ਆਦਮ ਦੇ ਦੇਸ਼ ''ਚ ਹਵਾ ਦਾ ਹਲਫਨਾਮਾ

03/08/2019 3:51:21 PM

ਜਿੱਥੋਂ ਤੀਕ ਜਾਵਨ ਨਜ਼ਰਾਂ
ਦਿੱਸਦੀ ਇਹ ਰੁੱਤ ਬਸੰਤ ਨੀ ਸਖੀਓ
ਉੱਡਦੀ ਲੱਖ ਪਤੰਗ ਨੀ ਸਖੀਓ
ਇੱਕੋ ਹੀ ਤੁਨਕਾ ਐਸਾ ਵੱਜਿਆ
ਉਹ ਗਈ ਟੁੱਟਕੇ ਡੋਰ ਨੀ ਸਖੀਓ
ਗੁੱਡੀ ਨੂੰ ਪੈ ਗਏ ਚੋਰ ਨੀ ਸਖੀਓ
ਦੂਰ ਦਿੱਸਦਾ ਰੰਗ ਗੁੱਡੀ ਦਾ
ਇੱਕ ਨਿੱਕਾ ਜਿਹਾ ਦਾਗ਼ ਨੀ ਮਾਏ
ਦੇਖ ਧੀਆਂ ਦੇ ਭਾਗ ਨੀ ਮਾਏ
ਇਹ ਸਤਰਾਂ ਸੁਰਜੀਤ ਪਾਤਰ ਹੁਣਾਂ ਦੇ ਉਹ ਸੰਵਾਦ ਨੇ ਜੋ ਉਹਨਾਂ ਦੀਪਾ ਮਹਿਤਾ ਦੀ ਫਿਲਮ ਵਿਦੇਸ਼-ਹੈਵਨ ਆਨ ਅਰਥ 'ਚ ਲਿਖੇ ਸਨ।ਇਹ ਫਿਲਮ ਗਰੀਸ਼ ਕਰਨਾਡ ਦੇ ਨਾਟਕ 'ਨਾਗਮੰਡਲ' ਦੇ ਪੰਜਾਬੀ ਰੂਪ 'ਤੇ ਅਧਾਰਤ ਹੈ,ਜੀਹਨੂੰ ਸੁਰਜੀਤ ਪਾਤਰ ਹੁਣਾਂ ਲਿਖਿਆ ਸੀ ਅਤੇ ਨੀਲਮ ਮਾਨ ਸਿੰਘ ਚੌਧਰੀ ਵੱਲੋਂ ਖੇਡਿਆ ਗਿਆ ਸੀ।
ਬਦਲ ਰਹੇ ਦੌਰ ਅੰਦਰ ਤੀਵੀਂ ਦੀ ਵਿੱਥਿਆ ਦੋ ਤਰ੍ਹਾਂ ਦੇ ਅਹਿਮ ਸੰਵਾਦ ਦਰਮਿਆਨ ਕਹੀ ਜਾ ਰਹੀ ਹੈ।ਇੱਕ ਪਾਸੇ ਆਧੁਨਿਕ ਦੌਰ ਅੰਦਰ ਉਹ ਅੱਗੇ ਵੱਧ ਰਹੀ ਹੈ।ਤਰੱਕੀ ਕਰ ਰਹੀ ਹੈ ਅਤੇ ਨਵੀਂ ਉਪਲਬਧੀਆਂ ਨੂੰ ਛੂਹ ਰਹੀ ਹੈ।
ਜਿਵੇਂ ਕਿ ਭਾਰਤੀ ਨਿਸ਼ਾਨੇਬਾਜ਼ ਅਵਨੀਤ ਸਿੱਧੂ ਦਾ ਮੰਨਣਾ ਹੈ ਕਿ ਖੇਡਾਂ ਨੇ ਕੁੜੀਆਂ ਨੂੰ ਅਜ਼ਾਦ ਮਾਹੌਲ ਦਿੱਤਾ ਹੈ।ਇਹ ਨੁਕਤਾ ਕਾਫੀ ਹੱਦ ਤੱਕ ਵਾਜਬ ਹੈ।ਹਰਿਆਣਾ ਅਤੇ ਪੰਜਾਬ ਦੀ ਮਾਨਸਿਕਤਾ ਕੁੜੀਆਂ ਦੇ ਮਾਮਲੇ ਅੰਦਰ ਖਾਸ ਤਰ੍ਹਾਂ ਦੇ ਢਾਂਚੇ ਦੀ ਮੰਨੀ ਗਈ ਹੈ।