ਬਣ ਬਣ ਬਹਿੰਦਾ ਹਰ ਕੋਈ ਵਿੱਚੋ

05/09/2020 1:59:50 PM

 ਦਲੀਪ ਸਿੰਘ ਵਾਸਨ, ਐਡਵੋਕੇਟ


  ਸਾਡੇ ਮੁਲਕ ਵਿੱਚ ਅਗਰ ਵਿਸ਼ਵਾਸਾਂ ਦੀ ਗੱਲ ਕਰੀਏ ਤਾਂ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਜਦ ਕਿਸੇ ਨੂੰ ਆਖੋ ਇਹ ਗਲ ਠੀਕ ਜਿਹੀ ਨਹੀਂ ਲਗਦੀ ਤਾਂ ਝੱਟ ਅਗੋਂ ਜੁਆਬ ਮਿਲਦਾ ਹੈ- ਆਪਣਾ ਆਪਣਾ ਵਿਸਵਾਸ ਹੈ-  ਅਰਥਾਤ ਸਾਡੇ ਮੁਲਕ ਵਿੱਚ ਅਸੀਂ ਸਾਰਿਆਂ ਨੇ ਰੱਬ ਅੱਜ ਤਕ ਦੇਖਿਆ ਤਾਂ ਨਹੀਂ ਹੈ, ਪਰ ਅਸੀਂ ਸਾਰੇ ਰੱਬ ਵਿੱਚ ਵਿਸਵਾਸ ਰਖਦੇ ਹਾਂ ਅਤੇ ਜਿਹੜਾ ਰੱਬ ਵਿੱਚ ਵਿਸਵਾਸ ਨਾ ਰਖਦਾ ਹੋਵੇ ਉਹ ਸਾਡੀ ਪਸੰਦ ਦੇ ਘੇਰੇ ਵਿੱਚ ਹੀ ਨਹੀਂ ਆਉਂਦਾ। ਅਸੀਂ ਫਿਰ ਇਹ ਵੀ ਹੈ ਕਿ ਆਪਣੇ ਆਪਣੇ ਧਰਮ ਮੁਤਾਬਿਕ ਹੀ ਰੱਬ ਨਾਲ ਗੱਲਾਂ ਸਾਂਝੀਆਂ ਕਰਨਾ ਚਾਹੁੰਦੇ ਹਾਂ ਅਤੇ ਬਾਕੀ ਦੇ ਧਾਰਮਿਕ ਅਸਥਾਨਾ ਉਤੇ ਜਾਕੇ ਅਸੀਂ ਰਸਮੀ ਜਿਹਾ ਮੱਥਾ ਤਾਂ ਟੇਕ ਸਕਦੇ ਹਾਂ, ਪਰ ਕੋਈ ਆਖੇ ਕਿ ਸਾਡਾ ਉਥੇ ਜਾਕੇ ਵੀ ਇਹ ਵਿਸਵਾਸ ਬਣ ਆਉਂਦਾ ਹੈ ਕਿ ਸਾਡੀ ਅਰਦਾਸ ਪੂਰੀ ਹੋ ਜਾਵੇਗੀ, ਐਸਾ ਸੱਚ ਜਿਹਾ ਨਹੀਂ ਲਗਦਾ ਹੈ।

ਅਸੀਂ ਅਗਰ ਆਤਮ-ਵਿਸ਼ਵਾਸ ਦੀ ਗੱਲ ਕਰਦੇ ਹਾਂ ਤਾਂ ਵੀ ਸਾਡੇ ਮੁਲਕ ਵਿੱਚ ਹਰ ਆਦਮੀ ਇਹੀ ਸਾਬਤ ਕਰਨ ਉਤੇ ਤੁਲਿਆ ਪਿਆ ਲਗਦਾ ਹੈ ਕਿ ਉਹ ਆਪਣੇ ਆਪ ਉਤੇ ਵਿਸਵਾਸ ਰਖਦਾ ਹੈ। ਜਿਵੇਂ ਅਸੀਂ ਆਪਣੇ ਧਰਮ ਉਤੇ ਵਿਸਵਾਸ ਬਣਾਈ ਬੈਠੇ ਹਾਂ ਉਵੇਂ ਹੀ ਸਾਡੇ ਮਨ ਵਿੱਚ ਇਹ ਵੀ ਵਿਸਵਾਸ ਬਣਿਆ ਪਿਆ ਹੈ ਕਿ ਅਸੀਂ ਹੀ ਸਹੀ ਹਾਂ ਅਤੇ ਜਿਸ ਵੀ ਆਦਮੀ ਪਾਸ ਸਾਡੇ ਵਰਗੇ ਵਿਚਾਰ ਨਹੀਂ ਹਨ, ਸਾਨੂੰ ਉਹ ਆਦਮੀ ਮੂਰਖ ਜਿਹਾ ਲਗਦਾ ਹੈ ਪਰ ਇਹ ਗੱਲਾਂ ਸਾਰੀਆਂ ਦੀਆਂ ਸਾਰੀਆਂ ਦਿਖਾਵੇ ਵਾਲੀਆਂ ਹੀ ਹਨ। ਅਸਲ ਵਿੱਚ ਸਾਡੇ ਵਿਚੋ ਬਹੁਤੇ ਲੋਕੀ ਘਟੀਆ-ਪਣ ਦੇ ਸ਼ਿਕਾਰ ਹਨ ਅਤੇ ਇਸ ਘਟੀਆਪਣ ਨੂੰ ਦੂਜਿਆਂ ਪਾਸੋਂ ਛੁਪਾਉਣ ਦਾ ਹਰ ਯਤਨ ਕੀਤਾ ਜਾਂਦਾ ਹੈ। ਇਹ ਆਤਮ-ਵਿਸਵਾਸ ਵਾਸਤੇ ਜਿਹੜੀਆਂ ਗੱਲਾਂ ਚਾਹੀਦੀਆਂ ਹਨ, ਉਹ ਸਾਡੇ ਵਿਚੋਂ ਬਹੁਤਿਆਂ ਦੇ ਨਸੀਬ ਵਿੱਚ ਹੀ ਨਹੀਂ ਹਨ। ਸਾਡਾ ਇਹ ਸਮਾਜ ਜਿਸਨੂੰ ਅਸੀਂ ਆਪਣੇ ਮਿਥਿਹਾਸ, ਇਤਿਹਾਸ, ਗੁਲਾਮੀ ਅਤੇ ਅੱਜ ਤਕ ਫਰੋਲਕੇ ਦੇਖਦੇ ਹਾਂ ਤਾਂ ਸਾਡੀ ਇਹੀ ਕੋਸ਼ਿਸ਼ ਰਹੀ ਲਗਦੀ ਹੈ ਕਿ ਦੂਜਿਆ ਵਿੱਚ ਕਦੀ ਆਤਮ-ਵਿਸ਼ਵਾਸ ਬਣਨ ਹੀ ਨਾ ਦਈਏ। ਹਰ ਕੋਈ ਦੂਜੇ ਨੂੰ ਨੀਚਾ ਦਿਖਾਉਣ ਵਿੱਚ ਹੀ ਲਗਾ ਹੈ।
       

ਆਤਮ-ਵਿਸ਼ਵਾਸ ਲਈ ਪੰਜ ਮੂਲ ਗੱਲਾਂ ਹਨ, ਵਾਜਬ ਜਿਹੀ ਸਿਹਤ, ਵਾਜਬ ਜਿਹੀ ਵਿਦਿਆ, ਵਾਜਬ ਜਿਹੀ ਸਿਖਲਾਈ, ਵਾਜਬ ਜਿਹਾ ਰੁਜ਼ਗਾਰ ਅਤੇ ਵਾਜਬ ਜਿਹੀ ਆਮਦਨ ਅਤੇ ਜਦ ਅਸੀਂ ਇਹ ਪੰਜ ਗੱਲਾਂ ਆਪਣੇ ਆਪ ਉਤੇ ਲਾਗੂ ਕਰਕੇ ਆਪਣਾ ਆਪ ਹੀ ਨਿਰੀਖਣ ਕਰਦੇ ਹਾਂ ਤਾਂ ਅਸੀਂ ਆਪ ਹੀ ਘਟੀਆ-ਪਣ ਦੇ ਸ਼ਿਕਾਰ ਹੋਕੇ ਰਹਿ ਜਾਂਦੇ ਹਾਂ। ਇਹ ਜਿਹੜਾ ਅਸੀਂ ਮੈਂ ਮੈਂ, ਮੇਰਾ ਮੇਰਾ ਅਤੇ ਮੈਨੂੰ ਮੈਨੂੰ ਕਰੀ ਜਾਂਦੇ ਹਾਂ ਇਹ ਬਸ ਦਿਖਾਵਾ ਹੀ ਹੈ ਅਤੇ ਅਸੀਂ ਇਹ ਸਾਬਤ ਕਰਨ ਵਿੱਚ ਹੀ ਜੁਟੇ ਰਹਿੰਦੇ ਹਾਂ ਕਿ ਸਾਡੇ ਵਰਗਾ ਕੋਈ ਹੈ ਹੀ ਨਹੀਂ ਹੈ ਪਰ ਇਤਨਾ ਕੁਝ ਕਰਨ ਦੇ ਬਾਵਜੂਦ ਸਾਨੂੰ ਹਮੇਸ਼ਾ ਇਹੀ ਪ੍ਰਤੀਤ ਹੁੰਦਾ ਰਹਿੰਦਾ ਹੈ ਕਿ ਦੂਜੇ ਦੀ ਥਾਲੀ ਵਾਲਾ ਲੱਡੂ ਵੱਡਾ ਹੈ ਅਤੇ ਵਰਤਾਉਣ ਵਾਲੇ ਨੇ ਸਾਡੇ ਨਾਲ ਵਿਤਕਰਾ ਕੀਤਾ ਹੈ।
     

ਅਸੀਂ ਜਦ ਆਪਣੇ ਹੀ ਇਤਿਹਾਸ, ਮਿਥਿਹਾਸ ਅਤੇ ਆਪਣੇ ਇਸ ਵਾਲੇ ਪਿਛਲੇ ਸੱਤ ਦਹਾਕਿਆਂ ਦੇ ਇਤਿਹਾਸ ਉਤੇ ਹੀ ਨਜ਼ਰ ਮਾਰਦੇ ਹਾਂ ਤਾਂ ਕਿਧਰੇ ਵੀ ਐਸਾ ਸਮਾਂ ਆਇਆ ਨਹੀਂ ਲਗਦਾ ਜਦ ਸਾਡੇ ਵਿੱਚ ਕਿਸੇ ਨੇ ਆਤਮ-ਵਿਸ਼ਵਾਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਸਾਡਾ ਪੁਰਾਣਾ ਸਾਰੇ ਦਾ ਸਾਰਾ ਸਮਾਜ ਵਰਗਾਂ ਵਿੱਚ ਵੰਡਿਆ ਪਿਆ ਸੀ ਅਤੇ ਇਹ ਵਰਗ ਹੀ ਇਹ ਸਾਬਤ ਕਰ ਦਿੰਦੇ ਹਨ ਕਿ ਸਾਡੇ ਸਮਾਜ ਵਿੱਚ ਹੀ ਐਸੀਆਂ ਸ਼ਕਤੀਆਂ ਹਰ ਵਕਤ ਕੰਮ ਕਰ ਰਹੀਆਂ ਸਨ ਜਿਹੜੀਆਂ ਇਕ ਵੱਡੀ ਗਿਣਤੀ ਦੇ ਲੋਕਾਂ ਨੂੰ ਇਹ ਮਨ ਲੈਣ ਉਤੇ ਮਜਬੂਰ ਕਰ ਰਹੀਆਂ ਸਨ ਕਿ ਉਹ ਘਟੀਆਂ ਹਨ, ਨੀਂਵੇਹ ਨ, ਪਛੜੇ ਹੋਏ ਹਨ, ਅਛੂਤ ਹਨ ਅਤੇ ਕਦੀ ਬਰਾਬਰਤਾ ਦੀ ਗੱਲ ਹੀ ਨਾ ਕਰਨ। ਇਹ ਜਿਹੜੇ ਵੀ ਵਰਗ ਛੋਟੇ ਕਰਾਰ ਦਿੱਤੇ ਗਏ ਸਨ ਇੰਨ੍ਹਾਂ ਉਤੇ ਬੰਦਸ਼ ਵੀ ਸੀ ਕਿ ਇਹ ਕਦੀ ਵੀ ਵਿਦਿਆ ਪ੍ਰਾਪਤ ਨਾ ਕਰਨ, ਕੋਈ ਵੀ ਸਿਖਲਾਈ ਨਾਂ ਲੈਣ ਅਤੇ ਇਨ੍ਹਾਂ ਪਾਸੋਂ ਹਮੇਸ਼ਾ ਨਿੱਕੇ-ਨਿੱਕੇ ਕੰਮ ਲਿਤੇ ਜਾਂਦੇ ਸਨ ਅਤੇ ਇਹ ਸਾਰੇ ਲੋਕਾਂ ਦੀਆਂ ਮਜ਼ਦੂਰੀਆਂ ਬਹੁਤ ਹੀ ਘਟ ਰਖੀਆਂ ਜਾਂਦੀਆਂ ਸਨ ਤਾਂਕਿ ਇਹ ਆਪ ਵੀ ਹਮੇਸ਼ਾ ਗਰੀਬ ਹੀ ਰਹਿਣ ਅਤੇ ਇੰਨ੍ਹਾਂ ਦੀਆਂ ਔਲਾਦਾਂ ਹੀ ਨਹੁ ਬਲਕਿ ਪੀੜ੍ਹੀਆਂ ਤਕ ਇਹ ਗੁਰਬਤ, ਇਹ ਪਛੜਾਪਣ ਅਤੇ ਇਹ ਘਟੀਆਪਣ ਵਿੱਚੋਂ ਬਾਹਰ ਨਾ ਨਿਕਲ ਸਕਣ ਅਤੇ ਇਹ ਵਾਲਾ ਸਿਲਸਿਲਾ ਸਾਡੇ ਮਿਥਿਹਾਸ ਦੇ ਵਕਤਾਂ ਵਿੱਚ ਵੀ ਸੀ, ਸੁਦਾਮਾ ਉਦੋਂ ਵੀ ਹਾਜ਼ਰ ਸੀ। ਸਾਡੇ ਆਪਣੇ ਇਤਿਹਾਸ ਵਿੱਚ ਵੀ ਸੁਦਾਮਾ ਸਦਾ ਹਾਜ਼ਰ  ਸੀ ਅਤੇ ਜਦ ਇਹ ਮੁਸਲਮਾਨੀ ਰਾਜ ਆਇਆ ਤਾਂ ਲਗਭਗ ਸਾਡੇ ਮੁਲਕ ਦੇ ਸਾਰੇ ਵਰਗਾਂ ਉਤੇ ਇਹੀ ਸਿਲਸਿਲਾ ਲਾਗੂ ਕਰ ਦਿੱਤਾ ਗਿਆ ਸੀ। ਕੁਲ ਮਿਲਾਕੇ ਜਦ ਅਸੀਂ ਆਜ਼ਦ ਹੋਏ ਸਾਂ ਤਾਂ ਸਾਡੀ ਬਹੁਤੀ ਜੰਤਾ ਇਸ ਘਟੀਆਪਣ ਵਾਲੀ ਸੋਚ ਦਾ ਸ਼ਿਕਾਰ ਬਣ ਚੁੱਕੀ ਸੀ। ਇਸ ਸਮੇਂ ਦੌਰਾਨ ਧਾਰਮਿਕ ਲਹਿਰਾਂ ਵੀ ਆਈਆਂ, ਪਰ ਘਟੀਆਪਣ ਦੂਰ ਕਰਨ ਦੀ ਬਜਾਏ ਇਹ ਆਖ ਹੀ ਨਹੀਂ ਦਿੱਤਾ ਗਿਆ ਬਲਕਿ ਸਮਝਾ ਵੀ ਦਿੱਤਾ ਗਿਆ ਕਿ ਇਹ ਜਿਹੜੀ ਸਾਡੀ ਗੁਰਬਤ, ਪਛੜਾਪਣ ਅਤੇ ਘਟੀਆਂ-ਪਣ ਦੀਆਂ ਸੋਚਾਂ ਹਨ ਇਸ ਲਈ ਇਸ ਦੁਨੀਆਂ ਦਾ ਕੋਈ ਵੀ ਆਦਮੀ ਜ਼ਿੰਮੇਵਾਰ ਨਹੀਂ ਹੈ ਬਲਕਿ ਇਹ ਸਾਰਾ ਕੁਝ ਸਾਡੇ ਪਿਛਲੇ ਜਨਮਾਂ ਵਿੱਚ ਕੀਤੇ ਪਾਪਾਂ ਦਾ ਫਲ ਹੈ ਅਤੇ ਰੱਬ ਨੇ ਆਪਸੀ ਵਜੂਦ ਸਾਨੂੰ ਦਿਤਾ ਹੈ। ਇਹ ਭੁਗਤਣਾ ਹੀ ਪੈਂਦਾ ਹੈ। ਰੱਬ ਦਾ ਭਾਣਾ ਮਨਕੇ ਭੁਗਦਛਾ ਚਾਹੀਦਾ ਹੈ ਅਤੇ ਭਗਤੀ ਅਤੇ ਅਰਦਾਸਾਂ ਕਰਨ ਦਾ ਸਿਲਸਿਲਾ ਆ ਗਿਆ ਹੈ ਤਾਂਕਿ ਪਿਛਲੇ ਜਨਮਾਂ ਦੇ ਕੀਤੇ ਪਾਪਾਂ ਨੂੰ ਕਿਸੇ ਤਰ੍ਹਾਂ ਬਖਸ਼ਾ ਲਿਤਾ ਜਾਵੇ।
   

ਆਜ਼ਾਦੀ ਬਾਅਦ ਸਾਡੇ ਮੁਲਕ ਨੇ ਤੱਰਕੀ ਤਾਂ ਬਹੁਤ ਕੀਤੀ ਹੈ, ਪਰ ਹਾਲਾਂ ਤਕ ਵੀ ਇਹ ਮੁਢਲੀਆਂ ਪੰਜ ਗਲਾਂ, ਅਰਥਾਤ ਵਾਜਬ ਸਿਹਤ, ਵਾਜਬ ਵਿਦਿਆ, ਵਾਜਬ ਸਿਖਲਾਈ, ਵਾਜਬ ਜਿਹਾ ਕੰਮ ਕਾਰ ਅਤੇ ਵਾਜਬ ਜਿਹੀ ਕਮਾਈ ਵਾਲੀਆਂ ਗਲਾਂ ਹਾਲਾਂ ਵੀ ਸਾਰਿਆਂ ਦੇ ਨਸੀਬ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਇਸ ਲਈ ਅਜ ਵੀ ਸਾਡੀ ਬਹੁਤੀ ਜੰਤਾ ਘਟੀਆਪਣ ਦਾ ਸ਼ਿਕਾਰ ਬਣੀ ਪਈ ਹੈ ਅਤੇ ਸਾਹਮਣੇ ਖਲੌਤੇ ਆਦਮੀ ਨਾਲ ਜਦ ਆਪਣਾ ਦਿਲ ਹੀ ਦਿਲ ਵਿੱਚ ਮੁਕਾਬਲਾ ਕਰਦੀ ਹੈ ਤਾਂ ਸਾਫ ਹੋ ਜਾਂਦਾ ਹੈ ਕਿ ਉਹ ਸਿਹਤ ਪਖੋਂ ਵੀ ਉਸ ਪਾਸੋਂ ਕਮਜ਼ੋਰ ਹੈ, ਵਿਦਿਆ ਪਖੋਂ ਵੀ ਪਿਛੇ ਹੈ, ਸਿਖਲਾਈ ਪਖੋਂ ਵੀ ਪਛੜਿਆ ਪਿਆ ਹੈ, ਰੁਜ਼ਗਾਰ ਵੀ ਸਹੀ ਨਹੀਂ ਹੈ ਅਤੇ ਉਸਦੀ ਆਮਦਨ ਬਹੁਤ ਹੀ ਘਟ ਹੈ। ਅਸੀਂ ਜਿਸ ਕਿਸੇ ਨੂੰ ਅਮੀਰ ਆਦਮੀ ਵੀ ਸਮਝੀ ਜਾ ਰਹੇ ਹਾਂ ਉਹ ਵੀ ਆਪੋ ਵਿੱਚ ਐਸਾ ਮੁਕਾਬਲਾ ਹੀ ਕਰੀ ਜਾ ਰਹੇ ਹਨ। ਵੱਡੇ-ਵੱਡੇ ਵਿਦਵਾਨ ਵੀ ਇਹੀ ਮੁਕਾਬਲਾ ਕਰੀ ਜਾ ਰਹੇ ਹਨ।  