ਊਠ ਦੇ ਗਲ ਟੱਲੀ

11/22/2017 3:55:29 PM

ਬੱਚਿਓ! ਜੰਗਲ ਦਾ ਰਾਜਾ ਸ਼ੇਰ, ਸਭ ਜੰਗਲੀ ਜੀਵਾਂ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਸੀ| ਉਹ ਆਪਣੀ ਲੋੜ ਤੋਂ ਵੱਧ ਜੀਵਾਂ ਨੂੰ ਮਾਰ-ਮਾਰ ਕੇ ਸੁੱਟ ਦਿੰਦਾ ਤਾਂ ਜੰਗਲ ਦੇ ਸਾਰੇ ਜੀਵਾਂ ਨੇ ਪੰਚਾਇਤ ਕਰ ਕੇ ਫੈਸਲਾ ਕੀਤਾ ਕਿ ਹਰ ਰੋਜ਼ ਇਕ-ਇਕ ਜੰਗਲੀ ਜੀਵ ਸ਼ੇਰ ਦਾ ਸ਼ਿਕਾਰ ਬਨਣ ਲਈ ਉਸ ਪਾਸ ਜਾਵੇਗਾ, ਜਿਸ ਨੂੰ ਖਾਂ ਕੇ ਉਹ ਆਪਣੀ ਭੁੱਖ ਮਿਟਾ ਸਕੇਗਾ| ਇਸ ਦਾ ਫੈਸਲਾ ਸ਼ੇਰ ਨੂੰ ਵੀ ਦੱਸ ਦਿੱਤਾ ਗਿਆ| ਪਰ ਉਸ ਪਰ ਸ਼ਰਤ ਲਗਾਈ ਕਿ ਉਹ ਹੋਰ ਜਾਨਵਰਾਂ ਨੂੰ ਨਹੀਂ ਮਾਰੇਗਾ|
ਇਸ ਤਰ੍ਹਾਂ ਹਰ ਰੋਜ਼ ਇਕ ਇਕ ਕਰਕੇ ਜੰਗਲੀ ਜੀਵ ਸ਼ੇਰ ਪਾਸ ਜਾਂਦੇ ਅਤੇ ਸ਼ੇਰ ਉਸ ਨੂੰ ਮਾਰ ਕੇ ਆਪਣੀ ਭੁੱਖ ਮਿਟਾ ਲੈਂਦਾ| ਕਈ ਦਿਨਾਂ ਬਾਅਦ ਇੱਕ ਖਰਗੋਸ਼ ਦੀ ਵਾਰੀ ਆਈ ਤਾਂ ਉਹ ਜਾਣ ਬੁਝ ਕੇ ਸ਼ੇਰ ਪਾਸ ਲੇਟ ਗਿਆ| ਸ਼ੇਰ ਗੁੱਸੇ ਵਿੱਚ ਬੈਠਾ ਸੀ ਤਾਂ ਖਰਗੋਸ਼ ਨੂੰ ਦੇਖ ਕੜਕਿਆ, ''ਓਏ ਖਰਗੋਸ਼ ਦੇ ਬੱਚੇ, ਤੂੰ ਲੇਟ ਕਿਉਂ ਆਇਆ ਏ? ਮੈਂ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਿਹਾ ਹਾਂ|'' ਖਰਗੋਸ਼ ਨੇ ਆਪਣੀ ਸਫ਼ਾਈ ਵਿੱਚ ਕੁਝ ਕਹਿਣਾ ਸ਼ੁਰੂ ਹੀ ਕੀਤਾ ਸੀ ਕਿ ਸ਼ੇਰ ਫਿਰ ਗਰਜਿਆ, ''ਹੁਣ ਤੂੰ ਮੇਰੇ ਵਰਗੇ ਦੂਜੇ ਸ਼ੇਰ ਦਾ ਬਹਾਨਾ ਕਰ ਕੇ, ਮੈਨੂੰ ਖੂਹ ਵਿੱਚ ਸੁੱਟਣ ਦੀ ਕਹਾਣੀ ਘੜੇਗਾ| ਮੇਰਾ ਬਜ਼ੁਰਗ ਤਾਂ ਮੂਰਖ ਸੀ ਜਿਸਨੇ ਤੇਰੇ ਚਤਰ ਬਜ਼ੁਰਗ ਦੀਆਂ ਗੱਲਾਂ ਵਿੱਚ ਆ ਕੇ ਖੂਹ ਵਿੱਚ ਛਾਲ ਮਾਰ ਦਿੱਤੀ ਸੀ| ਮੈਂ ਤਾਂ ਨਵੇਂ ਜਮਾਨੇ ਦਾ ਮਾਡਰਨ ਸ਼ੇਰ ਹਾਂ, ਮੂਰਖ ਨਹੀਂ|'' ਸ਼ੇਰ ਦੀ ਗੱਲ ਸੁਣ ਖਰਗੋਸ਼ ਚੁਕੰਨਾ ਹੋ ਗਿਆ ਪਰ ਬਹੁਤ ਹੀ ਫੁਰਤੀ ਨਾਲ ਗੱਲ ਬਦਲਦਿਆਂ ਬੋਲਿਆ, ''ਜਨਾਬ, ਮੈਂ ਵੀ ਤੁਹਾਨੂੰ ਇਹੀ ਗੱਲ ਕਹਿਣ ਲੱਗਿਆ ਸੀ, ''ਕਿ ਤੁਸੀਂ ਮੂਰਖ ਨਹੀਂ ਹੋ, ਤੁਸੀਂ ਤਾਂ ਬਹੁਤ ਹੀ ਸਮਝਦਾਰ ਅਤੇ ਸਿਆਣੇ ਹੋ|'' ਖਰਗੋਸ਼ ਦੀ ਗੱਲ ਸੁਣ ਸ਼ੇਰ ਚੌੜਾ ਹੋ ਕੇ ਬੈਠ ਗਿਆ ਅਤੇ ਪੁਛਿਆ ''ਤੈਨੂੰ ਕਿਵੇਂ ਪਤਾ ਏ?'' ਤਾਂ ਖਰਗੋਸ ਫਿਰ ਬੋਲਿਆ, ''ਦੇਖੋ ਨਾ! ਮੈਂ ਛੋਟਾ ਜਿਹਾ ਖਰਗੋਸ, ਤੁਹਾਡੀ ਇਕ ਬੁਰਕੀ ਜਿਹਾ, ਤੁਹਾਡੀ ਜਾੜ੍ਹ ਹੇਠ ਵੀ ਨਹੀਂ ਆਵਾਂਗਾ, ਮੈਨੂੰ ਖਾ ਕੇ ਤੁਹਾਨੂੰ ਕੀ ਮਿਲੇਗਾ? ਇਸ ਲਈ ਮੈਂ ਸੋਚਦਾ ਹਾਂ ਕਿ ਤੁਹਾਡੇ ਲਈ ਕੋਈ ਵੱਡਾ ਸਾਰਾ ਜਾਨਵਰ ਲੱਭ ਕੇ ਲਿਆਵਾਂ ਤਾਂ ਕਿ ਤੁਹਾਡਾ ਪੂਰਾ ਪੇਟ ਭਰ ਜਾਵੇ, ਇਸ ਲਈ ਤੁਸੀਂ ਮੈਨੂੰ ਖਾਣ ਦੀ ਮੂਰਖਤਾ ਨਹੀਂ ਕਰੋਗੇ| ਸ਼ੇਰ ਹਵਾ ਛੱਕ ਗਿਆ ਅਤੇ ਬੋਲਿਆ, '' ਹਾਂ, ਹਾਂ ਤੂੰ ਠੀਕ ਏ, ਤੂੰ ਜਲਦੀ ਜਾ ਅਤੇ ਕੋਈ ਵੱਡਾ ਜਾਨਵਰ ਲੈ ਕੇ ਆ, ਮੈਂ ਐਥੇ ਹੀ ਤੇਰਾ ਇੰਤਜ਼ਾਰ ਕਰਾਂਗਾ|''
