਸ਼ੱਕ ਮੰਟੋ ਨੇ ਦਰਦ ਭਰੀ ਜ਼ਿੰਦਗੀ ਗੁਜ਼ਾਰੀ ਮਗਰ ਉਹਨਾਂ ਦੀ ਮੌਤ ਦੇ ਬਾਅਦ ਜਿਤਨਾ ਉਸ ਦੀ ਕਲਾ ਅਤੇ ਸ਼ਖ਼ਸੀਅਤ ਤੇ ਲਿਖਿਆ ਗਿਆ ਸ਼ਾਇਦ ਹੀ ਕਿਸੇ ਦੂਸਰੇ ਅਫਸਾਨਾ ਨਿਗਾਰ (ਕਹਾਣੀਕਾਰ) ਇਨ੍ਹਾਂ ਲਿਖਿਆ ਗਿਆ ਹੋਵੇ । ਮੰਟੋ ਦੇ ਬਾਅਦ ਆਉਣ ਵਾਲੀਆਂ ਨਸਲਾਂ ਵੀ ਉਸ ਦੀ ਕਹਾਣੀ ਦਾ ਤੋੜ ਪੈਦਾ ਨਹੀਂ ਕਰ ਸਕੀਆਂ। ਲਗਦਾ ਹੈ ਮੰਟੋ ਨੂੰ ਵੀ ਆਪਣੀ ਵਿਲੱਖਣ ਕਲਾ ਦਾ ਬਾਖੂਬੀ ਅਹਿਸਾਸ ਸੀ, ਇਹੋ ਵਜ੍ਹਾ ਹੈ ਕਿ ਉਹ ਲਿਖਦੇ ਹਨ ਕਿ “ਸਆਦਤ ਹਸਨ ਮਰ ਜਾਏਗਾ ਮਗਰ ਮੰਟੋ ਜ਼ਿੰਦਾ ਰਹੇਗਾ।“
ਸਆਦਤ ਹਸਨ ਮੰਟੋ ਬੇਹੱਦ ਹਸਾਸ ਤਬੀਅਤ ਸਨ। ਉਹ ਜੇ ਕਿਸੇ ਨੂੰ ਨਾਪਸੰਦ ਕਰਦੇ, ਉਸ ਨੂੰ ਖਾਤਰ ਵਿੱਚ ਨਹੀਂ ਸੀ ਲਿਆਉਂਦੇ । ਉਨ੍ਹਾਂ ਦੀ ਅਣਖ ਨੂੰ ਅਗਰ ਕੋਈ ਸੱਟ ਮਾਰਦਾ ਤਾਂ ਸਮਝੋ ਉਸ ਦੀ ਸ਼ਾਮਤ ਆ ਜਾਂਦੀ। ਇਕ ਵਾਰੀ ਮੰਟੋ ਨੇ ਕਿਹਾ ਸੀ “ ਕੋਈ ਲੇਖਕ ਉਦੋਂ ਹੀ ਕਲਮ ਚੁੱਕਦਾ ਹੈ, ਜਦੋਂ ਉਸਦੀ ਸੰਵੇਦਨਾ ਨੂੰ ਸੱਟ ਵੱਜਦੀ ਹੈ ।“
ਉਨ੍ਹਾਂ ਨੇ ਇੱਕ ਲੇਖ ਚ' ਕਿਹਾ “ ਮੈਨੂੰ ਤੁਸੀਂ ਕਹਾਣੀਕਾਰ ਦੀ ਹੈਸੀਅਤ ਨਾਲ ਜਾਣਦੇ ਹੋ ਅਤੇ ਅਦਾਲਤਾਂ ਇਕ ਫਹਿਸ਼ ਅਫਸਾਨਾ ਨਿਗਾਰ ਦੇ ਨਾਲ , ਹਕੂਮਤ ਮੈਨੂੰ ਕਮਿਊਨਿਸਟ ਕਹਿੰਦੀ ਹੈ ਅਤੇ ਦੇਸ਼ ਦਾ ਬਹੁਤ ਵੱਡਾ ਸਾਹਿਤਕਾਰ, ਕਦੇ ਮੇਰੇ ਲਈ ਰੋਜ਼ੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਕਦੇ ਖੋਲ੍ਹੇ ਜਾਂਦੇ ਹਨ। ਮੈਂ ਪਹਿਲਾਂ ਵੀ ਸੋਚਦਾ ਸੀ ਅੱਜ ਵੀ ਸੋਚਦਾ ਹਾਂ ਕਿ ਮੈਂ ਕੀ ਹਾਂ।“
