ਬਾਬਾ ਹਲ ਚਲਾਉਂਦਾ ਏ...

12/06/2019 11:45:29 AM

ਬਾਬਾ ਹਲ ਚਲਾਉਂਦਾ ਏ
ਓਹ ਦੇਖੋ! ਖੇਤਾਂ ਦੇ ਵਿੱਚ,
ਇੱਕ ਬਾਬਾ ਹਲ ਚਲਾਉਂਦਾ ਏ।
ਨਾਲ ਹੱਥਾਂ ਦੇ ਕਿਰਤ ਏ ਕਰਦਾ,
ਮਨ ਵਿੱਚ ਨਾਮ ਧਿਆਉਂਦਾ ਏ।
ਓਹ ਦੇਖੋ! ਖੇਤਾਂ ਦੇ ਵਿੱਚ
ਸਾਰੀ ਉਮਰੇ ਯਾਤਰਾ ਕੀਤੀ,
ਪਿਛਲੀ ਉਮਰੇ ਸ਼ਹਿਰ ਵਸਾਇਆ ਏ।
ਨਗਰ ਜਦੋਂ ਫਿਰ ਸੋਹਣਾ ਬਣਿਆ,
ਕਰਤਾਰਪੁਰ, ਨਾਮ ਰਖਾਇਆ ਏ।
ਵਿੱਚ ਖੇਤਾਂ ਦੇ ਖੂਹ ਏ ਬਣਿਆ,
ਕਦੇ ਖੇਤਾਂ ਨੂੰ ਪਾਣੀ ਲਾਉਂਦਾ ਏ।
ਓਹ ਦੇਖੋ! ਖੇਤਾਂ ਦੇ ਵਿੱਚ
ਘਰ ਪਰਿਵਾਰ ਹੁਣ ਏਥੇ ਵਸਿਆ,
ਰਾਮ ਨਾਮ ਦੇ ਰੰਗ ਵਿੱਚ ਰਚਿਆ।
ਘਰ ਗ੍ਰਸਿਹਥੀ ਹੈ ਸਭ ਤੋਂ ਉੱਤਮ,
ਇਹੀ ਉਨ੍ਹਾਂ ਲੋਕਾਂ ਨੂੰ ਦੱਸਿਆ।
ਨਾਮ ਦੇ ਨਾਲ ਕਿਰਤ ਹੈ ਕਰਨੀ,
ਇਹੀ ਸਬਕ ਸਿਖਾਉਂਦਾ ਏ।
ਓਹ ਦੇਖੋ! ਖੇਤਾਂ ਦੇ ਵਿੱਚ
ਅੱਜ ਉਨ੍ਹਾਂ ਖੇਤਾਂ ਦੇ ਤਾਂਈ,
ਭਾਗ ਖੂਬ ਏ ਲੱਗਿਆ।
ਸੁਣ ਸੁਣ ਗੱਲਾਂ ਗੁਰੂ ਨਾਨਕ ਦੀਆਂ,
ਸਾਰਾ ਜੱਗ ਏ, ਦੇਖਣ ਚੱਲਿਆ।
ਧੰਨ ਧੰਨ ਬਾਬਾ ਨਾਨਕ ਕਹਿੰਦਾ,
ਜੋ ਵੀ ਦਰਸ਼ਨ ਪਾਉਂਦਾ ਏ।
ਓਹ ਦੇਖੋ! ਖੇਤਾਂ ਦੇ ਵਿੱਚ,
ਇੱਕ ਬਾਬਾ ਹਲ ਚਲਾਉਂਦਾ ਏ।


ਬਹਾਦਰ ਸਿੰਘ ਗੋਸਲ,
ਮਕਾਨ ਨੰ: 3098, ਸੈਕਟਰ 37ਡੀ,
ਚੰਡੀਗੜ੍ਹ।
ਮੋ.ਨੰ: 98764-52223

Aarti dhillon

This news is Content Editor Aarti dhillon