ਕੈਪੀਟਲ ਹਿਲ ਤੇ ਹਮਲਾ, ਜੋ ਬੀਜਿਆ ਉਹੀ ਵੱਢ ਰਿਹੈ ਅਮਰੀਕਾ

01/12/2021 4:30:31 PM

ਸੰਜੀਵ ਪਾਂਡੇ
ਜਲੰਧਰ- ਇਕ ਸਾਲ ਪਹਿਲਾਂ ਕਰੀਬ 300 ਅਮਰੀਕੀ ਮਨੋਵਿਗਿਆਨੀਆਂ ਨੇ ਅਮਰੀਕੀ ਕਾਂਗਰਸ 'ਚ ਇਕ ਅਰਜ਼ੀ ਦਰਜ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਨਸਿਕ ਸੰਤੁਲਨ 'ਤੇ ਸਵਾਲ ਖੜ੍ਹੇ ਕੀਤੇ ਸਨ। ਕੁਝ ਅਮਰੀਕੀ ਯੂਨੀਵਰਸਿਟੀ ਦੇ ਮਨੋਵਿਗਿਆਨੀਆਂ ਨੇ ਟਰੰਪ ਦੇ ਮਾਨਸਿਕ ਸੰਤੁਲਨ 'ਤੇ ਸਵਾਲ ਖੜੇ ਕਰਦੇ ਹੋਏ ਸ਼ੱਕ ਜ਼ਾਹਿਰ ਕੀਤਾ ਸੀ ਕਿ ਉਹ ਅਮਰੀਕਾ ਦੀ ਸਥਿਰਤਾ ਲਈ ਖ਼ਤਰਨਾਕ ਸਿੱਧ ਹੋ ਸਕਦੇ ਹਨ। ਕੈਪੀਟਲ ਹਿਲ ਤੇ ਟਰੰਪ ਦੇ ਸਮਰਥਕਾਂ ਵਲੋਂ ਹਮਲੇ ਤੋਂ ਬਾਅਦ ਮਨੋਵਿਗਿਆਨੀਆਂ ਦੀ ਅਰਜ਼ੀ 'ਤੇ ਵੀ ਬਹਿਸ ਕੀਤੀ ਜਾ ਰਹੀ ਹੈ। ਟਰੰਪ ਸਮਰਥਕਾਂ ਵਲੋਂ ਕੀਤੇ ਹਮਲੇ ਨੇ ਅਮਰੀਕੀ ਰਾਜਨੀਤਕ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ। ਹਮਲੇ ਲਈ ਟਰੰਪ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਸਵਾਲ ਇਹ ਹੈ ਕਿ ਕੀ ਟਰੰਪ ਇਕੱਲੇ ਵਿਸ਼ਵ ਦੇ ਸਭ ਤੋਂ ਵੱਡੇ ਤਾਕਤਵਰ ਦੇਸ਼ ਦੇ ਲੋਕਤੰਤਰ ਨੂੰ ਚੁਣੌਤੀ ਦੇ ਸਕਦੇ ਹਨ। ਕਈ ਰਾਜਨੀਤਕ ਟਿੱਪਣੀਕਾਰ ਕੈਪੀਟਲ ਹਿਲ ਦੀ ਘਟਨਾ ਲਈ ਸਿਰਫ਼ ਟਰੰਪ ਨੂੰ ਜ਼ਿੰਮੇਵਾਰ ਨਹੀਂ ਮੰਨਦੇ, ਉਨ੍ਹਾਂ ਅਨੁਸਾਰ ਟਰੰਪ ਸਮਰਥਕਾਂ ਨੇ ਕੈਪੀਟਲ ਹਿਲ 'ਚ ਉਸੇ ਮਾਨਸਿਕਤਾ ਨੂੰ ਪ੍ਰਦਰਸ਼ਿਤ ਕੀਤਾ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਅਮਰੀਕੀ ਸਮਾਜ,ਅਰਥਵਿਵਸਥਾ ਅਤੇ ਰਾਜਨੀਤੀ ਵਿਚ ਵਿਕਸਿਤ ਹੋ ਰਹੀ ਹੈ। ਇਸ ਮਾਨਸਿਕਤਾ ਨੂੰ ਵਿਕਸਿਤ ਕਰਨ ਵਿਚ ਅਮਰੀਕਾ ਦੀਆਂ ਬਹੁਰਾਸ਼ਟਰੀ ਕਾਰਪੋਰੇਸ਼ਨਾਂ ਦਾ ਵੱਡਾ ਯੋਗਦਾਨ ਰਿਹਾ ਹੈ। ਇਸਦਾ ਸ਼ਿਕਾਰ ਦੁਨੀਆ ਦੇ ਕਈ ਦੇਸ਼ ਹੋ ਰਹੇ ਹਨ। 

ਅਮਰੀਕੀ ਸਰਕਾਰ ਨੇ ਕਈ ਦੇਸ਼ਾਂ ਵਿਚ ਸੱਜੇ ਪੱਖੀ ਤਾਕਤਾਂ ਦੀ ਕੀਤੀ ਮਦਦ 
ਅਮਰੀਕੀ ਸਰਕਾਰ ਨੇ ਦੁਨੀਆ ਦੇ ਕਈ ਦੇਸ਼ਾਂ ਵਿਚ ਸਥਾਨਕ ਸਰਕਾਰਾਂ ਨੂੰ ਸਥਾਨਕ ਬਗਾਵਤ ਦੇ ਜ਼ਰੀਏ ਤੰਗ ਕੀਤਾ। ਕਈ ਦੇਸ਼ਾਂ ਵਿਚ ਸੱਜੇ ਪੱਖੀ ਤਾਕਤਾਂ ਦੀ ਮਦਦ ਕੀਤੀ। ਉਥੇ ਸੱਤਾ ਹਥਿਆਉਣ ਲਈ ਖ਼ੂਨੀ ਸੰਘਰਸ਼ ਤੱਕ ਕੀਤਾ। ਵਿਰੋਧ ਪ੍ਰਦਰਸ਼ਨ ਨੂੰ ਹਵਾ ਦਿੱਤੀ। ਦਰਅਸਲ ਅਮਰੀਕਾ ਨੇ ਜੋ ਬੀਜਿਆ ਹੈ ਉਹੀ ਵੱਢਿਆ ਹੈ। ਡੋਨਾਲਡ ਟਰੰਪ ਦੇ ਸਮਰਥਕਾਂ ਨੇ ਕੈਪੀਟਿਲ ਹਿਲ 'ਤੇ ਹਮਲਾ ਕੀ ਕੀਤਾ, ਲੋਕਾਂ ਨੂੰ ਇਹ ਅਮਰੀਕੀ ਲੋਕਤੰਤਰ 'ਤੇ ਹਮਲਾ ਹੋਇਆ ਲੱਗਿਆ। ਰਿਪਬਲਿਕ ਅਤੇ ਡੈਮੋਕਰੇਟਿਕ ਦੋਹਾਂ ਨੇ ਇਸ ਨੂੰ ਲੋਕਤੰਤਰ ਤੇ ਹਮਲਾ ਦੱਸਿਆ। ਦੁਨੀਆ ਦੇ ਕਈ ਦੇਸ਼ ਇਸ ਹਮਲੇ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਪਰ ਇਹ ਸੱਚਾਈ ਹੈ ਕਿ ਅਮਰੀਕੀ ਰਾਜਨੀਤਿਕ ਵਿਵਸਥਾ ਅੱਜ ਉਸੇ ਖੇਡ ਦਾ ਸ਼ਿਕਾਰ ਹੈ, ਜਿਸ ਖੇਡ ਨੂੰ ਅਮਰੀਕੀ ਪ੍ਰਸ਼ਾਸ਼ਨ ਦੁਨੀਆ ਦੇ ਦੂਜੇ ਦੇਸ਼ਾਂ ਵਿਚ ਖੇਡ ਰਿਹਾ ਹੈ। ਅਮਰੀਕੀ ਕਾਰਪੋਰੇਸ਼ਨਾਂ ਅਤੇ ਅਮਰੀਕੀ ਇੰਟੈਲੀਜੈਂਸੀ ਏਜੰਸੀਆਂ ਦਹਾਕਿਆਂ ਤੋਂ ਦੁਨੀਆ ਦੇ ਕਈ ਦੇਸ਼ਾਂ ਵਿਚ ਜ਼ਬਰਨ ਸੱਤਾ ਦੇ ਸ਼ਾਸ਼ਕਾਂ ਨੂੰ ਹਟਾਉਂਦੇ ਰਹੇ ਹਨ। ਜ਼ਬਰਨ ਕਿਸੇ ਨੂੰ ਸੱਤਾ 'ਤੇ ਬਿਠਾਉਂਦੇ ਰਹੇ ਹਨ। ਜੋ ਸ਼ਾਸ਼ਕ ਅਮਰੀਕੀ ਕਾਰਪੋਰੇਟ ਘਰਾਣਿਆਂ ਦੇ ਹਿਸਾਬ ਨਾਲ ਨਹੀਂ ਚੱਲਦੇ, ਉਨ੍ਹਾਂ ਖ਼ਿਲਾਫ਼ ਬਗ਼ਾਵਤ ਨੂੰ ਹਵਾ ਦਿੱਤੀ ਗਈ। ਕਈ ਦੇਸ਼ਾਂ 'ਚ ਸਰਕਾਰਾਂ ਨੂੰ ਫ਼ੌਜੀ ਹਮਲੇ ਕਰਵਾ ਕੇ ਸੱਤਾ ਤੋਂ ਲਾਂਭੇ ਕੀਤਾ।

ਕਈ ਏਸ਼ੀਆਈ ਦੇਸ਼ ਵੀ ਅਮਰੀਕੀ ਸਾਜ਼ਿਸ਼ ਦੇ ਸ਼ਿਕਾਰ ਹੋਏ
ਲੈਟਿਨ ਅਮਰੀਕਾ ਦੇ ਕਈ ਮੁਲਕ ਅਮਰੀਕੀ ਕਾਰਪੋਰੇਸ਼ਨਾਂ ਅਤੇ ਅਮਰੀਕੀ ਇੰਟੇਲੀਜੈਂਸੀ ਏਜੰਸੀਆਂ ਦੀ ਸਾਜ਼ਿਸ਼ ਦਾ ਸ਼ਿਕਾਰ ਹੁੰਦੇ ਰਹੇ ਹਨ। ਅਮਰੀਕੀ ਪੂੰਜੀਵਾਦੀ ਵਿਵਸਥਾ ਅਤੇ ਅਮਰੀਕੀ ਰਾਜਨੀਤੀ ਦੇ ਗਠਜੋੜ ਦਾ ਭਿਆਨਕ ਰੂਪ ਲੈਟਿਨ ਅਮਰੀਕੀ ਦੇਸ਼ਾਂ ਨੇ ਵੇਖਿਆ। ਦੂਸਰੇ ਵਿਸ਼ਵ ਯੁੱਧ ਦੇ ਬਾਅਦ ਸ੍ਰੋਤਾਂ ਤੇ ਕਬਜ਼ੇ ਦੀ ਖੇਡ ਦਾ ਸ਼ਿਕਾਰ ਕਈ ਅਮਰੀਕੀ ਦੇਸ਼ ਹੋਏ। ਕਈ ਏਸ਼ੀਆਈ ਦੇਸ਼ ਵੀ ਅਮਰੀਕੀ ਸਾਜ਼ਿਸ਼ ਦੇ ਸ਼ਿਕਾਰ ਹੋਏ। ਈਰਾਨ 'ਚ ਸ਼ਾਹ ਦੀ ਸਰਕਾਰ ਅਮਰੀਕੀ ਕਾਰਪੋਰੇਸ਼ਨਾਂ ਦੇ ਸਮਰਥਨ ਨਾਲ ਚੱਲਦੀ ਹੈ। ਲੈਟਿਨ ਅਮਰੀਕੀ ਦੇਸ਼ ਕੋਲੰਬੀਆ, ਅਲਸਲਵਾਡੋਰ, ਇਕਾਡੋਰ, ਅਰਜਨਟੀਨਾ, ਵੈਨਜੂਏਲਾ, ਬ੍ਰਾਜ਼ੀਲ, ਪਨਾਮਾ 'ਚ ਅਮਰੀਕਾ ਕਾਰਪੋਰੇਸ਼ਨਾਂ ਅਤੇ ਇੰਟੈਲੀਜੈਂਸੀ ਏਜੰਸੀਆਂ ਨੇ ਅਮਰੀਕਾ ਵਿਰੋਧੀ ਸ਼ਾਸ਼ਕਾਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ। ਆਪਣੇ ਸਮਰਥਕ ਸ਼ਾਸ਼ਕਾਂ ਨੂੰ ਸੱਤਾ ਤੇ ਬਿਠਾਇਆ। 1980 ਦੇ ਦਹਾਕੇ 'ਚ ਇਕਾਡੋਰ ਦੇ ਸ਼ਾਸ਼ਕ ਜੈਮੀ ਰਾਲਡੋ ਦੀਆਂ ਨੀਤੀਆਂ ਅਮਰੀਕੀ ਕਾਰਪੋਰੇਸ਼ਨਾਂ ਨੂੰ ਚੁੱਭਣ ਲੱਗੀਆਂ ਸਨ। ਆਖਰਕਾਰ ਰਾਲਡੋ ਨੂੰ ਜਾਨ ਤੋਂ ਹੱਥ ਧੋਣਾ ਪਿਆ ਸੀ। ਉਸਦੀ ਮੌਤ ਦੇ ਪਿੱਛੇ ਅਮਰੀਕਾ ਦਾ ਹੱਥ ਦੱਸਿਆ ਗਿਆ। ਇਸੇ ਤਰ੍ਹਾਂ ਪਨਾਮਾ ਦੇ ਸ਼ਾਸ਼ਕ ਔਮਰ ਟੌਰੀਜੌਸ ਨਾਲ ਅਮਰੀਕਾ ਦੀ ਨਹੀਂ ਬਣੀ। ਅਮਰੀਕਾ ਦਾ ਟੌਰੀਜੌਸ ਨਾਲ ਤਣਾਅ ਪਨਾਮਾ ਕਨਾਲ 'ਤੇ ਕੰਟਰੋਲ ਨੂੰ ਲੈ ਕੇ ਸੀ। ਆਖਰਕਾਰ ਟੌਰੀਜੌਸ ਇਕ ਹਵਾਈ ਜਹਾਜ਼ ਹਾਦਸੇ 'ਚ ਮਾਰਿਆ ਗਿਆ। ਸਾਜ਼ਿਸ਼ ਦਾ ਦੋਸ਼ ਅਮਰੀਕੀ ਖ਼ੁਫੀਆ ਏਜੰਸੀ 'ਤੇ ਲੱਗਾ।

ਵਿੱਤ ਮੰਤਰੀ ਰਹੇ ਲੁਈਸ ਅਰੇਸ਼ ਸੱਤਾ 'ਤੇ ਕਾਬਿਜ਼ ਹੋਏ
ਹੁਣ ਗੱਲ ਕਰਦੇ ਹਾਂ ਬੋਲੀਵੀਆ ਦੀ। 2019 'ਚ ਇੱਥੋਂ ਦਾ ਸ਼ਾਸ਼ਕ ਏਵੋ ਮੋਰਾਲਿਸ ਨੂੰ ਅਮਰੀਕੀ ਸਾਜ਼ਿਸ਼ ਦੇ ਕਾਰਨ ਸੱਤਾ ਤੋਂ ਲਾਂਭੇ ਹੋਣਾ ਪਿਆ। ਮੋਰਾਲੇਸ ਦੀ ਜਗ੍ਹਾ ਅਮਰੀਕੀ ਸਮਰਥਨ ਕੱਟੜਪੰਥੀ ਜੀਨਨ ਅਨੇਜ ਨੇ ਸੱਤਾ ਸੰਭਾਲੀ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਏਨੇਜ ਦੇ ਸੱਤਾ 'ਚ ਆਉਣ 'ਤੇ ਜ਼ੋਰਦਾਰ ਸਵਾਗਤ ਕੀਤਾ। ਹਾਲਾਂਕਿ 2020 'ਚ ਬੋਲਾਵੀਆ 'ਚ ਅਮਰੀਕੀ ਸਮਰਥਕ ਕੱਟੜਪੰਥੀਆਂ ਦੀ ਵਿਦਾਈ ਹੋ ਗਈ ਅਤੇ ਮੋਰੋਲਿਸ ਦੇ ਵਿੱਤ ਮੰਤਰੀ ਰਹੇ ਲੁਈਸ ਅਰੇਸ਼ ਸੱਤਾ 'ਤੇ ਕਾਬਿਜ਼ ਹੋ ਗਏ। 

ਡੈਮੋਕਰੇਟਿਕ ਹੋਵੇ ਜਾਂ ਰਿਪਬਲਿਕ ਦੋਹਾਂ ਦੀ ਭੂ ਰਾਜਨੀਤੀ ਇੱਕੋ ਜਿਹੀ
ਦਰਅਸਲ ਡੈਮੋਕਰੇਟਿਕ ਹੋਵੇ ਜਾਂ ਰਿਪਬਲਿਕ ਦੋਹਾਂ ਦੀ ਭੂ ਰਾਜਨੀਤੀ ਇੱਕੋ ਜਿਹੀ ਹੈ। ਇਸਦਾ ਵੱਡਾ ਕਾਰਨ ਹੈ ਕਿ ਅਮਰੀਕੀ ਭੂ ਰਾਜਨੀਤੀ ਨੂੰ ਅਮਰੀਕਾ ਦੇ ਮਲਟੀਨੈਸ਼ਨਲ ਕਾਰਪੋਰੇਸ਼ਨ ਤੈਅ ਕਰਦੇ ਹਨ। ਰਿਪਬਲਿਕ ਹੋਣ ਜਾਂ ਡੈਮੋਕਰੇਟਿਕ ਦੋਨੋਂ ਰਾਜਨੀਤਿਕ ਦਲਾਂ ਵਿਚ ਅਮਰੀਕੀ ਕਾਰਪੋਰੇਸ਼ਨਾਂ ਦੇ ਪ੍ਰਤੀਨਿਧੀ ਸ਼ਾਮਲ ਹਨ। ਸੈਨਾ ਅਤੇ ਇੰਟੈਲੀਜੈਂਸ ਏਜੰਸੀਆਂ 'ਚ ਵੀ ਅਮਰੀਕੀ ਕਾਰਪੋਰੇਸ਼ਨਾਂ ਦੇ ਪ੍ਰਤੀਨਿਧੀ ਮਹੱਤਵਪੂਰਨ ਅਹੁਦਿਆਂ 'ਤੇ ਮੌਜੂਦ ਹਨ। ਇਹੀ ਕਾਰਨ ਹੈ ਕਿ ਵੈਨਜੂਏਲਾ ਵਰਗੇ ਦੇਸ਼ ਵਿਚ ਸੱਤਾ 'ਤੇ ਕਾਬਜ਼ ਸ਼ਾਸ਼ਨ ਵਰਗ ਨੂੰ ਹਟਾਉਣ ਦੀ ਕੋਸ਼ਿਸ਼ ਡੈਮੋਕਰੇਟਿਕ ਅਤੇ ਰਿਪਬਲਿਕ ਦੋਹਾਂ ਨੇ ਕੀਤੀ।  

ਇਰਾਕ 'ਚ ਸਦਾਮ ਹੁਸੈਨ ਦੋਹਾਂ ਨੂੰ ਰੜਕਦਾ ਸੀ
