ਕਲਾਕਾਰ ਕਦੇ ਮਰਦਾ ਨਹੀਂ  !

05/03/2020 11:26:41 AM

ਬਵਲਿਨ ਕੌਰ

ਅਪ੍ਰੈਲ ਮਹੀਨੇ ਦੀ 29 ਅਤੇ 30 ਤਰੀਕ ਨੇ ਪੂਰੇ ਹਿੰਦੁਸਤਾਨ ਨੂੰ ਉਦਾਸ ਕਰ ਦਿੱਤਾ। ਫ਼ਿਲਮ ਇੰਡਸਟਰੀ ਵਿਚ ਬਹੁਤ ਘੱਟ ਕਲਾਕਾਰ ਇਸ ਤਰ੍ਹਾਂ ਦੇ ਹਨ, ਜੋ ਪੂਰੇ ਪਰਿਵਾਰ ਵਿਚ ਆਪਣੀ ਥਾਂ ਬਣਾਉਣ 'ਚ ਕਾਮਯਾਬ ਹੋਏ ਹਨ। ਰਿਸ਼ੀ ਕਪੂਰ ਉਨ੍ਹਾਂ ਕਲਾਕਾਰਾਂ ਵਿਚੋਂ ਇਕ ਹੈ, ਜੋ 70,90 ਅਤੇ 2000 ਦੇ ਦਹਾਕੇ ਵਿਚ ਜਨਮੇਂ ਲੋਕਾਂ ਦੇ ਦਿਲ ਵਿਚ ਵੱਖਰੀ ਸਾਂਝ ਰੱਖਦਾ ਹੈ। ਨਗੀਨਾ, ਯੇ ਹੈ ਜਲਵਾ, ਦੋ ਦੂਨੀ ਚਾਰ, ਕਪੂਰ ਐਂਡ ਸੰਨਜ਼ ਆਦਿ ਕਈ ਫ਼ਿਲਮਾਂ ਹਮੇਸ਼ਾ ਦਰਸ਼ਕਾਂ ਦਾ ਮਨੋਰੰਜਨ ਤਾਂ ਕਰਨਗੀਆਂ ਹੀ ਪਰ ਉਨ੍ਹਾਂ ਨੂੰ ਵੇਖ ਕੇ ਰਿਸ਼ੀ ਕਪੂਰ ਦੀ ਯਾਦ ਆਉਣੀ ਲਾਜ਼ਮੀ ਹੈ। 

ਆਪਣੀ ਇਕ ਇੰਟਰਵਿਊ 'ਚ ਰਿਸ਼ੀ ਕਪੂਰ ਦੱਸਦੇ ਨੇ ਕਿ ਜਦੋਂ ਉਨ੍ਹਾਂ ਨੂੰ "ਮੇਰਾ ਨਾਮ ਜੋਕਰ" ਲਈ ਨੈਸ਼ਨਲ ਐਵਾਰਡ ਮਿਲਿਆ ਸੀ ਤਾਂ ਰਾਜ ਕਪੂਰ ਸਾਹਿਬ ਨੇ ਉਨ੍ਹਾਂ ਨੂੰ ਪ੍ਰਿਥਵੀਰਾਜ ਕਪੂਰ ਨੂੰ ਦਿਖਾਉਣ ਨੂੰ ਕਿਹਾ ਸੀ। ਪ੍ਰਿਥਵੀਰਾਜ ਕਪੂਰ ਨੇ ਜਦੋਂ ਰਿਸ਼ੀ ਕਪੂਰ ਦਾ ਨੈਸ਼ਨਲ ਐਵਾਰਡ ਵੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਅੱਥਰੂ ਸੀ। 

ਰਿਸ਼ੀ ਕਪੂਰ ਨੇ ਉਸ ਇੰਟਰਵਿਊ 'ਚ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅਦਾਕਾਰੀ ਉਸ ਵੇਲੇ ਨਹੀਂ ਸੀ ਆਉਂਦੀ, ਉਹ ਤਾਂ ਬਸ ਆਪਣੇ ਪਿਤਾ ਰਾਜ ਕਪੂਰ ਦੀ ਨਕਲ ਉਤਾਰ ਦੇ ਸੀ। ਮੈਂ ਨਿੱਜੀ ਤੌਰ 'ਤੇ ਇਹ ਮਹਿਸੂਸ ਕਰਦੀ ਹਾਂ ਕਿ ਕਦੀ ਵੀ ਇਹ ਨਹੀਂ ਲਿਖਣਾ ਚਾਹੀਦਾ ਕਿ ਰਿਸ਼ੀ ਕਪੂਰ ਇਕ ਚੰਗਾ ਕਲਾਕਾਰ ਸੀ। ਬੇਸ਼ਕ ਅੱਜ ਕਈ ਉਮਦਾ ਕਲਾਕਾਰ ਪੰਜ ਤੱਤਾਂ ਵਿਚ ਵਿਲੀਨ ਹੋ ਚੁੱਕੇ ਹਨ ਪਰ ਉਨ੍ਹਾਂ ਦੀ ਕਲਾਕਾਰੀ ਰਹਿੰਦੀ ਦੁਨੀਆ ਤੱਕ ਜ਼ਿੰਦਾ ਰਵੇਗੀ। ਕਲਾਕਾਰ ਕਦੇ ਵੀ ਮਰਦਾ ਨਹੀਂ ਹੈ। ਉਹ ਆਪਣੀ ਕਲਾ ਰਾਹੀਂ ਜ਼ਿੰਦਾ ਰਹਿੰਦਾ ਹੈ।  

ਪੜ੍ਹੋ ਇਹ ਵੀ ਖਬਰ - ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜਾ : ‘ਸਿਆਸਤ ਅਤੇ ਪੱਤਰਕਾਰਤਾ ਇਕ ਬਰਾਬਰ’ 

ਪੜ੍ਹੋ ਇਹ ਵੀ ਖਬਰ - ਸੰਗਤਾਂ ਨੂੰ ਬਦਨਾਮ ਨਾ ਕਰੋ, ਜ਼ਿੰਮੇਵਾਰੀ ਲਈ ਸਿਹਤ ਮੰਤਰੀ ਅਤੇ ਸਰਕਾਰਾਂ ਜਵਾਬ ਦੇਣ 

ਗਾਇਕ ਹਰਭਜਨ ਮਾਨ ਦਾ ਗੀਤ ਹੈ ਕੁਝ ਠਹਿਰ ਜ਼ਿੰਦੜੀਏ...ਅਜੇ ਮੈਂ ਹੋਰ ਬੜਾ ਕੁਝ ਕਰਨਾ..ਇਹ ਗੀਤ ਸੁਣ ਕੇ ਇਰਫ਼ਾਨ ਖ਼ਾਨ ਦੀ ਯਾਦ ਆਉਂਦੀ ਹੈ। ਸਿਨੇਮਾ ਜਗਤ ਵਿਚ ਉਹ ਬਹੁਤ ਕੁਝ ਕਰਨਾ ਚਾਹੁੰਦੇ ਸੀ। ਇਕ ਮੀਡੀਆ ਰਿਪੋਰਟ ਮੁਤਾਬਕ ਉਨ੍ਹਾਂ ਦੀ ਦਿਲ ਦੀ ਇੱਛਾ ਸੀ ਕਿ ਉਹ ਬੁਲੇ ਸ਼ਾਹ ਦਾ ਕਿਰਦਾਰ ਅਦਾ ਕਰਨ ਪਰ ਇਹ ਇੱਛਾ ਉਨ੍ਹਾਂ ਦੀ ਇੱਛਾ ਹੀ ਰਹਿ ਗਈ। ਜ਼ਿੰਦਗੀ ਬੇਸ਼ਕ ਉਨ੍ਹਾਂ ਦੀ ਛੋਟੀ ਸੀ ਪਰ ਇਸ ਛੋਟੀ ਜ਼ਿੰਦਗੀ ਵਿਚ ਵੀ ਉਨ੍ਹਾਂ ਬਹੁਤ ਕੁਝ ਕਰ ਵਿਖਾਇਆ। ਟੀਵੀ ਤੋਂ ਸ਼ੁਰੂ ਹੋਏ ਅਤੇ ਫ਼ਿਲਮਾਂ ਵਿੱਚ ਛੋਟੇ ਰੋਲ ਕਰਨੇ ਸ਼ੁਰੂ ਕੀਤੇ। ਫ਼ਿਲਮ ਸਲਾਮ ਬੰਬੇ ਵਿਚ ਉਨ੍ਹਾਂ ਦਾ ਕਿਰਦਾਰ ਛੋਟਾ ਜਿਹਾ ਹੀ ਸੀ ਉਹ ਵੀ ਐਡਿਟ ਕਰ ਦਿੱਤਾ ਗਿਆ। ਇਰਫ਼ਾਨ ਖ਼ਾਨ ਨੇ ਹਾਰਾਂ ਦਾ ਸਾਹਮਣਾ ਬਹੁਤ ਵਾਰ ਕੀਤਾ ਪਰ ਹਾਰ ਤੋਂ ਸਬਕ ਲੈਕੇ ਉਨ੍ਹਾਂ ਆਪਣੀ ਮਿਹਨਤ ਜਾਰੀ ਰੱਖੀ। 