ਅਕਸਰ ਲੋਕੀ ਸਆਦਤ ਹਸਨ ਮੰਟੋ ਤੇ ਉਨ੍ਹਾਂ ਦੁਆਰਾ ਰਚੀਆਂ ਕਹਾਣੀਆਂ ਵਿੱਚ ਔਰਤਾਂ ਦੇ ਕਪੜੇ ਲਾਹੁਣ ਦਾ ਦੋਸ਼ ਲਾਉਂਦੇ ਹਨ। ਸੱਚਾਈ ਇਹ ਹੈ ਕਿ ਉਹ ਉਨ੍ਹਾਂ ਔਰਤਾਂ ਬਾਰੇ ਹੀ ਲਿਖਦਾ ਹੈ ਜਿਨ੍ਹਾਂ ਦੇ ਕਪੜੇ ਹਾਲਾਤਾਂ ਅਤੇ ਸਾਡੇ ਮੁਆਸ਼ਰੇ ਦੁਆਰਾ ਉਤਾਰੇ ਗਏ ਹਨ। ਕਹਾਣੀ 'ਹੱਤਕ' ਦੀ ਸੁਗੰਧੀ ਹੋਵੇ ਜਾਂ ਫਿਰ ਕਹਾਣੀ 'ਖੋਲ ਦੋ' ਦੀ ਸਕੀਨਾ, ਤੇ ਚਾਹੇ ਉਹ 'ਕਾਲੀ ਸ਼ਲਵਾਰ' ਦੀ ਸੁਲਤਾਨਾ ਜਾਂ ਫਿਰ 'ਠੰਡਾ ਗੋਸ਼ਤ' ਦੀ ਕੁਲਵੰਤ ਕੌਰ ਹੋਵੇ ਇਹ ਸੱਭ ਉਨ੍ਹਾਂ ਦੇ ਉਹ ਕਿਰਦਾਰ ਹਨ ਜੋ ਕਿਸੇ ਨਾ ਕਿਸੇ ਰੂਪ ਵਿੱਚ ਹਾਲਾਤਾਂ ਦੀ ਚਪੇਟ ਵਿੱਚ ਆਏ ਹੋਏ ਹਨ।
ਆਪਣੇ ਇਕ ਹੋਰ ਲੇਖ 'ਬਕਲਮ ਏ ਖੁਦ' ਵਿੱਚ ਉਨ੍ਹਾਂ ਮੰਨਿਆ ਹੈ ਕਿ “ ਹੁਣ ਲੋਕ ਕਹਿੰਦੇ ਹਨ ਕਿ ਸਆਦਤ ਹਸਨ ਮੰਟੋ ਉਰਦੂ ਦਾ ਵੱਡਾ ਅਦੀਬ (ਸਾਹਿਤਕਾਰ) ਹੈ, ਅਤੇ ਮੈਂ ਸੁਣ ਕੇ ਹੱਸਦਾ ਹਾਂ, ਇਸ ਲਈ ਕਿ ਉਰਦੂ ਹੁਣ ਵੀ ਉਸ ਨੂੰ ਨਹੀਂ ਆਉਂਦੀ। ਉਹ ਲਫਜ਼ਾਂ ਦੇ ਪਿੱਛੇ ਇੰਝ ਭੱਜਦਾ ਹੈ ਜਿਵੇਂ ਕੋਈ ਜਾਲ ਵਾਲਾ ਸ਼ਿਕਾਰੀ ਤਿਤਲੀਆਂ ਪਿੱਛੇ, ਉਹ ਇਸ ਦੇ ਹੱਥ ਨਾ ਆਉਣ। ਇਹੋ ਕਾਰਨ ਹੈ ਕਿ ਉਸ ਦੀਆਂ ਤਹਿਰੀਰਾਂ ਵਿੱਚ ਖੂਬਸੂਰਤ ਸ਼ਬਦਾਂ ਦੀ ਘਾਟ ਹੈ। ਉਹ ਲੱਠ ਮਾਰ ਹੈ, ਲੇਕਿਨ ਜਿੰਨੇ ਲੱਠ ਉਸ ਦੀ ਗਰਦਨ ਤੇ ਪਏ ਹਨ। ਉਸ ਨੇ ਬੜੀ ਖੁਸ਼ੀ ਨਾਲ ਬਰਦਾਸ਼ਤ ਕੀਤੇ ਹਨ।“
