ਕੋਰੋਨਾ ਮਹਾਮਾਰੀ ਕਾਰਨ ਸਕੂਲ ਬੰਦ, ਜਾਣੋ ਕੀ ਹੈ ਵਿੱਦਿਆ ਦਾ ਪ੍ਰਬੰਧ

06/30/2020 4:27:04 PM

ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆਂ ਵਿੱਚ ਜੋ ਦਹਿਸ਼ਤ ਪਾਈ ਹੋਈ ਹੈ, ਸਾਰੀ ਦੁਨੀਆਂ ਉਸ ਤੋਂ ਸਹਿਮੀ ਹੋਈ ਹੈ। ਇਸ ਬੀਮਾਰੀ ਦਾ ਕਿਵੇਂ ਟਾਕਰਾ ਕੀਤਾ ਜਾਵੇ ਅਤੇ ਕੰਮਕਾਰ ਕਿਵੇਂ ਚਲਾਏ ਜਾਣ, ਬਹੁਤ ਮੁਸ਼ਕਿਲ ਦਾ ਵਿਸ਼ਾ ਹੈ। ਡਾਕਟਰੀ ਵਿੱਚ ਇਸ ਦਾ ਅਜੇ ਤੱਕ ਪੱਕਾ ਇਲਾਜ ਕੋਈ ਨਹੀਂ। ਛੂਤ ਦੀ ਬੀਮਾਰੀ ਹੋਣ ਕਾਰਨ ਇੱਕ ਦੂਸਰੇ ਤੋਂ ਦੂਰ ਰਹਿਣਾ ਹੀ ਇਸ ਦਾ ਸਾਰਥਿਕ ਹੱਲ ਹੈ। ਭਾਰਤ ਸਰਕਾਰ ਨੇ ਇਸ ਨੂੰ ਮੁੱਖ ਰੱਖਦੇ ਹੋਏ ਤਾਲਾਬੰਦੀ ਦਾ ਐਲਾਨ ਕਰ ਦਿੱਤਾ, ਜਿਸ ਦਾ ਮਤਲਬ ਤੁਹਾਡੀ ਸੁਰੱਖਿਆ ਆਪਣੇ ਘਰ ਅੰਦਰ ਰਹਿ ਕੇ ਹੀ ਬੀਮਾਰੀ ਤੋਂ ਬਚੋ ਤੋਂ ਹੈ। ਪੰਜਾਬ ਸਰਕਾਰ ਪੰਜਾਬੀਆਂ ਦੀਆਂ ਆਦਤਾਂ ਤੋਂ ਭਲੀ ਭਾਂਤ ਜਾਣੂ ਹੈ, ਜਿਸ ਕਾਰਨ ਮਜਬੂਰੀ ਵੱਸ ਕਰਫ਼ਿਊ ਲਗਾਉਣਾ ਪਿਆ।

ਸਾਡਾ ਮੁੱਖ ਵਿਸ਼ਾ ਹੈ ਸਾਡੇ ਬੱਚਿਆਂ ਨੂੰ ਬੀਮਾਰੀ ਤੋਂ ਦੂਰ ਰੱਖਿਆ ਜਾਵੇ ਤਾਂ ਪੰਜਾਬ ਸਰਕਾਰ ਨੇ ਅਣਮਿੱਥੇ ਸਮੇਂ ਲਈ ਸਕੂਲ ਬੰਦ ਕਰ ਦਿੱਤੇ ਸਾਰੀਆਂ ਸ਼੍ਰੇਣੀਆਂ ਦੇ ਸਾਲਾਨਾ ਇਮਤਿਹਾਨ ਦਾ ਸਮਾਂ ਸੀ, ਜਿਸ ਨੂੰ ਵੱਖ-ਵੱਖ ਤਰੀਕਿਆਂ ਨਾਲ ਸੁਲਝਾਉਣ ਲਈ ਸਿੱਖਿਆ ਵਿਭਾਗ ਆਪਣੀਆਂ ਕਾਰਵਾਈਆਂ ਕਰ ਰਿਹਾ ਹੈ। ਇਮਤਿਹਾਨ ਤਾਂ ਕਦੇ ਵੀ ਲਿਆ ਜਾਂ ਦਿੱਤਾ ਜਾ ਸਕਦਾ ਹੈ। ਜ਼ਰੂਰਤ ਸੀ ਕਿ ਸਾਡੇ ਸਕੂਲੀ ਬੱਚੇ ਪੜ੍ਹਾਈ ਕਰਦੇ ਰਹਿਣ, ਜਿਸ ਲਈ ਪੰਜਾਬ ਸਿੱਖਿਆ ਵਿਭਾਗ ਨੇ ਨਵੀਂ ਤਕਨੀਕ ਇੰਟਰਨੈੱਟ ਦਾ ਸਹਾਰਾ ਲਿਆ। ਬਹੁ ਗਿਣਤੀ ਲੋਕਾਂ ਕੋਲ ਸਮਾਰਟ ਫੋਨ ਮੌਜੂਦ ਹਨ। ਅਧਿਆਪਕਾਂ ਨੇ ਦਸ ਜਾਂ ਵੀਹ ਬੱਚਿਆਂ ਦੇ ਗਰੁੱਪ ਬਣਾ ਦਿੱਤੇ। ਗਰੁੱਪ ਦੇ ਇੱਕ ਮੋਢੀ ਕੋਲ ਅਧਿਆਪਕਾਂ ਵੱਲੋਂ ਸ਼੍ਰੇਣੀ ਲਈ ਕੀ ਪੜ੍ਹਨਾ ਅਤੇ ਸਿੱਖਣਾ ਹੈ, ਉਹ ਭੇਜ ਦਿੱਤਾ ਜਾਂਦਾ ਹੈ। ਅੱਗੇ ਉਹ ਆਪਸ ਵਿਚ ਸਾਂਝ ਬਣਾਉਂਦੇ ਹਨ। ਦੇਖਣ ਸੁਣਨ ਨੂੰ ਤਰੀਕਾ ਵਧੀਆ ਹੈ ਪਰ ਮੁੱਖ ਮੁੱਦਾ ਵਿਦਿਆਰਥੀਆਂ ਕੋਲ ਕੀ ਪੜ੍ਹਨਾ ਅਤੇ ਕੀ ਲਿਖਣਾ ਹੈ, ਪਹੁੰਚ ਜਾਵੇਗਾ।

