ਆਨੰਦਮਈ ਬਾਣੀ ਨਾਲ ਸਭ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਕ੍ਰਾਂਤੀਕਾਰੀ ਰਹਿਬਰ ‘ਗੁਰੂ ਰਵਿਦਾਸ ਜੀ’

02/26/2021 6:23:52 PM

ਸਤਿਗੁਰੂ ਰਵਿਦਾਸ ਜੀ ਵਿਸ਼ਵ ਦੇ ਮਹਾਨ ਕ੍ਰਾਂਤੀਕਾਰੀ ਰਹਿਬਰ ਹੋਏ ਹਨ। ਇਨ੍ਹਾਂ ਨੇ ਆਪਣੀ ਆਨੰਦਮਈ ਬਾਣੀ ਦੇ ਨਾਲ ਮਨੁੱਖਤਾ ਨੂੰ ਸਰਬ-ਸਾਂਝੀ ਤੇ ਸਰਬੱਤ ਦੇ ਭਲੇ ਦੀ ਵਿਸ਼ਵ-ਵਿਆਪੀ, ਉਚ-ਨੀਚ, ਛਲ-ਕਪਟ, ਰੰਗ-ਨਸਲ, ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸਾਂ ਤੋਂ ਰਹਿਤ ਇਕ ਨਵੀਂ ਨਰੋਈ ਵਿਗਿਆਨਿਕ ਵਿਚਾਰਧਾਰਾ ਪੂਰੇ ਵਿਸ਼ਵ ਦੇ ਭਲੇ ਵਾਸਤੇ ਪ੍ਰਦਾਨ ਕਰਕੇ ਸਾਰਿਆਂ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। 

ਉਨ੍ਹਾਂ ਨੇ ਆਪਣੀ ਬਾਣੀ ਵਿਚ ਕਿਹਾ....
ਬੇਗਮਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥

ਜਿਥੇ ਸਾਰੇ ਜੀਵ ਬੇਗਮਪੁਰ ਦੇ ਵਾਸੀ ਬਣ ਕੇ ਇਕ ਬਰਾਬਰ ਸੁੱਖ ਮਾਣ ਸਕਣ। ਅੱਜ ਸਾਰਾ ਸੰਸਾਰ ਪ੍ਰਮਾਣੂ ਤੇ ਹਾਈਡ੍ਰੋਜਨ ਬੰਬਾਂ ਦੇ ਅੰਬਾਰ ’ਤੇ ਖੜ੍ਹਾ ਹੈ, ਅਜਿਹੀ ਮਨੁੱਖਤਾ ਮਾਰੂ ਸੋਚ ਨੂੰ ਉਖਾੜਨ ਲਈ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਹੀ ਸਹਾਈ ਹੋ ਸਕਦੀ ਹੈ। ਇਸ ਮਹਾਨ ਸਮਾਜਿਕ ਵਿਗਿਆਨੀ ਤੇ ਕ੍ਰਾਂਤੀਕਾਰੀ ਰਹਿਬਰ ਦਾ ਆਗਮਨ ਮਾਘ ਦੀ ਪੂਰਨਮਾਸ਼ੀ ਸੰਮਤ 1433 ਬਿਕ੍ਰਮੀ ਨੂੰ ਸੀਰ ਗੋਵਰਧਨਪੁਰ (ਉੱਤਰ ਪ੍ਰਦੇਸ਼) ਵਿਚ ਹੋਇਆ। ਗੁਰੂ ਸਾਹਿਬ ਜੀ ਦੇ ਪਿਤਾ ਦਾ ਨਾਂ  ਸੰਤੋਖ ਦਾਸ ਜੀ ਅਤੇ ਮਾਤਾ ਦਾ ਨਾਂ ਕਲਸਾ ਦੇਵੀ ਸੀ।

