ਇਸ ਸਖਸ ਨੇ ਵਸਾਇਆ ਸੀ ਰਾਜਪੁਰਾ ਸ਼ਹਿਰ

09/14/2019 2:43:58 PM

ਜਿਹੜਾ ਬੰਦਾ ਪਹਿਲੀ ਵਾਰ ਰਾਜਪੁਰਾ ਟਾਊਨ ਵਿਚ ਆਉਂਦਾ ਹੈ ਤਾਂ ਉਹ ਜਦੋਂ ਅਪਣੇ ਕੰਨਾਂ ਵਿਚ ਅਜਿਹੇ ਬੋਲ ਸੁਣਦਾ ਹੈ ਕਿ ਵੱਲ ਸਾਈਂ ਕਿਆ ਹਾਲ ਏ ……….. ਕਿਆ ਕਰੇਂਦੇ ਖੜੇ ਓ ਸਾਈਂ.. ਡਿੱਤੂ ਮੱਲ ਕਿਥੇ ਵੇਂਦਾ ਪਿਆ ਏ.. ਸਾਈਂ ਮੇਕੂ ਪੰਜਾਹ ਰੁਪਏ ਉਧਾਰੇ ਤਾਂ ਦੇ ਵਲਾ,  ਤਾਂ ਉਹ ਬਹੁਤ ਹੈਰਾਨ ਹੁੰਦਾ ਹੈ ਕਿ ਇਹ ਬੰਦੇ ਕਿਹੜੀ ਬੋਲੀ ਬੋਲ ਰਹੇ ਹਨ। ਅਸਲ ਵਿਚ ਇਹ ਮਿੱਠੀ ਬੋਲੀ ਬਹਾਵਲਪੁਰੀ ਹੈ ਜਿਹੜੇ ਕਿ ਬਹਾਵਲਪੁਰ ਰਿਆਸਤ ਵਿਚ ਬੋਲੀ ਜਾਂਦੀ ਹੈ, ਜਿੱਥੋਂ ਕਿ ਸੰਤਾਲੀ ਦੇ ਉਜਾੜੇ ਸਮੇਂ ਬਹਾਵਲਪੁਰੀ ਭਰਾ ਆਏ ਸਨ। ਇਹ ਪੰਜਾਬੀ ਦੀ ਹੀ ਇਕ ਇਲਾਕਾਈ ਬੋਲੀ ਹੈ। ਰਾਜਪੁਰੇ ਦੀ ਸਰਾਏ ਦੇ ਪਿਛਲੇ ਪਾਸੇ 90 ਸਾਲਾ ਵੇਦ ਪ੍ਰਕਾਸ਼ ਰਹਿੰਦਾ, ਜਿਹੜਾ ਕਿ ਉਜਾੜੇ ਸਮੇਂ 20 ਸਾਲ ਦਾ ਸੀ। ਆਉ ਉਸ ਦੀ ਬੈਠਕ ਵਿਚ ਚਲਦੇ ਹਾਂ ਤੇ ਸੁਣਦੇ ਹਾਂ ਕਿ ਬੀਬੀ ਅਮਤੁਸ ਸਲਾਮ ਨੇ ਕਿਵੇਂ ਬਾਹਵਲਪੁਰੀਆਂ ਨੂੰ ਰੋਜ਼ਗਾਰ, ਰੋਟੀ ਤੇ ਘਰ ਦੇ ਕੇ ਜ਼ਿੰਦਗੀ ਜਿਊਣ ਜੋਗੇ ਕੀਤਾ। ਬਾਬੇ ਦੀ ਉਮਰ ਭਾਵੇਂ 90 ਸਾਲ ਦੀ ਹੋ ਗਈ ਹੈ ਪਰ ਬੋਲ ਅਜੇ ਵੀ ਇਸ ਤਰ੍ਹਾਂ ਖੜਕਦਾ ਜਿਸ ਤਰ੍ਹਾਂ ਖੂਹ ਵਿਚ ਛੱਡੀ ਪਾਣੀ ਦੀ ਖਾਲੀ ਬਾਲਟੀ ਖੜਕਦੀ ਹੁੰਦੀ ਹੈ। ਆਰ ਐਸ ਐਸ ਦਾ ਸਰਗਰਮ ਕਾਰਕੁਨ ਰਿਹਾ ਵੇਦ ਪ੍ਰਕਾਸ਼ ਮੁਹੱਬਤਾਂ ਨੂੰ ਸਭ ਤੋਂ ਵੱਡਾ ਧਰਮ ਮੰਨਦਾ। ਉਹ ਕਹਿੰਦਾ ,''  ਕਿਆ ਦਿਨ ਸਨ ਉਹ ਵੀ! ਏਦਾਂ ਲਗਦਾ ਸੀ ਜਿਵੇਂ ਮੁਹੱਬਤਾਂ ਦੇ ਘੋੜੇ 'ਤੇ ਸਵਾਰ ਹੋਈਏ ਤੇ ਚਾਵਾਂ ਦੀ ਹਵਾ ਵਗ ਰਹੀ ਹੋਵੇ। ''


ਬਾਬਾ ਫੇਰ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਹਿਣ ਲੱਗਾ ,'' ਤੁਸੀਂ ਤਾਂ ਇਹੀ ਸੁਣਦੇ ਰਹੇ ਹੋ ਕਿ ਮੁਸਲਮਾਨਾਂ ਤੇ ਹਿੰਦੂਆਂ, ਸਿੱਖਾਂ ਨੇ ਇਕ ਦੂਜੇ ਦਾ ਰੱਜ ਕੇ ਕਤਲੇਆਮ ਕੀਤਾ। ਪਰ ਉਥੇ ਮਨੁੱਖਤਾ ਦੇ ਕਿਹੋ ਫਰਿਸ਼ਤੇ ਵਸਦੇ ਸਨ, ਜੇ ਮੈਂ ਤੁਹਾਨੂੰ ਦੱਸਾਂਗਾ ਤਾਂ ਤੁਹਾਨੂੰ ਯਕੀਨ ਹੀ ਨਹੀਂ ਆਣਾ।'' ਬਾਬਾ ਫੇਰ ਬੀਤੇ ਦੀ ਘੋੜੀ ਦੀਆਂ ਵਾਗਾਂ ਫੜ ਲੈਂਦਾ ,'' ਤਕਸੀਮ ਦੇ ਸਮੇਂ ਇਕ ਮੁਸਲਮਾਨ ਨੂਰ ਮੁਹੰਮਦ ਸਿੰਧੜ ਸੀ ਉਹ ਮੇਰੇ ਪਿਤਾ ਦਾ ਦੁਸ਼ਮਣ ਸੀ ਪਰ ਸਾਡੇ ਵੱਡੇ ਭਰਾ ਦਾ ਰਿਸ਼ਤਾ ਹੋਇਆ ਉਸ ਦੇ ਦੋਸਤ ਦੇ ਘਰ। ਉਹ ਆਪਸ ਵਿਚ  ਪੱਗ ਵੱਟ ਭਰਾ ਸਨ। ਉਹ ਸਾਡੇ ਘਰ ਆਇਆ ਤੇ ਕਹਿਣ ਲੱਗਾ, ਅਸੀਂ ਤੁਹਾਡੇ ਨਾਲ ਦੁਸ਼ਮਣੀ ਨਹੀਂ ਕਰ ਸਕਦੇ। ਉਹ ਅਪਣੀ ਬੋਲੀ ਵਿਚ ਕਹਿਣ ਲੱਗਾ, ਜਿੱਥੇ ਵਿਹਾਏ ਵਾਲ ਉਥੇ ਕੀਂਹਦੀ ਮਜਾਲ। ਮਤਲਬ ਜਿੱਥੇ ਰਿਸ਼ਤੇਦਾਰੀ ਹੋ ਗਈ, ਉਥੇ ਉਸ ਬਾਰੇ ਮਾੜਾ ਸੋਚਣ ਦਾ ਮਤਲਬ ਹੀ ਨਹੀਂ। ਜਦੋਂ ਸੰਤਾਲੀ ਦੀ ਵੱਢ ਟੁੱਕ ਸ਼ੁਰੂ ਹੋ ਗਈ ਤਾਂ ਅਸੀਂ ਮੁਸਲਮਾਨਾਂ ਨਾਲ ਲੜਨ ਲਈ ਅੱਠ ਮੋਰਚੇ ਬਣਾਏ ਹੋਏ ਸਨ। ਉਹ ਆ ਕੇ ਕਹਿਣ ਲੱਗਾ, ਇਕ ਮੋਰਚੇ ਵਿਚ ਮੈਂ ਬੈਠਾਂਗਾ। ਇਹ ਮੇਰੀ ਧੀ ਦਾ ਘਰ ਹੈ। ਕੋਈ ਮੁਸਲਮਾਨ ਮੇਰੀ ਲਾਸ਼ ਤੋਂ ਲੰਘ ਕੇ ਹੀ ਏਧਰ ਆਏਗਾ। '
ਬਾਬਾ ਵੇਦ ਪ੍ਰਕਾਸ਼ ਜਿਵੇਂ ਨੂਰ ਮੁਹੰਮਦ ਦੀਆਂ ਯਾਦਾਂ ਨਾਲ ਗਲਵੱਕੜੀ ਪਾਈ ਬੈਠਾ ਹੋਵੇ। ਉਹ ਫੇਰ ਕਹਾਣੀ ਦਾ ਸਿਰਾ ਫੜਦਾ ਹੈ ,'' ਉਸ ਸਮੇਂ ਮੇਰੇ ਭਰਾ ਦਾ ਵਿਆਹ ਨਹੀਂ ਹੋਇਆ ਸੀ। ਸਾਨੂੰ ਇੱਧਰ ਆਣਾ ਪੈ ਗਿਆ।  ਨੂਰ ਮੁਹੰਮਦ ਕਹਿਣ ਲੱਗਾ ਕਿ ਉਹ ਅਪਣੀ ਧੀ ਦੇ ਦਾਜ ਦਾ ਸਮਾਨ ਉਹ ਆਪ ਪਹੁੰਚਾਵੇਗਾ। ਅਸੀਂ ਫੇਰ ਸਭ ਕੁੱਝ ਛੱਡ ਕੇ ਅਬੋਹਰ ਪੁੱਜੇ। ਅਬੋਹਰ ਚ ਮੇਰੇ ਭਰਾ ਦਾ ਵਿਆਹ ਹੋਇਆ ਤੇ ਉਹ ਊਠਾਂ 'ਤੇ ਲੱਦ ਕੇ ਸਾਡੀ ਭਾਬੀ ਦੇ ਦਾਜ ਦਾ ਸਾਰਾ ਸਮਾਨ ਛੱਡ ਕੇ ਗਿਆ।'' ਬਾਬਾ ਕਹਿੰਦਾ ,'' ਅੱਜ ਇਸ ਧਰਤੀ ਨੂੰ ਨੂਰ ਮੁਹੰਮਦ ਵਰਗੇ 'ਦੁਸ਼ਮਣਾਂ' ਦੀ ਬਹੁਤ ਲੋੜ ਹੈ। ਜਿਹੜੇ ਅਪਣੇ ਰਿਸ਼ਤੇਦਾਰ ਲਈ, ਕਿਸੇ ਵੀ ਜਰਵਾਣੇ ਭਾਵੇਂ ਉਹ ਉਨ੍ਹਾਂ ਦੇ ਹੀ ਫਿਰਕੇ ਦਾ ਹੋਵੇ, ਟੱਕਰ ਲੈਣ ਲਈ ਤਿਆਰ ਹੋਣ। ਨੂਰ ਮੁਹੰਮਦਾ ਅਸ਼ਕੇ ਬਈ ਤੇਰੀ 'ਦੁਸ਼ਮਣੀ ' ਦੇ ! ''
