ਅਲੋਪ ਹੋ ਰਹੇ ਸਾਡੇ ਵਡੇਰਿਆਂ ਦੇ ਬਲਬ - ਲਾਲਟੈਣ ਤੇ ਲੈਂਪ

09/21/2020 11:33:13 AM

ਜਦੋਂ ਬਿਜਲੀ ਨਹੀਂ ਸੀ ਆਈ ਤਾਂ ਸਾਡੇ ਬਜ਼ੁਰਗ ਰੌਸ਼ਨੀ ਲਈ ਲਾਲਟੈਣ ਤੇ ਲੈਂਪ ਵਰਤਦੇ ਸਨ।ਸਾਡੇ ਪੰਜਾਬੀ ਸੱਭਿਆਚਾਰ,ਵਿਰਸੇ ਵਿੱਚ ਹਰੇਕ ਚੀਜ਼ ਦੀ ਆਪਣੀ ਮਹੱਤਤਾ ਹੈ। ਕੁੱਝ ਦਹਾਕੇ ਪਹਿਲਾਂ ਜਿਹੜੀਆਂ ਚੀਜ਼ਾਂ ਦੀ ਬੜੀ ਮਹੱਤਤਾ ਹੁੰਦੀ ਸੀ, ਉਨ੍ਹਾਂ ਵਿਚੋਂ ਕੁੱਝ ਅੱਜ ਦੇ ਨਵੇਂ ਜਮਾਨੇ ਦੇ ਦੌਰ ਵਿੱਚੋਂ ਹੌਲੀ-ਹੌਲੀ ਅਲੋਪ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਵਿੱਚੋਂ ਹੀ ਹਨ ਲਾਲਟੈਣ ਤੇ ਲੈਂਪ।
 ਪੁਰਾਣੇ ਸਮੇਂ ਵਿਚ ਲਾਲਟੈਣ ਵਿਅਕਤੀ ਲਈ ਰਾਹ ਦਸੇਰਾ ਸੀ, ਇਹ ਲੋਹੇ ਦੀਆਂ ਪੱਤੀਆਂ ਤੋਂ ਤਿਆਰ ਕੀਤੀ ਜਾਂਦੀ ਸੀ। ਹੇਠਾਂ ਗੋਲ ਆਕਾਰ ਦੀ ਤੇਲ ਵਾਲੀ ਟੈਂਕੀ ਹੁੰਦੀ। ਇਸ ਵਿਚੋਂ ਰੂੰ ਦੀ ਬੱਤੀ ਉਪਰ ਨੂੰ ਕੱਢੀ ਹੁੰਦੀ ਤੇ ਉੱਪਰ ਕੱਚ ਦੀ ਗੋਲ ਆਕਾਰ ਦੀ ਚਿਮਨੀ ਹੁੰਦੀ,  ਜਿਸ ਦੇ ਦੁਆਲੇ ਪਤਲੀਆਂ ਤਾਰਾਂ  ਪਾਈਆਂ ਹੁੰਦੀਆਂ ।

