ਜਨਮ ਦਿਹਾੜੇ 'ਤੇ ਵਿਸ਼ੇਸ਼:  'ਹਮ ਦੇਖੇਂਗੇ.!' ਨਜ਼ਮ ਦੇ ਰਚਨਹਾਰੇ ਫੈਜ਼ ਅਹਿਮਦ ਫੈਜ਼ ਦੀ ਕਲਾ ਅਤੇ ਸ਼ਖ਼ਸੀਅਤ

02/13/2021 12:32:57 PM

ਅੱਬਾਸ ਧਾਲੀਵਾਲ, 
ਮਲੇਰਕੋਟਲਾ। 
ਸੰਪਰਕ :9855259650 
Abbasdhaliwal72@gmail.com 

ਜਦੋਂ ਵੀ ਅਗਾਂਹਵਧੂ ਲਹਿਰ ਨਾਲ ਜੁੜੇ ਉਰਦੂ ਕਵੀਆਂ ਦੀ ਗੱਲ ਚਲਦੀ ਹੈ ਤਾਂ ਫੈਜ਼ ਦਾ ਨਾਮ ਸਭ ਤੋਂ ਅੱਗੇ ਆਉਂਦਾ ਹੈ। ਫੈਜ਼ ਅਹਿਮਦ ਫੈਜ਼ ਦਾ ਜਨਮ ਵੰਡ ਤੋਂ ਪਹਿਲਾਂ 13 ਫਰਵਰੀ, 1911 ਨੂੰ ਮੌਜੂਦਾ ਪਾਕਿਸਤਾਨ ਦੇ ਸਿਆਲਕੋਟ ਵਿਖੇ ਹੋਇਆ। ਉਸ ਦੇ ਪਿਤਾ ਚੌਧਰੀ ਸੁਲਤਾਨ ਮੁਹੰਮਦ ਖ਼ਾਨ ਆਪਣੇ ਸਮੇਂ ਦੇ ਪ੍ਰਸਿੱਧ ਬੈਰਿਸਟਰ ਸਨ।ਫੈਜ਼ ਨੇ ਆਪਣੀ ਮੁੱਢਲੀ ਵਿਦਿਆ ਮੌਲਵੀ ਮੁਹੰਮਦ ਇਬਰਾਹੀਮ ਮੀਰ ਸਿਆਲਕੋਟੀ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਉਸਨੇ 1921 ਵਿੱਚ ਸਕਾਚ ਮਿਸ਼ਨ ਸਕੂਲ ਸਿਆਲਕੋਟ ਵਿੱਚ ਦਾਖ਼ਲਾ ਲਿਆ ਅਤੇ 1927 ਵਿੱਚ ਉਸਨੇ ਦਸਵੀਂ ਦੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ। ਉਸੇ ਸਮੇਂ ਉਨ੍ਹਾਂ ਅਰਬੀ ਅਤੇ ਫ਼ਾਰਸੀ ਦੀ ਪੜ੍ਹਾਈ ਵੀ ਸਿੱਖੀ ਅਤੇ ਉਥੋਂ ਐਫ. ਏ. ਦੀ ਪ੍ਰੀਖਿਆ ਵੀ ਪਾਸ ਕੀਤੀ।

ਪੜ੍ਹਾਈ ਅਤੇ ਵਿਆਹ
ਸ਼ਮਸ-ਉਲ-ਹੱਕ, ਜਿਸ ਨੇ ਪ੍ਰਸਿੱਧ ਅੱਲ੍ਹਾਮਾ ਇਕਬਾਲ ਨੂੰ ਪੜ੍ਹਾਇਆ ਸੀ, ਫ਼ੈਜ਼ ਅਹਿਮਦ ਫੈਜ਼ ਨੂੰ ਵੀ ਉਸੇ ਪ੍ਰਤਿਭਾਵਾਨ ਅਧਿਆਪਕ ਤੋਂ ਵਿਦਿਆ ਪ੍ਰਾਪਤੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਸਨੇ ਬੀ.ਏ ਅਤੇ ਐੱਮ.ਏ. ਦੀ ਇੰਗਲਿਸ਼ ਦੀ ਪ੍ਰੀਖਿਆ ਸਰਕਾਰੀ ਕਾਲਜ ਲਾਹੌਰ ਤੋਂ ਪਾਸ ਕੀਤੀ ਸੀ। 1932 ਵਿਚ ਓਰੀਐਂਟਲ ਕਾਲਜ, ਲਾਹੌਰ ਤੋਂ ਫ਼ਾਰਸੀ ਵਿਚ ਐਮ.ਏ. ਕੀਤੀ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਡਾ: ਮੁਹੰਮਦ ਤਾਸੀਰ ਦੀ ਲੰਡਨ ਵਿੱਚ ਰਹਿਣ ਵਾਲੀ ਭੈਣ ਐਲਸਾ ਨਾਲ ਹੋਈ। ਐਲਿਸਾ ਜੋ ਕਿ ਕਮਿਊਨਿਸਟ ਪਾਰਟੀ ਦੇ ਇੱਕ ਸਰਗਰਮ ਮੈਂਬਰ ਸੀ।  ਬਾਅਦ ਵਿਚ ਉਨ੍ਹਾਂ ਨੇ 1941 ਵਿਚ ਐਲਸਾ ਨਾਲ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦੇ ਦੋ ਬੇਟੀਆਂ ਨੇ ਜਨਮ ਲਿਆ । 

ਨੌਕਰੀ ਅਤੇ ਦੇਸ਼ਨਿਕਾਲੇ ਵਾਲੀ ਜ਼ਿੰਦਗੀ 
1942 ਵਿੱਚ ਉਨ੍ਹਾਂ ਦੀ ਫ਼ੌਜ 'ਚ ਬਤੌਰ ਕੈਪਟਨ ਨਿਯੁਕਤੀ ਹੋਈ। ਇਸ ਖੇਤਰ ਵਿੱਚ ਉਨ੍ਹਾਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ਲੈਫਟੀਨੈਂਟ ਦੇ ਅਹੁਦੇ ਤੱਕ ਸੇਵਾਵਾਂ ਦਿੱਤੀਆਂ।  1947 'ਚ ਅਸਤੀਫ਼ਾ ਦੇ ਕੇ ਲਾਹੌਰ ਵਾਪਸ ਆ ਗਏ। ਫੈਜ਼ ਨੇ ਲੰਮੇ ਸਮੇਂ ਤੱਕ ਦੇਸ਼ ਨਿਕਾਲੇ ਵਾਲੀ ਜ਼ਿੰਦਗੀ ਬਤੀਤ ਕੀਤੀ।ਜਦੋਂ ਕਿ 9 ਮਾਰਚ 1951 ਨੂੰ ਉਨ੍ਹਾਂ ਨੂੰ ਰਾਵਲਪਿੰਡੀ ਸਾਜਿਸ਼ ਤਹਿਤ ਪਾਕਿਸਤਾਨੀ ਹਕੂਮਤ ਨੇ ਗਿਰਫ਼ਤਾਰ ਕਰ ਲਿਆ ਜਿਸ ਦੇ ਫਲਸਰੂਪ ਉਨ੍ਹਾਂ ਆਪਣੇ ਜੀਵਨ ਦੇ ਚਾਰ ਸਾਲ ਸਰਗੋਧਾ ਸਾਹੀਵਾਲ ਹੈਦਰਾਬਾਦ ਅਤੇ ਕਰਾਚੀ ਦੀਆਂ ਜੇਲ੍ਹਾਂ ਵਿੱਚ ਕੱਟੇ। 12 ਅਪ੍ਰੈਲ 1955 ਨੂੰ ਉਨ੍ਹਾਂ ਨੂੰ ਆਖਰਕਾਰ ਜੇਲ੍ਹ ਤੋਂ ਰਿਹਾਈ ਮਿਲ ਗਈ। 