ਮੰਟੋ ਦੇ ਅਫਸਾਨਿਆਂ ਨੂੰ ਭਾਵੇਂ ਅਕਸਰ ਫਹਾਸ਼ੀਅਤ ਦੀਆਂ ਨਜ਼ਰ ਨਾਲ ਵੇਖਿਆ ਜਾਂਦਾ ਹੈ। ਪ੍ਰੰਤੂ ਉਨ੍ਹਾਂ ਦਾ ਡੂੰਘਾਈ ਨਾਲ ਅਧਿਅਨ ਕਰੀਏ ਤਾਂ ਇਹ ਸਮਾਜੀ, ਮਨੋਵਿਗਿਆਨਕ ਅਤੇ ਜਿਨਸਿਆਤੀ ਸਮਸਿਆਵਾਂ ਵਰਗੇ ਕਿੰਨੇ ਹੀ ਗੰਭੀਰ ਪਹਿਲੂਆਂ ਤੇ ਰੋਸ਼ਨੀ ਪਾਉਂਦੇ ਨਜ਼ਰ ਆਉਂਦੇ ਹਨ। ਜਿਨ੍ਹਾਂ ਸਮਸਿਆਵਾਂ ਨਾਲ ਸਾਡਾ ਸਮਾਜ ਅੱਜ ਵੀ ਉਨ੍ਹਾਂ ਹੀ ਗ੍ਰਸਤ ਹੈ ਜਿਨ੍ਹਾਂ ਕਿ ਉਨ੍ਹਾਂ ਦੀ ਮੌਤ ਸਮੇਂ ਭਾਵ ਛੇ ਦਹਾਕੇ ਪਹਿਲਾਂ ਸੀ। ਪਰ ਉਨ੍ਹਾਂ ਸਮਸਿਆਵਾਂ ਤੇ ਉਸ ਸਮੇਂ ਵੀ ਲੋਕ ਚਰਚਾ ਕਰਨ ਤੋਂ ਗੁਰੇਜ ਕਰਦੇ ਸਨ ਅਤੇ ਅੱਜ ਵੀ ਹਾਲਾਤ ਉਹੋ ਜਿਹੇ ਹੀ ਹਨ। ਭਾਵੇਂ ਕਿ ਮਨੁੱਖ ਦੇ ਨਾਲ ਇਹ ਸਮੱਸਿਆਵਾਂ ਉਸ ਦੇ ਜਨਮ ਤੋਂ ਲੈ ਕੇ ਮਰਨ ਤੱਕ ਜੁੜੀਆਂ ਰਹਿੰਦੀਆਂ ਹਨ। ਉਕਤ ਸਮਸਿਆਵਾਂ ਤੇ ਧਿਆਨ ਦੇਣ ਨਾਲ ਹਲ ਕੀਤੀਆਂ ਜਾ ਸਕਦੀਆਂ ਹਨ।
ਆਓ ਅੱਜ ਅਸੀਂ ਸਆਦਤ ਹਸਨ ਮੰਟੋ ਦੁਆਰਾ ਆਪਣੀਆਂ ਰਚਨਾਵਾਂ ਵਿੱਚ ਪ੍ਰਗਟਾਏ ਵਿਚਾਰਾਂ ਦੇ ਹਵਾਲੇ ਰਾਹੀਂ ਉਨ੍ਹਾਂ ਦੀ ਦੂਰ ਦ੍ਰਿਸ਼ਟੀ ਵਾਲੀ ਸ਼ਖਸੀਅਤ ਨੂੰ ਸਮਝਣ ਦਾ ਯਤਨ ਕਰਦੇ ਹਾਂ।