ਉੱਪਰ ਇਕ ਤਾਰ ਦਾ ਬਣਿਆ ਹੈਂਡਲ ਬਣਿਆ ਹੁੰਦਾ ਜਿਸ ਤੋਂ ਫੜ ਕੇ ਲਾਲਟੈਣ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਇਆ ਜਾਂਦਾ ।ਇਸ ਦੇ ਇਕ ਪਾਸੇ ਗੋਲ ਆਕਾਰ ਦੀ ਟੈਂਕੀ ਉਪਰ ਈ ਇਕ ਚਾਬੀ ਲੱਗੀ ਹੁੰਦੀ, ਜਿਸ ਨਾਲ ਬੱਤੀ ਨੂੰ ਉੱਪਰ ਥੱਲੇ ਕਰਕੇ ਚਾਨਣ ਵਧਾਇਆ-ਘਟਾਇਆ ਜਾ ਸਕਦਾ। ਸ਼ੀਸ਼ੇ ਦੀ ਚਿਮਨੀ ਨੂੰ ਉਪਰ ਚੱਕ ਕੇ ,ਲਾਲਟੈਣ  ਜਗਾ ਕੇ, ਚਿਮਨੀ ਫੇਰ ਹੇਠਾਂ ਕਰ ਦਿੱਤੀ ਜਾਂਦੀ ।ਸ਼ਾਮ ਹੁੰਦੀ ਸਾਰ ਸਵਾਣੀਆਂ ਲਾਲਟੈਣ ਦੀ ਚਿਮਨੀ ਸਾਫ ਕਰਦੀਆਂ ਉਸ ਵਿੱਚ ਤੇਲ ਵੇਖਦੀਆਂ, ਜਗਾ ਕੇ ਕੰਧ ਨਾਲ ਟੰਗ ਦਿੰਦੀਆਂ ਸਨ।ਜਦੋਂ ਸੂਰਜ ਡੁੱਬਦਾ ਤਾਂ ਹਰੇਕ ਘਰ ਲਾਲਟੈਣ ਜਗ ਪੈਂਦੀ ਸੀ। ਲਾਲਟੈਣ ਦਾ ਚਾਨਣ ਵੀ ਪੂਰਾ ਹੁੰਦਾ ਸੀ। ਰੋਟੀ ਟੁੱਕ ਤੇ ਹੋਰ ਕੰਮ ਵੀ ਇਹਦੇ ਚਾਨਣ ਵਿਚ ਈ ਕੀਤੇ ਜਾਂਦੇ ਸਨ।
 ਜੇ ਰੇੜੀਆਂ, ਗੱਡੇ ਤੇ ਤੜਕਿਓਂ ਫਸਲ ਮੰਡੀ ਲੈ ਕੇ ਜਾਣੀ ਤਾਂ ਵੀ ਲਾਲਟੈਨ ਜਗਾ ਕੇ ਨਾਲ ਟੰਗ ਲਈ ਜਾਂਦੀ ਸੀ। ਉਸ ਸਮੇਂ ਪੜ੍ਹਾਈ ਵੀ ਲਾਲਟੈਣ ਤੇ ਲੈਂਪ ਦੇ ਚਾਨਣੇ ਵਿਚ ਕੀਤੀ ਜਾਂਦੀ ਸੀ।
 

ਲੈਂਪ ਬਹੁਤੇ ਘਰਾਂ ਵਿੱਚ ਨਹੀਂ ਸੀ ਹੁੰਦਾ।ਜਿਸ ਘਰ ਲੈਂਪ ਹੁੰਦਾ ਸੀ ਉਹ ਘਰ ਅਮੀਰਾਂ ਚ ਗਿਣਿਆ ਜਾਂਦਾ ਸੀ। ਲੈਂਪ ਦੀ ਥਾਂ ਜਿਆਦਾਤਰ ਬੈਠਕ ਚ ਹੁੰਦੀ ਸੀ।ਲੈਂਪ ਦੋ ਤਰ੍ਹਾਂ ਦਾ ਹੁੰਦਾ। ਇਕ ਲੈਂਪ ਸਾਰਾ ਕੱਚ ਦਾ ਈ ਬਣਿਆ ਹੁੰਦਾ ਸੀ ,ਉਹਦੀ ਤੇਲ ਵਾਲੀ ਟੈਂਕੀ ਵੀ ਕੱਚ ਦੀ ਈ ਹੁੰਦੀ ਸੀ ਤੇ ਉਪਰ ਗਲਾਸ ,ਸੁਰਾਹੀ ਵਾਂਗ ਥੋੜੀ ਜਿਹੀ ਘੁਟਵੀਂ ਚਿਮਨੀ ,ਜਿਸ ਵਿੱਚ  ਬੱਤੀ ਜਗਦੀ ਸੀ ਤੇ ਕਈ  ਲੈਪਾਂ ਦੀ ਤੇਲ ਵਾਲੀ ਟੈਂਕੀ ਲੋਹੇ ਦੀ ਹੁੰਦੀ ਸੀ।ਤੇਲ ਵਾਲੀ ਟੈਂਕੀ ਦੇ ਉਪਰ ਲਾਲਟੈਣ ਵਾਂਗ ਈ ਇਕ ਚਾਬੀ ਲੱਗੀ ਹੁੰਦੀ ਸੀ ਜਿਥੋਂ ਬੱਤੀ ਉਪਰ ਹੇਠਾਂ ਹੁੰਦਾ ਸੀ।