ਇੰਨਾ ਸੁਨਣ ਦੀ ਦੇਰ ਸੀ ਕਿ ਖਰਗੋਸ਼ ਦੌੜ ਗਿਆ ਅਤੇ ਜੰਗਲ ਦੇ ਨਾਲ ਲੱਗਦੇ ਪਿੰਡ ਵਿੱਚ ਇੱਕ ਊੱਠ ਨੂੰ ਜਾ ਮਿਲਿਆ ਅਤੇ ਸ਼ੇਰ ਤੋਂ ਜਾਨਵਰਾਂ ਦੇ ਛੁਟਕਾਰੇ ਲਈ ਆਪਣੀ ਸਾਰੀ ਸਕੀਮ ਸਮਝਾਈ| ਊੱਠ ਸਮਝ ਗਿਆ ਅਤੇ ਉਸਦੀ ਸਕੀਮ ਵਿੱਚ ਸ਼ਾਮਲ ਹੋ ਗਿਆ| ਹੁਣ ਖਰਗੋਸ਼ ਨੇ ਇੱਕ ਵੱਡੀ ਟੱਲੀ ਲਿਆ ਕੇ ਊੱਠ ਦੇ ਗਲ ਬੰਨ ਦਿੱਤੀ ਅਤੇ ਆਪ ਊੱਠ ਦੇ ਉਪਰ ਬੈਠ ਕੇ ਜੰਗਲ ਵਿੱਚ ਸ਼ੇਰ ਵੱਲ ਚੱਲ ਪਿਆ| ਜਦੋਂ ਤੁਰਨ ਸਮੇਂ ਊੱਠ ਦੇ ਗਲ ਟੱਲੀ ਵੱਜਦੀ ਤਾਂ ਰਸਤੇ ਵਿੱਚ ਸਾਰੇ ਜੰਗਲੀ ਜੀਵ ਉਸ ਪਾਸ ਇਕੱਠੇ ਹੋਣ ਲੱਗੇ| ਜੰਗਲੀ ਜੀਵਾਂ ਨੂੰ ਬਾਹਰ ਆਉਂਦਿਆਂ ਦੇਖ ਊੱਠ ਪਰ ਬੈਠਾ ਖਰਗੋਸ਼ 
ਕਹਿ ਰਿਹਾ ਸੀ, ''ਆਓ ਸਾਰੇ! ਜੰਗ ਦਾ ਐਲਾਨ ਹੋ ਚੁੱਕਾ ਹੈ|'' ਸਭ ਜੀਵ ਉਨ੍ਹਾਂ ਦੇ ਪਿਛੇ ਲੱਗ ਤੁਰੇ, ਕੀ ਛੋਟੇ ਅਤੇ ਵੱਡੇ ਸਭ ਜੰਗਲੀ ਜੀਵ ਸੈਨਾ ਦੀ ਤਰ੍ਹਾਂ ਉਨ੍ਹਾਂ ਦੇ ਪਿਛੇ ਪਿਛੇ ਜਾ ਰਹੇ ਸਨ| ਜੰਗਲੀ ਜੀਵਾਂ ਦੇ ਬੱਚਿਆਂ ਲਈ ਤਾਂ ਇਹ ਇੱਕ ਤਮਾਸ਼ਾ ਹੀ ਬਣ ਗਿਆ ਸੀ, ਉਹ ਵੀ ਤਾੜੀਆਂ ਮਾਰਦੇ ਪਿਛੇ ਦੌੜਦੇ ਜਾਣ| ਜਿਉਂ-ਜਿਉਂ ਟੱਲੀ ਵੱਜਦੀ ਜਾਵੇ ਹਰ ਕਿਸਮ ਦੇ ਜੰਗਲੀ ਜੀਵ ਕਾਫਲੇ ਵਿੱਚ  ਸ਼ਾਮਲ ਹੁੰਦੇ ਜਾਣ|
ਸ਼ੇਰ ਪਾਸ ਪਹੁੰਚ ਖਰਗੋਸ਼ ਬੋਲਿਆ, ''ਦੇਖ, ਓਏ ਸ਼ੇਰ, ਅੱਜ ਰਾਜਾ ਮੈਂ ਹਾਂ, ਇਹ ਊੱਠ ਤੇਰਾ ਵੱਡਾ ਸ਼ਿਕਾਰ ਹੈ|'' ਪਰ ਇਸ ਤੋਂ ਪਹਿਲਾਂ ਹੀ ਸਾਰੇ ਜੀਵਾਂ ਨੇ ਸ਼ੇਰ ਨੂੰ ਘੇਰੇ ਵਿੱਚ ਲੈ ਲਿਆ| ਹਾਥੀਆਂ, ਗੈਂਡਿਆਂ ਅਤੇ ਦੂਜੇ ਵੱਡੇ ਜੀਵਾਂ ਨੇ ਛੋਟੇ ਜੀਵਾਂ ਲਈ ਸੁਰੱਖਿਆ ਚੱਕਰ ਬਣਾ ਲਿਆ| ਸ਼ੇਰ ਘਬਰਾ ਗਿਆ, ਪਰ ਦੱਬੀ ਪੂਛ ਉਹ ਊੱਠ ਵੱਲ ਵਧਿਆ ਤਾਂ ਇੱਕ ਹਾਥੀ ਨੇ ਠੁੱਢ ਮਾਰ ਕੇ ਦੂਰ ਸੁੱਟ ਦਿੱਤਾ, ਜਦ ਉੱਠਿਆ ਤਾਂ ਦੂਜੇ ਹਾਥੀ ਨੇ ਸੁੰਢ ਨਾਲ ਚੁੱਕ ਕੇ ਧਰਤੀ ਤੇ ਮਾਰਿਆ, ਇੱਕ ਜੰਗਲੀ ਗਧੇ ਨੇ ਦੁਲੱਤਾ ਮਾਰ ਉਸਦੇ ਮੂੰਹ ਦੇ ਸਾਰੇ ਦੰਦ ਤੋੜ ਕੇ ਲਹੂ-ਲੁਹਾਨ ਕਰ ਦਿੱਤਾ| ਜੰਗਲੀ ਜੀਵਾਂ ਦੇ ਸਭ ਬੱਚੇ ਜੋਰ ਜੋਰ ਦੀ ਤਾੜੀਆਂ ਮਾਰਨ ਲੱਗੇ|
ਜਦੋਂ ਸ਼ੇਰ ਨਿਢਾਲ ਹੋ ਕੇ ਮੌਤ ਦੇ ਮੂੰਹ ਨੇੜੇ ਪਹੁੰਚਿਆ ਤਾਂ ਖਰਗੋਸ਼ ਊੱਠ ਤੋਂ ਹੇਠਾਂ ਉੱਤਰਿਆ ਅਤੇ ਸ਼ੇਰ ਪਾਸ ਜਾ ਕੇ ਕਿਹਾ, ''ਮਾਡਰਨ ਸ਼ੇਰ! ਤੂੰ ਅੱਜ ਵੀ ਮੂਰਖ ਹੈ, ਤੇਰੀ ਮੂਰਖਤਾ ਕਾਰਣ ਹੀ ਮੇਰੀ ਅਤੇ ਬਾਕੀ ਜੀਵਾਂ ਦੀ ਜਿੱਤ ਹੋਈ ਹੈ| ਯਾਦ ਰੱਖ ਗਰੀਬਾਂ, ਕੰਮਜ਼ੋਰਾਂ, ਨਿਮਾਣਿਆਂ ਤੇ ਜ਼ੁਲਮ ਕਰਨ ਵਾਲੇ ਸਦਾ ਹੀ ਮੂਰਖ ਹੁੰਦੇ ਹਨ| '' ਦੇਖਦੇ ਦੇਖਦੇ ਸ਼ੇਰ ਨੇ ਪ੍ਰਾਣ ਤਿਆਗ ਦਿੱਤੇ| ਹੁਣ ਖਰਗੋਸ਼ ਨੇ ਸਭ ਜੀਵਾਂ ਦਾ ਖਾਸ ਕਰਕੇ ਊੱਠ ਦਾ ਧੰਨਵਾਦ ਕੀਤਾ ਅਤੇ ਸਭ ਜੀਵ ਆਪਣੇ ਕਿਲਕਾਰੀਆਂ ਮਾਰਦੇ ਬੱਚਿਆਂ ਨਾਲ ਘਰਾਂ ਨੂੰ ਚਲੇ ਗਏ| ਬੱਚਿਓ! ਊੱਠ ਦੇ ਗਲ ਟੱਲੀ ਦਾ ਲੋਕ ਭਾਵੇਂ ਹੋਰ ਹੀ ਮਤਲਬ ਕੱਢੀ ਜਾਂਦੇ ਹਨ ਪਰ ਊੱਠ ਦੇ ਗਲ ਟੱਲੀ ਨੇ ਪੂਰੇ ਜੰਗਲ ਦੇ ਜੀਵਾਂ ਨੂੰ ਆਜ਼ਾਦੀ ਦਿਵਾ ਦਿੱਤੀ| 
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ 37-ਡੀ,
ਚੰਡੀਗੜ੍ਹ| ਮੋ.ਨੰ: 98764-52223