ਇਸ ਸਭ ਦੇ ਦਰਮਿਆਨ ਸਾਡੇ ਸਾਹਮਣੇ ਐਥਲੀਟ ਮਨਜੀਤ ਕੌਰ,ਅਵਨੀਤ ਸਿੱਧੂ,ਹੀਨਾ ਸਿੱਧੂ ਤੋਂ ਲੈਕੇ ਹਰਿਆਣਾ ਦੀਆਂ ਫੋਗਾਟ ਭੈਣਾਂ,ਸਾਇਨਾ ਨੇਹਵਾਲ ਨੇ ਕੁੜੀਆਂ ਨੂੰ ਨਵੇਂ ਸੁਫਨੇ ਦਿੱਤੇ ਹਨ।ਇਹਨਾਂ ਕੁੜੀਆਂ ਦੀ ਉਪਲਬਧੀਆਂ ਨੇ ਕਿੰਨੇ ਮਾਪਿਆਂ ਅੰਦਰ ਅਤੇ ਕੁੜੀਆਂ ਅੰਦਰ ਵਿਸ਼ਵਾਸ਼ ਜਗਾਇਆ ਹੈ ਕਿ ਖੇਡਾਂ ਨਾਲ ਉਹ ਆਪਣੀ ਜ਼ਮੀਨ ਹਾਸਲ ਕਰ ਸਕਦੀਆਂ ਹਨ।
ਇਹ ਕੋਈ ਇੱਕਲੀ ਇਕਹਰੀ ਉਦਾਹਰਨ ਨਹੀਂ ਹੈ। ਮੈਰੀਕੋਮ ਦੀ ਜ਼ਿੰਦਗੀ ਨੂੰ ਜਾਣਕੇ ਵੇਖੋ।ਬਾਕਸਿੰਗ ਨੇ ਮੈਰੀਕੋਮ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਲਿਆਂਦਾ ਸੀ।ਇਸੇ ਤਰ੍ਹਾਂ ਦੀ ਇੱਕ ਕੁੜੀ ਹਰਿਆਣਾ ਤੋਂ ਅਨੁਰਾਧਾ ਬੈਨੀਪਾਲ ਹੈ।ਸ਼ਤਰੰਜ ਖੇਡਦੀ ਇਹ ਕੁੜੀ ਇੱਕਲੀ ਪੂਰੀ ਦੁਨੀਆਂ ਘੁੰਮਣ ਨਿਕਲ ਗਈ ਸੀ।ਕੁੜੀਆਂ ਦੇ ਸੁਪਨੇ, ਉਹਨਾਂ ਦੀ ਜ਼ਮੀਨ ਅਤੇ ਕੁੜੀਆਂ ਦੇ ਲਿਹਾਜ 'ਚ ਅਜ਼ਾਦੀ ਦੇ ਮਾਇਨੇ ਅਨੁਰਾਧਾ ਨੇ ਆਪਣੀ ਕਿਤਾਬ 'ਅਜ਼ਾਦੀ ਮੇਰਾ ਬ੍ਰਾਂਡ' 'ਚ ਦਰਜ ਕੀਤੇ ਹਨ।
ਇਸ ਦੌਰ ਅੰਦਰ ਸਿਨੇਮਾ ਵੀ ਉਸੇ ਤਰ੍ਹਾਂ ਬਦਲਿਆ ਹੈ।ਇੱਕ ਪਿਓ ਨੂੰ ਸਾਂਭਦੀ ਆਪਣੇ ਹੀ ਰੰਗ ਦੀ ਕੁੜੀ ਦੀ ਕਹਾਣੀ ਸੰਗ ਸ਼ੂਜੀਤ ਸਰਕਾਰ ਆਪਣੀ ਫਿਲਮ 'ਪਿਕੂ' ਬਣਾਉਂਦੇ ਹਨ।