ਭੁੱਖ ਦੇ ਸੰਦਰਭ ਇਕ ਥਾਂ ਮੰਟੋ ਲਿਖਦੇ ਹਨ ਕਿ “ ਭੁੱਖ ਕਿਸੇ ਕਿਸਮ ਦੀ ਵੀ ਹੋਵੇ, ਬਹੁਤ ਖਤਰਨਾਕ ਹੈ...ਆਜ਼ਾਦੀ ਦੇ ਭੁੱਖਿਆਂ ਨੂੰ ਜੇਕਰ ਗੁਲਾਮੀ ਦੀਆਂ ਜ਼ੰਜੀਰਾਂ ਪੇਸ਼ ਕੀਤੀਆਂ ਜਾਂਦੀਆਂ ਰਹਿਣ ਤਾਂ ਇਨਕਲਾਬ ਜਰੂਰ ਬਰਪਾ ਹੋਵੇਗਾ...ਰੋਟੀ ਦੇ ਭੁੱਖੇ ਜੇਕਰ ਫਾਕੇ ਹੀ ਖਿੱਚਦੇ ਰਹਿਣ ਤਾਂ ਉਹ ਤੰਗ ਆ ਕੇ ਦੂਜਿਆਂ ਦਾ ਨਿਵਾਲਾ ਜਰੂਰ ਖੋਹਣਗੇ...“
ਇਕ ਥਾਂ ਰਿਸ਼ਤਿਆਂ ਦੀ ਸੱਚਾਈ ਬਿਆਨ ਕਰਦਿਆਂ ਲਿਖਦੇ ਹਨ“ ਰੋਟੀ ਅਤੇ ਪੇਟ, ਔਰਤ ਅਤੇ ਮਰਦ... ਇਹ ਦੋਵੇਂ ਬਹੁਤ ਪੁਰਾਣੇ ਰਿਸ਼ਤੇ ਹਨ। ਅਜ਼ਲੀ ਅਤੇ ਅਬਦੀ “
ਜਮਾਨੇ ਦੇ ਹਾਲਾਤਾਂ ਦੇ ਸੰਦਰਭ ਵਿੱਚ ਇੱਕ ਥਾਂ ਲਿਖਦੇ ਹਨ ਕਿ “ ਜ਼ਮਾਨੇ ਦੇ ਜਿਸ ਦੋਰ ਵਿੱਚੋਂ ਅਸੀਂ ਲੰਘ ਰਹੇ ਹਾਂ, ਜੇਕਰ ਤੁਸੀਂ ਉਸ ਤੋਂ ਅਨਜਾਣ ਹੋ ਮੇਰੀਆਂ ਕਹਾਣੀਆਂ ਪੜੋ, ਜੇਕਰ ਤੁਸੀਂ ਉਨ੍ਹਾਂ ਕਹਾਣੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਇਸ ਦਾ ਅਰਥ ਹੈ ਕਿ ਇਹ ਜ਼ਮਾਨਾ ਨਾ-ਕਾਬਿਲੇ ਬਰਦਾਸ਼ਤ ਹੈ।“
ਅਖੌਤੀ ਲੀਡਰਾਂ ਦੇ ਸੰਦਰਭ ਵਿੱਚ ਆਖਦੇ ਹਨ ਕਿ “ਇਹ ਲੀਡਰ ਖਟਮਲ ਹਨ ਜੋ ਦੇਸ਼ ਦੀ ਮੰਜੀ ਦੀਆਂ ਚੂਲਾਂ ਦੇ ਅੰਦਰ ਘੁਸੇ ਹੋਏ ਹਨ।“ ਜਦੋਂ ਕਿ ਇਕ ਦੂਜੀ ਥਾਂ ਲਿਖਦੇ ਹਨ ਕਿ“ ਲੰਮੇ ਲੰਮੇ ਜਲੂਸ ਕੱਢ ਕੇ, ਮੰਨਾਂ ਭਾਰੀ ਹਾਰਾਂ ਦੇ ਹੇਠਾਂ ਦੱਬ ਕੇ, ਚੌਰਾਹਿਆਂ ਤੇ ਲੰਮੀਆਂ ਲੰਮੀਆਂ ਤਕਰੀਰਾਂ ਦੇ ਖੋਖਲੇ ਸ਼ਬਦਾਂ ਨੂੰ ਬਿਖੇਰਦਿਆਂ, ਸਾਡੀ ਕੌਮ ਦੇ ਇਹ ਮੰਨੇ-ਪ੍ਰਮੰਨੇ ਆਗੂ ਸਿਰਫ ਆਪਣੇ ਲਈ ਅਜਿਹਾ ਰਸਤਾ ਬਨਾਉੰਦੇ ਹਨ ਜੋ ਐਸ਼-ਓ-ਇਸ਼ਰਤ ਦੇ ਵਲ ਜਾਂਦਾ ਹੈ।“