 ਆਜ਼ਾਦੀ ਦੇ ਸ਼ਾਇਰ  
'ਜ਼ਿੰਦਾਂ ਨਾਮਾ' ਦੀਆਂ ਵਧੇਰੇ ਨਜ਼ਮਾਂ ਫੈਜ਼ ਦੇ ਜੇਲ੍ਹ ਵਿੱਚ ਬਿਤਾਏ ਦਿਨਾਂ ਦੀਆਂ ਇਕ ਪ੍ਰਕਾਰ ਕਹਾਣੀਆਂ ਹੀ ਹਨ। 1959 ਤੋਂ 1962 ਤੱਕ ਫੈਜ਼ ਪਾਕਿਸਤਾਨ ਆਰਟਸ ਕੌਂਸਲ ਦੇ ਸਕੱਤਰ ਵਜੋਂ ਆਪਣੀਆਂ ਸੇਵਾਵਾਂ ਦਿੰਦੇ ਰਹੇ। ਫੇਰ ਲੰਡਨ ਚਲੇ ਗਏ ਅਤੇ ਵਾਪਸੀ ਉਪਰੰਤ 1964 ਵਿੱਚ ਅਬਦੁੱਲਾ ਹਾਰੂਨ ਕਾਲਜ ਕਰਾਚੀ ਵਿਖੇ ਬਤੌਰ ਪ੍ਰਿਸੀਪਲ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਸਾਹਿਤਕ ਹਲਕਿਆਂ ਵਿਚ ਫੈਜ਼ ਦੇ ਸੰਦਰਭ ਵਿੱਚ ਇਹ ਧਾਰਨਾ ਆਮ ਪ੍ਰਚਲਿਤ ਹੈ ਕਿ ਉਹ ਇਕ ਆਜ਼ਾਦੀ ਦੇ ਸ਼ਾਇਰ ਸਨ ਅਤੇ ਅਕਸਰ ਉਨ੍ਹਾਂ ਨੂੰ ਸੰਘਰਸ਼ਸ਼ੀਲ ਸ਼ਾਇਰ ਵਜੋਂ ਪ੍ਰਚਾਰਿਆ ਜਾਂਦਾ ਹੈ।ਇਥੇ ਜਿਕਰਯੋਗ ਹੈ ਕਿ ਜਿਥੇ ਫੈਜ਼ ਨੇ ਵੀਅਤਨਾਮ ਵਿੱਚ ਅਮਰੀਕਾ ਵਿਰੁੱਧ ਵਿੱਢੇ ਸੰਘਰਸ਼ ਦੀ ਹਮਾਇਤ ਕੀਤੀ ਉਥੇ ਹੀ ਉਨ੍ਹਾਂ ਫਿਲਿਸਤੀਨ ਦੇ ਸੰਘਰਸ਼ ਦੀ ਵੀ ਭਰਪੂਰ ਹਮਾਇਤ ਕੀਤੀ ਅਤੇ ਇਸ ਸੰਬੰਧੀ ਉਨ੍ਹਾਂ ਗੀਤ ਵੀ ਲਿਖੇ। ਸ਼ਾਇਦ ਇਸਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਫਿਲਿਸਤੀਨ ਦੀ ਸੁਤੰਤਰਤਾ ਤਹਿਰੀਕ ਦੇ ਹਾਮੀ ਯਾਸਰ ਅਰਾਫਾਤ ਵੀ ਇਕ ਸੋਸ਼ਲਿਸਟ ਸਨ ਅਤੇ ਉਨ੍ਹਾਂ ਦੀ ਪਹਿਚਾਣ ਇਕ ਰੂਸ ਪੱਖੀ ਨੇਤਾ ਵਜੋਂ ਵਧੇਰੇ ਸੀ।

 ਇਹ ਵੀ ਪੜ੍ਹੋ:ਜਾਣੋ ਕੌਣ ਨੇ 'ਸਰ ਛੋਟੂ ਰਾਮ', ਜਿਸਦੇ ਜਨਮ ਦਿਹਾੜੇ ਮੌਕੇ ਸੰਯੁਕਤ ਕਿਸਾਨ ਮੋਰਚਾ ਦਿਖਾਵੇਗਾ ਇੱਕਜੁਟਤਾ
ਇਸ ਕਾਰਨ ਹੋਏ ਆਲੋਚਨਾ ਦੇ ਸ਼ਿਕਾਰ
ਬੇਸ਼ੱਕ ਫੈਜ ਨੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਲਈ ਆਵਾਜ਼ ਚੁੱਕੀ ਪਰ ਉਨ੍ਹਾਂ ਦੇ ਆਲੋਚਕਾਂ ਨੇ ਉਨ੍ਹਾਂ ਦੀ ਇਸ ਗੱਲ ਨੂੰ ਲੈ ਕੇ ਆਲੋਚਨਾ ਕੀਤੀ ਕਿ ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਵਿਚ ਦਖ਼ਲਅੰਦਾਜ਼ੀ ਕੀਤੀ ਤਾਂ ਫੈਜ਼ ਦੀ ਜ਼ੁਬਾਨ ਅਤੇ ਕਲਮ ਦੋਵਾਂ ਨੇ ਚੁੱਪ ਧਾਰ ਲਈ ਅਰਥਾਤ ਅਫਗਾਨਿਸਤਾਨ ਦੇ ਸੁਤੰਤਰਤਾ ਸੰਗਰਾਮ ਦੇ ਸੰਦਰਭ ਵਿਚ ਉਨ੍ਹਾਂ ਨਾ ਕੋਈ ਨਜ਼ਮ ਲਿਖੀ ਤੇ ਨਾ ਹੀ ਕੋਈ ਮਜ਼ਮੂਨ ਅਤੇ ਨਾ ਹੀ ਕੋਈ ਹਾਅ ਦੇ ਵਜੋਂ ਨਾਅਰਾ ਲਾਇਆ । ਭਾਵੇਂ ਕਿ ਫੈਜ਼ ਇਕ ਥਾਂ ਖ਼ੁਦ ਆਖਦੇ ਹਨ ਕਿ " ਸ਼ਾਇਰ ਦਾ ਕੰਮ ਮਹਿਜ ਨਿਰੀਖਣ ਕਰਨਾ ਨਹੀਂ ਹੁੰਦਾ ਸਗੋਂ ਜੱਦੋਜਹਿਦ ਕਰਨਾ ਵੀ ਉਸ ਦਾ ਫਰਜ਼ ਹੈ" 
ਆਓ ਹੁਣ ਫੈਜ ਦੀਆਂ ਕੁਝ ਕੁ ਪੰਕਤੀਆਂ ਰਾਹੀਂ ਉਨ੍ਹਾਂ ਦੇ ਕਲਾਮ ਤੇ ਝਾਤ ਮਾਰਦੇ ਹਾਂ:-

ਮੁਫਲਸੀ ਮੇਂ ਵੋਹ ਦਿਨ ਭੀ ਆਏ ਹੈਂ। 
ਹਮਨੇ ਆਪਣਾ ਮਲਾਲ ਬੇਚ ਦੀਯਾ। 

ਤੁਮਹਾਰੀ ਯਾਦ ਕੇ ਜਬ ਜਖਮ ਭਰਨੇ ਲਗਤੇ ਹੈਂ। 
ਕਿਸੀ ਬਹਾਨੇ ਤੁਮਹੇਂ ਯਾਦ ਕਰਨੇ ਲਗਤੇ ਹੈਂ। 

ਕਰ ਰਹਾ ਥਾ ਗਮੇ ਜਹਾਂ ਕਾ ਹਿਸਾਬ। 
ਆਜ ਤੁਮ ਯਾਦ ਬੇਹਿਸਾਬ ਆਏ। 

ਦੋਨੋਂ ਜਹਾਂ ਤੇਰੀ ਮੁਹੱਬਤ ਮੇਂ ਹਾਰ ਕਰ 
ਵੋਹ ਜਾ ਰਹਾ ਹੈ ਕੋਈ ਸ਼ਬੇ-ਗਮ ਗੁਜ਼ਾਰ ਕਰ 

ਗੁਲੋ ਮੇਂ ਰੰਗ ਭਰੇ ਬਾਦੇ ਨੌ ਬਹਾਰ ਚਲੇ। 
ਚਲੇ ਭੀ ਆਓ ਕੇ ਗੁਲਸ਼ਨ ਕਾ ਕਾਰੋਬਾਰ ਚਲੇ 

ਜੋ ਹਮ ਪਰ ਗੁਜ਼ਰੀ ਸੋ ਗੁਜ਼ਰੀ ਮਗਰ ਏ ਸ਼ਬੇ ਹਿਜਰਾਂ
ਹਮਾਰੇ ਅਸ਼ਕ ਤੇਰੀ ਆਕਬਤ ਸੰਵਾਰ ਚਲੇ।। 


ਹਮ ਦੇਖੇਂਗੇ…
ਇਕ ਨਜ਼ਮ ਉਨ੍ਹਾਂ ਦੀ ਅੱਜ ਵੀ ਉਨ੍ਹੀ ਹੀ ਪ੍ਰਭਾਵੀ ਹੈ ਜਿੰਨ੍ਹੀ ਕਿ ਅੱਜ ਤੋਂ ਚਾਲੀ ਸਾਲ ਪਹਿਲਾਂ ਸੀ। ਇਸ ਨਜ਼ਮ ਦਾ ਉਨਵਾਨ ਹੈ ‘ਹਮ ਦੇਖੇਂਗੇ…।’ ਭਾਵੇਂ ਕਿ ਇਹ ਨਜ਼ਮ ਉਨ੍ਹਾਂ ਨੇ 1979 ‘ਚ ਪਾਕਿਸਤਾਨ ਦੇ ਤਤਕਾਲੀ ਤਾਨਾਸ਼ਾਹ ਜਨਰਲ ਜ਼ਿਆ-ਉਲਹੱਕ ਦੇ ਖ਼ਿਲਾਫ਼ ਲਿਖੀ ਸੀ। ਜਦੋਂ ਇਸ ਨਜ਼ਮ ਦਾ ਡੂੰਘਾਈ ਨਾਲ ਅਧਿਐਨ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਸ ਨਜ਼ਮ ਦੇ ਵਧੇਰੇ ਅਲੰਕਾਰ ਅਤੇ ਤਸ਼ਬੀਹਾਂ ਪਵਿੱਤਰ ਕੁਰਾਨ ਮਜੀਦ ਦੀਆਂ ਆਇਤਾਂ ਦਾ ਇਕ ਪ੍ਰਕਾਰ ਨਾਲ ਉਲਥਾ ਹੀ ਹਨ। ਇਹੋ ਵਜ੍ਹਾ ਹੈ ਕਿ ਜਦੋਂ ਕੁਰਾਨ ਮਜੀਦ ਵਿਚਲੀਆਂ ਆਇਤਾਂ ਦੀ ਹੱਕ-ਬਾਤ ਪੜ੍ਹਨ ਜਾਂ ਸੁਣਨ ਵਾਲੇ ਦੇ ਦਿਮਾਗ਼ ਵਿੱਚ ਪੈਂਦੀ ਹੈ ਤਾਂ ਉਹ ਦਿਲ ਦੇ ਵਿਚ ਇਕ ਅਲੌਕਿਕ ਪ੍ਰਭਾਵੀ ਉਤਪੰਨ ਕਰਦੀ ਹੈ। 

