ਜਨਮ ਦਿਨ 'ਤੇ ਵਿਸ਼ੇਸ਼ : ਪੰਜਾਬ ਦੀ ਜ਼ਰਖੇਜ਼ ਮਿੱਟੀ ਦਾ ਜਣਿਆ 'ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ'

06/11/2022 2:33:01 PM

ਪੰਜਾਬ ਦੀ ਤਾਸੀਰ ਕੁਝ ਵੱਖਰੀ ਜਿਹੀ ਏ।ਇੱਥੇ ਸੂਰਮੇ, ਮਰਦ ਦਲੇਰਾਂ ਦੀਆਂ ਹਮੇਸ਼ਾਂ ਹੀ ਬਾਤਾਂ ਪੈਂਦੀਆਂ ਨੇ। ਭਾਵੇਂ ਉਹ ਕਿਸੇ ਵੀ ਖੇਤਰ ਜਾਂ ਖਿੱਤੇ ਦੇ ਹੋਣ। ਪੰਜਾਬ ਪ੍ਰਤੀ ਕੀਤੀ ਵਫ਼ਾਦਾਰੀ ਦਾ ਲੋਕ ਮੁੱਲ ਜ਼ਰੂਰ  ਮੋੜਦੇ ਨੇ। ਅਣਖ ਤੇ ਦਲੇਰੀ ਦੀ ਗੁੜ੍ਹਤੀ ਇਹਨਾਂ ਦੇ ਲਹੂ ਵਿਚ ਦੌੜਦੀ ਹੈ। ਭੀੜ 'ਚੋਂ ਲਾਂਭੇ ਹਟ ਕੇ ਜੁਰਅਤ ਨਾਲ ਮੂੰਹ 'ਤੇ ਸੱਚੀ ਗੱਲ ਆਖਣ ਵਾਲੇ ਨੂੰ ਲੋਕ ਚਿਰਾਂ ਤੱਕ ਯਾਦ ਰੱਖਦੇ ਨੇ। 

ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ

ਅਜਿਹਾ ਹੀ ਇਕ ਨੌਜਵਾਨ ਮਾਲਵੇ ਦੇ ਰੇਤਲੇ ਟਿੱਬਿਆਂ ਵਿੱਚ ਜਨਮਿਆ ਤੇ ਭਰ ਜਵਾਨੀ ਉਮਰੇ ਟਿੱਬਿਆਂ ਵਿੱਚ ਹੀ ਸਮਾ ਗਿਆ। ਮਾਨਸਾ ਦੇ ਪਿੰਡ ਮੂਸੇ ਵਿਚ ਸਿੱਧੂਆਂ ਦੇ ਘਰੇ ਫ਼ੌਜੀ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਘਰ ਜਨਮਿਆ ਸ਼ੁਭਦੀਪ ਸਿੰਘ ਅਜਿਹੀਆਂ ਪੈੜਾਂ ਪਾ ਗਿਆ ਕਿ ਮੂਸੇ ਪਿੰਡ ਨੂੰ ਪੂਰੀ ਦੁਨੀਆ ਵਿੱਚ ਚਮਕਾ ਗਿਆ। ਉਸ ਨੇ ਆਪਣੇ ਨਾਮ ਨਾਲੋਂ ਪਿੰਡ ਦੇ ਨਾਮ ਨੂੰ ਜ਼ਿਆਦਾ ਤਰਜ਼ੀਹ ਦਿੱਤੀ। 'ਸਿੱਧੂ ਮੂਸੇ ਵਾਲਾ' ਦੇ ਨਾਮ ਦਾ ਇਕ ਬ੍ਰਾਂਡ ਸਥਾਪਿਤ ਕਰ ਗਿਆ। ਭਰ ਜਵਾਨੀ ਵਿੱਚ ਵਹਿਸ਼ੀ ਦਰਿੰਦਿਆਂ ਵੱਲੋਂ ਕੀਤਾ ਉਸ ਦਾ ਕਤਲ ਪੰਜਾਬ ਦੇ ਮੱਥੇ 'ਤੇ ਇਕ ਹੋਰ ਨਾਸੂਰ ਛੱਡ ਗਿਆ। ਇਕਲੌਤੇ ਗੱਭਰੂ ਪੁੱਤਰ ਦੇ ਜਾਣ ਦਾ ਸੱਲ੍ਹ ਮਾਪੇ ਕਿਵੇਂ ਹੰਢਾਉਣਗੇ? ਇਹ ਉਹ ਤੇ ਜਾਂ ਉਹਨਾਂ ਦਾ ਰੱਬ ਹੀ ਜਾਣਦੈ।ਉਹ ਮਿੱਟੀ ਦਾ ਜਾਇਆ ਸੀ ਤੇ ਆਪਣੇ ਪਿੰਡ ਨੂੰ ਰੱਝ ਕੇ ਮੁਹੱਬਤ ਕਰਦਾ ਸੀ। ਖੇਤ, ਰੇਤਲੇ ਟਿੱਬੇ, ਟਰੈਕਟਰ, ਪਿੰਡ, ਹਵੇਲੀ ਉਸ ਦੀ ਜਿੰਦ-ਜਾਨ ਸਨ। ਉਸ ਦੀਆਂ ਲਿਖਤਾਂ ਤੇ ਗੀਤਾਂ ਵਿੱਚ ਪੰਜਾਬੀ ਜ਼ੁਰੱਅਤ ਦੀ ਬਾਤ ਪੈਂਦੀ ਸੀ। ਮਾਂ ਨੂੰ ਲੋਹੜੇ ਦੀ ਮੁਹੱਬਤ ਕਰਦਾ ਤੇ ਬਾਪੂ ਨੂੰ ਸਭ ਤੋਂ ਨੇੜਲਾ ਯਾਰ ਮੰਨਦਾ ਸੀ। 

