ਬਿਲਗਾ (ਜਲੰਧਰ) ਦਾ ਕਸੀਦਾ

09/23/2020 6:29:35 PM

 ਬਿਲਗਾ(ਜਲੰਧਰ) ਦਾ ਕਸੀਦਾ

ਬਿਲਗਾ ਪਿੰਡ ਦੋਆਬੇ ਦਾ ਛੈਲ ਬਾਂਕਾ
ਜੰਗਲ ਵਿੱਚ ਹੈ ਸ਼ੇਰ ਸਰਦਾਰ ਮੀਆਂ

ਛੈਲ ਜਵਾਨ ਕੁੜੀਆਂ ਛੈਲ ਜਵਾਨ ਗਭਰੂ 
ਬੜਕ ਸੁਣੀ ਦੀ ਸਤਲੁਜ ਤੋਂ ਪਾਰ ਮੀਆਂ

ਚੌਂਕਾਂ ਮੋੜਾਂ ਤੇ ਦਿਲ ਨੇ ਨਿੱਤ ਮਿਲਦੇ
ਅੱਖਾਂ,ਅੱਖਾਂ ਨਾਲ ਕਰਨ ਕਰਾਰ ਮੀਆਂ

ਜੰਗਿ ਆਜ਼ਾਦੀ ਚ ਕੁੱਦੇ ਕਈ ਪਰ-ਵਾਨੇ
ਬਾਬਾ ਭਗਤ ਸਿੰਘ ਸੀ ਲੱਠ-ਮਾਰ ਮੀਆਂ 

ਖ਼ਾਤਰ ਦੇਸ਼ ਦੀ ਜੋ ਬੇਨਾਮ ਮਰ ਗਏ
ਲਿਸਟ ਉਨ੍ਹਾ ਦੀ ਇਕ ਹਜ਼ਾਰ ਮੀਆਂ

ਮੇਲੇ ਸਿੰਝਾਂ ਤਾਂ ਸਜਦੀਆਂ ਕੋਤਰ ਏਥੇ
ਧੁੰਮਾ ਪੈਂਦੀਆਂ ਨੇ ਮਾਰੋ ਮਾਰ ਮੀਆਂ

ਪਹਿਲਾਂ ਢਿੱਠਿਆ ਫਿਰ ਆਣ ਢਾਹਿਆ
ਬਦਲਗੀ ਜਿੱਤ ਵਿੱਚ ਫਿਰ ਹਾਰ ਮੀਆਂ

ਪੰਚਮ ਪਾਤਸ਼ਾਹ ਪਵਿੱਤਰ ਚਰਨ ਪਾਏ
ਬੇੜਾ ਬਿਲਗੇ ਦਾ ਤਾਰਨ ਓ ਹਾਰ ਮੀਆਂ

ਤਾਰਾ ਸਿੰਘ ਬਿਲਗਾ ਖੇਤਾਂ ਵਿੱਚ ਸਜਦਾ
ਉੱਤਰੀ ਭਾਰਤ ਦਾ ਉਹ ਸਰਦਾਰ ਮੀਆਂ

ਹੈਨਰੀ ਜਿਹਾ ਨਾ ਡਿੱਠਾ ਕਦੇ ਕੋਈ ਨੇਤਾ
ਵਜ਼ਾਰਤ ਪੰਜਾਬ ਦਾ ਸੀ ਠਾਣੇਦਾਰ ਮੀਆਂ

ਏਧਰ ਬੱਸਾਂ ਤੇ ਓਧਰ ਪਈ ਰੇਲ ਕੂਕੇ
ਰੌਣਕ ਬਾਜ਼ਾਰ ਦੀਵਾਲੀ ਤਿਹਾਰ ਮੀਆਂ

ਕਣਕ ਕਮਾਦ ਜਵਾਰ ਪਈ ਖ਼ੂਬ ਮੌਲੇ
ਸੋਂਹਦੀ ਧਰਤ ਹੈ ਸਰੋਂ ਦੇ ਹਾਰ ਮੀਆਂ

ਆ  ਲੈ ਚੱਲਾਂ ਬਿਲਗੇ ਪਿੰਡ ਤੈਨੂੰ
ਜਿੱਥੇ ਨੱਚਦੀ ਫਿਰੇ  ਬ-ਹਾਰ ਮੀਆਂ
ਜਿੱਥੇ ਨੱਚਦੀ ਫਿਰੇ  ਬ-ਹਾਰ ਮੀਆਂ

ਲੇਖਕ :ਸਤਵੀਰ ਸਿੰਘ ਚਾਨੀਆਂ 
         92569-73526

rajwinder kaur

This news is Content Editor rajwinder kaur