ਇੱਕ ਘਰੇਲੂ ਸੁਆਣੀ ਖੱਲ੍ਹਕੇ ਆਪਣਾ ਆਪਣਾ ਦੱਸ ਨਹੀਂ ਸਕਦੀ ਸੀ ਉਹ ਅੰਗਰੇਜ਼ੀ ਸਿੱਖਦੀ ਹੈ ਅਤੇ ਆਪਣੇ ਪੜ੍ਹੇ ਲਿਖੇ ਬੱਚਿਆਂ ਲਈ ਨਵਾਂ ਆਦਰਸ਼ ਘੜਦੀ ਹੈ।ਇਸ ਤਰ੍ਹਾਂ ਦੇ ਕਿਰਦਾਰ ਨੂੰ ਗੌਰੀ ਸ਼ਿੰਦੇ ਆਪਣੀ ਫਿਲਮ 'ਇੰਗਲਿਸ਼ ਵਿੰਗਲਿਸ਼' 'ਚ ਵਿਖਾਉਂਦੀ ਹੈ।ਕੰਗਨਾ ਰਾਨੌਤ ਦੀਆਂ ਤਾਂ ਕਈ ਫਿਲਮ ਤੀਵੀਂ ਦੇ ਇਸ ਅਜ਼ਾਦ ਮਨ ਦਾ ਪ੍ਰਗਟਾਵਾ ਹਨ।ਕੰਗਨਾ ਦੀਆਂ ਫਿਲਮਾਂ ਤੰਨੂ ਵੇਡਸ ਮੰਨੂ ਸੀਰੀਜ਼,ਕੁਈਨ ਅਤੇ ਸਿਮਰਨ ਖਾਸ ਇਸੇ ਮਿਜਾਜ਼ ਦੀਆਂ ਫਿਲਮਾਂ ਹਨ।ਪ੍ਰਕਾਸ਼ ਝਾਅ ਦੀ ਪ੍ਰੋਡਕਸ਼ਨ ਦੀ ਫਿਲਮ 'ਲਿਪਸਟਿੱਕ ਅੰਡਰ ਮਾਈ ਬੁਰਕਾ' ਆਖਰ ਕਿਉਂ ਮਰਦ ਸਮਾਜ ਨੂੰ ਪਰੇਸ਼ਾਨ ਕਰਦੀ ਹੈ ? ਵਿੱਦਿਆ ਬਾਲਨ ਦੀਆਂ ਫਿਲਮਾਂ ਕਹਾਣੀ, ਬੋਬੀ ਜਾਸੂਸ, ਤੁਮਾਰੀ ਸੱਲੂ ਇਸੇ ਸਿਲਸਿਲੇ ਦੀਆਂ ਫਿਲਮਾਂ ਹਨ।ਤੀਵੀਂ ਦੀ ਆਪਣੀ ਅਜ਼ਾਦੀ ਅਤੇ ਫੈਸਲੇ ਦੀ ਅਜਿਹੀ ਕਹਾਣੀ ਅੱਜ ਤੋਂ ਬਹੁਤ ਸਾਲ ਪਹਿਲਾਂ ਮਹੇਸ਼ ਭੱਟ ਨੇ ਸ਼ਬਾਨਾ ਆਜ਼ਮੀ, ਸਮਿਤਾ ਪਾਟਿਲ ਦੀ ਫਿਲਮ 'ਅਰਥ' ਅੰਦਰ ਵਿਖਾ ਦਿੱਤੀ ਸੀ।ਅਜਿਹੀ ਕਹਾਣੀ ਕਹਿਣਾ ਉਸ ਦੌਰ ਅੰਦਰ ਚਣੌਤੀ ਸੀ।


ਪਰ ਇਸ ਦੌਰ ਅੰਦਰ ਦੂਜਾ ਪਾਸਾ ਥੌੜ੍ਹਾ ਗੰਭੀਰ ਹੈ ਅਤੇ ਵੱਡੇ ਸੰਵਾਦ ਦੀ ਗੱਲ ਕਰਦਾ ਹੈ।ਅਸੀ ਜਗਬਾਣੀ ਰੇਡੀਓ 'ਤੇ 25 ਨਵੰਬਰ ਨੂੰ ਧਿਆਨ 'ਚ ਰੱਖਦਿਆਂ ਇੱਕ ਲੜੀ ਦੀ ਵਿਉਂਤਬੰਧੀ ਕੀਤੀ।ਅਸੀ ਜਦੋਂ ਇਹ ਜਾਨਣਾ ਚਾਹੁੰਦੇ ਸਾਂ ਕਿ ਤੀਵੀਂਆਂ ਖੁਦ ਬਾਰੇ ਕੀ ਸੋਚਦੀਆਂ ਹਨ ਅਤੇ ਉਹ ਆਪਣੇ ਆਲੇ ਦੁਆਲੇ ਨੂੰ ਕਿਵੇਂ ਵੇਖ ਰਹੀਆਂ ਹਨ ਤਾਂ ਬਹੁਤ ਸਾਰੀਆਂ ਗੱਲਾਂ ਗੰਭੀਰਤਾ ਨਾਲ ਵਿਚਾਰਨੀਆਂ ਬਣਦੀਆਂ ਹਨ।