ਬਾਬੇ ਦਾ ਜੀਅ ਕਰਦਾ ਕਿ ਨੂਰ ਮੁਹੰਮਦ ਉਸ ਦੀਆਂ ਅੱਖਾਂ ਤੋਂ ਓਹਲੇ ਨਾ ਹੋਵੇ ਪਰ ਸਮਾਂ ਲਿਹਾਜ ਨੀ ਕਰਦਾ, ਬਾਬਾ ਫੇਰ ਅੱਗੇ ਤੁਰਦਾ ,'' ਫੇਰ ਅਸੀਂ ਮਥਰਾ ਚਲੇ ਗਏ। ਸਾਡੇ ਰਿਸ਼ਤੇਦਾਰ ਅਮੀਰ ਆਦਮੀ ਸਨ। ਉਹ ਬਹਾਵਲਪੁਰ ਸਟੇਟ ਦੇ ਰੈਵੀਨਿਊ ਕਮਿਸ਼ਨਰ ਸਨ। ਉਥੇ ਦਿਲ ਨੀ ਲੱÎਗਿਆ। ਉਸ ਸਮੇਂ ਬਾਹਵਲੁਪਰੀਆਂ ਦਾ ਕੈਂਪ ਕੁਰਕਸ਼ੇਤਰ ਵਿਚ ਲਾਇਆ ਗਿਆ । ਮਹਾਸ਼ਾ ਸ਼ਾਂਤੀ ਪ੍ਰਕਾਸ ਉਥੇ ਦੇ ਲੀਡਰ ਸਨ। ਜਦੋਂ ਉੱਥੇ ਕਿਹਾ ਗਿਆ ਕਿ ਪਟਿਆਲੇ ਜਾਉ ਤੁਹਾਨੂੰ ਉਥੇ ਜ਼ਮੀਨ ਦਿੱਤੀ ਜਾਵੇਗਾ ਤਾਂ ਸ਼ਾਂਤੀ ਪ੍ਰਕਾਸ਼ ਨੇ ਕਿਹਾ ਕਿ ਅਸੀਂ ਪਟਿਆਲੇ ਨਹੀਂ ਜਾਵਾਂਗੇ। ਨਹਿਰੂ ਬਹੁਤ ਨਰਾਜ਼ ਹੋਇਆ ਕਿ ਇਨ੍ਹਾਂ ਦਾ ਰਾਸ਼ਣ ਬੰਦ ਕਰ ਦਿਉ। ਅਸੀਂ ਸੋਚਦੇ ਸੀ ਕਿ ਅਸੀਂ ਸਿੱਖਾਂ ਨਾਲ ਨਹੀਂ ਰਹਿ ਸਕਾਂਗੇ। ਪਰ ਸ਼ਾਂਤੀ ਪ੍ਰਕਾਸ਼ ਅੱਗੇ ਨਹਿਰੂ ਨੂੰ ਹਾਰ ਮੰਨਣੀ ਪਈ।  ਜਦੋਂ ਨਹਿਰੂ ਨੇ ਵੇਖਿਆ ਕਿ ਗੱਲ ਨੀ ਬਣਦੀ ਤਾਂ ਉਸ ਨੇ ਕਿਹਾ ਕਿ ਮੈਂ ਅਪਣੀ ਭੈਣ ਅਮਤੁਸ ਸਲਾਮ (ਇਸਲਾਮ ਦੀ ਧੀ) ਨੂੰ ਭੇਜਦਾ ਹਾਂ। ਉਹ ਤੁਹਾਡੀ ਰਾਖੀ ਕਰੇਗੀ।


ਉਹ ਪਟਿਆਲਾ ਰਿਆਸਤ ਦੇ ਦੀਵਾਨ ਧੀ ਸੀ। ਉਹ ਸੰਤਾਲੀ ਵਿਚ ਮਹਾਤਮਾ ਗਾਂਧੀ ਦੇ ਸੇਵਾ ਗਰਾਮ ਆਸ਼ਰਮ ਵਿਚ ਰਹਿੰਦੀ ਸੀ। ਨਹਿਰੂ ਨੇ ਕਿਹਾ ਕਿ ਇਹ ਸਾਡੀ ਜ਼ਾਮਨ ਹੈ। ਬਹਾਵਲਪੁਰੀਆਂ ਦੀ ਰਾਖੀ ਉਹ ਕਰੇਗੀ। ਫੇਰ ਬਾਹਵਲਪੁਰੀ ਇਸ ਭਰੋਸੇ 'ਤੇ ਰਾਜਪੁਰੇ ਪੁੱਜੇ ਤੇ ਪਹਿਲਾਂ ਉਨ੍ਹਾਂ ਦਾ ਕੈਂਪ ਸ਼ਾਮਦੂ ਵਿਖੇ ਲਾਇਆ ਗਿਆ।  ਉਨ੍ਹਾਂ ਨੂੰ ਬਣਵਾੜੀ, ਧਮੌਲੀ, ਨੀਲਪੁਰ ਪਿੰਡਾਂ ਦੀ ਜ਼ਮੀਨ ਅਲਾਟ ਕੀਤੀ ਗਈ। ਉਸ ਸਮੇਂ ਮਹਾਰਾਜਾ ਪਟਿਆਲਾ ਨੇ ਵੀ ਬਹਾਵਲਪੁਰੀਆਂ ਲਈ ਸਦ ਵਰਤ ਲੰਗਰ ਚਲਾਈ ਰੱਖਿਆ। ਅਮਤੁਸ ਸਲਾਮ ਨੇ ਹੀ ਕਸਤੂਰਬਾ ਸੇਵਾ ਆਸ਼ਰਮ ਬਣਵਾਇਆ ਸੀ। ਉਸ ਸਮੇਂ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸੀ। ਇੱਥੇ ਜਵਾਹਰ ਲਾਲ ਨਹਿਰੂ ਤੇ ਵਿਨੋਬਾ ਭਾਵੇ ਵੀ ਆਏ ਸਨ।
ਨੇਈ ਤਾਲੀਮ ਸੈਂਟਰ, ਜਿਸ ਨੂੰ ਅੱਜ ਕੱਲ ਐਨ ਟੀ ਸੀ ਸਕੂਲ ਕਿਹਾ ਜਾਂਦਾ, ਜਿਸ ਦਾ ਨੀਂਹ ਪੱਥਰ 1951 ਵਿਚ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸ਼ਾਦ ਨੇ ਰੱਖਿਆ ਸੀ  ਜੋ ਕਿ ਗਾਂਧੀ ਦੇ ਅਸੂਲਾਂ ਅਨੁਸਾਰ ਬਣਾਇਆ ਗਿਆ ਸੀ। ਇਸ ਵਿਚ ਲੱਕੜ, ਲੋਹੇ ਤੇ ਹੋਰ ਬਹੁਤ ਸਾਰੇ ਕੰਮਾਂ ਦੀ ਸਿਖਲਾਈ ਦਿੱਤੀ ਜਾਂਦੀ ਸੀ। ''
ਮੈਂ ਪੁੱਛਿਆ ,'' ਅਮਤੁਸ ਸਲਾਮ ਨੇ ਮੇਰੇ ਖਿਆਲ ਵਿਚ ਮੁਸਲਮਾਨ ਹੁੰਦੇ ਹੋਏ ਵੀ ਤੁਹਾਡੇ ਲਈ ਬਹੁਤ ਕੁੱਝ ਕੀਤਾ?''