ਜਦੋਂ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਦੇਣ ਦਾ ਸਿਲਸਿਲਾ ਚਾਲੂ ਕੀਤਾ ਗਿਆ ਹੈ, ਜੋ ਕਦੇ ਨਹੀਂ ਪਹੁੰਚਦੀਆਂ। ਵਿਦਿਆਰਥੀਆਂ ਤੇ ਅਧਿਆਪਕਾਂ ਤੋਂ ਜਾਣਕਾਰੀ ਲੈਣ ’ਤੇ ਪਤਾ ਲੱਗਾ ਕਿ ਕਈ ਵਾਰ ਤਾਂ ਪੂਰਾ ਸਾਲ ਨਿਕਲ ਜਾਂਦਾ ’ਤੇ ਪੂਰੀਆਂ ਕਿਤਾਬਾਂ ਵਿਦਿਆਰਥੀਆਂ ਤੱਕ ਨਹੀਂ ਪਹੁੰਚਦੀਆਂ। ਹੁਣ ਵੀ ਇਮਤਿਹਾਨ ਸਿਰ ’ਤੇ ਸਨ ਪਰ ਕਿਤਾਬਾਂ ਪੂਰੀਆਂ ਵਿਦਿਆਰਥੀਆਂ ਕੋਲ ਮੌਜੂਦ ਨਹੀਂ। ਇੰਟਰਨੈੱਟ ’ਤੇ ਦਿੱਤਾ ਕੰਮ ਕਿੱਥੋਂ ਪੜ੍ਹਿਆ ਜਾਵੇਗਾ। ਕਿਸ਼ਤਾਂ ਦੇ ਵਿੱਚ ਕਿਤਾਬਾਂ ਆਉਂਦੀਆਂ ਹਨ ਜੋ ਵਿਦਿਆਰਥੀਆਂ ਨੂੰ ਦੇਣ ਲਈ ਵਾਰ ਵਾਰ ਸਕੂਲ ਜਾਣਾ ਪੈਂਦਾ ਹੈ। ਝੋਨੇ ਦੀ ਪਨੀਰੀ ਖੇਤਾਂ ਵਿੱਚ ਲਗਾਈ ਜਾ ਰਹੀ ਹੈ। ਕਿਸਾਨ ਪਰਿਵਾਰ ਤੇ ਮਜ਼ਦੂਰਾਂ ਦੇ ਪਰਿਵਾਰ ਸਾਂਝੇ ਹੋ ਕੇ ਖੇਤਾਂ ਵਿੱਚ ਕੰਮ ਕਰਦੇ ਹਨ। ਸਕੂਲ ਬੁਲਾਏ ਹੋਏ ਬੱਚੇ ਪਹੁੰਚਦੇ ਨਹੀਂ, ਜੇ ਲੋਕਾਂ ਦੇ ਘਰ ਵਿੱਚ ਬੱਚਿਆਂ ਨੂੰ ਲੱਭਣ ਲਈ ਅਧਿਆਪਕ ਜਾਂਦੇ ਹਨ ਤਾਂ ਲੋਕ ਅਧਿਆਪਕਾਂ ਦੇ ਗੱਲ ਪੈਂਦੇ ਹਨ ਕਿ ਤੁਹਾਨੂੰ ਪਤਾ ਨਹੀਂ ਕੋਰੋਨਾ ਮਹਾਮਾਰੀ ਫੈਲੀ ਹੋਈ ਹੈ।

ਤੁਸੀਂ ਕਿਉਂ ਪਿੰਡਾਂ ਵਿੱਚ ਘੁੰਮਦੇ ਹੋ। ਸਕੂਲ ਬੰਦ ਹੋਣ ਕਾਰਨ ਅਧਿਆਪਕ ਘਰ ਬੈਠੇ ਹਨ। ਬਹੁਤੇ ਅਧਿਆਪਕਾਂ ਦੀ ਨਿਯੁਕਤੀ ਆਪਣੇ ਘਰ ਤੋਂ ਸੌ ਮੀਲ ਤੋਂ ਵੀ ਜ਼ਿਆਦਾ ਦੂਰ ਹੈ। ਵਾਰ-ਵਾਰ ਲੰਮਾ ਸਫ਼ਰ ਕਰਕੇ ਜਾਣਾ ਕਿੰਨਾ ਮੁਸ਼ਕਲ ਹੈ। ਪੰਜਾਬ ਸਕੂਲ ਸਿੱਖਿਆ ਵੱਲੋਂ ਕਿਤਾਬਾਂ ਦੇਣਾ ਸਕੀਮ ਬਹੁਤ ਵਧੀਆ ਹੈ ਪਰ ਇਸ ਨੂੰ ਸਾਰਥਕ ਰੂਪ ਵਿੱਚ ਕਿਉਂ ਸਿਰੇ ਨਹੀਂ ਚੜ੍ਹਾਇਆ ਜਾਂਦਾ। ਦੂਰਦਰਸ਼ਨ ਪੰਜਾਬੀ ਅਤੇ ਆਕਾਸ਼ਵਾਣੀ ਪਟਿਆਲਾ ਵੱਲੋਂ ਬੱਚਿਆਂ ਨੂੰ ਪੜ੍ਹਾਉਣ ਦਾ ਜੋ ਸਿਲਸਿਲਾ ਚਾਲੂ ਕੀਤਾ ਗਿਆ, ਬੇਹੱਦ ਸਲਾਹੁਣਯੋਗ ਹੈ। ਦੂਰਦਰਸ਼ਨ ਪੰਜਾਬੀ ਸਵੇਰ ਨੌ ਵਜੇ ਤੋਂ ਦੁਪਹਿਰ ਚਾਰ ਵਜੇ ਤੱਕ ਤੀਸਰੀ ਸ਼੍ਰੇਣੀ ਤੋਂ ਲੈ ਕੇ +2 ਤੇ ਵਿਦਿਆਰਥੀਆਂ ਨੂੰ ਸਮਾਂ ਸਾਰਣੀ ਅਨੁਸਾਰ ਪੜ੍ਹਾਇਆ ਜਾ ਰਿਹਾ ਹੈ, ਜੋ ਸਾਰਥਿਕ ਤਰੀਕਾ ਹੋ ਨਿੱਬੜਿਆ ਹੈ। ਟੀ ਵੀ ਤਕਰੀਬਨ ਹਰ ਘਰ ਵਿੱਚ ਮੌਜੂਦ ਹੈ। ਜ਼ਰੂਰਤ ਪੈਣ ’ਤੇ ਕਿਸੇ-ਕਿਸੇ ਸਾਥੀ ਵਿਦਿਆਰਥੀ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ।