ਟੀਵੀ ਤੋਂ ਬਾਲੀਵੁੱਡ ਅਤੇ ਫ਼ੇਰ ਹਾਲੀਵੁੱਡ ਹਰ ਥਾਂ ਭਾਰਤ ਦਾ ਨਾਂਅ ਰੋਸ਼ਨ ਕੀਤਾ। ਇਰਫ਼ਾਨ ਅਜਿਹੇ ਕਲਾਕਾਰ ਹਨ, ਜਿਨ੍ਹਾਂ ਆਪਣੇ ਕੰਮ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਸਾਲ 1993 ਵਿਚ ਉਨ੍ਹਾਂ ਕੋਲ ਫ਼ਿਲਮ ਜੁਰੇਸਿਕ ਪਾਰਕ ਵੇਖਣ ਦੇ ਪੈਸੇ ਵੀ ਨਹੀਂ ਸੀ। ਇਰਫ਼ਾਨ ਨੂੰ ਕੀ ਪਤਾ ਸੀ  ਕਿਸਮਤ ਉਸ ਨੂੰ ਜੁਰੇਸਿਕ ਪਾਰਕ ਦੇ ਅਗਲੇ ਭਾਗ ਵਿਚ ਅਦਾਕਾਰ ਬਣਾ ਦੇਵੇਗੀ। 

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਸਾਡੇ ਲਈ ਇਕ ਕੁਦਰਤ ਦਾ ਸੁਨੇਹਾ ਹੋ ਸਕਦੈ, ਪਰ ਜੇ ਸਮਝੀਏ ਤਾਂ... 

ਪੜ੍ਹੋ ਇਹ ਵੀ ਖਬਰ - ਹਰਿਆਣੇ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਕਿਸਾਨਾਂ ਨੂੰ ਚੋਰਾਂ ਵਾਂਗ ਵੇਚਣੀ ਪਈ ਕਣਕ 

ਇਰਫ਼ਾਨ ਖ਼ਾਨ ਦੀ ਆਖ਼ਰੀ ਫ਼ਿਲਮ ਇੰਗਲਿਸ਼ ਮਿਡੀਅਮ, ਇਕ ਅਜਿਹੀ ਫ਼ਿਲਮ ਹੈ, ਜਿਸ ਵਿਚ ਬੇਸ਼ਕ ਕਮੀਆਂ ਹਨ ਪਰ ਇਰਫ਼ਾਨ ਖ਼ਾਨ ਨੇ ਉਸ ਫ਼ਿਲਮ ਵਿਚ ਆਪਣੇ ਕਿਰਦਾਰ ਰਾਹੀਂ ਬਹੁਤ ਵਧੀਆ ਸੁਨੇਹਾ ਦਿੱਤਾ ਹੈ। ਨੌਜਵਾਨ ਪੀੜੀ ਨੂੰ ਇਹ ਵਿਖਾਇਆ ਹੈ ਕਿ ਮਾਂ-ਬਾਪ ਆਪਣੀ ਔਲਾਦ ਦਾ ਸੁਪਨਾ ਪੂਰਾ ਕਰਨ ਲਈ ਕੀ ਕੁਝ ਕਰ ਜਾਂਦੇ ਹਨ। 

ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਹਾਂ ਕਲਾਕਾਰਾਂ ਨੂੰ ਲੋਕਾਂ ਨੇ ਸ਼ਰਧਾਜ਼ਲੀ ਦਿੱਤੀ ਪਰ ਅਸਲ ਸ਼ਰਧਾਜ਼ਲੀ ਇਹ ਹੋਵੇਗੀ ਕਿ ਜੋ ਉਨ੍ਹਾਂ ਨੇ ਆਪਣੀ ਫ਼ਿਲਮਾਂ ਰਾਹੀਂ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਉਹ ਅਸੀਂ ਅਪਣਾਉਣ ਦੀ ਕੋਸ਼ਿਸ਼ ਤਾਂ ਕਰੀਏ।  

rajwinder kaur

This news is Content Editor rajwinder kaur