ਸ੍ਰੀ ਗੁਰੂ ਰਵਿਦਾਸ ਜੀ ਬਚਪਨ ਤੋਂ ਹੀ ਸਾਧੂ ਸੁਭਾਅ ਵਾਲੇ ਤਿਆਗ ਦੀ ਮੂਰਤ ਸਨ ਅਤੇ ਦੀਨ-ਦੁਖੀਆਂ-ਗਰੀਬਾਂ ਦੀ ਮਦਦ ਕਰਨ ਵਾਲੇ ਸਨ। ਗੁਰੂ ਜੀ ਨੇ ਆਪਣੇ ਘਰ ’ਚ ਗਰੀਬਾਂ ਦੇ ਲਈ ਮੁਫ਼ਤ ਦਵਾਖਾਨਾ ਵੀ ਖੋਲ੍ਹ ਰੱਖਿਆ ਸੀ। ਜਿਥੇ ਗੁਰੂ ਸਾਹਿਬ ਜੀ ਸ਼ਾਂਤ ਸੁਭਾਅ ਨਿਮਰਤਾ ਦੇ ਪੁੰਜ ਸਨ, ਉਥੇ ਕ੍ਰਾਂਤੀਕਾਰੀ ਰਹਿਬਰ ਵੀ ਸਨ। ਗੁਰੂ ਜੀ ਨੇ ਸਮਾਜ ’ਚ ਚੱਲ ਰਹੀਆਂ ਰੂੜੀਵਾਦੀ ਅਤੇ ਪਾਖੰਡੀ ਕਦਰਾਂ-ਕੀਮਤਾਂ ਦਾ ਡਟ ਕੇ ਵਿਰੋਧ ਕੀਤਾ। 

ਬੜੀ ਹੈਰਾਨੀ ਹੁੰਦੀ ਹੈ ਕਿ ਅੱਜ ਤੋਂ 600 ਸਾਲ ਤੋਂ ਵੱਧ ਸਮਾਂ ਪਹਿਲਾਂ ਇਕ ਗ਼ਰੀਬ ਲਿਤਾੜੇ ਸਮਾਜ ਵਿਚ ਪੈਦਾ ਹੋਏ ਮਹਾਨ ਰਹਿਬਰ ਨੇ ਅਜਿਹਾ ਉਪਦੇਸ਼ ਦਿੱਤਾ ਹੈ, ਜਿਹੜਾ ਇਕ ਕੌਮ, ਮਜ਼੍ਹਬ, ਦੇਸ਼ ਲਈ ਨਾ ਹੋ ਕੇ ਸਗੋਂ ਸਾਰੇ ਵਿਸ਼ਵ ਦੇ ਸੁੱਖ ਵਾਸਤੇ ਹੈ। ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿਚ ਦੇਸ਼-ਪ੍ਰਦੇਸ਼ ਦੇ ਹੱਦ ਬੰਨਿਆਂ ਤੋਂ ਉੱਪਰ ਉੱਠ ਕੇ ਵਿਸ਼ਵ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਹੈ। ਸਾਂਝੀਵਾਲਤਾ ਦੇ ਦੁਸ਼ਮਣਾਂ ਵਲੋਂ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਦਬਾਉਣ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਸਫ਼ਲ ਨਾ ਹੋਈਆਂ, ਕਿਉਂਕਿ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਕੁਦਰਤ ਦੇ ਨਿਯਮਾਂ ਅਨੁਸਾਰ ਬਣਾਈ ਗਈ ਹੈ।

ਇਸ ਕਰਕੇ ਇਹ ਇਕ ਵਿਚਾਰਧਾਰਾ ਹੀ ਨਹੀਂ ਸਗੋਂ ਪਾਰਬ੍ਰਹਮ ਦਾ ਹੁਕਮ ਹੀ ਹੈ। ਸ੍ਰੀ ਗੁਰੂ ਰਵਿਦਾਸ ਜੀ ਨੇ ਇਸ  ਵਿਚਾਰਧਾਰਾ ਨੂੰ ਕੇਵਲ ਬਨਾਰਸ ਜਾਂ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਹੀ ਨਹੀਂ ਪ੍ਰਚਾਰਿਆ ਸਗੋਂ ਗੁਰੂ ਜੀ ਨੇ ਭਾਰਤ ਦੇ ਕੋਨੇ-ਕੋਨੇ ਵਿਚ ਇਸ ਵਿਚਾਰਧਾਰਾ ਦੇ ਬੀਜ ਬੀਜੇ, ਜੋ ਅੱਗੇ ਜਾ ਕੇ ਮਹਾਨ ਰੁੱਖ ਬਣੇ।