ਚਿਮਨੀ ਦਾ ਮੂੰਹ ਉਪਰੋਂ ਖੁੱਲ੍ਹਾ ਹੁੰਦਾ ਤੇ ਕਈ ਵਾਰ ਹਵਾ ਪੈ ਜਾਂਦੀ ਤਾਂ ਲੈਂਪ ਬੁੱਝ ਜਾਂਦਾ। ਲੈਂਪ ਦੀ ਬਣਤਰ ਵੀ ਬਹੁਤ ਸੋਹਣੀ ਲੱਗਦੀ ਸੀ।ਖਾਸ ਕਰਕੇ ਲੈਂਪ ਘਰ ਚ ਆਏ ਗਏ ਲਈ ਜੋ ਬੈਠਕ ਹੁੰਦੀ ਸੀ, ਉੱਥੇ ਰੱਖਿਆ ਜਾਂਦਾ ਸੀ। ਜਦੋਂ ਘਰਾਂ ਚ ਬਿਜਲੀ  ਵੀ ਆ ਗਈ ਸੀ ਤਾਂ ਵੀ ਘਰ ਦੀਆਂ ਸਵਾਣੀਆਂ ਦਿਨੇ-ਦਿਨ ਲਾਲਟੈਣ ਤੇ ਲੈਂਪ ਦੀਆਂ ਚਿਮਨੀਆਂ ਸਾਫ ਕਰਦੀਆਂ ਤੇਲ ਦੇਖਦੀਆਂ ,ਤਿਆਰ ਰੱਖਦੀਆਂ ਨਾਲੇ ਆਖਦੀਆਂ ਜੈ ਖਾਣੀ ਬਿਜਲੀ ਦਾ ਕੀ ਵਸਾਹ ਕਦ ਭੱਜ ਜਾਵੇ। ਭਾਵੇਂ ਇਹ ਵਸਤਾਂ ਹੁਣ ਅਲੋਪ ਹੁੰਦੀਆਂ ਜਾ ਰਹੀਆਂ ਹਨ ਪਰ ਫੇਰ ਵੀ ਅਜੇ ਮਿੱਤਰ ਪਿਆਰੇ ਹੈਗੇ ਜੋ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦੇ ਨੇ ਉਹ ਆਪਣੇ ਘਰਾਂ  ਵਿੱਚ ਇਨ੍ਹਾਂ ਨੂੰ ਅੱਜ ਵੀ ਸੰਭਾਲੀ ਬੈਠੇ ਨੇ।ਇਹ ਵਸਤਾਂ ਸਾਨੂੰ ਵਿਰਾਸਤੀ ਮੇਲਿਆਂ ਵਿੱਚ ਵੀ ਵੇਖਣ ਨੂੰ ਮਿਲਦੀਆਂ ਹਨ, ਜੇ ਅਜੇ ਵੀ ਤੁਹਾਡੇ ਘਰਾਂ ਵਿਚ ਇਹੋ ਜਿਹੀਆਂ ਪੁਰਾਤਨ ਵਸਤੂਆਂ ਹਨ ਤਾਂ  ਉਨ੍ਹਾਂ  ਨੂੰ  ਜ਼ਰੂਰ  ਸੰਭਾਲੋ।

ਲੇਖਿਕਾ-
ਜਤਿੰਦਰ ਕੌਰ ਬੁਆਲ ਸਮਰਾਲਾ

Lalita Mam

This news is Content Editor Lalita Mam