ਘੜੀ ਜਾ ਰਹੀ ਨੀਤੀ ਕਿਸਾਨ ਹਿਤੈਸ਼ੀ ਹੋਵੇਗੀ : ਅਜੈਵੀਰ ਜਾਖੜ

03/22/2018 5:49:19 PM

ਪੰਜਾਬ ਦਾ ਕਿਸਾਨ ਕਮਿਸ਼ਨ ਆਪਣੀ ਇਹ ਜ਼ਿੰਮੇਵਾਰੀ ਸਮਝਦਾ ਹੈ ਕਿ ਬਦਲਦੇ ਸਮੇਂ ਨਾਲ ਨਵੀਂ ਤੇ ਸਰਲ ਨੀਤੀ ਬਣਾਉਣ ਦੀ ਲੋੜ ਬਣੀ ਹੋਈ ਹੈ ਜਿਸ ਦੀ ਪ੍ਰੀਕਿਰਿਆ ਚੱਲ ਰਹੀ ਹੈ। ਅਸੀਂ ਕਿਸਾਨਾਂ ਲਈ ਸਰਲ ਅਤੇ ਲਾਹੇਵੰਦ ਨੀਤੀ ਬਣਾਉਣ ਦੇ ਰਾਹ ਤੇ ਹਾਂ ਅਤੇ ਇਹ ਕਿਸਾਨਾਂ ਨਾਲ ਸਬੰਧਤ ਵੱਖੋ-ਵੱਖਰੇ ਅਦਾਰਿਆਂ ਨਾਲ ਸੰਵਾਦ ਰਚਾ ਕੇ ਖੇਤੀ ਅਤੇ ਇਸ ਦੇ ਸਹਾਇਕ ਧੰਦਿਆਂ ਦੇ ਹਰ ਪਹਿਲੂ ਨੂੰ ਧਿਆਨ ਵਿਚ ਰੱਖ ਕੇ ਹੀ ਘੜੀ ਜਾ ਸਕਦੀ ਹੈ । ਇਹ ਗੱਲ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਜੈਵੀਰ ਜਾਖੜ ਨੇ ਬੀਤੇ ਦਿਨੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਨੁਮਾਇੰਦਿਆਂ, ਡੀਨ ਡਾਇਰੈਕਟਰਾਂ ਨਾਲ ਕਿਸਾਨ ਨੀਤੀ ਬਾਰੇ ਵਿਚਾਰ-ਚਰਚਾ ਕਰਦਿਆਂ ਕਹੀ ।  ਜ਼ਿਕਰਯੋਗ ਹੈ ਕਿ ਸ੍ਰੀ ਅਜੈਵੀਰ ਜਾਖੜ ਖੇਤੀਬਾੜੀ ਕਮਿਸ਼ਨਰ ਸ. ਬਲਵਿੰਦਰ ਸਿੰਘ ਸਿਧੂ ਨਾਲ ਇੱਥੇ ਇਸ ਨੀਤੀ ਨਾਲ ਸਬੰਧਤ ਮਸਲਿਆਂ ਦੇ ਵੱਖੋ-ਵੱਖਰੇ ਪਹਿਲੂਆਂ ਤੇ ਵਿਚਾਰ-ਚਰਚਾ ਕਰਨ ਲਈ ਪਹੁੰਚੇ ਹੋਏ ਸਨ। ਇਸ ਨੀਤੀ ਨੂੰ ਤਿਆਰ ਕਰਨ ਲਈ ਪੰਜਾਬ ਰਾਜ ਕਿਸਾਨ ਕਮਿਸ਼ਨ ਨੇ ਕਿਸਾਨ ਦੀ ਪਰਿਭਾਸ਼ਾ, ਇਸ ਦੇ ਉਦੇਸ਼, ਇਸ ਦਾ ਪਿਛੋਕੜ, ਵੰਗਾਰਾਂ ਦੇ ਨਾਲ-ਨਾਲ ਵਾਤਾਵਰਣ ਦੀਆਂ ਤਬਦੀਲੀਆਂ, ਸਮਾਜਿਕ ਸੁਰੱਖਿਆ, ਭੂਮੀ, ਪਾਣੀ ਅਤੇ ਬਿਜਲੀ, ਫ਼ਸਲਾਂ, ਪਸ਼ੂ-ਪਾਲਣ, ਖੇਤੀ ਪਸਾਰ, ਗੁਣਵੱਤਾ ਵਿਚ ਵਾਧਾ ਅਤੇ ਪ੍ਰੋਸੈਸਿੰਗ, ਮੰਡੀਕਰਨ, ਕਰਜ਼ੇ ਅਤੇ ਫ਼ਸਲਾਂ ਦਾ ਬੀਮਾ, ਸਹਿਕਾਰੀ ਸਭਾਵਾਂ, ਖੇਤ-ਮਸ਼ੀਨਰੀ, ਖੇਤੀ-ਖੋਜ ਅਤੇ ਸਿੱਖਿਆ ਵਰਗੇ ਪ੍ਰਮੁੱਖ ਪਹਿਲੂਆਂ ਨੂੰ ਆਪਣੀ ਨੀਤੀ ਅਧੀਨ ਲਿਆਉਂਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਸ਼ੇਸ਼ ਰੂਪ ਵਿਚ ਜ਼ਿਕਰ ਕੀਤਾ ਕਿ ਯੂਨੀਵਰਸਿਟੀ ਲਗਾਤਾਰ ਫ਼ਸਲਾਂ ਦੇ ਝਾੜ ਵਿਚ ਵਾਧੇ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਵਿਚ ਲੱਗੀ ਹੋਈ ਹੈ। ਕਿਸਾਨਾਂ ਬਾਰੇ ਬਣ ਰਹੀ ਇਹ ਨੀਤੀ ਆਮਦਨ ਦੇ ਨਾਲ-ਨਾਲ ਕਿਸਾਨ ਦਾ ਮੁਨਾਫ਼ਾ ਵਧਾਉਣ ਵਿਚ ਸਫ਼ਲ ਹੋ ਸਕੇ ਇਸੇ ਵਿਚ ਸਾਡੀ ਸਭ ਦੀ ਕਾਮਯਾਬੀ ਹੈ। ਨੀਤੀ ਦੇ ਇਨਾਂ ਪੱਖਾਂ ਨੂੰ ਧਿਆਨ ਵਿਚ ਰੱਖਦਿਆਂ ਇਕਨਾਮਿਕਸ ਅਤੇ ਸਮਾਜ ਵਿਗਿਆਨ ਵਿਭਾਗ ਦੇ ਮੁਖੀ ਡਾ. ਸੁਖਪਾਲ ਨੇ ਪੰਜਾਬ ਦੀ ਖੇਤੀ ਦੇ ਆਰਥਿਕ ਪਹਿਲੂਆਂ ਬਾਰੇ ਇਕ ਪੇਸ਼ਕਾਰੀ ਦਿੱਤੀ। 
ਇਸ ਵਿਚਾਰ-ਚਰਚਾ ਵਿਚ ਯੂਨੀਵਰਸਿਟੀ ਦੇ ਅਧਿਕਾਰੀਆਂ ਡਾ. ਰਾਜਿੰਦਰ ਸਿੰਘ ਸਿਧੂ ਰਜਿਸਟਰਾਰ, ਡਾ. ਨਵਤੇਜ ਸਿੰਘ ਬੈਂਸ ਖੋਜ ਨਿਰਦੇਸ਼ਕ, ਡਾ. ਅਸ਼ੋਕ ਕੁਮਾਰ ਨਿਰਦੇਸ਼ਕ ਪਸਾਰ ਸਿੱਖਿਆ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੇ ਮੁੱਖੀ ਵੀ ਸ਼ਾਮਲ ਸਨ ।
ਜਗਦੀਸ਼ ਕੌਰ