ਨਜ਼ਮ ਦੀ ਤਸ਼ਰੀਹ
ਆਓ, ਅੱਜ ਉਸ ਨਜ਼ਮ ਦੀ ਤਸ਼ਰੀਹ ਕਰ, ਸਮਝਣ ਦਾ ਉਪਰਾਲਾ ਕਰਦੇ ਹਾਂ ਕਿ ਆਖਿਰ ਇਸ ਨਜ਼ਮ ਵਿਚ ਫੈਜ਼ ਨੇ ਅਜਿਹੇ ਕਿਹੜੇ ਅਲੰਕਾਰ ਅਤੇ ਬਿੰਬਾਂ ਦੀ ਵਰਤੋਂ ਕੀਤੀ ਹੈ ਜਿਸ ਨੂੰ ਪੜ ਕੇ ਜਾਂ ਸੁਣ ਕੇ ਅੱਜ ਵੀ ਉਹੋ ਉਤਸ਼ਾਹ ਤੇ ਜੋਸ਼ ਭਰ ਜਾਂਦਾ ਹੈ ਜੋ ਅੱਜ ਤੋਂ ਕਈ ਦਹਾਕੇ ਪਹਿਲਾਂ ਭਰਦਾ ਸੀ। 

ਨਜ਼ਮ ਦੇ ਪਹਿਲੇ ਬੰਦ ਵਿਚ ਕਵੀ ਕੌਮ ਦੇ ਦੱਬੇ ਕੁਚਲੇ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਆਖਦਾ ਹੈ, 
ਹਮ ਦੇਖੇਂਗੇ, ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ, ਵੋ ਦਿਨ ਕਿ ਜਿਸ ਕਾ ਵਾਅਦਾ ਹੈ, ਜੋ ਲੌਹ-ਏ-ਅਜ਼ਲ ਮੇਂ ਲਿੱਖਾ ਹੈ।
ਉਕਤ ਸਤਰਾਂ ਵਿਚ ਫੈਜ਼ ਕਹਿੰਦੇ ਹਨ ਕਿ ਅਸੀਂ ਉਹ ਦਿਨ ਜ਼ਰੂਰ ਇਕ ਨਾ ਇਕ ਦਿਨ ਵੇਖਾਂਗੇ, ਜਿਸ ਬਾਰੇ ਉਸ ਪੱਕੀ ਸਲੇਟ ‘ਤੇ ਲਿਖਿਆ ਹੈ।

ਜਬ ਜ਼ੁਲਮ-ਓ-ਸਿਤਮ ਕੇ ਕੋਹੇ-ਗਰਾਂ ਰੂਈ ਕੀ ਤਰ੍ਹਾਂ ਉੜ ਜਾਏਂਗੇ, ਹਮ ਮਹਿਕੂਮੋਂ ਕੇ ਪਾਂਓ ਤਲੇ, ਜਬ ਧਰਤੀ ਧੜ-ਧੜ ਧੜਕੇਗੀ, ਔਰ ਅਹਿਲ-ਏ-ਹਕਮ ਕੇ ਸਰ ਊਪਰ, ਜਬ ਬਿਜਲੀ ਕੜ-ਕੜ ਕੜਕੇਗੀ। 
ਦੂਜੇ ਬੰਦ ਵਿਚ ਫੈਜ਼ ਆਖਦੇ ਹਨ ਕਿ ਜਦੋਂ ਜ਼ੁਲਮਾਂ ਦੇ ਭਾਰੀ ਪਹਾੜ ਰੂੰ ਦੇ ਫੰਬਿਆਂ ਵਾਂਗ ਉਡਦੇ ਫਿਰਨਗੇ ਤੇ ਸਾਡੇ ਸ਼ਾਸਕਾਂ ਦੇ ਪੈਰਾਂ ਹੇਠਲੀ ਧਰਤੀ ਬਗਾਵਤ ਰੂਪੀ ਭੁਚਾਲ ਦੇ ਆਉਣ ਦਾ ਸੁਨੇਹਾ ਦੇਵੇਗੀ ਅਤੇ ਇਸੇ ਹਿਲਜੁਲ ਦਰਮਿਆਨ ਤਾਨਾਸ਼ਾਹਾਂ ਦੇ ਤਖਤ ਡਗਮਗਾ ਜਾਣਗੇ ਤੇ ਸ਼ਾਸਕਾਂ ਦੇ ਸਿਰਾਂ ‘ਤੇ ਬਿਜਲੀ ਕੜਕ ਕੜਕ ਕੇ ਡਿੱਗੇਗੀ ਤਾਂ ਅਸੀਂ ਉਹ ਦਿਨ ਜਰੂਰ ਵੇਖਾਂਗੇ।

