ਤਾਸ਼ ਦਾ ਖੇਡ: ਇਹ ਜ਼ਿੰਦਗੀ

07/24/2020 5:21:37 PM

ਸੂਰਜ ਗ੍ਰਹਿਣ ਉੱਪਰ ਚੱਲੀ ਹਫਤਾਵਾਰੀ ਲੜੀ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਪ੍ਰੇਰਿਤ ਹੁੰਦੇ ਹੋਏ ਅਸੀਂ ਆਪਣੇ ਪਾਠਕਾਂ ਲਈ ਪ੍ਰੇਰਣਾਦਾਇਕ ਲੇਖਾਂ ਦੀ ਇੱਕ ਨਵੀਂ ਲੜੀ 'ਪ੍ਰੇਰਕ ਪ੍ਰਸੰਗ' ਸ਼ੁਰੂ ਕੀਤੀ ਹੈ। ਉਹੀ ਦਿਨ, ਉਹੀ ਲੇਖਕ। ਅੱਜ ਪੇਸ਼ ਹੈ ਇਸ ਲੜੀ ਦੀ ਪੰਜਵੀਂ ਕੜੀ।

ਪ੍ਰੇਰਕ ਪ੍ਰਸੰਗ – 5

ਬੋਰਡ ਜਮਾਤਾਂ ਦੇ ਨਤੀਜੇ ਘੋਸ਼ਿਤ ਹੋ ਚੁਕੇ ਹਨ। ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀਆਂ ਤਸਵੀਰਾਂ ਅਖਬਾਰਾਂ 'ਚ ਛਪੀਆਂ। ਜ਼ਿਆਦਾ ਵੱਡੀਆਂ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀਆਂ ਤਸਵੀਰਾਂ ਉਨ੍ਹਾਂ ਦੇ ਮਾਪਿਆਂ ਜਾਂ ਸਕੂਲ ਪ੍ਰਬੰਧਕਾਂ ਨਾਲ ਛਪੀਆਂ। ਤਸਵੀਰਾਂ ਵਿੱਚ ਹਰ ਕੋਈ ਬੜਾ ਖੁਸ਼ ਨਜ਼ਰ ਆ ਰਿਹਾ ਸੀ। 

ਜੇਕਰ ਡੂੰਘਾ ਅਧਿਐਨ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੋਂ ਬਿਨਾ ਨਾ ਤਾਂ ਕੋਈ ਹੋਰ ਵਿਦਿਆਰਥੀ ਖੁਸ਼ ਹੋਇਆ ਅਤੇ ਨਾ ਹੀ ਉਨ੍ਹਾਂ ਦਾ ਮਾਪਾ (ਕਿਸੇ ਵਿਰਲੇ ਟਾਵੇਂ ਨੂੰ ਛੱਡ ਕੇ)। ਜਿਸ ਕਿਸੇ ਦੀ ਦੂਜੀ ਪੁਜੀਸ਼ਨ ਆ ਗਈ, ਉਹ ਜਾਂ ਉਸ ਦੇ ਮਾਪੇ ਇਸ ਗੱਲ ਨੂੰ ਲੈ ਕੇ ਝੁਰ ਰਹੇ ਹਨ ਕਿ ਪਹਿਲੀ ਪੁਜੀਸ਼ਨ ਕਿਉਂ ਨਹੀਂ ਆਈ। ਜਿਨ੍ਹਾਂ ਦੀ ਤੀਜੀ ਪੁਜੀਸ਼ਨ ਆ ਗਈ ਉਹ ਇਸ ਗੱਲ ਨੂੰ ਲੈ ਕੇ ਝੁਰ ਰਹੇ ਹਨ ਕਿ ਦੂਜੀ ਪੁਜੀਸ਼ਨ ਹੀ ਆ ਜਾਂਦੀ। ਜਿਹੜੇ ਬੇਚਾਰੇ ਕੁਝ ਕੁ ਅੰਕਾਂ ਕਾਰਨ ਪਹਿਲੇ ਦਰਜੇ ਵਿੱਚ ਆਉਣੋ ਰਹਿ ਗਏ ਉਹ ਝੁਰ ਰਹੇ ਨੇ ਕਿ ਅਸੀਂ ਪਹਿਲੀ, ਦੂਜੀ ਜਾਂ ਤੀਜੀ ਪੁਜੀਸ਼ਨ ਕੀ ਕਰਨੀ ਸੀ। ਬਸ ਕੁਝ ਕੁ ਅੰਕ ਹੋਰ ਆ ਜਾਂਦੇ ਤਾਂ ਕਹਿਣ ਜੋਗਰੇ ਹੋ ਜਾਂਦੇ ਕਿ ਪਹਿਲੇ ਦਰਜੇ ਵਿੱਚ ਪਾਸ ਹੋਏ ਹਾਂ। ਇਹੀ ਹਾਲ ਤੀਜੇ ਦਰਜੇ ਨਾਲ ਜਮਾਤਾਂ ਪਾਸ ਕਰਨ ਵਾਲਿਆਂ ਦਾ ਹੈ।

ਜਦੋਂ ਤੁਹਾਨੂੰ ਸਤਾਉਣ ਲੱਗੇ ਇਕੱਲਾਪਣ ਤਾਂ ਜ਼ਰੂਰ ਕਰੋ ਇਹ ਕੰਮ 

ਐਨਾਂ ਹੀ ਨਹੀਂ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੋਂ ਵੀ ਮਾਪਿਆਂ ਜਾਂ ਅਧਿਆਪਕਾਂ ਦੁਆਰਾ ਅਕਸਰ ਪੁੱਛਿਆ ਜਾਂਦਾ ਹੈ ਕਿ ਫਲਾਣੇ ਵਿਸ਼ੇ ਚੋਂ ਉਨ੍ਹਾਂ ਦੇ ਸੌ ਵਿੱਚੋਂ ਨੜਿੰਨਵੇਂ ਅੰਕ ਆਏ ਹਨ; ਇੱਕ ਅੰਕ ਕਿਥੇ ਕਟ ਗਿਆ। ਭਾਵ ਨੜਿੰਨਵੇਂ ਅੰਕਾਂ ਦੀ ਖੁਸ਼ੀ ਘੱਟ, ਇੱਕ ਅੰਕ ਕੱਟੇ ਜਾਣ ਦਾ ਗ਼ਮ ਵੱਧ।

ਅਜਿਹੀ ਪਰਵਿਰਿਤੀ ਮਨੋਵਿਗਿਆਨ ਦੇ ਸਾਰੇ ਸਿਧਾਤਾਂ ਦੇ ਉਲਟ ਹੈ। ਚਾਹੀਦਾ ਤਾਂ ਇਹ ਹੈ ਕਿ ਅਸੀਂ ਆਪਣੀਆਂ ਪ੍ਰਾਪਤੀਆਂ 'ਤੇ ਮਾਣ ਕਰਨਾ ਸਿੱਖੀਏ ਤੇ ਬੱਚਿਆਂ ਨੂੰ ਸਿਖਾਈਏ ਨਾ ਕਿ ਉਸ ਗੱਲ 'ਤੇ ਝੋਰਾ ਲਾਈਏ ਜੋ ਸਾਨੂੰ ਪ੍ਰਾਪਤ ਨਹੀਂ ਹੋਇਆ। ਅਜਿਹਾ ਗ਼ੈਰ-ਮਨੋਵਿਗਿਆਨਕ ਵਰਤਾਰਾ ਬੱਚੇ ਨੂੰ ਤੋੜ ਦਿੰਦਾ ਹੈ, ਉਸ ਦਾ ਆਤਮ-ਵਿਸ਼ਵਾਸ ਖਤਮ ਕਰ ਦਿੰਦਾ ਹੈ ਤੇ ਉਸ ਵਿੱਚ ਅਪਰਾਧੀ ਪਰਵਿਰਿਤੀਆਂ ਨੂੰ ਜਨਮ ਤੱਕ ਦੇ ਸਕਦਾ ਹੈ।

ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ

ਉਂਝ ਤਾਂ ਪ੍ਰੀਖਿਆਵਾਂ ਤੇ ਨਤੀਜੀਆਂ ਨਾਲ ਜੁੜਿਆ ਤਣਾਅ ਹਰ ਸਾਲ ਹੀ ਹੁੰਦਾ ਹੈ, ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਪੂਰੇ ਸੰਸਾਰ ਅੰਦਰ ਇਸ ਦਾ ਪੱਧਰ ਸਿਰੇ ਦਾ ਹੈ - ਇਹ ਕੋਈ ਅਤਿ ਕਥਨੀ ਨਹੀਂ ਹੈ। ਅਜਿਹੇ ਵਿੱਚ ਮਾਪਿਆਂ, ਮੀਡੀਆ, ਅਧਿਆਪਕਾਂ, ਸਕੂਲਾਂ ਅਤੇ ਮਨੋਵਿਗਿਆਨੀਆਂ ਸਿਰ ਇੱਕ ਵੱਡੀ ਜ਼ਿੰਮੇਵਾਰੀ ਆ ਪਈ ਹੈ ਕਿ ਨਿਰਾਸ਼ਾ ਦੇ ਆਲਮ ਵਿੱਚ ਡੁੱਬੇ ਨੌਜਵਾਨਾਂ-ਮੁਟਿਆਰਾਂ ਜਾਂ ਉਨ੍ਹਾਂ ਦੇ ਮਾਪਿਆਂ ਨੂੰ ਕਿਸ ਤਰ੍ਹਾਂ ਪ੍ਰੇਰਨਾ ਦਿੱਤੀ ਜਾਵੇ। ਇਸੇ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਅੱਜ ਅਸੀਂ ਆਪਣੇ ਸਥਾਪਤ ਕਾਲਮ-ਨਵੀਸ ਰਾਹੀਂ ਤੁਹਾਨੂੰ ਸੰਬੋਧਿਤ ਹਾਂ।

ਪਿਆਰੇ ਵਿਦਿਆਰਥੀਓ, ਜੇਕਰ ਤੁਹਾਡਾ ਨਤੀਜਾ ਤੁਹਾਡੀ ਜਾਂ ਤੁਹਾਡੇ ਮਾਪਿਆਂ ਦੀ ਉਮੀਦ ਅਨੁਸਾਰ ਨਹੀਂ ਰਿਹਾ ਤਾਂ ਨਿਰਾਸ਼ ਹੋਣ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ। ਸਭ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਕਈ ਘਾਟਾਂ ਹਨ। ਐਥੇ ਰੱਟਾ ਜ਼ਿਆਦਾ ਚੱਲਦਾ ਹੈ ਅਤੇ ਅਜਿਹੇ ਖਰਾਬ ਸਿਸਟਮ ਲਈ ਤੁਸੀਂ ਜ਼ਿੰਮੇਵਾਰ ਨਹੀਂ ਹੋ। ਜੇਕਰ ਤੁਹਾਡੇ ਅੰਕ ਘੱਟ ਆਏ ਹਨ ਜਾਂ ਤੁਸੀਂ ਪਾਸ ਨਹੀਂ ਹੋ ਸਕੇ ਤਾਂ ਇਸ ਦਾ ਇਹ ਮਤਲਬ ਬਿਲਕੁਲ ਵੀ ਨਹੀਂ ਕਿ ਤੁਸੀਂ ਨਾ-ਕਾਬਲ ਹੋ। ਇਸ ਦਾ ਤਾਂ ਬਸ ਐਨਾ ਕੁ ਹੀ ਮਤਲਬ ਹੈ ਕਿ ਤੁਸੀਂ ਜੋ ਕੁਝ ਕਿਤਾਬਾਂ ਵਿੱਚ ਲਿਖਿਆ ਹੋਇਆ ਦੇਖਿਆ ਉਸ ਨੂੰ ਹੂ-ਬਹੂ ਪੇਪਰ ਵਿੱਚ ਉਤਾਰ ਨਹੀਂ ਸਕੇ।

SDM ਪੂਨਮ ਸਿੰਘ ਨੇ ਬਚਾਈ ਨੌਜਵਾਨ ਦੀ ਜਾਨ, ਕਿਹਾ ‘ਮੌਕੇ ’ਤੇ ਨਾ ਪਹੁੰਚਦੀ ਤਾਂ ਮਾਰ ਦਿੰਦੇ’

ਖਰਾਬ ਸਿਸਟਮ ਦੀ ਫਟਕਾਰ ਤੁਹਾਨੂੰ ਕਿਉਂ ਪਵੇ? ਤੁਹਾਡੀ ਨਿਰਾਸ਼ਾ ਅਤੇ ਅਸਫਲਤਾ ਸੱਦੀ ਜਾਣ ਵਾਲੀ ਸਥਿਤੀ ਲਈ ਤੁਸੀਂ ਨਹੀਂ, ਅਸੀਂ ਜ਼ਿੰਮੇਵਾਰ ਹਾਂ। ਅਸੀਂ ਲੋਕ ਗੱਲਾਂ ਤਾਂ ਬਹੁਤ ਵੱਡੀਆਂ-ਵੱਡੀਆਂ ਕਰਦੇ ਹਾਂ ਪਰ ਮੌਕੇ 'ਤੇ ਫਿਸਲ ਜਾਂਦੇ ਹਾਂ। ਮੀਡੀਆ ਨੂੰ ਹੀ ਲੈ ਲਵੋ – ਤਸਵੀਰਾਂ ਕੇਵਲ ਉੁਨ੍ਹਾਂ ਦੀਆਂ ਦੀਆਂ ਹੀ ਛਾਪੀਆਂ ਜਾਂਦੀਆਂ ਹਨ ਜੋ ਸ਼ਤ-ਪ੍ਰਤੀਸ਼ਤ ਜਾਂ ਇਸ ਦੇ ਨੇੜੇ-ਤੇੜੇ ਅੰਕ ਹਾਸਲ ਕਰਦੇ ਹਨ। ਜਿਹੜੇ ਵਿਦਿਆਰਥੀ ਨੈਤਿਕ ਕਦਰਾਂ ਕੀਮਤਾਂ 'ਤੇ ਪਹਿਰਾ ਦਿੰਦਿਆਂ ਫੇਲ੍ਹ ਹੋਣਾ ਚੁਣਦੇ ਹਨ, ਉਨ੍ਹਾਂ ਦੀ ਬਾਤ ਕੋਈ ਵੀ ਅਖਬਾਰ ਜਾਂ ਟੀ.ਵੀ ਚੈਨਲ ਕਿਉਂ ਨਹੀਂ ਪਾਉਂਦਾ? ਫੇਲ੍ਹ ਹੋਣ ਵਾਲਿਆਂ 'ਚ ਹਰ ਸਾਲ ਵੱਡੀ ਗਿਣਤੀ ਉਨ੍ਹਾਂ ਵਿਦਿਆਰਥੀਆਂ ਦੀ ਹੁੰਦੀ ਹੈ ਜੋ ਬਹੁਤ ਥੋੜ੍ਹੇ ਫਰਕ ਨਾਲ ਫੇਲ਼੍ਹ ਹੋਏ ਹੁੰਦੇ ਹਨ ਤੇ ਜੇਕਰ ਨਕਲ ਮਾਰਨ ਵਰਗੇ ਗ਼ੈਰ ਇਖਲਾਕੀ ਤਰੀਕੇ ਉਨ੍ਹਾਂ ਵਰਤ ਲਏ ਹੁੰਦੇ ਤਾਂ ਸ਼ਾਇਦ ਉਹ ਪਾਸ ਹੋ ਗਏ ਹੁੰਦੇ। ਮੀਡੀਆ ਨੂੰ ਕਦੇ ਵੀ ਇਹ ਨੌਜਵਾਨ ਕਿਉਂ ਨਹੀਂ ਦਿਖਾਈ ਦਿੱਤੇ – ਚਰਚਾ ਦਾ ਵਿਸ਼ਾ ਹੈ।

