ਜਦੋਂ ਅੱਲੜ ਉਮਰਾਂ ਦੇ ਪਿਆਰ ਨੇ ਸਿਖਾਏ ਕਿਤਾਬੋਂ ਬਾਹਰੇ ਸਬਕ

03/16/2021 2:48:32 PM

ਉਹ ਮੇਰੇ ਹੰਝੂ ਵੇਖ ਰਿਹਾ ਸੀ ਤੇ ਦਿਲ ਟੁੱਟਣ ਦਾ ਦਰਦ ਮੈਂ ਸਹਿ ਰਹੀ ਸੀ।ਜਸਪਾਲ ਇੰਝ ਚੁੱਪਧਾਰੀ ਖੜ੍ਹਾ ਸੀ ਜਿਵੇਂ ਉਹ ਕੁੱਝ ਜਾਣਦਾ ਹੀ ਨਾ ਹੋਵੇ, ਤੇ ਮੈਂ ਕਮਲੀ ਨੇ ਰੂਪ ਵੀ ਵਾਰਿਆ ਤਨ ਵੀ ਵਾਰਿਆ ਤੇ ਜਸਪਾਲ ਤੋਂ ਮੇਰਾ ਦਿਲ ਵੀ ਨਾ ਰੱਖਿਆ ਗਿਆ।

ਜੀਅ ਤੇ ਕਰਦਾ ਸੀ ਕਿ ਅੱਜ ਜਸਪਾਲ ਨੂੰ ਦੁਨੀਆਂ ਸਾਹਮਣੇ ਨੰਗਾ ਕਰ ਦਿਆਂ ਪਰ ਜਸਪਾਲ ਦੀ ਬੇਬੇ ਨੇ ਪਤਾ ਨਹੀਂ ਕਿਹੜਾ ਜਾਦੂ ਜਾਂ ਇਲਮ ਪੜ੍ਹਿਆ ਮੇਰੇ ਕੋਲ ਕਿ ਮੈਂ ਕੁੱਝ ਮੂੰਹੋਂ ਨਾ ਬੋਲ ਸਕੀ।ਜਸਪਾਲ ਦੀ ਬੇਬੇ ਨੇ ਕਿਹਾ, ਨਾਜ਼! ਇੱਕ ਗੱਲ ਦੱਸੇਂਗੀ ਧੀਏ..? ਕੀ ਜਸਪਾਲ ਨੇ ਕਦੇ ਤੈਨੂੰ ਵਿਆਹ ਵਾਰੇ ਕਿਹਾ ਸੀ..? ਕੀ ਉਹ ਵਿਆਹ ਤੇਰੇ ਨਾਲ ਕਰੇਗਾ ਜਾਂ ਤੂੰ ਕਿਹਾ ਸੀ ਕਿ ਵਿਆਹ ਜਸਪਾਲ ਨਾਲ ਹੀ ਕਰੇਂਗੀ..?