ਸਾਡੇ ਇੱਕ ਸਰੋਤੇ ਨੇ ਕਿਹਾ ਕਿ ਤੁਸੀ ਇਸ ਲਈ ਕੁੜੀਆਂ ਤੋਂ ਹੀ ਸਵਾਲ ਕਿਉਂ ਪੁੱਛ ਰਹੇ ਹੋ ? ਤੁਸੀ ਇਸ ਲਈ ਉਹਨਾਂ ਬੰਦਿਆਂ ਕੋਲ ਵੀ ਜਾਓ ਕਿ ਆਖਰ ਉਹਨਾਂ ਦੀ ਮਾਨਸਿਕਤਾ 'ਚ ਇਸ ਤਰ੍ਹਾਂ ਦਾ ਵਰਗੀਕਰਨ ਕਿਉਂ ਹੈ ?
ਇਸ ਬਾਰੇ ਕਿੱਸਾ ਪੰਜਾਬ ਅਤੇ ਸਰਦਾਰ ਮੁਹੰਮਦ ਦੀ ਅਦਾਕਾਰਾ ਹਰਸ਼ ਜੋਤ ਦਾ ਕਹਿਣਾ ਸੀ ਕਿ ਇਹ ਨਿਸ਼ਾਨੀਆਂ ਸਾਡੇ ਘਰਾਂ 'ਚ ਹੀ ਪਈਆਂ ਹਨ।ਸਾਨੂੰ ਸ਼ੁਰੂ ਤੋਂ ਹੀ ਲਿੰਗ ਅਧਾਰ 'ਤੇ ਵਖਰੇਵਾਂ ਬੰਦ ਕਰਨਾ ਹੋਵੇਗਾ ਅਤੇ ਮੁੰਡਿਆਂ ਨੂੰ ਕੁੜੀਆਂ ਦੀ ਤਰ੍ਹਾਂ ਪਾਲਣਾ ਪਵੇਗਾ ਅਤੇ ਕੁੜੀਆਂ ਨੂੰ ਮੁੰਡਿਆਂ ਦੀ ਤਰ੍ਹਾਂ ਸਿੱਖਿਆ ਦੇਣੀ ਪਵੇਗੀ।
ਇਸੇ ਗੱਲ ਨੂੰ ਸਾਡੇ ਇੱਕ ਸਰੋਤਾ ਦੀਪਿਕਾ ਨੇ ਇੰਝ ਬਿਆਨ ਕੀਤਾ,“ਸਾਨੂੰ ਸ਼ੁਰੂ ਤੋਂ ਸਿਖਾਇਆ ਜਾਂਦਾ ਹੈ ਕਿ ਕੁੜੀਆਂ ਦੀਆਂ ਆਹ ਖੇਡਾਂ ਹਨ,


ਮੁੰਡਿਆਂ ਦੀਆਂ ਆਹ ਖੇਡਾਂ ਹਨ।ਮੁੰਡੇ ਆਹ ਕੰਮ ਕਰਨਗੇ ਅਤੇ ਕੁੜੀਆਂ ਆਹ ਕੰਮ ਕਰਨਗੀਆਂ।ਯਾਨਿ ਕਿ ਜਦੋਂ ਤੱਕ ਅਸੀ ਲਿੰਗ ਭੇਦਭਾਵ ਖਤਮ ਨਾ ਕਰਕੇ ਲਿੰਗ ਸਮਾਨਤਾ ਖੜ੍ਹੀ ਨਹੀਂ ਕਰਦੇ ਤੱਦ ਤੱਕ ਕੁਝ ਨਹੀਂ ਹੋ ਸਕਦਾ।