ਆਕਾਸ਼ਵਾਣੀ ਪਟਿਆਲਾ ਵੱਲੋਂ ਵੀ ਰੇਡੀਓ ਦੁਆਰਾ ਪੜ੍ਹਾਈ ਕਰਵਾਈ ਜਾ ਰਹੀ ਹੈ, ਜਿਸ ਲਈ ਬਹੁਤ ਥੋੜ੍ਹਾ ਸਮਾਂ ਦਿੱਤਾ ਜਾ ਰਿਹਾ ਹੈ। ਦੂਸਰੀ ਮੁਸ਼ਕਲ ਇਹ ਹੈ ਪਟਿਆਲਾ ਰੇਡੀਓ ਐੱਫ.ਐੱਮ. ਤਕਨੀਕ ਰਾਹੀਂ ਇਸ ਦੀ ਪਹੁੰਚ ਸਕਦੀ ਸਿਰਫ ਸੱਠ ਕੁ ਕਿਲੋਮੀਟਰ ਤੱਕ ਹੀ ਸੀਮਤ ਹੈ। ਬੇਸ਼ੱਕ ਇਸ ਨੂੰ ਸਮਾਰਟ ਫੋਨ ਐਪ ’ਤੇ ਵੀ ਪ੍ਰਸਾਰਿਤ ਕੀਤਾ ਜਾਂਦਾ ਹੈ ਪਰ ਫਿਰ ਮਸਲਾ ਉਹੀ ਖੜ੍ਹਾ ਹੁੰਦਾ ਹੈ ਹਰ ਇੱਕ ਬੱਚੇ ਕੋਲ ਸਮਾਰਟਫੋਨ ਮੌਜੂਦ ਨਹੀਂ। ਪੰਜਾਬ ਸਕੂਲ ਸਿੱਖਿਆ ਵਿਭਾਗ ਨੂੰ ਠੋਸ ਕਦਮ ਚੁੱਕਣਾ ਚਾਹੀਦਾ ਹੈ। ਆਕਾਸ਼ਵਾਣੀ ਜਲੰਧਰ ਦਾ ਪ੍ਰਸਾਰਣ ਦੋ ਐੱਫ.ਐੱਮ. ਟਰਾਂਸਮੀਟਰ ਰਾਹੀਂ ਕੀਤਾ ਜਾਂਦਾ ਹੈ, ਜਿਸ ਨਾਲ ਪੂਰੇ ਪੰਜਾਬ ਵਿੱਚ ਰੇਡੀਓ ਸਟੇਸ਼ਨ ਦੀ ਪਹੁੰਚ ਹੈ।