ਰਾਸ਼ਟਰਪਤੀ ਬਰਾਕ ਉਬਾਮਾ ਹੋਣ ਜਾਂ ਡੋਨਾਲਡ ਟਰੰਪ ਅਮਰੀਕਾ ਦੀ ਵੈਨਜੂਏਲਾ ਨੀਤੀ ਇਕ ਹੀ ਸੀ। ਇਸਲਾਮਿਕ ਦੇਸ਼ਾਂ ਵਿਚ ਵੀ ਸਰੋਤਾਂ ਦੀ ਲੁੱਟ ਖ਼ਾਸ ਕਰਕੇ ਤੇਲ ਦੀ ਲੁੱਟ ਕਰਨ ਦੇ ਮਾਮਲੇ ਵਿਚ ਦੋਹਾਂ ਪਾਰਟੀਆਂ ਦੀਆਂ ਨੀਤੀਆਂ ਇਕ ਸਮਾਨ ਹੈ। ਇਰਾਕ 'ਚ ਸਦਾਮ ਹੁਸੈਨ ਦੋਹਾਂ ਨੂੰ ਰੜਕਦਾ ਸੀ। ਅੰਤ ਚ ਉਸ ਨੂੰ ਫਾਂਸੀ 'ਤੇ ਲਟਕਾ ਦਿੱਤਾ। ਅਮਰੀਕਾ ਲੀਬੀਆ ਦੇ ਤਾਨਾਸ਼ਾਹ ਕਰਨਲ ਗੱਦਾਫੀ ਨੂੰ ਪਸੰਦ ਨਹੀਂ ਕਰਦਾ ਸੀ।

2011 ਵਿਚ ਗੱਦਾਫੀ ਵੀ ਮਾਰਿਆ ਗਿਆ
ਆਖ਼ਰਕਾਰ 2011 ਵਿਚ ਗੱਦਾਫੀ ਵੀ ਮਾਰਿਆ ਗਿਆ। ਗੱਦਾਫੀ ਦੇ ਕਤਲ ਦੇ ਵਕਤ ਅਮਰੀਕਾ ਦੇ ਰਾਸ਼ਟਰਪਤੀ ਡੈਮੋਕਰੇਟਿਕ ਬਰਾਕ ਓਬਾਮਾ ਸਨ। ਸੀਰੀਆ 'ਚ ਬਸਰ ਅੱਲ ਅਸਦ ਦੀ ਸਰਕਾਰ ਨੂੰ ਸੁੱਟਣ ਲਈ ਅਮਰੀਕਾ ਨੇ ਹਰ ਦਾਅ ਪੇਚ ਖੇਡੇ। ਸੀਰੀਆ 'ਚ ਅਸਦ ਸਰਕਾਰ ਦੇ ਖ਼ਿਲਾਫ਼ ਅਮਰੀਕਾ ਨੇ ਅੱਤਵਾਦੀ ਜਿਥੇ ਮਜ਼ਬੂਤ  ਕੀਤੇ। ਉਹਨਾਂ ਨੂੰ ਹਥਿਆਰ ਦਿੱਤੇ। ਕਈ ਅੱਤਵਾਦੀ ਗਰੁੱਪਾਂ ਨੂੰ ਅਮਰੀਕੀ ਕਾਰਪੋਰੇਟ ਘਰਾਣਿਆਂ ਅਤੇ ਇੰਟੈਲੀਜੈਂਸੀਆਂ ਵਲੋਂ ਮਦਦ ਮਿਲਦੀ ਰਹੀ।

ਤੁਰਕੀ ਵਿਚ ਵਿਦਰੋਹੀਆਂ ਦੀ ਮਦਦ ਕਰਦੇ ਰਹੇ ਸਨ ਬਾਈਡਨ
ਜਿਸ ਜੋਅ ਬਾਈਡਨ ਨੂੰ ਅੱਜ ਲੋਕਤੰਤਰ ਖ਼ਤਰੇ ਵਿੱਚ ਲੱਗਿਆ, ਉਹੀ ਬਾਈਡੇਨ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤੈਅਬ ਈਦੌਰਗਾਨ ਦਾ ਤਖ਼ਤਾ ਪਲਟਣਾ ਚਾਹੁੰਦਾ ਸਨ। ਬਰਾਕ ਓਬਾਮਾ ਨੇ ਤਖ਼ਤਾ ਪਲਟਣ ਦੀ ਕੋਸ਼ਿਸ਼ ਵੀ ਕੀਤਾ ਸੀ ਅਤੇ ਉਸ ਵਕਤ ਬਾਈਡੇਨ ਉਪ ਰਾਸ਼ਟਰਪਤੀ ਸਨ ਅਤੇ ਤੁਰਕੀ ਵਿਚ ਵਿਦਰੋਹੀਆਂ ਦੀ ਮਦਦ ਕਰਦੇ ਰਹੇ ਸਨ।