ਅੱਗੋਂ ਬਾਬਾ ਜਿਵੇਂ ਹੈਰਾਨ ਹੋ ਗਿਆ ਹੋਵੇ ,''ਬਹੁਤ ਕੁੱਝ ਕੀ ਮਤਲਬ ! ਉਹ ਤਾਂ ਸਾਡੀ ਮਾਂ ਸੀ। ਉਹ ਮੇਰੀ ਮਾਂ ਸੀ ਤੇ ਮੇਰੇ ਪਿਉ ਦੀ ਵੀ ਮਾਂ ਸੀ। ਅਸੀਂ ਬਹਾਵਲਪੁਰੀ ਅੱਜ ਜਿਹੜੇ ਰੰਗ ਮਾਣ ਰਹੇ ਹਾਂ, ਉਹ ਸਾਡੀ ਮਾਂ ਦੀਆਂ ਦਿੱਤੀਆਂ ਅਸੀਸਾਂ ਹੀ ਨੇ। ਜੇ ਸਾਡੀ ਮਾਂ ਅਮਤੁਸ ਸਲਾਮ ਨਾ ਹੁੰਦੀ ਤਾਂ ਪਤਾ ਨੀ ਸਾਡਾ ਕੀ ਹਾਲ ਹੁੰਦਾ।'' ਬੀਬੀ ਅਮਤੁਸ ਸਲਾਮ ਦੀਆਂ ਗੱਲਾਂ ਕਰਦਾ ਹੋਇਆ ਬਾਬਾ ਭਾਵੁਕ ਹੋ ਜਾਂਦਾ ਤੇ ਹੰਝੂ ਆਪ ਮੁਹਾਰੇ ਉਸ ਦੀਆਂ ਅੱਖਾਂ 'ਚੋਂ ਵਹਿ ਤੁਰਦੇ ਨੇ। ਜਿਵੇਂ ਇਸਲਾਮ ਦੀ ਧੀ ਨੂੰ ਉਸ ਦਾ ਇਕ ਹਿੰਦੂ ਪੁੱਤ, ਉਸ ਦੇ ਇਸ ਦੁਨੀਆਂ ਤੋਂ ਜਾਣ ਤੋਂ ਕਈ ਦਹਾਕਿਆਂ ਬਾਅਦ ਵੀ, ਅਪਣੀਆਂ ਯਾਦਾਂ ਵਿਚ ਗਲ ਨਾਲ ਲਾਈ ਬੈਠਾ ਹੋਵੇ।  
ਬੀਬੀ ਨੇ ਬਹਾਵਲਪੁਰੀਆਂ ਨੂੰ ਪੈਰਾਂ 'ਤੇ ਖੜੇ ਕਰਨ ਲਈ ਦਿਨ ਰਾਤ ਇਕ ਕਰ ਦਿੱਤਾ। ਸੰਤਾਲੀ ਤੋਂ ਬਾਅਦ ਵੀ ਬਹੁਤ ਸਾਰੇ ਬਹਾਵਲਪੁਰੀ ਹਾਲੇ ਬਹਾਵਲਪੁਰ ਰਿਆਸਤ ਵਿਚ ਹੀ ਰਹਿ ਗਏ ਸਨ। ਜਦੋਂ ਉਨ੍ਹਾਂ ਦਾ ਉਥੇ ਰਹਿਣਾ ਮੁਸ਼ਕਲ ਹੋ ਗਿਆ ਤਾਂ ਬੀਬੀ ਤੇ ਸ਼ੁਸ਼ੀਲ ਕੁਮਾਰ (ਜਿਸ ਨੂੰ ਬੀਬੀ ਨੇ ਅਪਣਾ ਪੁੱਤਰ ਬਣਾਇਆ ਹੋਇਆ ਸੀ) ਬਹਾਵਲਪੁਰ ਗਏ ਤੇ ਬਹਾਵਲਪੁਰੀਆਂ ਨੂੰ ਉਥੋਂ ਸੁਰੱਖਿਅਤ ਕੱਢ ਕੇ ਰਾਜਪੁਰੇ ਲੈ ਕੇ ਆਏ। ਬੀਬੀ ਦਾ ਦਿਲ ਕਿੰਨਾ ਵੱਡਾ ਸੀ, ਇਸ ਦਾ ਅੰਦਾਜ਼ਾ ਤੁਸੀਂ ਇਸ  ਤੋਂ ਹੀ ਲਾ ਸਕਦੇ ਹੋ ਕਿ ਬੀਬੀ ਦੇ ਪਿਤਾ ਪਟਿਆਲਾ ਸਟੇਟ ਦੇ ਦੀਵਾਨ ਹੋਣ ਕਾਰਨ, ਉਨ੍ਹਾਂ ਕੋਲ ਬਹੁਤ ਸਾਰੀ ਜ਼ਮੀਨ ਸੀ ਜਿਸ 'ਤੇ ਮੁਜਾਰੇ ਖੇਤੀ ਕਰਦੇ ਸਨ। ਜਦੋਂ ਉਨ੍ਹਾਂ ਦਾ ਚਲਾਣਾ ਹੋ ਗਿਆ ਤਾਂ ਬੀਬੀ ਨੇ ਉਹ ਸਾਰੀ ਜ਼ਮੀਨ, ਉਥੇ ਖੇਤੀ ਕਰਨ ਵਾਲੇ ਮੁਜਾਰਿਆਂ ਦੇ ਨਾਂ 'ਤੇ ਹੀ ਰਜਿਸਟਰੀ ਕਰਵਾ ਦਿੱਤੀ।
ਬਾਬਾ ਫੇਰ ਅਮਤੁਸ ਸਲਾਮ ਬਾਬੇ ਗੱਲ ਕਰਦਾ ਹੋਇਆ ਰੰਜ ਕਰਦਾ ,'' ਮਾਵਾਂ ਤਾਂ ਦੋ ਚਾਰ ਬੱਚੇ ਪਾਲਦੀਆਂ ਹਨ। ਪਰ ਅਮਤੁਸ ਸਲਾਮ ਨੇ ਸਾਡੇ ਵਰਗੇ ਹਜ਼ਾਰਾਂ ਬੱਚੇ ਪਾਲੇ। ਸਾਨੂੰ ਘਰ ਦਿੱਤੇ, ਇੱਜ਼ਤ ਦਿੱਤੀ। ਜੇ ਕਦੇ ਸਾਨੂੰ ਤਕਲੀਫ ਹੋਈ ਤਾਂ ਉਹ ਦੌੜਦੀ ਹੋਈ ਨਹਿਰੂ ਕੋਲ ਜਾਂਦੀ ਤੇ ਤੁਰਤ ਸਾਡੇ ਮਸਲੇ ਦਾ ਹੱਲ ਹੋ ਜਾਂਦਾ। ਪਰ ਅਸੀਂ ਉਸ ਨੂੰ ਕੀ ਦਿੱਤਾ। ਉਸ ਦੀ ਕੋਈ ਯਾਦਗਾਰ ਤਾਂ ਕੀ ਬਣਾਉਣੀ ਸੀ, ਉਸ ਨੂੰ ਕਦੇ ਯਾਦ ਵੀ ਨੀ ਕੀਤਾ। ਕਈਆਂ ਨੂੰ ਸ਼ਾਇਦ ਲਗਦਾ ਹੋਵੇਗਾ ਕਿ ਉਹ ਮੁਸਲਮਾਨ ਸੀ। ਪਰ ਮਾਂ ਦਾ ਵੀ ਕੋਈ ਧਰਮ ਹੁੰਦਾ, ਮਾਂ ਤਾਂ ਮਾਂ ਹੁੰਦੀ ਹੈ। ਉਹ ਤਾਂ ਰੱਬ ਦੀ ਧੀ ਸੀ ਜਿਹੜੀ, ਇਸ ਦੁਨੀਆਂ ਵਿਚ ਆਈ ਹੀ ਸਾਨੂੰ ਅਪਣੀਆਂ ਮੇਹਰਾਂ ਨਾਲ ਨਿਵਾਜਣ ਲਈ ਸੀ। ਉਸ ਵਰਗੀਆਂ ਮਾਵਾਂ ਕਰਕੇ ਹੀ ਸ਼ਾਇਦ ਰੱਬ ਪਰਲੋ ਦੇ ਦਿਨ ਨੂੰ ਪਿੱਛੇ ਪਾਈ ਜਾਂਦਾ।''  ਇਹ ਬੋਲ ਬੋਲਦਿਆਂ ਬਾਬਾ ਉਸ ਪੁੱਤ ਵਾਂਗ ਲੱਗ ਰਿਹਾ ਸੀ ਜਿਹੜਾ ਚਾਹੁੰਦਾ ਹੋਇਆ ਵੀ ਅਪਣੀ ਮਾਂ ਲਈ ਕੁੱਝ ਨਾ ਕਰ ਸਕਿਆ ਹੋਵੇ।

ਮਨਜੀਤ ਸਿੰਘ ਰਾਜਪੁਰਾ
ਮੋਬਾਇਲ—9780279640

Aarti dhillon

This news is Content Editor Aarti dhillon