ਇਕ ਹੋਰ ਥਾਂ ਧਰਮ ਦੇ ਸੰਬੰਧੀ ਲਿਖਦੇ ਹਨ “ ਧਰਮ ਅਜਿਹੀ ਚੀਜ਼ ਹੀ ਨਹੀਂ ਕਿ ਖਤਰੇ ਵਿੱਚ ਪੈ ਸਕੇ, ਜੇਕਰ ਕਿਸੇ ਗੱਲ ਦਾ ਖਤਰਾ ਹੈ ਤਾਂ ਉਹਨਾਂ ਲੀਡਰਾਂ ਦਾ ਹੈ ਜੋ ਆਪਣਾ ਉੱਲੂ ਸਿੱਧਾ ਕਰਨ ਲਈ ਧਰਮ ਨੂੰ ਖਤਰੇ ਵਿੱਚ ਪਾਉਂਦੇ ਹਨ। “
ਇਕ ਥਾਂ ਲੀਡਰਾਂ ਤੇ ਵਿਅੰਗ ਕਰਦਿਆਂ ਲਿਖਦੇ ਹਨ “ਇਹ ਲੋਕ ਜੋ ਆਪਣੇ ਘਰਾਂ ਦਾ ਨਿਜ਼ਾਮ ਦਰੁਸਤ ਨਹੀਂ ਕਰ ਸਕਦੇ, ਇਹ ਲੋਕ ਜਿਨ੍ਹਾਂ ਦਾ ਕਿਰਦਾਰ ਬੇਹੱਦ ਪਸਤ ਹੁੰਦਾ ਹੈ, ਸਿਆਸਤ ਦੇ ਮੈਦਾਨ ਵਿੱਚ ਆਪਣੇ ਦੇਸ਼ ਦਾ ਨਿਜ਼ਾਮ ਠੀਕ ਕਰਨ ਅਤੇ ਲੋਕਾਂ ਨੂੰ ਕਦਰਾਂ-ਕੀਮਤਾਂ ਦਾ ਪਾਠ ਪੜ੍ਹਾਉਣ ਲਈ ਨਿਕਲ ਪੈਂਦੇ ਹਨ... ਕਿਸ ਕਦਰ ਹਾਸੋਹੀਣਾ ਹੈ!“
ਨਵੇਂ ਯੁੱਗ ਵਿੱਚ ਆ ਰਹੀਆਂ ਤਬਦੀਲੀਆਂ ਦੇ ਸੰਦਰਭ ਵਿੱਚ ਲਿਖਦੇ ਹਨ “ਮੈਂ ਬਗਾਵਤ ਚਾਹੁੰਦਾ ਹਾਂ।ਹਰ ਉਸ ਵਿਅਕਤੀ ਦੇ ਖਿਲਾਫ ਬਗਾਵਤ ਚਾਹੁੰਦਾ ਹਾਂ ਜੋ ਸਾਡੇ ਪਾਸੋਂ ਮਿਹਨਤ ਕਰਵਾਉਂਦਾ ਹੈ ਮਗਰ ਉਸ ਦੇ ਦਾਮ ਅਦਾ ਨਹੀਂ ਕਰਦਾ। “