ਮੈਂ ਚੁੱਪ ਸੀ ਤੇ ਜਸਪਾਲ ਦੀ ਬੇਬੇ ਵਕੀਲਾਂ ਵਾਂਗੂ ਸਵਾਲ ਤੇ ਸਵਾਲ ਪੁੱਛ ਰਹੀ ਸੀ ਤੇ ਮੈਂ ਗੁਨਾਹਗਾਰ ਵਾਂਗੂ ਪੱਥਰ ਜੇਹੀ ਬਣ ਖੜੀ ਸੀ।ਜਸਪਾਲ ਨੇ ਮੇਰੇ ਮੋਢੇ ਹੱਥ ਰੱਖਦਿਆਂ ਬੋਲਿਆ ...ਨਾਜ਼ ਬੇਬੇ ਕੁੱਝ ਪੁੱਛ ਰਹੀ ਹੈ। ਜਸਪਾਲ ਦਾ ਮੈਨੂੰ ਹੱਥ ਲਾਉਣਾ ਅੱਜ ਬੇਗਾਨਾ ਜਿਹਾ ਲੱਗਾ ਤੇ ਮੈਂ ਜਸਪਾਲ ਦੀ ਬੇਬੇ ਦੇ ਗਲ਼ ਲੱਗਕੇ ਰੋ ਰਹੀ ਸੀ।ਪਰ ਮਾਂ ਤੇ ਮਾਂ ਹੁੰਦੀ ਹੈ, ਉਹ ਭਾਵੇਂ ਜਸਪਾਲ ਦੀ ਸੀ, ਭਾਵੇਂ ਮੇਰੀ ਪਰ ਮਮਤਾ ਤੇ ਮਾਂ ਵਾਲੀ ਹੀ ਸੀ, ਸਮਝਾਉਣਾ ਤੇ ਮਾਂ ਵਰਗਾ ਸੀ। ਬੇਬੇ ਬੋਲੀ, ਨਾਜ਼ ਮੈਨੂੰ ਤੇਰੇ ਨਾਲ ਹਮਦਰਦੀ ਵੀ ਹੈ ਤੇ ਪਿਆਰ ਵੀ, ਪਰ ਜਸਪਾਲ ਹੈ ਤੇ ਮੇਰਾ ਪੁੱਤ ..ਪਰ ਗ਼ਲਤ ਕਿਸ ਨੂੰ ਆਖਾਂ? ਤੁਸੀਂ ਪਿਆਰ ਕਰਨ ਵੇਲ੍ਹੇ ਹੀ ਕੋਈ ਅਹਿਮ ਫ਼ੈਸਲਾ ਨਈ ਕੀਤਾ, ਕੱਚੇ ਪੈਰੀਂ ਪਿਆਰ ਕਰਨ ਬੈਠ ਗਏ ਪਰ ਮੈਂ ਜਸਪਾਲ ਲਈ ਪਹਿਲਾਂ ਹੀ ਕੁੜੀ ਵੇਖੀਂ ਬੈਠੀ ਹਾਂ, ਇੱਕ ਵਾਰ ਤੇ ਨਜ਼ਰੀਂ ਜਸਪਾਲ ਦੀ ਵੀ ਕਰਾਈ ਸੀ ਪਰ ਇਹਨੇ ਠੀਕ ਆਖਕੇ ਹੋਰ ਗੱਲ ਕੀਤੀ ਹੀ ਨਹੀਂ। ਥੋੜ੍ਹੇ ਦਿਨਾਂ ਬਾਅਦ ਕੁੜੀ ਦਾ ਪਿਉ ਪੂਰਾ ਹੋ ਗਿਆ ਤੇ ਗੱਲ ਵਿੱਚ ਹੀ ਰਹਿ ਗਈ ਸੀ। ਹੁਣ ਕੱਲ੍ਹ ਦੀ ਹੀ ਗੱਲ ਸੁਣ ਲੈ। ਜੋ ਕੁੜੀ ਜਸਪਾਲ ਨੂੰ ਵਿਖਾਈ ਸੀ ਉਸਦੀ ਮਾਸੀ ਦਾ ਫ਼ੋਨ ਆਇਆ ਸੀ ਕਿ ਭੈਣ ਜੀ ਤੁਸੀਂ ਆਪਣੇ ਮੁੰਡੇ ਲਈ ਮੇਰੀ ਭਾਣਜੀ ਜਸਮੀਤ ਲਈ ਅੱਗੇ ਵਾਰੇ ਕੀ ਸੋਚਿਆ? ਮੈਂ ਜਸਮੀਤ ਦੀ ਮਾਸੀ ਨੂੰ ਕਿਹਾ ਕਿ ਭੈਣੇ ਸੋਚਣਾ ਕੀ ਏ, ਜਸਮੀਤ ਸਾਨੂੰ ਪਸੰਦ ਹੈ ਤੇ ਐ ਦਿਨ ਪਹੋਏ ਵਾਲੇ ਲੰਘ ਜਾਣਦੇ ਤੇ ਸ਼ਗਨ ਦਾ ਕੋਈ ਦਿਨ ਰੱਖ ਲੈਂਦੇ ਹਾਂ।