ਅੱਜ ਜੇ ਵੇਖਿਆ ਜਾਵੇ, ਤਾਂ ਪੂਰੀ ਦੁਨੀਆ ਧਾਰਮਿਕ ਕਰਮਕਾਂਡਾਂ ਵਿਚ ਫਸ ਕੇ ਆਪਣੇ ਅਸਲ ਮਾਲਕ ਨੂੰ ਭੁੱਲ ਕੇ ਆਪਣਾ ਜੀਵਨ ਤਬਾਹ ਕਰ ਰਹੀ ਹੈ ਪਰ ਗੁਰੂ ਰਵਿਦਾਸ ਜੀ ਇਸ ਬਾਬਤ ਆਪਣੀ ਬਾਣੀ ਵਿਚ ਵਿਗਿਆਨਿਕ ਸੱਚ ਉਜਾਗਰ ਕਰਦੇ ਹਨ, ਜਿਸ ਦੀ ਪੂਰੇ ਸੰਸਾਰ ਨੂੰ ਅੱਜ ਲੋੜ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ, ਜੋ ਮਨੁੱਖ ਇਕ ਪਰਮਪਿਤਾ ਪ੍ਰਮਾਤਮਾ ਦੀ ਪੂਜਾ ਸਿਮਰਨ ਨੂੰ ਛੱਡ ਕੇ ਹੋਰ ਕਿਸੇ ਦੀ ਆਸ ਰੱਖਦਾ ਹੈ, ਉਹ ਨਰਕਾਂ ਨੂੰ ਜਾਵੇਗਾ ਅਰਥਾਤ ਮੁਕਤ ਨਹੀਂ ਹੋ ਸਕੇਗਾ।
ਹਰਿ ਸੋ ਹੀਰਾ ਛਾਡਿ ਕੈ, 
ਕਰਹਿ ਆਨ ਕੀ ਆਸ॥
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ॥

ਗੁਰੂ ਸਾਹਿਬ ਜੀ ਆਰਤੀ ਉਤਾਰਨ ਵਾਲੇ ਕਰਮ ਕਾਂਡਾਂ ਤੋਂ ਵੀ ਹਟਣ ਦੀ ਪ੍ਰੇਰਣਾ ਦਿੰਦੇ ਹਨ ਕਿ ਉਸ ਮਾਲਕ ਦਾ ਨਾਮ ਸਿਮਰਨ ਹੀ ਸੱਚੀ ਆਰਤੀ ਹੈ, ਬਾਕੀ ਸਭ ਝੂਠ ਦਾ ਪਸਾਰਾ ਹੈ।
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥

ਆਓ ਆਪਾਂ ਸਾਰੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਪ੍ਰਣ ਕਰੀਏ ਕਿ ਆਪਸੀ ਸਾਂਝ, ਮਨੁੱਖੀ ਏਕਤਾ ਸਥਾਪਿਤ ਕਰਨ ਲਈ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਆਪਾਂ ਹਮੇਸ਼ਾ ਯਤਨਸ਼ੀਲ ਰਹੀਏੇ। ਸਾਡੀ ਜ਼ਿੰਦਗੀ ਨੂੰ ਖੋਖਲਾ ਬਣਾ ਰਹੇ ਨਸ਼ੇ ਛੱਡ ਕੇ ਸੱਚਾਈ ਤੇ ਮਿਹਨਤ ਦੀ ਕਿਰਤ ਕਰੀਏ ਅਤੇ ਲੋੜਵੰਦਾਂ ਦੀ ਮਦਦ ਕਰ ਕੇ ਸੁਖਦਾਇਕ ਸਮਾਜ ਦੀ ਸਿਰਜਣਾ ਕਰੀਏ ਅਤੇ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ’ਤੇ ਪਹਿਰਾ ਦੇਈਏ। 

ਮਹਿੰਦਰ ਸੰਧੂ ‘ਮਹੇੜੂ’


rajwinder kaur

Content Editor

Related News