 ਜਬ ਅਰਜ਼-ਏ-ਖੁਦਾ ਕੇ ਕਾਅਬੇ ਸੇ ਸਬ ਬੁਤ ਉਠਵਾਏ ਜਾਏਂਗੇ, ਹਮ ਅਹਿਲ-ਏ-ਸਫਾ ਮਰਦੂਦ-ਏ-ਹਰਮ ਮਸਨਦ ਪੇ ਬਿਠਾਏ ਜਾਏਂਗੇ।
ਜਦੋਂ ਇਸ ਰੱਬ ਦੀ ਧਰਤੀ 'ਤੋਂ ਉਨ੍ਹਾਂ ਅਖੌਤੀ ਬੁੱਤਾਂ, ਜੋ ਆਪਣੇ ਆਪ ਨੂੰ ਰੱਬ ਕਹਾਉਂਦੇ ਹਨ ਤੇ ਜਿਨ੍ਹਾਂ ਦੀ ਸਿਹਤ ਤੇ ਕਿਸੇ ਮਨੁੱਖ ਦੇ ਦੁੱਖ, ਦਰਦ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਇਨ੍ਹਾਂ ਬੇਹਿੱਸ ਪੱਥਰਾਂ (ਭਾਵ ਤਾਨਾਸ਼ਾਹ ਸ਼ਾਸਕ ਗੱਦੀਓਂ ਲੱਥ ਜਾਵੇਗਾ) ਨੂੰ ਉਖਾੜ ਕੇ ਪਰਾਂ ਸੁੱਟ ਦਿੱਤਾ ਜਾਵੇਗਾ। ਫਿਰ ਜਦੋਂ ਮਜ਼ਲੂਮ ਆਵਾਮ, ਜਿਨ੍ਹਾਂ ‘ਤੇ ਸ਼ਾਸਕਾਂ ਨੇ ਜੁਲਮ ਢਾਹੇ ਸਨ, ਉਨ੍ਹਾਂ ਨੂੰ ਇੱਜ਼ਤ ਤੇ ਅਹਿਤਰਾਮ ਨਾਲ ਮਸਨਦ ਭਾਵ ਉਨ੍ਹਾਂ ਨੂੰ ਤਕੀਏ (ਸਿਰਹਾਣੇ) ਵਾਲੇ ਤਖ਼ਤਾਂ ‘ਤੇ ਬਿਠਾਇਆ ਜਾਵੇਗਾ। ਅਸੀਂ ਉਹ ਦਿਨ ਜ਼ਰੂਰ ਵੇਖਾਂਗੇ।
ਜਬ ਤਾਜ ਉਛਾਲੇ ਜਾਏਂਗੇ, ਸਬ ਤਖਤ ਗਿਰਾਏ ਜਾਏਂਗੇ, ਬਸ ਨਾਮ ਰਹੇਗਾ ਅੱਲ੍ਹਾ ਕਾ, ਜੋ ਗਾਇਬ ਭੀ ਹੈ ਹਾਜ਼ਿਰ ਭੀ, ਜੋ ਮੰਜ਼ਰ ਭੀ ਹੈ ਨਾਜ਼ਿਰ ਭੀ।ਜਦੋਂ ਸਭ ਜ਼ਾਲਮ ਹੁਕਮਰਾਨਾਂ ਦੇ ਤਾਜ ਉਛਾਲੇ ਜਾਣਗੇ ਅਤੇ ਉਨ੍ਹਾਂ ਦੇ ਤਖ਼ਤ ਢਹਿ- ਢੇਰੀ ਕੀਤੇ ਜਾਣਗੇ, ਉਸ ਸਮੇਂ ਸਿਰਫ਼ ਡਾਢੇ ਅਕਾਲ ਪੁਰਖ ਦਾ ਹੀ ਨਾਮ ਬਾਕੀ ਰਹੇਗਾ, ਜੋ ਭਾਵੇਂ ਵਿਖਾਈ ਨਹੀਂ ਦਿੰਦਾ ਪਰ ਉਸ ਦੀ ਮੌਜੂਦਗੀ ਤੋਂ ਕਦਾਚਿਤ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹ ਦਿਨ ਅਸੀਂ ਲਾਜ਼ਮੀ ਵੇਖਾਂਗੇ।

