ਅੰਧ ਵਿਸ਼ਵਾਸ

05/30/2020 6:16:23 PM

ਸੁਖਚੈਨ ਸਿੰਘ

ਅਨਪੜ੍ਹ ਰਹਿ ਕੇ ਅੰਧ ਵਿਸ਼ਵਾਸ ਵਿੱਚ ਪੈਣਾ ਇੱਕ ਭੋਲਾ ਪਣ ਹੈ ਕਿਉਂਕਿ ਉਹਨਾਂ ਲੋਕਾਂ ਨੂੰ ਟੂਣੇ ਟਾਮਣ ਵਾਲੇ ਸਿਆਣਿਆਂ ਨੇ ਭੰਬਲ ਭੂਸੇ ਵਿੱਚ ਪਾਇਆ ਹੋਇਆ ਹੈ। ਪਖੰਡੀ ਬਾਬੇ ਆਪਣੇ ਘਰ ਰਾਸ਼ਨ ਪਾਣੀ ਪੂਰਾ ਕਰਨ ਲਈ ਬਹੁਤ ਸਾਰੀਆਂ ਗਲਤ ਗੱਲਾਂ ਭੋਲੇ ਭਾਲੇ ਲੋਕਾਂ ਨੂੰ ਸੁਣਾ ਕੇ ਡਰਾ ਦਿੰਦੇ ਹਨ ਪਰ ਬਹੁਤ ਸਾਰੇ ਪੜੇ ਲਿਖੇ ਲੋਕ ਵੀ ਇੰਨਾਂ ਪਖੰਡੀ ਬਾਬਿਆਂ ਦਾ ਸ਼ਿਕਾਰ ਹੋ ਚੁੱਕੇ ਹਨ,ਤੇ ਉਹਨਾਂ ਝੋਲੀ ਚੱਕ ਪਖੰਡੀਆਂ ਦੇ ਕਹਿਣ ਤੇ ਆਪਣੇ ਖੇਤਾਂ ਜਾਂ ਘਰਾਂ ਵਿੱਚ ਇੱਟਾਂ ਦੀਆਂ ਮੜ੍ਹੀਆਂ ਬਣਾਈ ਬੈਠੇ ਆ ਤੇ ਹਰ ਚੋਂਦੇ ਮੱਸਿਆ ਨੂੰ ਮੜੀ ਤੇ ਜਾ ਕੇ ਮਿੱਟੀ ਕੱਢ ਕੇ ਕੱਚੀ ਲੱਸੀ ਦਾ ਸਿੱਟਾ ਦਿੰਦੇ ਹਨ ਤੇ ਵੱਡਿਆਂ ਦੇ ਨਾਮ ਦੀ ਰੋਟੀ ਆਪ ਹੀ ਛਕ ਲੈਂਦੇ ਹਨ।ਜੇ ਕਿਤੇ ਸਾਰੇ ਪਰਿਵਾਰ ਵਿੱਚੋਂ ਕੋਈ ਨਾ ਮੜੀ ਉੱਤੇ ਜਾਵੇ ਤਾਂ ਘਰ ਵਿੱਚ ਹੋਇਆ ਕੋਈ ਵੀ ਛੋਟਾ ਮੋਟਾ ਨੁਕਸਾਨ ਨਾ ਜਾਣ ਵਾਲੇ ਦੇ ਸਿਰ ਤੇ ਮੜ ਦਿੰਦੇ ਹਨ,ਕੇ ਤੂੰ ਨਹੀਂ ਗਿਆ ਮਿੱਟੀ ਕੱਢਣ ਬਾਬੇ ਦੇ ਏਸੇ ਕਰਕੇ ਇਹ ਸਭ ਨੁਕਸਾਨ ਹੋ ਰਿਹਾ ਹੈ।ਇਹੋ ਜਿਹੇ ਕਈ ਲੋਕ ਜਿਉਂਦੇ ਵੱਡੇ ਬਜ਼ੁਰਗਾਂ ਨੂੰ ਰੋਟੀ ਪਾਣੀ ਸਮੇਂ ਸਿਰ ਨਹੀਂ ਛਕਾਉਂਦੇ ਤੇ ਬਜ਼ੁਰਗ ਵਿਚਾਰੇ ਭੁੱਖਣ ਭਾਣੇ ਮਰ ਜਾਂਦੇ ਹਨ। ਬਾਅਦ ਵਿੱਚ ਜ਼ਮੀਨ ਦੇ ਲਾਲਚ ਲਈ ਇਹ ਸਭ ਚੋਂਦੇ ਦੀ ਰੋਟੀ ਦੇ ਨਾਮ ਉੱਤੇ ਨਵੇਂ ਪਖੰਡ ਸ਼ੁਰੂ ਕਰ ਦਿੰਦੇ ਹਨ। 