ਅੱਜ ਤਾਂ ਇਹ ਮੁਕਾਬਲਾ ਰੱਬਾਂ ਵਿੱਚ ਵੀ ਬਣ ਆਇਆ ਹੈ ਅਤੇ ਹਰ ਧਰਮ ਵਾਲੇ ਇਹ ਸਾਬਤ ਕਰਨ ਉਤੇ ਹੀ ਲਗੇ ਪਏ ਹਨ ਕਿ ਦੂਜਿਆ ਦਾ ਕਰਮ ਉਨ੍ਹਾਂ ਦੇ ਧਰਮ ਦਾ ਮੁਕਾਬਲਾ ਨਹੀਂ ਕਰ ਸਕਦਾ।  ਵੱਡੇ ਵੱਡੇ ਸੰਤ ਬਣੇ ਲੋਕੀਂ ਆਪੋ ਗਿੱਚਲੜੀ ਜਾ ਰਹੇ ਹਨ ਅਤੇ ਇਹ ਸਾਬਤ ਕੀਤਾ ਜਾ ਰਿਹਾ ਹੈ ਕਿ ਮੇਰਾ ਗਿਆਨ ਬਿਹਤਰ ਹੈ। 
     

ਆਜ਼ਦੀ ਬਾਅਦ ਅਸਾਂ ਤੱਰਕੀ ਬਹੁਤ ਕੀਤੀ ਹੈ। ਅਜ ਸਾਡੇ ਪਾਸ ਹਸਪਤਾਲ ਹਨ, ਸਹੀ ਸਿਹਤ ਰਖਣ ਲਈ ਹਰ ਤਰ੍ਹਾਂ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਆ ਗਈਆਂ ਹਨ। ਅੱਜ ਹਰ ਤਰ੍ਹਾਂ ਦਾ ਇਲਾਜ ਹੈ। ਅਜ ਹਰ ਤਰ੍ਹਾਂ ਦੀ ਵਿੱਦਿਆ ਦੇਣ ਦਾ ਪ੍ਰਬੰਧ ਕੀਤਾ ਜਾ ਚੁਕਾ ਹੈ। ਅੱਜ ਹਰ ਤਰ੍ਹਾਂ ਦੀ ਕਿੱਤਾ ਸਿਖਲਾਈ ਦਾ ਪ੍ਰਬੰਧ ਵੀ ਆ ਗਿਆ ਹੈ। ਅੱਜ ਰੋਜ਼ਗਾਰ ਦੇ ਮੌਕੇ ਵੀ ਬਣ ਆਏ ਹਨ ਅਤੇ ਕੁਝ ਲੋਕਾਂ ਦੀ ਆਮਦਨ ਵੀ ਕਾਫੀ ਕਾਫੀ ਜਿਹੀ ਕਰ ਦਿਤੀ ਗਈ ਹੈ ਪਰ ਅਜ ਵੀ ਅਸੀਂ ਦੇਖ ਰਹੇ ਹਾਂ ਕਿ ਇਹ ਪੰਜ ਸਹੂਲਤਾ ਉਸ ਆਦਮੀ ਨੂੰ ਹੀ ਮਿਲ ਰਹੀਆਂ ਹਨ ਜਿਸ ਪਾਸ ਪੈਸੇ ਹਨ ਅਤੇ ਇਹ ਪੈਸਾ ਅੱਜ ਵੀ ਕੁਝ ਹੀ ਲੋਕਾਂ ਤੱਕ ਜਾ ਰਿਹਾ ਹੈ ਅਤੇ ਬਹੁਤੇ ਲੋਕਾਂ ਪਾਸ ਪੈਸਾ ਅੱਜ ਵੀ ਘਟ ਹੀ ਪੁੱਜਦਾ ਰਿਹਾ ਹੈ| ਇਹ ਮਜ਼ਦੂਰੀਆਂ ਅੱਜ ਵੀ ਘੱਟ ਹਨ ਅਤੇ ਜਿਸ ਵੀ ਘਰ ਵਿੱਚ ਵਾਜਬ ਜਿਹੀ ਆਮਦਨ ਨਹੀਂ ਬਣ ਰਹੀ ਉਹ ਨਾਂ ਤਾਂ ਆਪ ਵਾਜਬ ਜਿਹਾ ਜੀਵਨ ਜਿਉ ਪਾ ਰਿਹਾ ਹੈ ਅਤੇ ਨਾ ਹੀ ਆਪਣੇ ਬਚਿਆਂ ਨੂੰ ਹੀ ਵਾਜਬ ਜਿਹਾ ਜੀਵਨ ਪਰਦਾਨ ਕਰ ਪਾ ਰਿਹਾ ਹੈ। ਇਸ ਲਈ ਅਜ ਲੋਕਾਂ ਅੰਦਰ ਸਵੈਵਿਸ਼ਵਾਸ ਪੈਦਾ ਕਰਨ ਲਈ ਕਿਸੇ ਮਨੋਵਿਗਿਆਨੀ ਦੀ ਜਰੂਰਤ ਨਹੀਂ ਹੈ ਬਲਕਿ ਵਕਤ ਦੀਆਂ ਸਰਕਾਰਾਂ ਨੂੰ ਕੁਝ ਐਸਾ ਢੰਗ ਤਰੀਕਾ ਲੱਭਣਾ ਪਵੇਗਾ, ਜਿਸ ਨਾਲ ਹਰ ਘਰ ਵਿੱਚ ਵਾਜਬ ਜਿਹੀ ਆਮਦਨ ਬਣਾ ਦੇਵੇ ਜਿਸ ਨਾਲ ਇਹ ਮੁੱਢਲੀਆਂ ਪੰਜ ਗੱਲਾਂ, ਸਿਹਤ, ਵਿੱਦਿਆ, ਸਿਖਲਾਈ, ਰੁਜ਼ਗਾਰ ਅਤੇ ਆਮਦਨ ਬਣ ਆਉਣ ਤਾਂ ਹੀ ਕਿਧਰੇ ਜਾਕੇ ਇਸ ਮੁਲਕ ਦੇ ਲੋਕਾਂ ਅੰਦਰ ਸਵੈਵਿਸ਼ਵਾਸ ਦੀ ਭਾਵਨਾ ਬਣ ਆਵੇਗੀ। ਕੋਈ ਇਹ ਆਖੇ ਕਿ ਲੋਕਾਂ ਨੂੰ ਸਮਝਾਕੇ ਆਤਮਵਿਸ਼ਵਾਸ ਪੈਦਾ ਕੀਤਾ ਜਾ ਸਕਦਾ ਹੈ ਤਾਂ ਐਸੀ ਸੋਚ ਗਲਤ ਹੈ। ਆਤਮਵਿਸ਼ਵਾਸ ਮਨੋਵਿਗਿਆਨਕ ਮਸਲਾ ਨਹੀਂ ਹੈ ਬਲਕਿ ਇਸ ਮਸਲਾ ਆਰਥਿਕ ਅਤੇ ਸਮਾਜਿਕ ਰਿਹਾ ਹੈ ਅਤੇ ਇਹ ਗਲਾਂ ਅਜ ਵੀ ਬਣੀਆਂ ਪਈਆਂ ਹਨ ਅਤੇ ਹਾਲਾਂ ਤਕ ਕਿਸੇ ਨੇ ਵੀ ਸਹੀ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਲਗਦੀ। ਇਸ ਲਈ ਅੱਜ ਜਿਹੜੀ ਮਾੜੀ ਮੋਟੀ ਚਮਕ ਦਮਕ ਸਾਡੇ ਵਿੱਚ ਆਈ ਦਿਖਾਈ ਦੇ ਰਹੀ ਹੈ ਇਹ ਸਾਰੀ ਬਨਾਵਟੀ ਹੈ ਅਤੇ ਹਰ ਕੋਈ ਐਂਵੇਂ ਹੀ ਬਣ ਬਣ ਬਹਿ ਰਿਹਾ ਹੈ।  ਵਿਚੋਂ ਫਰੋਲੋ ਤਾਂ ਹਰ ਕੋਈ ਫੋਕਾ ਫੋਕਾ ਹੈ।

Iqbalkaur

This news is Content Editor Iqbalkaur