ਹੁਣ ਤੂੰ ਹੀ ਦੱਸ ਨਾਜ਼! ਇੱਕ ਤੇ ਜਸਮੀਤ ਨੂੰ ਅਸੀਂ ਵੇਖੀਂ ਬੈਠੇ ਹਾਂ ਉਪਰੋਂ ਉਸਦਾ ਪਿਉ ਨਹੀਂ ਸਿਰ 'ਤੇ, ਦੂਸਰਾ ਕੋਈ ਵਿਚਾਰੀ ਦੇ ਭਰਾ ਵੀ ਨਹੀਂ, ਦੋ ਭੈਣਾਂ ਹੀ ਹਨ ਤੇ ਇੱਕ ਮਾਂ, ਅਗਲੇ ਸੋਚਣਗੇ ਕਿ ਪਿਉ ਮਰਗਿਆ ਤੇ ਅਗਲਿਆਂ ਨੇ ਵੀ ਅੱਖਾਂ ਫੇਰ ਲਈਆਂ। ਨਾਜ਼ ਨੂੰ ਲੱਗ ਰਿਹਾ ਸੀ ਕਿ ਸੱਚ ਮੁੱਚ ਹੀ ਕੋਈ ਜਾਦੂ ਇਲਮ ਜਾਣਦੀ ਹੈ ਜਸਪਾਲ ਦੀ ਮਾਂ ਜੋ ਮੈਨੂੰ ਕੁੱਝ ਬੋਲਣ ਦਾ ਤੇ ਆਪਣੇ ਆਪ ਨੂੰ ਕਿਤੇ ਵੀ ਸਹੀ ਕਹਿਣ ਦਾ ਮੌਕਾ ਹੀ ਨਹੀਂ ਸੀ ਦੇ ਰਹੀ।ਬਸ ਮੈਨੂੰ ਲੱਗ ਰਿਹਾ ਸੀ ਕਿ ਜੱਜ ਵੀ ਉਹ ਹੈ ਤੇ ਵਕੀਲ ਵੀ ਉਹੀ ਹੈ। ਮੈਂ ਤੇ ਜਿਵੇਂ ਇੱਕ ਗੁਨਾਹਗਾਰ ਹੋਵਾਂ ਆਪਣੇ ਆਪ ਦੀ ,ਆਪਣੇ ਮਾਪਿਆਂ ਦੀ, ਦੂਸਰੀ ਜਸਪਾਲ ਦੀ ਮਾਂ ਦੀ, ਜੋ ਆਪਣੇ ਪੁੱਤ ਦੀ ਹੀ ਤਰਫ਼ਦਾਰੀ ਕਰਦੀ ਹੋਈ ਜਾਪ ਰਹੀ ਸੀ।

ਪਰ ਗ਼ਲਤ ਮੈਂ ਵੀ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਸੀ ,ਕੋਸਣਾ ਆਪਣੇ ਆਪ ਨੂੰ ਤੇ ਦਿਲ ਨੂੰ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਆਖੇ ਲੱਗ ਮੈਂ ਇਹ ਪਿਆਰ ਇਸ਼ਕ ਦੇ ਚੱਕਰ ਵਿੱਚ ਪੈ ਗਈ। ਜਸਪਾਲ ਦੀ ਮਾਂ ਦੀ ਗੱਲ ਭਾਵੇਂ ਮੈਨੂੰ ਕੱਚ ਵਾਂਗੂ ਚੁੱਭੀ ਪਰ ਸੱਚ ਸੀ ਕੀ ਮੁੰਡਿਆਂ ਦਾ ਕੀ ਏ, ਇਹ ਤੇ ਮੂੰਹ ਮਾਰਨ ਦੇ ਆਦੀ ਹੁੰਦੇ ਨੇ ਪਰ ਕੁੜੀਆਂ ਦੀ ਇੱਜਤ ਸੋਨੇ ਵਰਗੀ ਨਹੀਂ ਸੋਨੇ ਤੋਂ ਵੀ ਵੱਧ ਕੇ ਹੁੰਦੀ ਹੈ, ਕੁੜੀਆਂ ਨੂੰ ਵੀ ਚਾਹੀਦਾ ਹੈ ਕਿ ਆਪਣੀ ਸੋਨੇ ਵਰਗੀ ਜ਼ਿੰਦਗੀ ਨੂੰ ਸੰਭਾਲਕੇ ਰੱਖਣ ।