ਸਾਧਾਂ ਤੇ ਮੜੀਆਂ ਮਸਾਣਾਂ ਨੇ ਕੁਝ ਨਹੀਂ ਦੇਣਾ ਬੱਸ ਐਵੇਂ ਆਪਣੀ ਜ਼ਮੀਨ ਰੋਕ ਕੇ ਫ਼ਸਲ ਦਾ ਨੁਕਸਾਨ ਕਰਦੇ ਹਨ।ਮੜੀ ਵਾਲੀ ਜਗ੍ਹਾ ਤੇ ਮਿਹਨਤ ਨਾਲ ਫ਼ਸਲ ਬੀਜ ਕੇ ਮਿਹਨਤ ਕਰਨ ਨਾਲ ਸਾਡੇ ਘਰਾਂ ਪਰਿਵਾਰ ਲਈ ਅਨਾਜ ਪੈਦਾ ਕਰਕੇ ਸੌਖੀ ਜ਼ਿੰਦਗੀ ਬਿਤਾ ਸਕਦੇ ਹਨ। ਪਖੰਡੀ ਸਾਧਾਂ ਦੇ ਡੇਰਿਆਂ ਤੇ ਜੋ ਲੋਕ ਜਾਂਦੇ ਹਨ ਉੱਨਾਂ ਦੇ ਮੂੰਹੋਂ ਹੀ ਸਾਧ ਸਾਰੀਆਂ ਗੱਲਾਂ ਪੁੱਛ ਕੇ ਕਹਿ ਦਿੰਦੇ ਆ ,ਜਿਹੜੇ ਬਾਬੇ ਦੀ ਤੁਸੀਂ ਮੜੀ ਬਣਾਈ ਹੈ ਉਹੀ ਤੰਗ ਕਰਦਾ ਹੈ ਤੇ ਤੁਸੀਂ ਉਹਦੇ ਨਾਮ ਦੀ ਮਿੱਟੀ ਕੱਢਿਆ ਕਰੋ ਤੇ ਚੌਦੇ ਮੱਸਿਆ ਦੀ ਰੋਟੀ ਆਪਣੇ ਹੀ ਕਿਸੇ ਪਰਿਵਾਰ ਦੇ ਮੈਂਬਰ ਨੂੰ ਖਵਾ ਦਿਆਂ ਕਰੋ,ਸਭ ਕੁੱਝ ਸਹੀ ਹੋ ਜਾਵੇਗਾ।ਇਹੋ ਜਿਹੇ ਵਹਿਮ ਭਰਮ ਮਨਾਂ ਵਿੱਚੋਂ ਕੱਢ ਕੇ ਆਪਣੇ ਆਪ ਤੇ ਵਿਸ਼ਵਾਸ ਰੱਖ ਕੇ ਕੋਈ ਵੀ ਕੰਮ ਕਰ ਲਵੋ ਸਭ ਸਹੀ ਹੋਵੇਗਾ। ਜਿਉਂਦੇ ਮਾਪਿਆਂ ਦੀ ਸੇਵਾ ਸੰਭਾਲ ਕਰਕੇ ਆਪਣਾ ਬਣਦਾ ਹੱਕ ਨਿਭਾਈਏ ਤੇ ਵਧੀਆ ਸਮਾਜ ਸਿਰਜੀਏ।


 

Iqbalkaur

This news is Content Editor Iqbalkaur