ਇਹ ਵੀ ਪੜ੍ਹੋ- ਧਰਮਸੌਤ ਖ਼ਿਲਾਫ਼ ਵਿਜੀਲੈਂਸ ਨੂੰ ਮਿਲੇ ਅਹਿਮ ਸੁਰਾਗ, 'ਸਿੰਗਲਾ' ਵੀ ਰਾਡਾਰ 'ਤੇ

ਜਦੋਂ ਪੰਜਾਬ ਦਾ ਹਰ ਗਵੱਈਆ ਮੋਹਾਲੀ ਤੇ ਮੁੰਬਈ ਦਾ ਬਾਸ਼ਿੰਦਾ ਬਣ ਗਿਆ ਤਾਂ ਉਸਨੇ ਪੂਰੀ ਪ੍ਰਸਿੱਧੀ ਵੇਲੇ ਵੀ  ਆਪਣਾ ਪਿੰਡ ਨਾ ਛੱਡਿਆ ਤੇ ਨਵੀਂ ਹਵੇਲੀ ਨੁਮਾ ਕੋਠੀ ਪਾ ਕੇ ਪਿੰਡ ਵਿੱਚ ਹੀ ਰਿਹਾ। ਜਦਕਿ ਉਹ ਵੀ ਚੰਡੀਗੜ੍ਹ ਤੋਂ ਲੈ ਕੇ ਕੈਲੇਫੋਰਨੀਆ ਤੱਕ ਮਹਿੰਗੀ ਕੋਠੀ ਖ਼ਰੀਦਣ ਦੀ ਹੈਸੀਅਤ ਰੱਖਦਾ ਸੀ। ਓਹ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਸਟੱਡੀ ਵੀਜ਼ੇ 'ਤੇ ਕੈਨੇਡਾ ਚਲਾ ਗਿਆ ਪਰ ਛੇਤੀ ਹੀ ਵਾਪਿਸ ਪਿੰਡ ਮੁੜ ਆਇਆ। ਬਚਪਨ ਵਿੱਚ ਦਾਦੀ ਵੱਲੋਂ ਕੇਸ ਕਤਲ ਨਾ ਕਰਵਾਉਣ ਦੀ ਸਿੱਖਿਆ ਉਸ ਨੇ ਪੱਲੇ ਬੰਨ੍ਹ ਕੇ ਰੱਖੀ। ਹੋਰ ਦਸਤਾਰਧਾਰੀ ਗਵੱਈਆਂ ਜਾਂ ਅਦਾਕਾਰਾਂ ਵਾਂਗੂੰ ਟੋਪੀ ਨਾ ਪਾ ਕੇ ਪੱਗ ਤੇ ਪਰਨੇ ਵਿੱਚ ਰਹਿ ਕੇ ਨਾਮਣਾ ਖੱਟਿਆ। ਗਭਰੀਟ ਉਮਰੇ ਵੀ ਆਪਣੀ ਮਾਂ ਤੋਂ ਕੇਸ ਗੁੰਦਾ ਕੇ ਜੂੜਾ ਕਰਵਾਉਣਾ ਉਸ ਦੀ ਜ਼ਿੰਦਗੀ ਦਾ ਹਿੱਸਾ ਸੀ। ਇਸ ਗੱਲ ਦੀ ਤਸਦੀਕ ਆਖ਼ਰੀ ਸਮੇਂ ਉਸਦੀ ਗੱਡੀ ਵਿਚ ਗੋਲੀਆਂ ਵੱਜਣ ਤੋਂ ਬਾਅਦ ਖੁੱਲ੍ਹੇ ਗੁੰਦੇ ਹੋਏ ਕੇਸਾਂ ਦੀਆਂ ਤਸਵੀਰਾਂ ਤੋਂ ਹੁੰਦੀ ਹੈ। ਜ਼ੁਬਾਨ ਦਾ ਪੱਕਾ ਤੇ ਸਿਰੜੀ ਸੀ, ਜੋ ਕਹਿਤਾ ਤਾਂ ਉਸ ਤੋਂ ਪਿੱਛੇ ਨਹੀਂ ਹਟਿਆ। ਦਲੇਰੀ ਸਿਰਫ਼ ਉਸ ਨੇ ਆਪਣੇ ਗੀਤਾਂ ਵਿੱਚ ਨਹੀਂ ਵਿਖਾਈ ਸਗੋਂ ਆਖ਼ਰੀ ਸਮੇਂ ਅਤਿ ਆਧੁਨਿਕ ਹਥਿਆਰਾਂ ਦਾ ਆਪਣੇ ਪਿਸਤੌਲ ਨਾਲ ਡਟ ਕੇ ਮੁਕਾਬਲਾ ਕਰਦਿਆਂ ਜੁਝਾਰੂਪੁਣੇ ਦਾ ਸਬੂਤ ਦੇ ਗਿਆ। 

ਇਹ ਵੀ ਪੜ੍ਹੋ- ਪੰਜਾਬ ’ਚ 'ਗੈਂਗਸਟਰਵਾਦ' ਕਾਰਨ ਵਧੀ ਪੰਜਾਬ ਪੁਲਸ ਦੀ ਚਿੰਤਾ, ਕਾਨੂੰਨ ਵਿਵਸਥਾ 'ਤੇ ਉੱਠ ਰਹੇ ਸਵਾਲ

ਉਸਨੂੰ ਸਜਣ ਸੰਵਰਨ ਜਾਂ ਮਹਿੰਗੇ ਕੱਪੜੇ ਪਾਉਣ ਦਾ ਸ਼ੌਕ ਨਹੀਂ ਸੀ, ਸਗੋਂ ਦੇਸੀ ਜਟਕਾ ਜ਼ਿੰਦਗੀ ਜਿਊਣ 'ਚ ਜ਼ਿਆਦਾ ਮਸਤ ਰਹਿੰਦਾ। ਹਾਲੀਵੁੱਡ ਤੋਂ ਲੈ ਕੇ ਪਿੰਡਾਂ ਤੱਕ ਲੋਕ ਉਸਨੂੰ ਸੁਣਦੇ ਸਨ।ਉਹ ਹਮੇਸ਼ਾਂ ਟ੍ਰੈਂਡਿੰਗ ਵਿਚ ਰਿਹਾ। ਪਿੰਡ ਮੂਸਾ ਵਿੱਚ ਜ਼ਿਆਦਾਤਰ ਸਿੱਧੂ ਬਰਾਦਰੀ ਹੀ ਆ ਅਤੇ ਉਸਨੇ ਆਪਣਾ ਨਾਮ 'ਸਿੱਧੂ ਮੂਸੇ ਵਾਲਾ' ਰੱਖ ਕੇ ਸਾਰੇ ਪਿੰਡ ਦੇ ਬਸ਼ਿੰਦਿਆਂ ਨੂੰ ਫਖ਼ਰ ਮਹਿਸੂਸ ਕਰਵਾਇਆ । ਉਸ ਨੇ ਆਪਣੇ ਕਿਸੇ ਵੀ ਗੀਤ ਵਿੱਚ ਨਸ਼ੇ ਅਤੇ ਅਸ਼ਲੀਲਤਾ ਨੂੰ ਪ੍ਰਮੋਟ ਨਹੀਂ ਕੀਤਾ। ਹਥਿਆਰਾਂ ਜਾਂ ਹੋਰ ਕਾਰਨਾਂ ਕਰਕੇ ਉਸ ਦੇ ਗੀਤ ਵਿਵਾਦਾਂ ਵਿੱਚ ਰਹੇ।ਓਹ ਅਕਸਰ ਆਪਣੇ ਹਰ ਗੀਤ ਵਿੱਚ ਭਰ ਜਵਾਨੀ 'ਚ ਗੋਲ਼ੀ ਨਾਲ ਮਰਨ ਦੀ ਗੱਲ ਕਰਦਾ ਸੀ ਜੋ ਸੱਚ ਵੀ ਹੋ ਨਿੱਬੜੀ। ਅੰਤਰਰਾਸ਼ਟਰੀ ਪੱਧਰ 'ਤੇ ਉਸ ਨੇ ਆਪਣੇ ਬਲਬੂਤੇ ਮੁਕਾਮ ਹਾਸਲ ਕੀਤਾ। ਉਹ ਪਹਿਲੇ ਦਿਨ ਤੋਂ ਹੀ ਆਜ਼ਾਦ ਪੰਛੀ ਸੀ।ਉਹ ਮਜ਼ਬੂਰੀ ਵੱਸ ਅਤੇ ਕੁੱਝ ਨਿੱਜੀ ਕਾਰਨਾਂ ਕਰਕੇ ਸਿਆਸਤ ਵਿੱਚ ਆਇਆ ਪਰ ਉਹ ਸਿਆਸੀ ਬਿਲਕੁੱਲ ਵੀ ਨਹੀਂ ਸੀ। ਹੁਕਮਰਾਨ ਕਦੇ ਵੀ ਨਹੀਂ ਚਾਹੁੰਦਾ ਕਿ ਆਪਣੇ ਦਮ ਤੇ ਅੰਤਰਰਾਸ਼ਟਰੀ ਪੱਧਰ ਤੱਕ ਬੁਲੰਦੀ ਦੀਆਂ ਸਿਖਰਾਂ 'ਤੇ ਪੁੱਜਿਆ ਕੋਈ ਨੌਜਵਾਨੀ ਦਾ ਸਟਾਰ ਆਜ਼ਾਦੀ ਅਤੇ ਹੱਕਾਂ ਦੀ ਖੁੱਲ੍ਹ ਕੇ ਬਾਤ ਪਾਉਣ ਲੱਗ ਜਾਵੇ। ਉਹ ਦੀਪ ਸਿੱਧੂ ਦੀਆਂ ਪੈੜਾਂ 'ਤੇ ਚਲਦਿਆਂ ਪੰਜਾਬ ਦੀ ਖ਼ੁਦਮੁਖ਼ਤਿਆਰੀ ਨੂੰ ਸਮਝਣ ਲੱਗ ਪਿਆ ਸੀ। ਉਸ ਦੇ ਗੀਤਾਂ ਵਿੱਚ ਅਜੀਬ ਕਿਸਮ ਦਾ ਜਾਹੋ ਜਲਾਲ ਝਲਕਾਰੇ ਮਾਰਨ ਲੱਗ ਪਿਆ ਸੀ। ਜਿਉਂ ਜਿਉਂ ਉਸਦੀ ਉਮਰ ਅਤੇ ਲੇਖਣੀ ਵਿੱਚ  ਪਕਿਆਈ ਆਉਂਦੀ ਗਈ, ਆਪਣੀ ਕੌਮ ਅਤੇ ਪੰਜਾਬ ਲਈ ਹੋਰ ਗੰਭੀਰ ਹੁੰਦਾ ਗਿਆ। ਉਸਦੇ ਗੀਤਾਂ ਦਾ ਵਹਾਣ ਆਜ਼ਾਦੀ,ਹੋਂਦ,ਕੌਮੀ ਨਿਸ਼ਾਨੇ ਤੇ ਪੰਜਾਬ  ਵੱਲ ਨੂੰ ਹੋ ਤੁਰਿਆ। ਗੀਤ 'ਪੰਜਾਬ' ਇਨ੍ਹਾਂ ਗੱਲਾਂ ਦੀ ਸ਼ਾਹਦੀ ਭਰਦਾ ਹੈ। ਆਉਣ ਵਾਲਾ ਗੀਤ 'ਐੱਸ ਵਾਈ ਐੱਲ' ਉਸ ਦੀ ਪੰਥਕ ਸੋਚ, ਰਾਜ ਦੀ ਗੱਲ ਅਤੇ ਪੰਜਾਬ ਮਸਲਿਆਂ ਦੀ ਫ਼ਿਕਰਮੰਦੀ ਉਜਾਗਰ ਕਰੇਗਾ। ਆਪਣੇ ਹਰ ਸਟੇਜੀ ਸ਼ੋਅ ਦੌਰਾਨ ਉਹ ਨੌਜਵਾਨਾਂ ਨੂੰ ਪੱਗਾਂ ਬੰਨ੍ਹਣ ਲਈ ਪ੍ਰੇਰਦਾ ਸੀ। ਉਸ ਤੋਂ ਮੁਤਾਸਰ ਹੋ ਕੇ ਨੌਜਵਾਨ ਵਿਦੇਸ਼ਾਂ ਵਿਚੋਂ ਪੰਜਾਬ ਵੱਲ ਪਰਤਣ ਲੱਗੇ ਸਨ। ਉਸ ਨੇ ਆਪਣੇ ਦ੍ਰਿੜ੍ਹ ਇਰਾਦੇ ਨਾਲ ਸਮੇਂ ਨੂੰ ਪੁੱਠਾ ਗੇੜ ਦਿੱਤਾ। ਅਕਸਰ ਕਲਾਕਾਰ ਲੋਕ ਸਥਾਪਤ ਹੋਣ ਲਈ ਵੱਡੇ ਸ਼ਹਿਰਾਂ ਵੱਲ ਭੱਜਦੇ ਸਨ ਪਰ ਹੁਣ ਵੱਡੇ ਸ਼ਹਿਰਾਂ ਤੋਂ ਕੰਪਨੀਆਂ ਦੇ ਨੁਮਾਇੰਦੇ ਪਿੰਡ ਮੂਸਾ ਵੱਲ ਗੇੜੀਆਂ ਮਾਰਨ ਲੱਗੇ। ਉਸ ਨਾਲ ਤਸਵੀਰਾਂ ਖਿਚਵਾਉਣ ਵਾਲਿਆਂ ਦੀਆਂ ਉਸਦੇ ਘਰ ਲੰਮੀਆਂ ਕਤਾਰਾਂ ਲੱਗ ਜਾਂਦੀਆਂ।  

ਅਜੇ ਉਸ ਨੇ ਮੌਸੀਕੀ ਦੇ ਅੰਬਰਾਂ ਵਿਚ ਬੜੀ ਲੰਮੀ ਪਰਵਾਜ਼ ਭਰਨੀ ਸੀ ਪਰ ਵਕਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬਾਗ਼ੀ ਸੋਚ ਤੇ ਇਨਕਲਾਬੀ ਆਵਾਜ਼ ਨੂੰ ਮੁੱਢ ਕਦੀਮਾਂ ਤੋਂ ਹੀ ਚੁੱਪ ਕਰਵਾਇਆ ਜਾਂਦਾ ਰਿਹੈ ਪਰ ਇਹ ਮਸ਼ਾਲ ਕਦੇ ਵੀ ਨਹੀਂ ਬੁਝਦੀ,ਸਗੋਂ ਇਹ ਵੱਖ-ਵੱਖ ਰੂਪਾਂ ਵਿੱਚ ਹੋਰ ਪ੍ਰਚੰਡ ਹੋ ਕੇ ਲਾਟ ਬਣ ਜਗਦੀ ਏ ਤੇ ਪੰਜਾਬ ਦੀ ਜ਼ਰਖੇਜ਼ ਮਿੱਟੀ ਖੇਤਾਂ ਦੇ ਇਨਕਲਾਬੀ ਤੇ ਬਾਗ਼ੀ ਪੁੱਤ ਜਣਦੀ ਰਹੇਗੀ.... .........ਅਲਵਿਦਾ 

ਐਡਵੋਕੇਟ ਗਗਨਦੀਪ ਸਿੰਘ ਗੁਰਾਇਆ
ਨੋਟ - ਇਹ ਲੇਖਕ ਦੇ ਨਿੱਜੀ ਵਿਚਾਰ ਹਨ।

 


Harnek Seechewal

Content Editor

Related News