ਕਿਤਾਬ ਘਰ-2 : ਚੰਦਨ ਪਾਂਡੇ ਦਾ ਨਾਵਲ 'ਕਾਨੂੰਨੀ ਕਿੱਸਾ'

10/13/2020 2:41:31 PM

“ਕਾਨੂੰਨੀ ਕਿੱਸਾ” ਮੂਲ ਰੂਪ ਵਿਚ ਹਿੰਦੀ ਦੇ ਨੌਜਵਾਨ ਕਥਾਕਾਰ ਚੰਦਨ ਪਾਂਡੇ ਦੀ ਰਚਨਾ “ਵਿਧਾਨਿਕ ਗਲਪ” ਦਾ ਪੰਜਾਬੀ ਅਨੁਵਾਦ ਹੈ, ਜਿਸ ਨੂੰ ਹਰਜੋਤ ਦੁਆਰਾ ‘ਰੀਥਿੰਕ ਪਬਲਿਸ਼ਰ’ ਰਾਹੀਂ ਪ੍ਰਕਾਸ਼ਿਤ ਕਰਵਾਇਆ ਹੈ। ਇਸ ਨਾਵਲ ਦੀ ਖ਼ਾਸੀਅਤ ਇਸ ਗੱਲ ਵਿਚ ਹੈ ਕਿ ਇਹ ਸੰਨ 2014 ਤੋਂ ਬਾਅਦ ਭਾਰਤ ਅੰਦਰ ਬੜੀ ਤੇਜ਼ੀ ਨਾਲ ਉੱਭਰੀਆਂ ਅਸਹਿਣਸ਼ੀਲ ਪ੍ਰਵਿਰਤੀਆਂ ਦੇ ਰਾਜਨੀਤਿਕ ਅਤੇ ਸਮਾਜਿਕ ਸਰੂਪ ਦੀ ਚਰਚਾ ਏਨੀ ਸੂਖ਼ਮਤਾ ਸਹਿਤ ਕਰਦਾ ਹੈ ਕਿ ਨਾਵਲਕਾਰ ਇਕੋ ਸਮੇਂ ਇਸ ਨੂੰ ਕਈ ਆਯਾਮਾਂ ਤੱਕ ਲੈ ਪਹੁੰਚਦਾ ਹੈ। ਨਾਵਲ ਦੀ ਕਹਾਣੀ ਬੇਸ਼ੱਕ ਛੋਟੀ ਹੈ, ਪਰ ਉਸ ਦਾ ਅਰਥ-ਵਿਸਥਾਰ ਬਹੁਤ ਵਿਸ਼ਾਲ ਹੈ।

ਪੜ੍ਹੋ ਇਹ ਵੀ ਖਬਰ - Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ

ਜਿਸ ਮੁਤਾਬਿਕ ਇਕ ਛੋਟੇ ਜਿਹੇ ਸ਼ਹਿਰ ਤੋਂ ਉਹ ਲੋਕ ਇਕ-ਇਕ ਕਰ ਕੇ ਗ਼ਾਇਬ ਹੋਣ ਲੱਗਦੇ ਹਨ, ਜੋ ਆਪਣੇ ਸੰਸਕ੍ਰਿਤਿਕ-ਸਾਹਿਤਕ ਕਾਰਜਾਂ ਨਾਲ ਵਿਵਸਥਾ ਦੀ ਮੁਖ਼ਾਲਫ਼ਤ ਕਰਦੇ ਰਹੇ ਹਨ। ਪਰ ਇਸ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਨਾਵਲਕਾਰ ਨੇ ਇਸ ਛੋਟੇ ਜਿਹੇ ਸ਼ਹਿਰ ਦੀ ਕਹਾਣੀ ਰਾਹੀਂ ਸਮੁੱਚੇ ਭਾਰਤ ਦੇ ਵਰਤਮਾਨ ਹਾਲਾਤਾਂ ਦਾ ਬਹੁਤ ਸ਼ਾਨਦਾਰ ਤਰੀਕੇ ਨਾਲ ਵਰਣਨ ਕੀਤਾ ਹੈ। ਇਹ ਵਰਣਨ ਵਿਚਲੀਆਂ ਪਰਿਸਥਿਤੀਆਂ ਦਾ ਰਾਜਸੀ ਤੇ ਸਮਾਜਿਕ ਢਾਂਚਾ ਏਨਾ ਅਪਰਾਧਤਾ ਭਰਿਆ ਦਿਖਾਇਆ ਗਿਆ ਹੈ ਕਿ ਇਸ ਸਮੁੱਚੇ ਮਾਹੌਲ ਨੂੰ ਸਮਝਣਾ ਤੇ ਤੋੜਨਾ ਆਮ ਬੰਦੇ ਲਈ ਇਕ ਮੁਸ਼ਕਲ ਭਰਿਆ ਕਾਰਜ ਬਣ ਜਾਂਦਾ ਹੈ। ਨਾਵਲ ਇਸ ਮੁਸ਼ਕਲ ਕਾਰਜ ਦੀ ਹੀ ਗੱਲ ਕਰਦਾ ਹੈ।

ਪੜ੍ਹੋ ਇਹ ਵੀ ਖਬਰ - ਚੀਨ ਦਾ ਵੱਡਾ ਦਾਅਵਾ : ‘ਕੋਰੋਨਾ ਵਾਇਰਸ’ ਲਾਗ ਨਹੀਂ ਹੈ ਚੀਨ ਦੀ ਦੇਣ (ਵੀਡੀਓ)

ਚੰਦਨ ਪਾਂਡੇ ਨੇ ਆਪਣੇ ਇਸ ਨਾਵਲ ਅੰਦਰ ਮਹਿਜ਼ ਸਮਾਜਿਕ ਵਰਤਾਰਿਆਂ ਦੇ ਕੋਹਜ ਦਾ ਜ਼ਿਕਰ ਨਹੀਂ ਕੀਤਾ, ਬਲਕਿ ਉਸ ਨੇ ਮਾਨਵੀ ਸੰਵੇਦਨਾ ਅਤੇ ਇਸਤਰੀ ਦੇ ਮਨੋਵਿਗਿਆਨ ਨੂੰ ਵੀ ਵਿਸ਼ੇਸ਼ ਥਾਂ ਪ੍ਰਦਾਨ ਕੀਤੀ ਹੈ। ਨਾਵਲ ਅੰਦਰ ਜਿੰਨੇ ਵੀ ਨਾਰੀ ਪਾਤਰ ਹਨ, ਉਹ ਸਭ ਸੁਲਝੇ ਹੋਏ, ਮਜ਼ਬੂਤ ਤੇ ਲੜ-ਮਰਨ ਵਾਲੇ ਹਨ। ਜਿਨ੍ਹਾਂ ਨਾਲ ਮਿਲਦਾ-ਜੁਲਦਾ ਜ਼ਿਕਰ ਸਾਨੂੰ ਸਾਹਿਤ ਦੇ ਖ਼ੇਤਰ ਅੰਦਰ ਕਦੀ ਕਦਾਈਂ ਹਾਸਲ ਹੁੰਦਾ ਹੈ। ਇਸ ਤੋਂ ਇਲਾਵਾ ਇਸ ਰਚਨਾ ਅੰਦਰ ਇਸ ਦੇ ਨਾਇਕ ਅਰਜੁਨ ਦੀਆਂ ਕਮਜ਼ੋਰੀਆਂ ਦੇ, ਜੋ ਟੁਕੜੇ ਸਾਹਮਣੇ ਆਏ ਹਨ, ਉਹ ਵੀ ਇਕ ਇਮਾਨਦਾਰ ਸਵੀਕ੍ਰਿਤੀ ਦੇ ਤੌਰ ’ਤੇ ਪਾਠਕ ਨੂੰ ਚੰਗੇ ਲੱਗ ਸਕਦੇ ਹਨ।

ਹਿੰਦੀ ਦੇ ਨਾਮਵਰ ਆਲੋਚਕ ਮਹੇਸ਼ ਵਰਮਾ ਦਾ ਆਖਣਾ ਹੈ ਕਿ, “ਕਾਨੂੰਨੀ ਕਿੱਸਾ” ਡੂੰਘੀ ਰਾਜਨੀਤਿਕ, ਸਮਾਜਿਕ ਤਰਫ਼ਦਾਰੀ ਦਾ ਗੱਦ ਹੁੰਦੇ ਹੋਏ ਵੀ ਤੀਬਰ ਅੰਦਰੂਨੀ ਭਾਵਨਾਵਾਂ ਅਤੇ ਸੰਵੇਦਨਾਵਾਂ ਦਾ ਸਾਥ ਨਹੀਂ ਛੱਡਦਾ। ਇਸ ਮੁਸ਼ਕਲ ਜਗ੍ਹਾ ਨਾਲ ਰਚੇ ਜਾਣ ਦੇ ਬਾਵਜੂਦ ਕਮਾਲ ਇਹ ਵੀ ਹੈ ਕਿ ਇਹ ਗਲਪ ਦੇ ਪਾਰੰਪਰਿਕ ਤੱਤਾਂ, ਜਿਵੇਂ ਰਹੱਸ, ਰੌਚਕਤਾ ਅਤੇ ਅੰਦਰੂਨੀ ਪਾਠ ਨੂੰ ਬਚਾਈਂ ਰੱਖਦਾ ਹੈ। ਪਿਆਰ, ਕਰੂਰਤਾ ਤੇ ਪ੍ਰਤਿਰੋਧ ਚੰਦਨ ਦੇ ਇਸ ਨਾਵਲ ਅੰਦਰ ਸੂਖ਼ਮ ਤੇ ਸਮਕਾਲੀ ਰੂਪਾਂ ਵਿਚ ਪ੍ਰਗਟ ਹੁੰਦੇ ਹਨ, ਜਿਹੜੇ ਨਾ ਸਿਰਫ਼ ਹੈਰਾਨ ਹੀ ਕਰਦੇ ਹਨ, ਬਲਕਿ ਪਾਠਕ ਦੀ ਚੇਤਨਾ ਅੰਦਰ ਵੀ ਕੁਝ ਸਕਾਰਾਤਮਿਕ ਜੋੜ ਜਾਂਦੇ ਹਨ।”

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਉੱਤਮ ਪੁਰਖੀ ਸ਼ੈਲੀ ਵਿਚ ਲਿਖੀ ਗਈ ਇਹ ਰਚਨਾ ਪਾਠਕ ਨੂੰ ਮਹਿਸੂਸ ਕਰਨ, ਸਮਝਣ ਤੇ ਫ਼ੈਸਲਾ ਦੇਣ ਦੇ ਅਥਾਹ ਮੌਕੇ ਦਿੰਦੀ ਹੈ। ਫ਼ਿਰ ਬੇਸ਼ੱਕ ਉਹ ਕਸਬੇ ਤੋਂ ਸ਼ਹਿਰ ਬਣ ਰਹੇ ‘ਵਿਕਾਸ’ ਨੂੰ ਦੇਖਣ ਦੀ ਦ੍ਰਿਸ਼ਟੀ ਹੋਏ, ਛੋਟੇ ਸ਼ਹਿਰਾਂ ਦੀ ਪੱਤਰਕਾਰਤਾ ਹੋਏ ਜਾਂ ਸ਼ਾਮ ਦੀਆਂ ਮਹਿਫ਼ਿਲਾਂ ਵਿਚ ਆਉਣ ਵਾਲੇ ਚਿਹਰਿਆਂ ਦੀ ਕਹਾਣੀ, ਚੰਦਨ ਦੇ ਲੇਖਣ ਵਿਚ ਦਾਰਸ਼ਨਿਕਤਾ ਭਰੀ ਪਈ ਹੈ। ਜਿਸ ਦਾ ਇਕ ਨਮੂਨਾ ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ:

“ਅਸਫ਼ਲਤਾਵਾਂ ਬਹੁਤ ਸਾਰੇ ਸਰਪ੍ਰਸਤ ਦੇ ਦਿੰਦੀਆਂ ਹਨ।”

ਇਸ ਤੋਂ ਇਲਾਵਾ ਨਾਵਲ ਦਾ ਇਕ ਅੰਸ਼ ਇਹ ਵੀ ਦੇਖਿਆ ਜਾ ਸਕਦਾ ਹੈ:

“ਜੇਕਰ ਸਭਿਅਤਾ ਨੇ ਪ੍ਰਗਤੀ ਕਰਨੀ ਹੀ ਸੀ ਤਾਂ ਇਸ ਪਾਸੇ ਕਰਨੀ ਚਾਹੀਦੀ ਸੀ ਕਿ ਕਿਸੇ ਦੇ ਸਾਹਮਣੇ ਉਸ ਦਾ ਕੋਈ ਪਿਆਰਾ ਨਾ ਮਾਰ ਦਿੱਤਾ ਜਾਏ, ਗ਼ਾਇਬ ਨਾ ਕੀਤਾ ਜਾਏ। ਡੇਢ ਸੌ ਸਾਲਾਂ ਵਿਚ ਅਸੀਂ ਏਨਾ ਵੀ ਨਹੀਂ ਕਰ ਪਾਏ। ਅਨਸੂਆ ਦੇ ਕੋਲ ਜਾ ਕੇ ਮੈਂ ਦੱਸਦਾ ਵੀ ਤਾਂ ਕੀ ਦੱਸਦਾ? ਇਹ ਕਿ ਰਫ਼ੀਕ ਦਾ ਪਤਾ ਲਗਾਉਣ ਦੇ ਨਾਲ ਸਾਡੇ ਤੋਂ ਉਸ ਦੇ ਜੀਵਨ ਉੱਪਰ ਲਿਖ ਦਿੱਤੀਆਂ ਗਈਆਂ ਕਹਾਣੀਆਂ ਦਾ ਜਾਲ਼ਾ ਸਾਫ਼ ਕਰਨਾ ਕੀ ਕਦੀ ਸੰਭਵ ਹੋ ਪਾਏਗਾ। ਉਸ ਦੀ ਡਾਇਰੀ, ਉਸ ਦੇ ਨੋਟਸ, ਪਟਕਥਾਵਾਂ ਸਭ ਸੱਚ ਦੱਸ ਰਹੀਆਂ ਸਨ, ਪਰ ਸਭ ਦੀ ਪਹੁੰਚ ਵਿਚ ਤਾਂ ਅਖ਼ਬਾਰ ਸੀ, ਪੁਲਸ ਸੀ, ਮੋਰਚਾ ਸੀ, ਮਨੁੱਖੀ ਖਾਹਿਸ਼ਾਂ ਸਨ।”

ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਛਾਈਆਂ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦੈ ‘ਪੁਦੀਨਾ’, ਜਾਣੋ ਹੋਰ ਵੀ ਫਾਇਦੇ

ਇਸ ਤੋਂ ਬਿਨਾਂ ਸ਼ਾਇਦ ਹੀ ਹੋਰ ਕੋਈ ਥਾਂ ਹੋਏ, ਜਿੱਥੇ ਲੇਖਕ ਬੋਲਦਾ ਦਿਖਾਈ ਦਿੰਦਾ ਹੋਵੇ। ਉਹ ਕੋਈ ਟਿੱਪਣੀ ਨਹੀਂ ਕਰਦਾ, ਨਤੀਜੇ ਨਹੀਂ ਕੱਢਦਾ, ਬੱਸ ਡਿਟੇਲਜ਼ ਦਿੰਦਾ, ਸਾਰੇ ਦ੍ਰਿਸ਼, ਸਾਰੀਆਂ ਚਾਲਾਂ ਉਸ ਦੇ ਜ਼ਿਹਨ ਵਿਚ ਹੀ ਦਰਜ ਹੁੰਦੀਆਂ ਹਨ। ਉਹ ਇਕੱਲਾ ਆਪਣੇ ਪਾਤਰ ਰਫ਼ੀਕ ਦੇ ਵਿਰੁੱਧ ਖੜ੍ਹੇ ਸਮਾਜ ਦਾ ਭਾਸ਼ਯ ਸਿਲਸਿਲੇਵਾਰ ਗੁੰਦਦਾ ਜਾਂਦਾ ਹੈ ਪਰ ਉਸ ਦੇ ਇਸ ਨੈਰੇਸ਼ਨ ਅੰਦਰ ਇਸ ਪੂਰੇ ਨਾਵਲ ਦਾ ਸਾਰ ਲੁਕਿਆ ਹੋਇਆ ਹੈ।

ਹਾਲਾਂਕਿ ਜਦੋਂ ਪਾਠਕ ਇਸ ਨਾਵਲ ਦੀ ਪੜ੍ਹਤ ਵਿਚ ਪੈਂਦਾ ਹੈ, ਉਸ ਦੇ ਸਾਹਮਣੇ ਕਈ ਸਵਾਲ ਆ ਖੜ੍ਹਦੇ ਹਨ, ਪਰ ਦੇਸ਼ ਅੰਦਰ ਛਾਏ ਮੌਜੂਦਾ ਮਾਹੌਲ ਦੇ ਮੱਦੇਨਜ਼ਰ ਜਿਸ ਵਿਸਤ੍ਰਿਤ ਵਿਸ਼ੇ ਨੂੰ ਚੰਦਨ ਨੇ ਛੂਹਿਆ ਹੈ, ਉਸ ਦੇ ਇਸ ਪਹਿਲੇ ਭਾਗ ਅੰਦਰ ਸਾਰੇ ਸਵਾਲਾਂ ਦੇ ਜਵਾਬ ਆ ਜਾਣੇ ਇਕ ਅਸੰਭਵ ਕਾਰਜ ਸੀ। ਇਸ ਲਈ ਇਨ੍ਹਾਂ ਸਵਾਲਾਂ ਨਾਲ ਨਾਵਲਕਾਰ ਆਪਣੀ “ਨਾਗਰਿਕ ਤ੍ਰੈ” ਲੜੀ ਵਿਚ ਨਜਿੱਠਣ ਦਾ ਭਰੋਸਾ ਦਿੰਦਾ ਹੈ।

ਪੜ੍ਹੋ ਇਹ ਵੀ ਖਬਰ - ਹੁਣ ਘਾਟੀ ਤੱਕ ਹੀ ਨਹੀਂ ਸੀਮਤ ਰਹਿਣਗੀਆਂ ‘ਦੁਰਲੱਭ ਜੜੀ-ਬੂਟੀਆਂ’, ਪਹੁੰਚਣਗੀਆਂ ਪੂਰੀ ਦੁਨੀਆਂ ’ਚ

ਸੰਖੇਪ ਵਿਚ ਆਖਿਆ ਜਾ ਸਕਦਾ ਹੈ ਕਿ “ਕਾਨੂੰਨੀ ਕਿੱਸਾ” ਇਕ ਅਜਿਹੀ ਰਚਨਾ ਹੈ, ਜਿਸ ਦਾ ਪਾਠ ਹਰ ਉਸ ਪਾਠਕ ਲਈ ਜ਼ਰੂਰੀ ਬਣ ਜਾਂਦਾ ਹੈ, ਜਿਸ ਦਾ ਭਾਰਤ ਦੀਆਂ ਅਜੋਕੀਆਂ ਹਾਲਤਾਂ, ਸੱਤਾ-ਸੰਚਾਲਨ, ਪ੍ਰਸ਼ਾਸ਼ਨ ਆਦਿ ਨੂੰ ਸਮਝਣ ਅਤੇ ਉਸ ਪ੍ਰਤੀ ਆਪਣਾ ਬਣਦਾ ਕਦਮ ਉਠਾਉਣ ਵਿਚ ਦਿਲਚਸਪੀ ਹੈ।

ਕਿਤਾਬ : 'ਕਾਨੂੰਨੀ ਕਿੱਸਾ'
ਲਿਖਾਰੀ : ਚੰਦਨ ਪਾਂਡੇ 
ਪੰਜਾਬੀ ਅਨੁਵਾਦਕ : ਹਰਜੋਤ
ਕਿਤਾਬ ਆਲੋਚਕ: ਬਲਰਾਜ ਸਿੰਘ ਕੋਕਰੀ
ਸੰਪਰਕ: 98148-13011
ਕਿਤਾਬ ਘਾੜਾ : ਰੀਥਿੰਕ ਪਬਲਿਸ਼ਰ
ਕੀਮਤ: 245  ਹਾਰਡ ਕਾਪੀ
ਸੰਪਰਕ: +91 94648 95424

rajwinder kaur

This news is Content Editor rajwinder kaur