ਟਰੰਪ ਅਮਰੀਕੀ ਰਾਜਨੀਤੀ ਵਿਚ ਪ੍ਰਾਸੰਗਿਕ ਰਹਿਣਗੇ 
ਡੋਨਾਲਡ ਟਰੰਪ ਦਾ ਸਮਰਥਕਾਂ ਨੇ ਹਮਲਾ ਕਰਕੇ ਸਾਫ਼ ਕਰ ਦਿੱਤਾ ਹੈ ਕਿ ਟਰੰਪ ਅਮਰੀਕੀ ਰਾਜਨੀਤੀ ਵਿਚ ਪ੍ਰਾਸੰਗਿਕ ਰਹਿਣਗੇ ।ਉਨ੍ਹਾਂ ਦੇ ਹਮਲੇ ਨੇ ਅਮਰੀਕਾ 'ਚ ਨਸਲੀ, ਜਾਤੀ ਵੰਡ ਨੂੰ ਹੋਰ ਤਿੱਖਾ ਕਰ ਦਿੱਤਾ ਹੈ। ਬੇਸ਼ੱਕ ਟਰੰਪ ਸਮਰਥਕਾਂ ਦੀ ਹਿੰਸਾ ਤੋਂ ਬਾਅਦ ਰਿਪਬਲਿਕ ਸੰਸਦ ਮੈਂਬਰ ਸ਼ਰਮ ਮਹਿਸੂਸ ਕਰ ਰਹੇ ਹਨ ਅਤੇ ਟਰੰਪ ਦੀ ਨਿੰਦਿਆ ਕਰ ਰਹੇ ਹਨ। ਸੱਚਾਈ ਇਹ ਵੀ ਹੈ ਕਿ ਸੈਨਿਟ ਵਿਚ 25 ਫ਼ੀਸਦੀ ਰਿਪਬਲਿਕ ਸੰਸਦ ਮੈਂਬਰ ਜੋਅ ਬਾਈਡੇਨ ਦੀ ਜਿੱਤ ਰੱਦ ਕਰਵਾਉਣ ਦੇ ਪੱਖ ਵਿਚ ਸਨ ਉਥੇ ਹੀ ਹਾਊਸ ਆਫ਼ ਰੀਪਰੈਂਜਿਟਿਵ ਵਿਚ 70 ਫ਼ੀਸਦੀ ਸੰਸਦ ਮੈਂਬਰ ਟਰੰਪ ਦੇ ਪੱਖ ਵਿਚ ਜੋਅ ਬਾਈਡੇਨ ਦੀ ਜਿੱਤ ਰੱਦ ਕਰਨ ਦੇ ਪੱਖ ਵਿਚ ਸਨ। ਦਰਅਸਲ ਇਸ ਹੰਗਾਮੇ ਨੇ ਰਿਪਬਲਿਕ ਪਾਰਟੀ ਦੇ ਚਾਲ ਚਲਣ ਅਤੇ ਚਰਿੱਤਰ ਨੂੰ ਨੰਗਾ ਕਰ ਦਿੱਤਾ ਹੈ।

ਅਮਰੀਕਾ 'ਚ ਹਥਿਆਰਾਂ ਦਾ ਸਾਲਾਨਾ ਕਾਰੋਬਾਰ ਲਗਭਗ 25 ਅਰਬ ਡਾਲਰ
ਹਥਿਆਰ ਲਾਬੀ ਤੋਂ ਵੱਡਾ ਚੰਦਾ ਲੈਣ ਵਾਲੀ ਰਿਪਬਲਿਕ ਪਾਰਟੀ ਅਮਰੀਕਾ ਵਿਚ ਗਨ ਕਲਚਰ ਦੀ ਸਮਰਥਕ ਰਹੀ ਹੈ। ਅਮਰੀਕਾ 'ਚ ਹਥਿਆਰਾਂ ਦਾ ਸਾਲਾਨਾ ਕਾਰੋਬਾਰ ਲਗਭਗ 25 ਅਰਬ ਡਾਲਰ ਹੈ। ਦਿਲਚਸਪ ਗੱਲ ਇਹ ਹੈ ਕਿ ਚੋਣਾਂ ਦੌਰਾਨ ਇਕਦਮ ਅਮਰੀਕਾ 'ਚ ਹਥਿਆਰਾਂ ਦੀ ਵਿਕਰੀ ਵੱਧ ਗਈ ਹੈ।