ਕੋਰੋਨਾ ਮਹਾਮਾਰੀ ਦੌਰਾਨ ਦੂਰਦਰਸ਼ਨ ਪੰਜਾਬੀ ਨੇ, ਜੋ ਬੱਚਿਆਂ ਨੂੰ ਪੜ੍ਹਾਉਣ ਦਾ ਬਹੁਤ ਸੋਹਣਾ ਉਪਰਾਲਾ ਕੀਤਾ ਹੈ, ਸਿੱਖਿਆ ਵਾਗ ਪੰਜਾਬ ਨੂੰ ਇੱਕ ਵਿਚਾਰਨ ਦੀ ਗੱਲ ਜ਼ਰੂਰ ਬਣਦੀ ਹੈ। ਪਹਿਲਾਂ ਵੀ ਬਹੁਤ ਸਾਲਾਂ ਤੱਕ ਰੇਡੀਓ ਤੇ ਬੱਚਿਆਂ ਨੂੰ ਸਿੱਖਿਆ ਦਿੱਤੀ ਗਈ ਹੈ, ਜੋ ਬਹੁਤ ਅਗਾਂਹਵਧੂ ਉਪਰਾਲਾ ਹੋ ਨਿੱਬੜਿਆ ਸੀ ਪਰ ਨਵੀਂ ਤਕਨੀਕ ਆਉਣ ਕਾਰਨ ਨੂੰ ਟੈਲੀਵਿਜ਼ਨ ’ਤੇ ਪੜ੍ਹਾਉਣਾ ਜ਼ਿਆਦਾ ਸਾਰਥਕ ਸਿੱਧ ਹੋ ਰਿਹਾ ਹੈ। ਪੰਜਾਬ ਦੇ ਸਕੂਲਾਂ ਵਿੱਚ ਪੰਜਾਬ ਸਕੂਲ ਸਿੱਖਿਆ ਵਿਭਾਗ ਸਮਾਜਿਕ ਜਥੇਬੰਦੀਆਂ ’ਤੇ ਪੰਚਾਇਤਾਂ ਅਤੇ ਅਧਿਆਪਕਾਂ ਦੇ ਉੱਦਮ ਕਾਰਨ ਤਕਰੀਬਨ ਹਰ ਸਕੂਲ ਵਿੱਚ ਵਧੀਆ ਤਕਨੀਕ ਦਾ ਐੱਲ.ਈ.ਡੀ. ਟੀ.ਵੀ. ਸੈੱਟ ਮੌਜੂਦ ਹੈ।