ਸਾਨੂੰ ਖੁਦ ਨੂੰ ਸਵਾਲ ਕਰਨੇ ਚਾਹੀਦੇ ਹਨ ਅਤੇ ਇਸ ਦੀ ਸ਼ੁਰੂਆਤ ਮੁੱਢਲੇ ਤੌਰ 'ਤੇ ਇੱਕ ਪਰਿਵਾਰ ਤੋਂ ਹੀ ਹੋਵੇਗੀ।ਅਸੀ ਆਪਣੀ ਮਾਂ,ਪਤਨੀ,ਭੈਣ ਨਾਲ ਕਿਹੋ ਜਿਹਾ ਵਿਹਾਰ ਕਰਦੇ ਹਾਂ ਇਸ ਨਾਲ ਹੀ ਚੰਗੀ ਸ਼ੁਰੂਆਤ ਹੋਵੇਗੀ ਅਤੇ ਸਾਨੂੰ ਕੰਮ ਦੀ ਵੰਡ ਨੂੰ ਕਿਸੇ ਤਰ੍ਹਾਂ ਟੈਗ ਨਹੀਂ ਕਰਨਾ ਚਾਹੀਦਾ ਕਿ ਆਹ ਕੰਮ ਮੁੰਡੇ ਦਾ ਹੈ ਅਤੇ ਇਹ ਕੰਮ ਕੁੜੀਆਂ ਨੇ ਕਰਨੇ ਹਨ।”
ਯਾਦ ਹੋਵੇ ਕਿ ਜਦੋਂ ਦਿੱਲੀ ਅੰਦਰ ਦਾਮਿਨੀ ਕੇਸ ਵਾਪਰਿਆ ਤਾਂ ਬਹੁਤ ਸਾਰੀਆਂ ਫਾਲਤੂ ਬਹਿਸਾਂ ਇਸ ਦੁਆਲੇ ਘੁੰਮ ਰਹੀਆਂ ਸਨ ਕਿ ਕੁੜੀਆਂ ਦੇ ਘੁੰਮਣ ਫਿਰਨ ਦਾ ਸਮਾਂ ਤੈਅ ਹੋਵੇ,ਉਹਨਾਂ ਦੇ ਕਪੜੇ ਕਿਹੋ ਜਹੇ ਹੋਣ ਆਦਿ ਆਦਿ।ਉਸ ਦੌਰਾਨ ਉਸ ਸਮੇਂ ਦੇ ਰਾਜ ਸਭਾ ਮੈਂਬਰ,ਕਵੀ ਅਤੇ ਗਤਿਕਾਰ ਜਾਵੇਦ ਅਖ਼ਤਰ ਨੇ ਕਿਹਾ ਸੀ ਕਿ ਇਹ ਮਸਲਾ ਕਪੜਿਆਂ ਦਾ ਨਹੀਂ ਹੈ।ਜੇ ਅਜਿਹਾ ਹੁੰਦਾ ਤਾਂ ਅਮਰੀਕਾ,ਇੰਗਲੈਂਡ 'ਚ ਸਾਡੇ ਦੇਸ਼ ਨਾਲੋਂ ਵੱਧ ਬਲਾਤਕਾਰ ਹੁੰਦੇ।ਇਸੇ ਤਰ੍ਹਾਂ ਅਸੀ ਜਦੋਂ ਕਹਿੰਦੇ ਹਾਂ ਕਿ ਮਾਂ ਦੇ ਪੈਰਾਂ 'ਚ ਸਵਰਗ ਹੈ ਤਾਂ ਫਿਰ ਉਹ ਕੋਣ ਹੈ ਜੀਹਦੇ ਪੈਰਾਂ 'ਚ ਸਵਰਗ ਨਹੀਂ ਹੈ ? ਅਸੀ ਔਰਤ ਦੇ ਇੱਕ ਰੂਪ ਨੂੰ ਇੱਜ਼ਤ ਦੇ ਰਹੇ ਹਾਂ ਅਤੇ ਦੂਜੇ ਰੂਪ ਨੂੰ ਨਹੀਂ।ਸਾਨੂੰ ਅਜਿਹੀ ਵੰਡ ਤੋਂ ਬਾਹਰ ਵੇਖਣਾ ਪਵੇਗਾ।ਔਰਤ ਨੂੰ ਦੇਵੀ ਨਾ ਮੰਨੋ,ਦੇਵੀ ਮੰਨਕੇ ਅਸੀਂ ਵੇਖ ਲਿਆ,ਤੁਸੀ ਉਹਨੂੰ ਸਿਰਫ ਇਨਸਾਨ ਮੰਨੋ ਅਤੇ ਉਸ ਨੂੰ ਸਮਾਜ ਦੇ ਅਜਬ ਗਜਬ ਹਵਾਲਿਆਂ ਨਾਲ ਤਿਆਗ ਵੱਲ ਪ੍ਰੇਰਿਤ ਨਾ ਕਰੋ।ਇਸ ਸਭ ਦੀ ਬੁਨਿਆਦ ਸਾਡੀ ਸਿੱਖਿਆ 'ਚ ਪਈ ਹੈ ਅਤੇ ਸਾਨੂੰ ਕੁੜੀ-ਮੁੰਡੇ ਨੂੰ ਲਿੰਗ ਵਖਰੇਵੇਂ ਤੋਂ ਨਾ ਚਰਚਾ ਕਰਕੇ ਬਰਾਬਰ ਮੰਨਣਾ ਪਵੇਗਾ ਅਤੇ ਅਜਿਹੀ ਸਿੱਖਿਆ ਦੇਣੀ ਪਵੇਗੀ।ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ ਜਦੋਂ ਤੱਕ ਅਸੀ ਆਪਣੇ ਸਮਾਜ ਦੇ ਤੀਵੀਆਂ ਲਈ ਬਣੇ ਰੂੜੀਵਾਦੀ ਪੈਮਾਨਿਆਂ ਦਾ ਤਿਆਗ ਨਹੀਂ ਕਰਦੇ।


ਇਤਿਹਾਸ ਅੰਦਰ ਪਏ ਕੁਝ ਨਿਸ਼ਾਨ ਤਕਲੀਫ ਭਰੇ ਹਨ ਅਤੇ ਉਹਨਾਂ ਦਾ ਸਫਰ ਕੰਢਿਆਂ ਨਾਲ ਲੱਥਪਥ ਹੈ। ਤੇਜ਼ਾਬੀ ਹਮਲੇ ਦਾ ਸ਼ਿਕਾਰ ਲਕਸ਼ਮੀ ਅਗਰਵਾਲ ਆਪਣਾ ਤਜਰਬਾ ਸਾਂਝਾ ਕਰਦੀ ਦੱਸਦੀ ਹੈ ਕਿ ਮੇਰੇ ਲਈ ਇਹ ਲੜਾਈ ਸੋਖੀ ਨਹੀਂ ਸੀ।ਇਸ ਦੌਰਾਨ ਚੰਗੇ ਮਾੜੇ ਦੋਵਾਂ ਤਰ੍ਹਾਂ ਦੇ ਬੰਦੇ ਮਿਲੇ।ਹਮਲੇ ਤੋਂ ਬਾਅਦ ਜੋ ਹਾਲਤ ਮੇਰੀ ਅਤੇ ਜੋ ਵਿੱਥਿਆ ਮੇਰੇ ਪਰਿਵਾਰ ਦੀ ਸੀ ਅਜਿਹੇ 'ਚ ਮੈਨੂੰ ਲੋੜ ਸੀ ਕਿ ਮੇਰੇ ਕੋਲ ਮੇਰੀ ਅਖ਼ਬਾਰੀ ਇੰਟਰਵਿਊ ਕਰਨ ਵਾਲੇ ਬੰਦੇ ਘੱਟ ਆਉਣ ਅਤੇ ਮੈਨੂੰ ਨੌਕਰੀ ਦੇਣ ਵਾਲਾ ਕੋਈ ਆਵੇ।ਆਪਣੀਆਂ ਯਾਦਾਂ 'ਚੋਂ ਅਣਗਿਣਤ ਸਫ਼ੇ ਖੰਗਾਲਦਿਆਂ ਲਕਸ਼ਮੀ ਮਹਿਸੂਸ ਕਰਦੀ ਹੈ ਕਿ ਹਰ ਦੌਰ ਅੰਦਰ ਬੇਸ਼ੱਕ ਸਾਨੂੰ ਲੱਗਦਾ ਹੈ ਕਿ ਕੁਝ ਬਦਲ ਨਹੀਂ ਰਿਹਾ ਪਰ ਸਾਨੂੰ ਉਮੀਦ ਬਰਕਰਾਰ ਰੱਖਣੀ ਚਾਹੀਦੀ ਹੈ।