ਟਰੰਪ ਨੂੰ 7 ਕਰੋੜ 40 ਲੱਖ ਵੋਟਾਂ ਮਿਲੀਆਂ
ਟਰੰਪ ਲਗਾਤਾਰ ਕਹਿ ਰਹੇ ਹਨ ਕਿ 7 ਕਰੋੜ 40 ਲੱਖ ਵੋਟਾਂ ਉਸ ਨੂੰ ਮਿਲੀਆਂ ਹਨ। 2020 'ਚ ਉਸ ਨੂੰ 2016 ਤੋਂ ਜ਼ਿਆਦਾ ਵੋਟਾਂ ਮਿਲੀਆਂ। ਇਸ ਕਾਰਨ ਰਿਪਬਲਿਕ ਦਲ ਅੰਦਰ ਉਸ ਦਾ ਪ੍ਰਭਾਵ ਵਧਿਆ ਹੈ। ਹੇਠਲੇ ਪੱਧਰ 'ਤੇ ਪਾਰਟੀ ਵੰਡੀ ਗਈ ਹੈ। ਪਹਿਲਾਂ ਵੀ ਰਿਪਬਲਿਕ ਦਲ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਹੇ ਜਾਰਜ ਬੁੱਸ਼, ਜਾਨ ਮੈਕਕੇਨ ਅਤੇ ਮਿਟ ਰੋਮਾਨੀ ਨੂੰ 6 ਕਰੋੜ ਤੋਂ ਵੱਧ ਵੋਟਾਂ ਹਾਸਿਲ ਹੋਈਆਂ ਸਨ।

ਅਮਰੀਕਾ 'ਚ ਨਸਲਵਾਦ ਦੇ ਆਧਾਰ 'ਤੇ ਵਧੇਗੀ ਹੋਰ ਵੰਡ
ਅਮਰੀਕੀ ਰਾਜਨੀਤੀ 'ਚ ਆਉਣ ਵਾਲੇ ਸਮੇਂ 'ਚ ਨਸਲਵਾਦ ਦੇ ਆਧਾਰ 'ਤੇ ਵੰਡ ਹੋਰ ਵਧੇਗੀ। ਪੂਰੀ ਦੁਨੀਆ 'ਚ ਨਫ਼ਰਤ ਫ਼ੈਲਾਉਣ ਲਈ ਜ਼ਿੰਮੇਵਾਰ ਫੇਸਬੁੱਕ, ਵਟਸਐਪ ਅਤੇ ਟਵਿੱਟਰ ਹੁਣ ਅਮਰੀਕੀ ਸਮਾਜ 'ਚੋਂ ਨਫ਼ਰਤ ਅਤੇ ਫੇਕ ਖ਼ਬਰਾਂ ਤੋਂ ਮਿਲਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰੇਗੀ, ਇਹ ਸਮਾਂ ਦੱਸੇਗਾ। ਜੋਅ ਬਾਈਡੇਨ ਲਈ ਚੁਣੌਤੀ ਇਹ ਹੈ ਕਿ ਅਮਰੀਕੀ ਕਾਰਪੋਰੇਟਾਂ ਅਤੇ ਬਹੁਰਾਸ਼ਟਰੀ ਕੰਪਨੀਆਂ ਨੇ ਪੂਰੀ ਦੁਨੀਆ 'ਚ ਜੋ ਕੁਝ ਬੀਜਿਆ ਹੈ, ਉਸ ਦਾ ਸ਼ਿਕਾਰ ਹੁਣ ਅਮਰੀਕਾ ਖ਼ੁਦ ਹੋ ਰਿਹਾ ਹੈ। 

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha