ਪਟਿਆਲੇ ਦਾ 'ਪਦਮਾਕਰ' ਲੋਕ ਕਵੀ ਬਲਵੰਤ ਸਿੰਘ 'ਗਜਰਾਜ'

07/22/2020 3:30:06 PM

ਹਰਗੁਣਪ੍ਰੀਤ ਸਿੰਘ
137/2, ਗਲੀ ਨੰ-5, ਅਰਜਨ ਨਗਰ, ਲੋਅਰ ਮਾਲ, ਪਟਿਆਲਾ-147001.
 ਸੰਪਰਕ: 78891-86603.
"ਮੇਰਾ ਦੇਸ਼ ਬਹਿਸ਼ਤੋਂ ਚੰਗਾ, ਜਿੱਥੇ ਘਰ-ਘਰ ਵਿੱਚ ਨਵਾਬੀ। 
ਬੰਦੇ ਸੋਹਣੇ, ਮਿੱਠੀ ਬੋਲੀ, ਬੋਲਣ ਨਿੱਤ ਪੰਜਾਬੀ।"

ਪੰਜਾਬ ਅਤੇ ਪੰਜਾਬੀ ਪ੍ਰਤੀ ਗੌਰਵ ਭਰਪੂਰ ਤੇ ਪ੍ਰੇਮ ਭਿੰਨੀ ਸ਼ਰਧਾ ਦਾ ਪ੍ਰਗਟਾਅ ਕਰਨ ਵਾਲੀਆਂ ਉਪਰੋਕਤ ਸਤਰਾਂ ਉਸ ਮਹਾਨ ਲੋਕ-ਕਵੀ ਸ. ਬਲਵੰਤ ਸਿੰਘ ਗਜਰਾਜ ਦੀਆਂ ਹਨ ਜਿਸਨੇ 55 ਸਾਲ ਤੋਂ ਵੀ ਵਧੇਰੇ ਸਮਾਂ ਸਟੇਜ ਰਾਹੀਂ ਪੰਜਾਬੀ ਸਾਹਿਤ ਦੀ ਵਡਮੁੱਲੀ ਸੇਵਾ ਕੀਤੀ। ਗਜਰਾਜ ਜੀ ਦਾ ਜਨਮ ਸੰਨ 1890ਵੀਂ ਵਿੱਚ ਪਟਿਆਲਾ ਵਿਖੇ ਭਾਈ ਅਤਰ ਸਿੰਘ ਜੀ ਦੇ ਘਰ ਮਾਤਾ ਸੰਪੂਰਨ ਕੌਰ ਜੀ ਦੀ ਕੁੱਖੋਂ ਹੋਇਆ। ਆਪ ਦੇ ਦਾਦਾ ਭਾਈ ਭਗਵਾਨ ਸਿੰਘ ਜੀ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਦੇ ਮਹੰਤ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਹੋਰੀਂ ਪੂਰੇ ਸ਼ਾਹੀ ਸਨਮਾਨ ਨਾਲ ਪਟਿਆਲੇ ਲੈ ਆਏ ਸਨ। ਆਪ ਦੇ ਮਾਤਾ-ਪਿਤਾ ਰਾਜ ਮਹਿਲਾਂ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਸਨ। ਘਰ ਦੇ ਧਾਰਮਿਕ ਅਤੇ ਅਧਿਆਤਮਕ ਵਾਤਾਵਰਣ ਵਿਚ ਆਪ ਦਾ ਪਾਲਣ-ਪੋਸ਼ਣ ਹੋਣ ਸਦਕਾ ਆਪ ਵੱਲੋਂ ਗੁਰੂ ਸਾਹਿਬਾਨ ਜੀ ਦੀ ਸ਼ਾਨ ਵਿੱਚ ਆਖੇ ਜਾਣ ਵਾਲੇ ਸ਼ਬਦ ਸਹਿਜੇ ਹੀ ਕਵਿੱਤ ਦਾ ਰੂਪ ਧਾਰਨ ਕਰਨ ਲੱਗ ਪਏ।

ਸਨਅਤੀ ਪਾਰਕ ਲਈ ਸਰਕਾਰ ਵੱਲੋਂ ਜ਼ਮੀਨ ਐਕੁਆਇਰ ਕਰਨ ਵਾਲਾ ਮਤਾ ਸੇਖੋਂਵਾਲ ਗਰਾਮ ਸਭਾ ਵੱਲੋਂ ਰੱਦ

ਆਪ ਨੇ ਆਪਣੀ ਪਹਿਲੀ ਕਵਿਤਾ 'ਅਨੋਖਾ ਸੂਰਜ' ਜੋ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਸੀ, ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਗੁਰਦੁਆਰਾ ਸਿੰਘ ਸਭਾ ਪਟਿਆਲਾ ਵਿਖੇ ਪੜ੍ਹੀ ਅਤੇ ਪੰਜ ਰੁਪਏ ਨਕਦ ਅਤੇ ਇਕ ਪੋਥੀ ਇਨਾਮ ਵਜੋਂ ਹਾਸਲ ਕੀਤੀ। ਸਰੋਤਿਆਂ ਵੱਲੋਂ ਨਿਰੰਤਰ ਮਿਲੀ ਵਾਹ-ਵਾਹ ਸਦਕਾ ਉਨ੍ਹਾਂ ਦਾ ਹੌਂਸਲਾ ਦਿਨੋ-ਦਿਨ ਵੱਧਦਾ ਗਿਆ ਅਤੇ ਆਪ ਹੌਲੀ-ਹੌਲੀ ਸ਼ਹਿਰੋਂ ਬਾਹਰ ਹੋਣ ਵਾਲੇ ਕਵੀ ਦਰਬਾਰਾਂ ਵਿੱਚ ਵੀ ਜਾਣ ਲੱਗ ਪਏ। ਅਕਾਲੀ ਲਹਿਰ ਅਤੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਬਰਤਾਨਵੀ ਸਰਕਾਰ ਦੀਆਂ ਜੜ੍ਹਾਂ ਪੁੱਟਣ ਲਈ ਆਪ ਨੇ ਦੇਸ਼ ਖਾਤਰ ਮਰ ਮਿਟਣ ਵਾਲੀਆਂ ਕਈ ਕਵਿਤਾਵਾਂ ਲਿਖੀਆਂ। 31 ਅਕਤੂਬਰ 1922 ਈਸਵੀ ਵਿੱਚ ਆਪ ਦੇ ਚਾਚਾ ਭਾਈ ਕਰਮ ਸਿੰਘ ਜੀ ਪੰਜਾ ਸਾਹਿਬ ਵਿਖੇ ਗੱਡੀ ਰੋਕਣ ਵਾਲੇ ਸਾਕੇ ਵਿੱਚ ਸ਼ਹੀਦ ਹੋ ਗਏ। ਇਸ ਸ਼ਹੀਦੀ ਨੇ ਉਨ੍ਹਾਂ ਦੀ ਕਵਿਤਾ ਦਾ ਰੁੱਖ ਕੁਝ ਸਮੇਂ ਲਈ ਹੋਰ ਵਿਸ਼ਿਆਂ ਤੋਂ ਹਟ ਕੇ ਪੂਰਨ ਤੌਰ ਉੱਤੇ ਦੇਸ਼ ਭਗਤੀ ਵੱਲ ਕੇਂਦਰਿਤ ਹੋ ਗਿਆ। ਗਜਰਾਜ ਜੀ ਦੀਆਂ ਇਹ ਸਤਰਾਂ ਉਨ੍ਹਾਂ ਦੀ ਉਸ ਵੇਲੇ ਦੀ ਮਾਨਸਿਕ ਸਥਿਤੀ ਨੂੰ ਬਾਖੂਬੀ ਪੇਸ਼ ਕਰਦੀਆਂ ਹਨ:

"ਮੈਂ ਹੀਰ ਤੇ ਸੋਹਣੀ ਤੇ ਸੱਸੀ ਨਹੀਂ ਲਿਖਦਾ, ਮੈਂ ਆਸ਼ਕ ਸ਼ਹੀਦਾਂ ਦੇ ਦਰ ਦਾ ਪੁਜਾਰੀ।
ਮੈਂ ਸਾਕੀ, ਮੈਖਾਨੇ, ਪੈਮਾਨੇ ਨਹੀਂ ਚਾਹੁੰਦਾ, ਵਤਨ ਦਾ ਪ੍ਰੇਮੀ, ਵਤਨ ਦਾ ਪੁਜਾਰੀ। 
ਮੈਂ ਵਿਧਵਾ ਯਤੀਮਾਂ ਦੇ ਅੱਥਰੂ 'ਚ ਰੁੜ੍ਹਿਆ, ਬੁੱਲ੍ਹਾਂ ਤੋਂ ਡੋਲ੍ਹਾਂ ਸਦਾ ਆਹੋਜ਼ਾਰੀ।
ਮੈਂ ਬੁਲਬੁਲ ਤੇ ਫ਼ੁੱਲਾਂ ਨੂੰ ਛੋਂਹਦਾ ਨਹੀਂ ਹਾਂ, ਮੈਂ ਦੁਖੀਆਂ ਦੇ ਹੰਝੂਆਂ 'ਚ ਡੁੱਬਿਆ ਲਿਖਾਰੀ।"

ਕੋਰੋਨਾ ਆਫ਼ਤ 'ਚ ਕਿਸਾਨਾਂ ਤੱਕ ਨਵੀਂ ਜਾਣਕਾਰੀ ਪਹੁੰਚਾਉਣ ਲਈ ਖੇਤੀਬਾੜੀ ਮਹਿਕਮੇ ਦੀ ਨਿਵੇਕਲੀ ਪਹਿਲ

ਜਲ੍ਹਿਆਂਵਾਲੇ ਬਾਗ ਵਿਖੇ ਹੋਏ ਸ਼ਹੀਦੀ ਕਵੀ ਦਰਬਾਰ ਵਿੱਚ ਆਪ ਦਾ ਲਿਖਿਆ ਗੀਤ "ਪ੍ਰੀਤਮ ਤੇਰੀਆਂ ਗਲੀਆਂ ਅੰਦਰ, ਲੋਥਾਂ ਦੀ ਭਰਮਾਰ ਹੋਈ" ਇੰਨਾ ਮਕਬੂਲ ਹੋਇਆ ਕਿ ਗੁਰੂ ਕੇ ਬਾਗ ਜਾਣ ਵਾਲੇ ਹਰ ਜੱਥੇ ਅੱਗੇ ਰਾਗੀ ਸਿੰਘ ਇਹ ਗੀਤ ਗਾਇਣ ਕਰਕੇ ਦੇਸ਼ ਭਗਤਾਂ ਨੂੰ ਉਤਸ਼ਾਹਿਤ ਕਰਦੇ ਸਨ। ਗਜਰਾਜ ਜੀ ਦੀ ਸਰਲ ਅਤੇ ਠੇਠ ਮੁਹਾਵਰੇਦਾਰ ਬੋਲੀ ਸਰੋਤਿਆਂ ਦੇ ਦਿਲਾਂ ਉੱਤੇ ਚਿਰ ਸਥਾਈ ਅਸਰ ਛੱਡ ਜਾਂਦੀ ਸੀ। ਅੱਜ ਵੀ ਪਟਿਆਲੇ ਦੇ ਕਈ ਬਜ਼ੁਰਗਾਂ ਤੋਂ ਉਨ੍ਹਾਂ ਦੀਆਂ ਕਈ ਕਵਿਤਾਵਾਂ ਜ਼ੁਬਾਨੀ ਸੁਣੀਆਂ ਜਾ ਸਕਦੀਆਂ ਹਨ। ਮਿੱਠੀ ਸੁਰ ਵਿਚ ਕਵਿਤਾ ਉਚਾਰਨ ਦੇ ਨਿਵੇਕਲੇ ਅੰਦਾਜ਼ ਕਾਰਨ ਗਜਰਾਜ ਜੀ ਨੂੰ ਸੰਨ 1934 ਵਿਚ ਲਾਹੌਰ ਵਿਖੇ ਹੋਏ ਕਵੀ ਦਰਬਾਰ ਵਿਚ 'ਪੰਜਾਬੀ ਬੁਲਬੁਲ' ਦੀ ਉਪਾਧੀ ਨਾਲ ਸਨਮਾਨਿਆ ਗਿਆ। ਇਸੇ ਪ੍ਰਕਾਰ ਲੁਧਿਆਣੇ ਵਿਖੇ ਹੋਏ ਇਕ ਵਿਸ਼ਾਲ ਕਵੀ ਦਰਬਾਰ ਵਿਚ ਆਪ ਨੂੰ ਸੋਨੇ ਦੇ ਤਮਗੇ ਨਾਲ ਪੁਰਸਕਰਿਤ ਕਰਨ ਦੇ ਨਾਲ ਹੀ 'ਕਵੀਰਾਜ' ਦੀ ਪਦਵੀ ਨਾਲ ਵੀ ਸਨਮਾਨਿਤ ਕੀਤਾ ਗਿਆ।

ਜਨ ਸਾਧਾਰਨ ਦੇ ਹਿਰਦਿਆਂ ਉੱਪਰ ਰਾਜ ਕਰਨ ਤੋਂ ਇਲਾਵਾ ਗਜਰਾਜ ਜੀ ਪਟਿਆਲੇ ਦੇ ਸ਼ਾਹੀ ਦਰਬਾਰ ਵਿਚ ਵੀ ਰਾਜ ਕਵੀ ਦੇ ਤੌਰ ਉੱਤੇ ਅਥਾਹ ਸ਼ੋਭਾ ਅਤੇ ਸਤਿਕਾਰ ਹਾਸਲ ਕਰਦੇ ਸਨ। ਇਸੇ ਕਰਕੇ ਭਾਈ ਕਾਨ੍ਹ ਸਿੰਘ ਨਾਭਾ ਅਤੇ ਪ੍ਰੋ. ਪਿਆਰਾ ਸਿੰਘ ਪਦਮ ਨੇ ਆਪ ਨੂੰ ਫ਼ੂਲਕੀਆ ਰਿਆਸਤਾਂ ਦਾ ਸਭ ਤੋਂ ਉੱਘਾ ਅਤੇ ਪੂਰਨ ਸਨਮਾਨਯੋਗ ਕਵੀ ਆਖਿਆ ਹੈ। ਭਾਵੇਂ ਗਜਰਾਜ ਜੀ ਦੀਆਂ ਕਵਿਤਾਵਾਂ ਉੱਚ ਮਿਆਰੀ ਰਸਾਲਿਆਂ ਅਤੇ ਅਖਬਾਰਾਂ ਵਿਚ ਅਕਸਰ ਛਪਦੀਆਂ ਰਹਿੰਦੀਆਂ ਸਨ ਪ੍ਰੰਤੂ ਉਨ੍ਹਾਂ ਨੇ ਆਪਣੀ ਅਲਬੇਲੀ ਅਤੇ ਬੇਪਰਵਾਹ ਤਬੀਅਤ ਕਾਰਨ ਨਾ ਤਾਂ ਆਪਣੀਆਂ ਰਚਨਾਵਾਂ ਲਿਖਤੀ ਰੂਪ ਵਿਚ ਸਾਂਭ ਕੇ ਰੱਖੀਆਂ ਅਤੇ ਨਾ ਹੀ ਕਦੇ ਉਨ੍ਹਾਂ ਨੂੰ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਕਰਨ ਵਿਚ ਕੋਈ ਦਿਲਚਸਪੀ ਦਿਖਾਈ। ਫ਼ਿਰ ਵੀ ਗਜਰਾਜ ਜੀ ਦੀਆਂ ਕੁਝ ਉੱਤਮ ਰਚਨਾਵਾਂ ਅਤੇ ਉਨ੍ਹਾਂ ਦੀ ਸੰਖੇਪ ਜੀਵਨੀ ਨਾਲ ਸਬੰਧਿਤ ਪ੍ਰੋ. ਪਿਆਰਾ ਸਿੰਘ ਪਦਮ ਦੁਆਰਾ ਲਿਖੀ ਗਈ ਪੁਸਤਕ 'ਲੋਕ ਕਵੀ ਸ. ਬਲਵੰਤ ਸਿੰਘ ਗਜਰਾਜ' ਵਿਚ ਸਾਂਭੀਆਂ ਗਈਆਂ ਹਨ। ਇਹ ਪੁਸਤਕ ਸੰਨ 1955 ਵਿਚ ਮਹਿਕਮਾ ਪੰਜਾਬੀ ਪਟਿਆਲਾ ਵੱਲੋਂ ਗਜਰਾਜ ਜੀ ਨੂੰ ਸਰਕਾਰੀ ਪੱਧਰ ਦਾ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਦੇਣ ਦੇ ਅਵਸਰ ਉੱਤੇ ਪ੍ਰਕਾਸ਼ਿਤ ਕੀਤੀ ਗਈ ਸੀ।

ਗੁਰੂ ਸਾਹਿਬਾਨ ਅਤੇ ਹੋਰ ਪੀਰ ਪੈਗੰਬਰਾਂ ਸਬੰਧੀ ਧਾਰਮਿਕ ਕਵਿਤਾਵਾਂ ਲਿਖਣ ਅਤੇ ਬਾਬਾ ਆਲਾ ਸਿੰਘ ਅਤੇ ਸ਼ਹੀਦ ਭਗਤ ਸਿੰਘ ਸਬੰਧੀ ਇਤਿਹਾਸਕ ਕਵਿਤਾਵਾਂ ਲਿਖਣ ਤੋਂ ਇਲਾਵਾ ਗਜਰਾਜ ਜੀ ਨੇ ਬਹੁਤ ਸਾਰੀਆਂ ਰਚਨਾਵਾਂ ਰਾਹੀਂ ਗਰੀਬਾਂ, ਮਜ਼ਦੂਰਾਂ ਅਤੇ ਕਿਰਤੀਆਂ ਦੀ ਦੁਰਦਸ਼ਾ ਬਿਆਨ ਕਰਕੇ ਉਨ੍ਹਾਂ ਨਾਲ ਭਰਪੂਰ ਹਮਦਰਦੀ ਪ੍ਰਗਟਾਈ ਹੈ। ਆਪਣੀ ਇਕ ਕਵਿਤਾ ਵਿਚ ਉਹ ਗਰੀਬਾਂ ਦਾ ਦੁਖ ਇਸ ਤਰ੍ਹਾਂ ਬਿਆਨਦੇ ਹਨ:

"ਕਿੱਦਾਂ ਕੋਈ ਵਕਤ ਲੰਘਾਉਂਦਾ, ਕੀ ਜਾਣਨ ਇਹ ਕੁਰਸੀਆਂ ਵਾਲੇ।
ਨਿਰਧਨ ਦੀ ਉਹ ਸਾਰ ਕੀ ਜਾਣਨ, ਫ਼ਿਰਦੀ ਦੌਲਤ ਜਿਨ੍ਹਾਂ ਉਦਾਲੇ। 
ਗਰੀਬ ਅਮੀਰ ਦੀਆਂ ਹੱਦਾਂ ਢਾਹ ਕੇ, ਸਭ ਨੂੰ ਇਕੋ ਹਾਣ ਬਣਾ ਦੇ। 
ਫ਼ਰਿਸ਼ਤਾ ਮੈਂ ਨਹੀਂ ਬਣਨਾ ਚਾਹੁੰਦਾ, ਰੱਬਾ ਤੂੰ ਇਨਸਾਨ ਬਣਾ ਦੇ।"

ਗਜਰਾਜ ਜੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਹਾਸਰਸ ਨਾਲ ਭਰਪੂਰ ਸਨ ਜੋ ਸਰੋਤਿਆਂ ਦਾ ਸਾਹਿਤਕ ਮਨੋਰੰਜਨ ਕਰਨ ਵਿਚ ਸਫ਼ਲ ਹੋ ਨਿੱਬੜਦੀਆਂ ਸਨ। ਆਪ ਦੀ ਇਕ ਕਵਿਤਾ ਦੀਆਂ ਕੁਝ ਸਤਰਾਂ ਭਾਰਤ ਅੰਦਰ ਪਸਰੇ ਹੋਏ ਪਾਖੰਡਵਾਦ ਅਤੇ ਭ੍ਰਿਸ਼ਟਾਚਾਰ ਦਾ ਨਕਸ਼ਾ ਇਸ ਤਰ੍ਹਾਂ ਖਿੱਚਦੀਆਂ ਹਨ:

"ਹਿੰਦੁਸਤਾਨ ਤੇਰਾ ਹੁਣ ਤੇ ਰੱਬ ਰਾਖਾ, ਤੇਰੇ ਭਗਤ ਨਕਲੀ ਤੇ ਭਗਵਾਨ ਨਕਲੀ। 
ਤੇਰੇ ਤੋਲ ਨਕਲੀ, ਤੇਰੇ ਬੋਲ ਨਕਲੀ, ਤੇਰਾ ਮਾਲ ਤੇ ਤੇਰੀ ਦੁਕਾਨ ਨਕਲੀ।
ਦੁੱਧ ਘਿਓ ਦੀਆਂ ਨਦੀਆਂ ਜਿੱਥੇ ਵਹਿੰਦੀਆਂ ਸਨ, ਉੱਥੇ ਹੋ ਗਿਐ ਸਭ ਖਾਨ-ਪਾਨ ਨਕਲੀ। 
ਤੇਰੀ ਪੂਜਾ ਨਕਲੀ, ਤੇਰੇ ਪਾਠ ਨਕਲੀ, ਤੇਰੇ ਪਰੋਹਤ ਤੇ ਤੇਰੇ ਜਜਮਾਨ ਨਕਲੀ।"

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਇਕ ਵਾਰ ਕਿਸੇ ਨਾਲਾਇਕ ਅਫ਼ਸਰ ਦਾ ਨਿਸ਼ਾਨਾ ਫ਼ੁੰਡ ਕੇ ਗਜਰਾਜ ਜੀ ਨੇ ਇਸ ਕਿਸਮ ਦੇ ਧੂੰਆਧਾਰ ਗੋਲੇ ਵਰ੍ਹਾਏ ਸਨ:

"ਮੂਰਖ ਬੈਠਾ ਤਖਤ ਤੇ, ਪਿਆ ਢੱਡ ਵਜਾਵੇ। ਰਾਜ-ਕਾਜ ਕੀ ਜਾਣਦਾ ਪਿਆ ਕਲੀਆਂ ਲਾਵੇ। 
ਬਾਂਦਰ ਦਾ ਬਾਂਦਰ ਰਹੇ ਸੌ ਤੀਰਥ ਨ੍ਹਾਵੇ। ਗਧਾ ਨਾ ਹਾਜੀ ਹੋਂਵਦਾ ਚਾਹੇ ਮੱਕੇ ਜਾਵੇ। ਗੰਗਾ ਰਿੱਛ ਨਵ੍ਹਾਈਏ ਪਿਆ ਖੌਰੂ ਪਾਵੇ।"

ਆਪ ਨੇ ਇਕ ਕਵਿਤਾ ਰਾਹੀਂ ਲੋਕਾਂ ਨੂੰ ਅਯੋਗ ਕਿਸਮ ਦੇ ਸਿਆਸੀ ਲੀਡਰਾਂ ਨੂੰ ਵੋਟਾਂ ਪਾ ਕੇ ਜਿਤਾਉਣ ਦੇ ਨਤੀਜਿਆਂ ਤੋਂ ਸੁਚੇਤ ਕਰਦੇ ਹੋਏ ਲਿਖਿਆ ਹੈ:

"ਵਾਰ ਝੱਲਣੇ ਪੈਂਦੇ ਦੁਲੱਤਿਆਂ ਦੇ, ਜੇਕਰ ਕੁਰਸੀ ਬਹਾਲੀਏ ਖੋਤਿਆਂ ਨੂੰ।
ਭਾਵੇਂ ਮੱਕੇ ਮਦੀਨੇ ਵਿਚ ਫ਼ਿਰਨ ਭੌਂਦੇ, ਹਾਜੀ ਕਿਹਾ ਨਹੀਂ ਕਿਸੇ ਨੇ ਬੋਤਿਆਂ ਨੂੰ। 
ਸਿੰਮਲ ਰੁੱਖ ਨਹੀਂ ਕਿਸੇ ਨੂੰ ਫ਼ਲ ਦਿੰਦੇ, ਚੰਗੇ ਲੱਗਦੇ ਨੇ ਦੂਰੋਂ ਖਲੋਤਿਆਂ ਨੂੰ। 
ਇਕ ਮਿੰਟ ਅੰਦਰ ਅੱਖਾਂ ਫ਼ੇਰ ਲੈਂਦੇ, ਭਾਵੇਂ ਲੱਖ ਚੂਰੀ ਚਾਰੋ ਤੋਤਿਆਂ ਨੂੰ।"

ਗਜਰਾਜ ਜੀ ਦੀਆਂ ਸਭ ਤੋਂ ਪ੍ਰਸਿੱਧ ਅਤੇ ਪ੍ਰੇਰਕ ਕਵਿਤਾਵਾਂ ਵਿੱਚੋਂ ਸਮੇਂ ਦੀ ਕਦਰ ਨਾਲ ਸਬੰਧਿਤ ਇਕ ਕਵਿਤਾ 'ਉੱਦਮ' ਦੀਆਂ ਸਤਰਾਂ ਇਸ ਪ੍ਰਕਾਰ ਹਨ:

"ਸਮਾਂ ਉਸ ਨੂੰ ਕਦੇ ਨਹੀਂ ਸਮਾਂ ਦਿੰਦਾ, ਜਿਹੜਾ ਸਮੇਂ ਨੂੰ ਸਮਾਂ ਪਛਾਣਦਾ ਨਹੀਂ। 
ਰੱਬ ਉਸ ਨੂੰ ਉੱਚਾ ਨਹੀਂ ਕਦੇ ਕਰਦਾ, ਜਿਹੜਾ ਆਪ ਉੱਚਾ ਹੋਣ ਜਾਣਦਾ ਨਹੀਂ। 
ਹਿੰਮਤ ਹਾਰ ਕੇ ਢੇਰੀਆਂ ਢਾਹ ਬਹਿਣਾ, ਝੁਰਨਾ ਕਿਸਮਤ ਤੇ ਕੰਮ ਇਨਸਾਨ ਦਾ ਨਹੀਂ। 
ਜਿਹੜਾ ਪੈਰਾਂ ਦੇ ਹੇਠ ਮਧੋਲਿਆ ਗਿਆ, ਉਨ੍ਹਾਂ ਕੱਖਾਂ ਨੂੰ ਡੰਗਰ ਭੀ ਸਿਆਣਦਾ ਨਹੀਂ। 
ਪੱਥਰ ਦੇਣ ਹੀਰੇ, ਸਿੱਪ ਦੇਣ ਮੋਤੀ, ਹਿੰਮਤ ਨਾਲ ਜਦ ਕਿਸਮਤ ਅਜ਼ਮਾਈ ਦੀ ਏ।
ਖੂਹ ਚੱਲ ਕੇ ਕਦੇ ਨਹੀਂ ਪਾਸ ਆਉਂਦਾ, ਆਪ ਅੱਪੜ ਕੇ ਤਰੇਹ ਬੁਝਾਈ ਦੀ ਏ। 
ਢਿੱਲੀ ਜੋੜੀ ਦੇ ਵਾਂਗ ਨਾ ਹੋ ਢਿੱਲਾ, ਕੱਸੇ ਹੋਏ ਨਗਾਰੇ ਹੀ ਗੱਜਦੇ ਨੇ।
ਧਰਤੀ, ਗਗਨ, ਸਮੁੰਦਰ ਉਹਨਾਂ ਨੂੰ ਰਾਹ ਦਿੰਦੇ, ਜਿਹੜੇ ਅੱਗੇ ਹੋ ਕੇ ਰਾਹ ਲੱਭਦੇ ਨੇ।"

ਸੰਨ 1960 ਵਿਚ ਪ੍ਰਸਿੱਧ ਫ਼ਿਲਮ ਅਭਿਨੇਤਾ ਪ੍ਰਿਥਵੀ ਰਾਜ ਕਪੂਰ ਦੇ ਪਿਤਾ ਬਸ਼ੇਸ਼ਵਰਨਾਥ ਕਪੂਰ ਦੇ ਸਵਰਗਵਾਸ ਹੋਣ ਉੱਤੇ ਬੰਬਈ ਵਿਚ ਕਰਵਾਏ ਗਏ ਇਕ ਵਿਸ਼ਾਲ ਕਵੀ ਦਰਬਾਰ ਵਿਚ ਗਜਰਾਜ ਜੀ ਨੇ ਮਨੁੱਖੀ ਸਰੀਰ ਦੇ ਅਖੀਰਲੇ ਪੜਾਅ ਨੂੰ ਇਨ੍ਹਾਂ ਭਾਵਪੁਰਤ ਸ਼ਬਦਾਂ ਦੁਆਰਾ ਪ੍ਰਗਟ ਕੀਤਾ:

"ਦੱਸੇ ਕੀ ਗਜਰਾਜ ਕਿ ਕੌਣ ਹਾਂ ਮੈਂ, ਜਦੋਂ ਬੜਾ ਉੱਚਾ ਲੰਮਾ ਝਾਕਦਾ ਹਾਂ।
ਦਿਲ 'ਚੋਂ ਆਹ ਦੇ ਨਾਲ ਅਵੱਸ਼ ਨਿਕਲੇ, ਮੈਂ ਇਕ ਛੋਟਾ ਜਿਹਾ ਢੇਰ ਰਾਖ ਦਾ ਹਾਂ।"

ਗਜਰਾਜ ਜੀ ਸਿਰਫ਼ ਪੰਜਾਬੀ ਦੇ ਹੀ ਨਹੀਂ ਬਲਕਿ ਬ੍ਰਿਜ ਭਾਸ਼ਾ ਦੇ ਵੀ ਇੰਨੇ ਮਹਾਨ ਕਵੀ ਸਨ ਕਿ ਉਨ੍ਹਾਂ ਨੂੰ ਪਟਿਆਲੇ ਦੇ 'ਪਦਮਾਕਰ' ਕਵੀ ਦੇ ਤੌਰ ਉੱਤੇ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਦੁਆਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਸਤਤ ਵਜੋਂ ਲਿਖੀ ਗਈ ਬ੍ਰਿਜ ਭਾਸ਼ਾ ਦੀ ਕਵਿਤਾ ਦਾ ਕੁਝ ਹਿੱਸਾ ਹੇਠ ਲਿਖਿਆ ਹੈ:

"ਦੇਸ਼ ਮੇਂ, ਦਿਸ਼ਾ ਮੇਂ, ਦੀਨ, ਦੁਨੀਆ, ਦੀਵਾਕਰ ਮੇਂ; ਅੰਡ, ਖੰਡ, ਮੰਡਲ ਮੇਂ ਦਿਪਤ ਦਿਪੰਤ ਹੈ।
ਦੇਵਨ ਮੇਂ, ਦੀਪਨ ਮੇਂ, ਦਾਮਨੀ, ਦਮਕ ਹੂੰ ਮੇਂ, ਦੇਹੁਰੇ, ਮਸੀਤਨ ਮੇਂ ਬੇਦੀ ਕੁਲਕੰਤ ਹੈ। 
ਕਲਯੁਗ ਪੈਗੰਬਰ ਕੀ ਬਾਣੀ ਮੇਂ ਅੰਮ੍ਰਿਤ ਹੈ, ਕਲਯੁਗ ਕੇ ਤਾਰਵੇ ਕੋ ਬਾਣੀ ਗੁਰੂ ਗ੍ਰੰਥ ਹੈ।
ਗਿਰਵਰ ਮੇਂ ਪੰਜਾ ਹੈ, ਪਰਤੱਖ ਜਾ ਕੀ ਕਰਾਮਾਤ, 'ਗਜਰਾਜ' ਨਾਨਕ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ।"

ਗਜਰਾਜ ਜੀ ਨੇ ਆਪਣੇ ਆਪ ਬਾਰੇ ਲਿਖੀ ਇਕ ਕਵਿਤਾ ਦੇ ਅੰਤ ਵਿਚ ਲਿਖਿਆ ਸੀ:

"ਚੜ੍ਹੇ ਹੋਏ ਤੂਫ਼ਾਨਾਂ ਤੋਂ ਡੋਲਿਆ ਨਾ, ਮੈਂ ਤੈਰਾਕ ਹਾਂ ਡੂੰਘਿਆਂ ਪਾਣੀਆਂ ਦਾ। 
ਆਜ਼ਾਦ ਦੇਸ਼ ਦਾ ਮੈਂ ਆਜ਼ਾਦ ਸ਼ਾਇਰ, ਸਦਾ ਭਲਾ ਮੰਗਾਂ ਹਿੰਦੁਸਤਾਨੀਆਂ ਦਾ।"

ਆਪਣੇ ਦੇਸ਼ ਅਤੇ ਕੌਮ ਦਾ ਹਰ ਸਮੇਂ ਭਲਾ ਲੋਚਣ ਵਾਲਾ ਇਹ ਮਹਾਨ ਕਵੀ ਅੱਜ ਤੋਂ 50 ਸਾਲ ਪਹਿਲਾਂ 14 ਜੁਲਾਈ 1970 ਨੂੰ ਸਦਾ ਲਈ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਗਿਆ।

rajwinder kaur

This news is Content Editor rajwinder kaur