ਕੋਰੋਨਾ ਮਹਾਵਾਰੀ ਦੌਰਾਨ ਦੂਰਦਰਸ਼ਨ ਪੰਜਾਬੀ ਬੱਚਿਆਂ ਲਈ ਇੱਕ ਸਕੂਲ ਹੋ ਨਿੱਬੜਿਆ ਹੈ। ਸਵੇਰੇ ਤਿਆਰ ਹੋ ਕੇ ਬੱਚੇ ਟੀ.ਵੀ. ਸਾਹਮਣੇ ਬੈਠ ਜਾਂਦੇ ਹਨ, ਜਿਸ ਨਾਲ ਬੱਚਿਆਂ ਦੀ ਸਿੱਖਿਆ ਦਾ ਪ੍ਰਸਾਰ ਤਾਂ ਹੋ ਹੀ ਰਿਹਾ ਹੈ, ਨਾਲ ਹੀ ਸਾਡੇ ਬੱਚੇ, ਜੋ ਕਾਰਟੂਨ ਤੇ ਫਾਲਤੂ ਸੀਰੀਅਲ ਵੇਖਦੇ ਸਨ ਜਾਂ ਜ਼ਿਆਦਾ ਸਮਾਂ ਸਮਾਰਟ ਫੋਨ ’ਤੇ ਫੇਸਬੁੱਕ ਉੱਤੇ ਖਰਾਬ ਕਰਦੇ ਸਨ, ਉਹ ਸਭ ਕੁਝ ਥੋੜ੍ਹੇ ਸਮੇਂ ’ਚ ਭੁੱਲ ਚੁੱਕੇ ਹਨ। ਸਿੱਖਿਆ ਵਿਭਾਗ ਤੇ ਦੂਰਦਰਸ਼ਨ ਪੰਜਾਬੀ ਦਾ ਸੁਮੇਲ ਬੱਚਿਆਂ ਦੇ ਉੱਜਲ ਭਵਿੱਖ ਲਈ ਬਹੁਤ ਸੋਹਣਾ ਹੋ ਕੇ ਨਿੱਬੜ ਰਿਹਾ ਹੈ ਬੱਚੇ ਪੜ੍ਹਾਈ ਪ੍ਰਾਪਤ ਕਰਨ ਲਈ ਫਾਲਤੂ ਚੈਨਲਾਂ ਨੂੰ ਭੁੱਲ ਚੁੱਕੇ ਹਨ। ਮਹਾਮਾਰੀ ਨਾਲ ਤਾਂ ਆਪਾਂ ਬਹੁਤ ਜਲਦੀ ਸੁਲਝਾ ਲਵਾਂਗੇ ਸਾਡੇ ਸਕੂਲ ਵੀ ਖੁੱਲ੍ਹ ਜਾਣਗੇ ਪਰ ਹੱਥ ਕੰਗਣ ਨੂੰ ਆਰਸੀ ਕੀ ਦੂਰਦਰਸ਼ਨ ਪੰਜਾਬੀ ਦੇ ਜੋ ਬੱਚਿਆਂ ਇੱਕ ਸਕਰੀਨ ’ਤੇ ਹੀ ਸਾਰੇ ਵਿਸ਼ੇ ਪੜ੍ਹਾ ਕਰ ਰਹੇ ਹਨ ਤਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੂੰ ਵੀ ਇੱਕ ਬਹੁਤ ਵਧੀਆ ਸਬਕ ਮਿਲਿਆ ਹੈ। ਟੈਲੀਵਿਜ਼ਨ ਰਾਹੀਂ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਇਆ ਜਾ ਸਕਦਾ ਹੈ। ਥੋੜੇ ਖਰਚੇ ’ਤੇ ਸਾਡੇ ਬੱਚਿਆਂ ਨੂੰ ਇਕੱਠੇ ਬੈਠ ਕੇ ਪੜ੍ਹਨ ਦਾ ਇਹ ਉਪਰਾਲਾ ਅਗਾਂਹ ਵਾਧੂ ਹੋ ਨਿਬੜੇਗਾ।

ਸਾਰ ਅੰਸ਼ - ਕੋਰੋਨਾ ਮਹਾਮਾਰੀ ਨਾਲ ਆਪਾਂ ਦੁੱਖ ਤੇ ਨੁਕਸਾਨ ਤਾਂ ਚੱਲ ਹੀ ਰਹੇ ਹਾਂ ਪਰ ਸਾਡੇ ਬੱਚੇ ਸਾਡਾ ਆਉਣ ਵਾਲਾ ਭਵਿੱਖ ਨੂੰ ਸਿੱਖਿਆ ਦਾ ਉਪਰਾਲਾ ਰੇਡੀਓ ਅਤੇ ਟੀ.ਵੀ. ਰਾਹੀਂ ਵਧੀਆ ਉਪਰਾਲਾ ਸਿੱਧ ਹੋ ਰਿਹਾ ਹੈ। ਇਸ ਲੜੀ ਨੂੰ ਬੱਚਿਆਂ ਲਈ ਹਮੇਸ਼ਾ ਚਾਲੂ ਰੱਖਣਾ ਚਾਹੀਦਾ ਹੈ 

ਰਮੇਸ਼ਵਰ ਸਿੰਘ
ਸੰਪਰਕ ਨੰਬਰ 9914880392 


rajwinder kaur

Content Editor

Related News