ਬੱਲੇ ਨੀ ਚਲਾਕ…………

11/25/2017 3:48:18 PM

ਕਿਸਾਨ ਮੇਲੇ ਵਿਚ ਖਾਣ-ਪੀਣ ਦੇ ਸਮਾਨ ਦੀ ਖ੍ਰੀਦ ਕਰਦਿਆਂ ਮੈਂ ਯੂਨੀਵਰਸਿਟੀ ਦੇ ਇੱਕ ਨਿੱਜੀ ਸਟਾਲ 'ਤੇ ਜਾ ਖਲੋਤਾ। ਇਹ ਸਟਾਲ ਯੂਨੀਵਰਸਿਟੀ ਦੇ ਡੇਅਰੀ ਵਿਭਾਗ ਵੱਲੋਂ ਲਗਾਇਆ ਗਿਆ ਸੀ ਜਿਸ ਉਤੇ ਦੁੱਧ ਤੋਂ ਤਿਆਰ ਕੀਤੀਆਂ ਵਸਤੂਆਂ ਜਿਵੇਂ ਦਹੀਂ,ਲੱਸੀ, ਮੱਖਣ,ਘਿਓ,ਮਿਲਕ-ਕੇਕ ਅਤੇ ਪਨੀਰ ਆਦਿ ਦੀ ਵਿਕਰੀ ਕੀਤੀ ਜਾ ਰਹੀ ਸੀ।ਸ਼ਾਮ ਦਾ ਸਮਾਂ ਹੋਣ ਕਰਕੇ ਬਹੁਤ ਸਾਰੀਆਂ ਵਸਤੂਆਂ ਵਿਕ ਚੁੱਕੀਆਂ ਸਨ, ਸਿਰਫ਼ ਪਨੀਰ ਦੇ ਥੋੜ੍ਹੇ ਜਿਹੇ ਪੈਕਟ ਬਚੇ ਹੋਏ ਸਨ।       ਗੁਣਾਤਮਿਕ ਪੱਖ ਨੂੰ ਧਿਆਨ ਵਿਚ ਰੱਖਦਿਆਂ ਜਦੋਂ ਮੈਂ ਸੇਲਜ਼ਮੈਨ ਕੋਲੋਂ ਇਕ 100 ਗ੍ਰਾਮ ਦੇ ਪਨੀਰ ਦੇ ਪੈਕਟ ਦਾ ਰੇਟ ਪੁੱੱਛਿਆ ਤਾਂ ਉਸ ਨੇ ਉਸ ਦੀ ਕੀਮਤ ਪੰਜਾਹ ਰੁਪਏ ਦੱਸੀ। ਆਮ ਤੋਰ ਤੇ ਜਦੋਂ ਮੈਂ ਕੋਈ ਪੈਕਟਬੰਦ ਚੀਜ਼ ਬਾਜ਼ਾਰ 'ਚੋਂ ਖ੍ਰੀਦਦਾ ਹਾਂ ਤਾਂ ਉਸ ਦੀ ਕੀਮਤ ਅਤੇ ਵਰਤੋਂ ਦੀ ਆਖ਼ਰੀ ਮਿਤੀ ਜ਼ਰੂਰ ਦੇਖ ਲੈਂਦਾ ਹਾਂ ਪਰ ਇਹ ਪਨੀਰ ਯੂਨੀਵਰਸਿਟੀ ਦਾ ਆਪਣਾ ਉਤਪਾਦ ਹੋਣ ਕਰਕੇ ਕੁੱਝ ਵੀ ਦੇਖਣ/ਪੜ੍ਹਨ ਦੀ ਲੋੜ ਨਾ ਮਹਿਸੂਸੀ ਸਗੋਂ ਯੂਨਵਰਸਿਟੀ ਦੇ ਪ੍ਰਤੀ ਆਪਣੇ ਵਿਸ਼ਵਾਸ ਨੂੰ ਕਾਇਮ ਰੱਖਿਆ।ਇਸ ਵਿਸ਼ਵਾਸ ਸਦਕਾ ਕੀਤੀ ਕਿਸਾਨ ਮੇਲੇ ਦੀ ਇਸ ਖ੍ਰੀਦ ਨੂੰ ਜਦੋਂ ਮੈਂ ਘਰ ਜਾ ਕੇ ਗ਼ੌਰ ਨਾਲ ਦੇਖਿਆ ਤਾਂ ਪਨੀਰ ਦਾ ਪੈਕਟ ਦੇਖਦਿਆਂ ਹੀ ਇੱਕ 'ਜੋਰ ਦਾ ਝਟਕਾ ਧੀਰੇ ਜਿਹੇ ਲੱਗਾ' ਕਿਉਂਕਿ ਪਨੀਰ ਦੇ ਪੈਕਟ ਉਪਰ ਉਸ ਦੀ ਕੀਮਤ ਚਾਲੀ ਰੁਪਏ ਲਿਖੀ ਹੋਈ ਸੀ।   ਉਂਝ ਤਾਂ ਕਿਸਾਨ ਮੇਲੇ ਵਿਚ ਬਹੁਤੇ ਦੁਕਾਨਦਾਰ (ਜਿਹੜੇ ਯੂਨੀਵਰਸਿਟੀ ਨੂੰ ਕੁੱਝ ਕੁੱਝ ਕਿਰਾਇਆ ਵੀ ਅਦਾ ਕਰਦੇ ਹਨ) ਆਪਣੀਆਂ ਵਸਤੂਆਂ ਬਾਜ਼ਾਰੀ ਕੀਮਤਾਂ ਨਾਲੋਂ ਘੱਟ ਕੀਮਤ 'ਤੇ ਵੇਚਣ ਦਾ ਦਾਅਵਾ ਕਰਦੇ ਹਨ ਅਤੇ ਕਈਆਂ ਦਾ ਇਹ ਦਾਅਵਾ ਸੱਚ ਦੇ ਕਾਫ਼ੀ ਨੇੜੇ ਵੀ ਹੁੰਦਾ ਹੈ ਪਰ  ਯੂਨੀਵਰਸਿਟੀ ਆਪਣੇ ਹੀ ਉਤਪਾਦਾਂ ਨੂੰ ਉਨ੍ਹਾਂ ਉਪਰ ਲਿਖੀਆਂ ਕੀਮਤਾਂ ਨਾਲੋਂ ਸਵਾਈਆਂ ਕੀਮਤਾਂ ਉੋਪਰ ਵੇਚੀ ਜਾਵੇ, ਇਸ ਦਾ ਇੱਕ ਝਟਕਾ ਤਾਂ ਲੱਗਣਾ ਬਣਦਾ ਹੀ ਹੈ।ਇਸ ਝਟਕੇ ਨੂੰ ਮੈਂ ਤਾਂ ਔਖਾ-ਸੌਖਾ ਬਰਦਾਸ਼ਤ ਕਰ ਹੀ ਲਵਾਂਗਾ ਪਰ ਤੁਸੀਂ ਇਸ ਯੂਨੀਵਰਸਿਟੀ ਬਾਰੇ ਕੀ ਕਹੋਗੇ ਜਿਹੜੀ ਆਪਣੀਆਂ ਬਣਾਈਆਂ ਹੋਈਆਂ ਵਸਤਾਂ ਉਪਰ ਲਿਖਦੀ ਕੁੱਝ ਹੋਰ ਹੈ ਅਤੇ ਲੈਂਦੀ ਕੁੱਝ ਹੋਰ। ਯੂਨੀਵਰਸਿਟੀ ਦੀ ਇਸ ਵਧੀਕੀ ਨਾਲ ਮੇਰੇ ਜ਼ਿਹਨ ਵਿਚ ਤਾਂ ਇਹ ਬੋਲ ਮੰਡਰਾ ਰਹੇ ਹਨ-'ਲਿਖੇ ਹੋਰ ਤੇ ਲਵੇਂ ਕੁੱਝ ਹੋਰ ਨੀ ਬੱਲੇ ਨੀ ਚਲਾਕ ਯੂਨੀਵਰਸਿਟੀਏ।
- ਰਮੇਸ਼ ਬੱਗਾ ਚੋਹਲਾ  
- ਮੋਬਾਈਲ— 9463132719