ਸ਼ਤ-ਪ੍ਰਤੀਸ਼ਤ ਅੰਕ ਕਿਵੇਂ ਹਾਸਲ ਕੀਤੇ ਗਏ, ਇਸ ਗੱਲ ਦੀ ਕੋਈ ਪੁਣਛਾਨ ਨਹੀਂ ਕੀਤੀ ਜਾਂਦੀ। ਕੀ ਇਹ ਹੋ ਸਕਦਾ ਹੈ ਕਿ ਵਿਦਿਆਰਥੀ ਸਾਰੇ ਦੇ ਸਾਰੇ ਵਿਸ਼ਿਆਂ 'ਚੋਂ ਸੌ-ਸੌ ਫੀਸਦੀ ਅੰਕ ਲੈ ਜਾਵੇ। ਕੀ ਸਾਰੇ ਵਿਸ਼ਿਆਂ ਚੋਂ ਸੌ-ਸੌ ਫੀਸਦੀ ਅੰਕ ਆ ਸਕਦੇ ਹਨ। ਥੋੜ੍ਹਾ ਆਲੇ ਦੁਆਲੇ ਨਜ਼ਰ ਦੌੜਾਓ। ਹੋ ਸਕਦਾ ਹੈ ਕਿ ਤੁਹਾਨੂੰ ਇਨ੍ਹਾਂ 'ਪੜ੍ਹਾਕੂਆਂ' ਬਾਰੇ ਕੋਈ ਅਜਿਹੀ ਬੁਰੀ ਗੱਲ ਪਤਾ ਲੱਗੇ ਕਿ ਸੌ ਫੀਸਦੀ ਅੰਕ ਲੈਣ ਵਾਲੇ ਹਰ ਵਿਦਿਆਰਥੀ ਨਾਲ ਹੀ ਤੁਹਾਡਾ ਮੋਹ ਭੰਗ ਹੋ ਜਾਵੇ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਯਾਦ ਰੱਖੋ, ਜ਼ਿੰਦਗੀ ਵਿੱਚ ਅੰਕ ਨਹੀਂ ਸਿਖਲਾਈ ਕੰਮ ਆਉਂਦੀ ਹੈ। ਅਸਲੀ ਕੀਮਤ ਪੜ੍ਹਾਈ ਦੀ ਨਹੀਂ ਸਮਝ ਦੀ ਪੈਂਦੀ ਹੈ। ਪੇਪਰਾਂ 'ਚ ਅੰਕ ਚਾਹੇ ਜਿੰਨੇ ਮਰਜ਼ੀ ਲੈ ਲਵੋ ਤੁਹਾਡੇ ਆਪਣੇ ਗੁਰ ਅਤੇ ਗੁਣ ਹੀ ਤੁਹਾਨੂੰ ਕਾਮਯਾਬ ਬਨਾਉਣਗੇ। ਜ਼ਰਾ ਸੋਚੋ, ਜਿਸ ਵਿਅਕਤੀ ਤੋਂ ਤੁਸੀਂ ਘਰ ਬਿਜਲੀ ਦੀ ਫਿਟਿੰਗ ਜਾਂ ਮੁਰੰਮਤ ਕਰਵਾਉਂਦੇ ਹੋ, ਓਸ ਦਾ ਇਲੈਕਟਰੀਕਲ ਇੰਜਨੀਅਰਿੰਗ ਦਾ ਸਰਟੀਫਿਕੇਟ ਚੈੱਕ ਕੀਤੈ ਕਦੇ? ਜਿਸ ਦਰਜੀ ਤੋਂ ਕੱਪੜੇ ਸਿਲਵਾਉਂਦੇ ਹੋ ਓਸ ਦਾ ਫੈਸ਼ਨ ਡਿਜ਼ਾਈਨਿੰਗ ਦਾ ਡਿਪਲੋਮਾ/ਡਿਗਰੀ ਚੈੱਕ ਕੀਤੈ ਕਦੇ? ਹੋਰ ਤਾਂ ਹੋਰ, ਜਿਸ ਡਾਕਟਰ ਕੋਲ ਆਪਰੇਸ਼ਨ ਜਾਂ ਹੋਰ ਇਲਾਜ ਲਈ ਜਾਂਦੇ ਹਾਂ, ਅਸੀਂ ਤਾਂ ਓਸ ਦਾ ਵੀ ਸਰਟੀਫਿਕੇਟ ਕਦੇ ਚੈੱਕ ਨਹੀਂ ਕਰਦੇ।

ਜ਼ਰਾ ਸੋਚੋ, ਜਿਸ ਮਿਸਤਰੀ ਨੇ ਤੁਹਾਡੇ ਮਕਾਨ ਦਾ ਨਿਰਮਾਣ ਕੀਤਾ ਸੀ, ਉਸ ਕੋਲ ਕਿਹੜੀ ਡਿਗਰੀ ਸੀ, ਸਿਵਲ ਇੰਜਨੀਅਰਿੰਗ ਦੀ? ਪੇਪਰਾਂ 'ਚ ਘੱਟ ਅੰਕ ਆਉਣਾ ਜਾਂ ਐਥੋਂ ਤੱਕ ਕਿ ਫੇਲ੍ਹ ਹੋ ਜਾਣਾ ਕਦੇ ਵੀ ਇਹ ਨਹੀਂ ਦਰਸਾਉਂਦਾ ਕਿ ਤੁਸੀਂ ਜ਼ਿੰਦਗੀ 'ਚ ਕਦੇ ਕੁਝ ਨਹੀਂ ਕਰ ਸਕੋਗੇ। ਫੇਲ੍ਹ ਹੋਣ ਵਾਲਾ ਤਾਂ ਸਗੋਂ ਪਾਸ ਹੋਣ ਵਾਲਿਆਂ ਨਾਲੋਂ ਇੱਕ ਗੱਲੋਂ ਬਿਹਤਰ ਹੁੰਦਾ ਹੈ – ਉਸ ਨੁੰ ਚੁਣੌਤੀ ਮਿਲ ਚੁੱਕੀ ਹੁੰਦੀ ਹੈ ਆਪਣੀ ਯੋਗਤਾ ਸਿੱਧ ਕਰਨ ਦੀ, ਜ਼ਿੰਦਗੀ 'ਚ ਕੁਝ ਕਰ ਕੇ ਦਿਖਾਉਣ ਦੀ। ਪਾਸ ਹੋਣ ਵਾਲਿਆਂ ਨੇ ਅਜੇ ਇਹ ਚੁਣੌਤੀ ਦੇਖੀ ਨਹੀਂ ਹੁੰਦੀ।

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਅਜਿਹੀਆਂ ਅਨੇਕਾਂ ਉਦਾਹਰਨਾਂ ਹਨ ਜੋ ਇਹ ਦਰਸਾਉਂਦੀਆਂ ਹਨ ਕਿ ਫੇਲ੍ਹ ਹੋਣ ਜਾਂ ਨਲਾਇਕ ਸਮਝੇ ਜਾਣ ਵਾਲੇ ਅਨੇਕਾਂ ਵਿਅਕਤੀਆਂ ਨੇ ਜ਼ਿੰਦਗੀ 'ਚ ਅਪਾਰ ਉਚਾਈਆਂ ਹਾਸਲ ਕੀਤੀਆਂ ਹਨ। ਸਟੀਫਨ ਕਿੰਗ ਦੇ ਪਹਿਲੇ ਨਾਵਲ 'ਕੈਰੀ' ਨੂੰ 30 ਥਾਵਾਂ ਤੋਂ ਛਪਣ ਤੋਂ ਨਾਂਹ ਹੋਈ ਫਿਰ ਵੀ ਉਹ ਨਾਵਲ ਛਪਵਾ ਕੇ ਹਟਿਆ ਅਤੇ ਖੂਬ ਨਾਮਣਾ ਖੱਟਿਆ। ਅੱਜ ਇਸ ਦੀ ਸਥਿਤੀ ਵੇਖੋ - ਇਸ ਅਮਰੀਕੀ ਲੇਖਕ ਦੁਆਰਾ ਲਿਖੀਆਂ ਪੁਸਤਕਾਂ ਦੀਆਂ ਹੁਣ ਤੱਕ 35 ਕਰੋੜ ਕਾਪੀਆਂ ਵਿਕ ਚੁਕੀਆਂ ਹਨ; ਬਹੁਤ ਸਾਰੀਆਂ ਪੁਸਤਕਾਂ 'ਤੇ ਫਿਲਮਾਂ ਵੀ ਬਣ ਚੁੱਕੀਆਂ ਹਨ। 

ਫਿਲਮਾਂ ਦੀ ਗੱਲ ਚੱਲੀ ਹੀ ਹੈ ਤਾਂ ਹੁਣ ਚਾਰਲੀ ਚੈਪਲਿਨ ਨੂੰ ਹੀ ਲੈ ਲਓ। ਚਾਰਲੀ ਨੂੰ ਸ਼ੁਰੂ-ਸ਼ੁਰੂ ਵਿੱਚ ਹਾਲੀਵੁੱਡ ਵਿੱਚ ਬੁਰੀ ਤਰ੍ਹਾਂ ਦੁਰਕਾਰਿਆ ਗਿਆ – ਇਹ ਕਿਹਾ ਜਾਂਦਾ ਰਿਹਾ ਕਿ ਉਸ ਦੀਆਂ ਮੂਰਖਤਾ ਭਰਪੂਰ ਹਰਕਤਾਂ ਦਰਸ਼ਕਾਂ ਨੂੰ ਪਰੋਸਣ ਦੇ ਕਾਬਲ ਨਹੀਂ। ਅੱਜ ਚਾਰਲੀ ਚੈਪਲਿਨ ਦੀ ਮਕਬੂਲੀਅਤ ਤੁਹਾਡੇ ਸਭ ਦੇ ਸਾਹਮਣੇ ਹੈ। 

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

ਵਿੰਸਟਨ ਚਰਚਿਲ ਛੇਵੀਂ ਜਮਾਤ ਵਿੱਚ ਫੇਲ੍ਹ ਹੋ ਗਿਆ ਸੀ। ਐਨਾ ਹੀ ਨਹੀਂ ਰਾਜਨੀਤੀ ਦੇ ਸ਼ੁਰੂਆਤੀ ਦੌਰ 'ਚ ਵੀ ਉਹ ਕਰੀਬ-ਕਰੀਬ ਹਰ ਫਰੰਟ 'ਤੇ ਫੇਲ੍ਹ ਰਿਹਾ ਪਰ ਹਿੰਮਤ ਨਾ ਹਾਰੀ। ਅੰਤ ਉਹ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣ ਹੀ ਗਿਆ। ਪ੍ਰਧਾਨ ਮੰਤਰੀ ਵੀ ਅਜਿਹਾ ਕਿ ਉਸ ਦੇ ਕਿੱਸੇ ਹੁਣ ਨੌਜਵਾਨਾਂ ਨੂੰ ਪ੍ਰੇਰਨਾ-ਸ੍ਰੋਤ ਵਜੋਂ ਸੁਣਾਏ ਜਾਂਦੇ ਹਨ। ਉਸ ਦੀ ਅਗਵਾਈ 'ਚ ਹੀ ਇੰਗਲੈਂਡ ਦੂਜੇ ਸੰਸਾਰ ਯੁੱਧ 'ਚ ਜੇਤੂ ਰਹਿ ਕੇ ਨਿੱਕਲਿਆ।

ਸੋ, ਜੇਕਰ ਇਸ ਵਾਰ ਤੁਸੀਂ ਆਪਣੇ ਟੀਚੇ ਦੀ ਪ੍ਰਾਪਤੀ ਨਹੀਂ ਕਰ ਸਕੇ ਤਾਂ ਦਿਲ ਛੋਟਾ ਨਾ ਕਰੋ। ਸਗੋਂ ਪਹਿਲਾਂ ਨਾਲੋਂ ਤਕੜੇ ਬਣ ਕੇ ਜੰਗ ਦੇ ਮੈਦਾਨ ਵਿੱਚ ਨਿੱਤਰੋ। ਪੇਪਰਾਂ ਵਿੱਚ ਪ੍ਰਾਪਤ ਅੰਕ ਤਾਂ ਤਾਸ਼ ਦੇ ਖੇਡ ਵਿੱਚ ਵੰਡੇ ਗਏ ਪੱਤੇ ਹੁੰਦੇ ਹਨ ਤੇ ਜ਼ਿੰਦਗੀ ਨਿਰੰਤਰ ਜਾਰੀ ਰਹਿਣ ਵਾਲੀ ਤਾਸ਼ ਦੀ ਇੱਕ ਖੇਡ। ਯਾਦ ਰੱਖੋ - ਤਾਸ਼ ਦੇ ਖੇਡ ਵਿੱਚ ਜਿੱਤ ਵਧੀਆ ਪੱਤਿਆਂ ਵਾਲੇ ਦੀ ਨਹੀਂ, ਵਧੀਆ ਖੇਡਣ ਵਾਲੇ ਦੀ ਹੁੰਦੀ ਹੈ। ਜ਼ਿੰਦਗੀ ਜ਼ਿੰਦਾਬਾਦ।

PunjabKesari

ਡਾ. ਸੁਰਿੰਦਰ ਕੁਮਾਰ ਜਿੰਦਲ, 
ਮੋਹਾਲੀ
ਮੋ. 98761-35823
ਈ ਮੇਲ: drskjindal123@gmail.com


rajwinder kaur

Content Editor

Related News