ਇੰਗਲੈਂਡ 'ਚ ਘਰੇਲੂ ਹਿੰਸਾ ਦੀ ਸ਼ਿਕਾਰ ਕਿਰਨਜੀਤ ਆਹਲੂਵਾਲੀਆ ਨੇ ਆਪਣੇ ਪਤੀ ਨੂੰ ਦੱਸ ਸਾਲ ਬਾਅਦ ਅੱਗ 'ਚ ਸਾੜਕੇ ਮਾਰ ਦਿੱਤਾ ਸੀ।ਇਸ ਕੇਸ ਨੇ ਬ੍ਰਿਟਿਸ਼ ਨਿਆਂ ਦੇ ਇਤਿਹਾਸ 'ਚ ਘਰੇਲੂ ਹਿੰਸਾ ਨੂੰ ਲੈਕੇ ਕਾਨੂੰਨ 'ਚ ਵੱਡੇ ਫੇਰਬਦਲ ਕੀਤੇ ਅਤੇ ਸਮਝਿਆ ਕਿ ਆਖਰ ਇਹ ਮੁੱਦਾ ਕਿੰਨਾ ਗੰਭੀਰ ਹੈ।ਇੰਝ ਹੀ ਦਾਮਿਨੀ ਕੇਸ ਤੋਂ ਬਾਅਦ ਭਾਰਤ ਅੰਦਰ ਕਾਨੂੰਨ 'ਚ ਬਦਲਾਅ ਹੋਏ।ਬੇਸ਼ੱਕ ਅੰਕੜੇ ਅਤੇ ਖ਼ਬਰਾਂ ਅਜੇ ਵੀ ਜਿਉਂ ਦੀਆਂ ਤਿਉਂ ਬਰਕਰਾਰ ਹਨ ਪਰ ਸਾਨੂੰ ਇਹਨਾਂ ਸਾਰੇ ਮੁੱਦਿਆਂ ਲਈ ਚਣੌਤੀ ਮੰਨਦੇ ਹੋਏ ਲੜਾਈ ਜਾਰੀ ਰੱਖਣੀ ਚਾਹੀਦੀ ਹੈ।
ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਹੈ ਕਿ ਇਤਿਹਾਸ ਅੰਦਰ ਪਏ ਕੁਝ ਨਿਸ਼ਾਨ ਤਕਲੀਫ ਭਰੇ ਹਨ ਅਤੇ ਉਹਨਾਂ ਦਾ ਸਫਰ ਕੰਢਿਆਂ ਨਾਲ ਲੱਥਪਥ ਹੈ।ਪਰ ਇਹਨਾਂ ਕਹਾਣੀਆਂ ਨੇ ਉਹਨਾਂ ਮੁੱਦਿਆਂ 'ਤੇ ਬਹਿਸ ਖੜ੍ਹੀ ਕਰਕੇ ਸਮਾਜ ਅੰਦਰ ਉਹ ਨਿਸ਼ਾਨਦੇਹੀਆਂ ਪਾਈਆਂ ਹਨ ਜਿੰਨ੍ਹਾਂ ਨਾਲ ਅਸੀ ਕੁਝ ਬੇਹਤਰ ਵੱਲ ਵੱਧਦੇ ਜਾਂਦੇ ਹਾਂ।
ਬੋਲ ਕਿ ਲਬ ਆਜ਼ਾਦ ਹੈ ਤੇਰੇ
ਬੋਲ ਜ਼ੁਬਾਨ ਅਬ ਤੱਕ ਤੇਰੀ ਹੈ–ਫੈਜ਼ ਅਹਿਮਦ ਫੈਜ਼

ਹਰਪ੍ਰੀਤ ਸਿੰਘ ਕਾਹਲੋਂ

Aarti dhillon

This news is Content Editor Aarti dhillon