ਇਕ ਥਾਂ ਨਵੇਂ ਯੁੱਗ ਵਿੱਚ ਆ ਰਹੀਆਂ ਤਬਦੀਲੀਆਂ ਦੇ ਸੰਦਰਭ ਵਿੱਚ ਮੰਟੋ ਲਿਖਦੇ ਹਨ ਕਿ“ ਇਹ ਨਵੀਂਆਂ ਚੀਜ਼ਾਂ ਦਾ ਜ਼ਮਾਨਾ ਹੈ। ਨਵੇਂ ਜੁੱਤੇ, ਨਵੀਂਆਂ ਠੋਕਰਾਂ, ਨਵੇਂ ਕਾਨੂੰਨ, ਨਵੇਂ ਜੁਰਮ, ਨਵੇਂ ਵਕਤ ਤੇ ਬੇ-ਵਕਤੀਆਂ, ਨਵੇਂ ਮਾਲਕ ਤੇ ਨਵੇਂ ਗੁਲਾਮ। ਮਜ਼ੇ ਦੀ ਗੱਲ ਇਹ ਹੈ ਕਿ ਇਹਨਾਂ ਨਵੇਂ ਗੁਲਾਮਾਂ ਦੀ ਖੱਲ ਵੀ ਨਵੀਂ ਹੈ ਜੋ ਉੱਧੜ -ਉੱਧੜ ਕੇ ਆਧੁਨਿਕ ਹੋ ਗਈ ਹੈ। ਹੁਣ ਇਨ੍ਹਾਂ ਲਈ ਨਵੀਆਂ ਚਾਬੁਕਾਂ ਤੇ ਨਵੇਂ ਕੋੜੇ ਤਿਆਰ ਕੀਤੇ ਜਾ ਰਹੇ ਹਨ। “
ਮਰਦ, ਔਰਤ ਇਸ਼ਕ ਦੀ ਪਰਿਭਾਸ਼ਾ ਦਿੰਦਿਆਂ ਮੰਟੋ ਕਹਿੰਦੇ ਹਨ ਕਿ“ ਆਮ ਤੌਰ ਤੇ ਔਰਤ ਨਾਲ ਇਸ਼ਕ ਓ ਮੁਹੱਬਤ ਕਰਨ ਦਾ ਇਕਲੌਤਾ ਮਕਸਦ ਜਿਸਮਾਨੀ ਲਜ਼ੱਤ ਹੁੰਦਾ ਹੈ! “
ਇਕ ਥਾਂ ਜੀਵਨ ਨੂੰ ਪਰਿਭਾਸ਼ਿਤ ਕਰਦਿਆਂ ਲਿਖਦੇ ਹਨ ਕਿ“ ਮੁਖਤਸਰਨ ਸ਼ਬਦਾਂ ਵਿਚ ਜ਼ਿੰਦਗੀ ਦੇ ਸੰਬੰਧੀ ਸਿਰਫ ਇਹ ਕਿਹਾ ਜਾ ਸਕਦਾ ਹੈ ਕਿ ਇਹ ਇਕ ਆਹ (ਹਾਅ) ਹੈ ਜੋ ਵਾਹ ਵਿੱਚ ਲਪੇਟ ਕੇ ਪੇਸ਼ ਕੀਤੀ ਗਈ ਹੈ। “
ਵੇਸ਼ਵਾਵਾਂ ਦੇ ਸੰਦਰਭ ਵਿੱਚ ਉਹ ਆਖਦੇ ਹਨ ਕਿ “ ਵੇਸ਼ਵਾਵਾਂ ਪੈਦਾ ਨਹੀਂ ਹੁੰਦੀਆਂ, ਬਣਾਈਆਂ ਜਾਂਦੀਆਂ ਹਨ ਜਾਂ ਖੁਦ ਬਣਦੀਆਂ ਹਨ। ਜਿਸ ਚੀਜ਼ ਦੀ ਮੰਗ ਹੋਵੇਗੀ, ਮੰਡੀ ਵਿਚ ਜਰੂਰ ਆਏਗੀ। “
ਇਸ ਮਰਦ ਪ੍ਰਧਾਨ ਸਮਾਜ ਵਿਚਲੀ ਇਕ ਹੋਰ ਕੌੜੀ ਸੱਚਾਈ ਨੂੰ ਬਿਆਨ ਕਰਦਿਆਂ ਮੰਟੋ ਲਿਖਦੇ ਹਨ ਕਿ“ ਸੋਸਾਇਟੀ ਦੇ ਅਸੂਲਾਂ ਮੁਤਾਬਕ ਮਰਦ, ਮਰਦ ਰਹਿੰਦਾ ਹੈ। ਭਾਵੇਂ ਕਿ ਉਸ ਦੀ ਜੀਵਨ ਰੂਪੀ ਕਿਤਾਬ ਦੇ ਹਰ ਵਰਕੇ ਤੇ ਗੁਨਾਹਾਂ ਦੀ ਸਿਆਹੀ ਲਿਪੀ ਹੋਵੇ, ਪਰੰਤੂ ਉਹ ਔਰਤ ਜੋ ਸਿਰਫ ਇਕ ਵਾਰ ਜਵਾਨੀ ਦੇ ਬੇਪਨਾਹ ਜਜ਼ਬੇ ਦੇ ਪ੍ਰਭਾਵ ਹੇਠ ਕਿਸੇ ਹੋਰ ਲਾਲਚ ਵਿਚ ਆ ਕੇ ਜਾਂ ਕਿਸੇ ਮਰਦ ਦੀ ਜ਼ਬਰਦਸਤੀ ਦਾ ਸ਼ਿਕਾਰ ਹੋ ਕੇ ਇਕ ਪਲ ਲਈ ਆਪਣੇ ਰਸਤੇ ਤੋਂ ਹੱਟ ਜਾਏ, ਔਰਤ ਨਹੀਂ ਰਹਿੰਦੀ। ਉਸ ਨੂੰ ਹਿਕਾਰਤ ਤੇ ਨਫਰਤ ਦੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ। ਸੋਸਾਇਟੀ ਉਸ ਲਈ ਉਹ ਤਮਾਮ ਦਰਵਾਜ਼ੇ ਬੰਦ ਕਰ ਦਿੰਦੀ ਹੈ ਜੋ ਇਕ ਸਿਆਹ ਪੇਸ਼ਾ ਮਰਦ ਲਈ ਖੁੱਲ੍ਹੇ ਰਹਿੰਦੇ ਹਨ।“
ਸਾਹਿਤਕਾਰ ਨੂੰ ਸਮਾਜ ਦਾ ਦਰਪਣ ਆਖਿਆ ਜਾਂਦਾ ਹੈ ਸਆਦਤ ਹਸਨ ਮੰਟੋ ਦੇ ਉਕਤ ਵਿਚਾਰਾਂ ਦੇ ਸੰਦਰਭ ਕਹਿ ਸਕਦੇ ਹਾਂ ਕਿ ਮੰਟੋ ਹਕੀਕੀ ਮਾਅਨਿਆਂ ਵਿੱਚ ਦਰਪਣ ਸਨ ਤੇ ਅੱਜ ਵੀ ਹਨ । ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਕੋਈ ਵੀ ਸ਼ੀਸ਼ਾ, ਦੂਜੇ ਨੂੰ ਸ਼ੀਸ਼ਾ ਦਿਖਾਉਣ ਕੋਸ਼ਿਸ਼ ਕਰਦਾ ਹੈ ਉਸ ਨੂੰ ਪੱਥਰਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ । ਫਿਰ ਭਲਾਂ ਸਆਦਤ ਹਸਨ ਮੰਟੋ ਪੱਥਰਾਂ ਤੋਂ ਕਿਵੇਂ ਬਚ ਸਕਦੇ ਸਨ..!

ਮੁਹੰਮਦ ਅੱਬਾਸ ਧਾਲੀਵਾਲ,
ਮਾਲੇਰਕੋਟਲਾ।
ਸੰਪਰਕ : 9855259650


Aarti dhillon

Content Editor

Related News