ਉਠੇਗਾ ਅਨਲ-ਹਕ ਕਾ ਨਾਅਰਾ, ਜੋ ਮੈਂ ਭੀ ਹੂੰ ਔਰ ਤੁਮ ਭੀ ਹੋ ਔਰ ਰਾਜ ਕਰੇਗੀ ਖਲਕ-ਏ-ਖੁਦਾ, ਜੋ ਮੈਂ ਭੀ ਹੂੰ ਔਰ ਤੁਮ ਭੀ ਹੋ। ਇਹ ਕਿ ਜਦੋਂ ਹਰ ਪਾਸੇ ਸੱਚ ਦਾ ਨਾਅਰਾ ਗੂੰਜੇਗਾ, ਜੋ ਸੱਚ ਮੈਂ ਹਾਂ ਅਤੇ ਆਪਾਂ ਸਾਰੇ ਹਾਂ, ਜਦੋਂ ਉਸ ਰੱਬ ਦੇ ਬੰਦੇ ਜੋ ਮੈਂ ਵੀ ਹਾਂ ਤੇ ਤੁਸੀਂ ਵੀ ਹੋ, ਇਸ ਧਰਤੀ ‘ਤੇ ਰਾਜ ਕਰਾਂਗੇ ਤਾਂ ਉਹ ਦਿਨ ਯਕੀਨਨ ਅਸੀਂ ਸਾਰੇ ਵੇਖਾਂਗੇ। ਅਸੀਂ ਸਮਝਦੇ ਹਾਂ ਕਿ ਇਹ ਨਜ਼ਮ ਸਿਰਫ ਨਜ਼ਮ ਨਹੀਂ ਸਗੋਂ ਇਹ ਇੱਕ ਅਲਖ ਹੈ, ਜਿਸ ਨੂੰ ਅੱਜ ਹਰ ਉਸ ਕੌਮ ਨੂੰ ਗਾਉਣ ਦੀ ਲੋੜ ਹੈ, ਜੋ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਤਾਨਾਸ਼ਾਹੀ ਸ਼ਾਸਕਾਂ ਦੇ ਜੁਲਮ-ਓ-ਤਸ਼ੱਦਦ ਦਾ ਸ਼ਿਕਾਰ ਹੋ ਰਹੀ ਹੈ!

ਨੋਟ: ਫੈਜ਼ ਅਹਿਮਦ ਫੈਜ਼ ਦੀ ਸ਼ਖ਼ਸੀਅਤ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Harnek Seechewal

Content Editor

Related News