ਦਿਲ ਤੇ ਕਰਦਾ ਸੀ ਕਿ ਅੱਜ ਜਸਪਾਲ ਨੂੰ ਹਰੇਕ ਗੱਲ ਪੁੱਛਾਂ ਜੋ ਮੇਰੇ ਨਾਲ ਕੀਤੀਆਂ ਤੇ ਅੱਗੋਂ ਕਿਸੇ ਹੋਰ ਜਸਪਾਲ ਦੀ ਜ਼ੁਰੱਅਤ ਨਾ ਪਵੇ ਕਿਸੇ ਵੀ ਨਾਜ਼ ਦੀ ਜ਼ਿੰਦਗੀ ਨਾਲ ਖੇਡਣ ਦੀ, ਪਰ ਇੱਕ ਪਲ ਵਿੱਚ ਜਸਪਾਲ ਦੀ ਮਾਂ ਨੇ ਫੇਰ ਮੈਨੂੰ ਪੱਥਰ ਤੋਂ ਮਿੱਟੀ ਬਣਾਉਂਦਿਆਂ  ਕਿਹਾ ਕਿ ਨਾਜ਼ ਪਾਗਲ ਨਾ ਬਣ? ਆਪਣਾ ਤੇ ਆਪਣੇ ਮਾਪਿਆਂ ਬਾਰੇ ਸੋਚ, ਆਪਣੇ ਭਾਈ ਭੈਣ ਬਾਰੇ ਸੋਚ, ਹੁਣ ਤੇ ਜੋ ਹੋਣਾ ਸੀ ਉਹ ਤੇ ਹੋ ਗਿਆ ਪਰ ਜੋ ਮੇਰੇ ਨਾਲ ਕੀਤਾ ਜੇ ਇਹੋ ਕੋਈ ਤੁਹਾਡੀ ਧੀ ਨਾਲ ਕਰਦਾ ਫੇਰ ਵੀ ਤੁਸੀਂ ਇਹੋ ਕਹਿਣਾ ਸੀ, ਜਸਪਾਲ ਦੀ ਮਾਂ ਨੇ ਕਿਹਾ ਹਾਂ ਮੈਂ ਇਹੋ ਕਹਿਣਾ ਸੀ ਕਿਉਂਕਿ ਇੱਜ਼ਤ ਸਾਡੇ ਆਪਣੇ ਹੱਥ ਹੁੰਦੀ ਹੈ ।ਬਾਕੀ ਨਾਜ਼ ਤੈਨੂੰ ਪਤਾ ਹੀ ਹੈ ਕੁੜੀਆਂ ਲਈ ਇੱਜਤ ਤੋਂ ਵੱਧਕੇ ਕੁੱਝ ਨਹੀਂ ਹੁੰਦਾ ਤੇ ਸੰਭਾਲ ਵੀ ਕੁੜੀਆਂ ਨੇ ਹੀ ਕਰਨੀ ਹੁੰਦੀ ਹੈ ਇੱਜਤ ਦੀ, ਪਰ ਤੁਸੀਂ ਪੜ੍ਹਨ ਵਾਲੀਆਂ ਥਾਵਾਂ ਤੇ ਵਿੱਦਿਆ ਦੇ ਮੰਦਰ ਵਿੱਚ ਇਸ਼ਕ ਦੀ ਪੀਂਘ ਕਿਉਂ ਪਾਉਂਦੇ ਹੋ ਜਿੱਥੋਂ ਤੁਹਾਡੀ ਜ਼ਿੰਦਗੀ ਬਣਨੀ ਹੁੰਦੀ ਹੈ। ਉੱਥੋਂ ਤੁਸੀਂ ਜ਼ਿੰਦਗੀ ਖ਼ਰਾਬ ਕਰਨ ਵੱਲ ਕਿਉਂ ਤੁਰ ਪੈਂਦੇ ਹੋ। ਪਿਆਰ-ਮੁਹੱਬਤ ਲਈ ਉਮਰ ਪਈ ਹੁੰਦੀ ਹੈ ਪਰ ਕੁੱਝ ਬਣਨ ਤੇ ਕਰਨ ਲਈ ਤੁਹਾਡੇ ਕੋਲ ਉਹੀ ਸਾਲ ਹੁੰਦੇ ਹਨ ਕਾਲਜ ਵਾਲ਼ੇ, ਜੋ ਤੁਸੀਂ ਇਸ਼ਕੇ ਦੇ ਰਾਹ ਪੈਕੇ ਜ਼ਿੰਦਗੀ ਖ਼ਰਾਬ ਕਰ ਲੈਂਦੇ ਹੋ।

ਅੱਜ ਜਸਪਾਲ ਦੀ ਮਾਂ ਨੇ ਮੇਰੇ ਪਿਆਰ ਵਾਲ਼ੇ ਭੂਤ ਦਾ ਜਿਵੇਂ ਮੈਨੂੰ ਸਾਫ਼-ਸਾਫ਼ ਸ਼ੀਸ਼ਾ ਵਿਖਾ ਦਿੱਤਾ ਹੋਵੇ। ਮੈਂ ਸੋਚ ਰਹੀ ਸੀ ਕਿ ਜੇ ਜਸਪਾਲ ਦੀ ਮਾਂ ਐਨੀ ਸਿਆਣੀ ਸੀ ਤੇ ਪੁੱਤ ਕਿਉਂ ਨਲਾਇਕ ਨਿਕਲਿਆ। ਪਿਆਰ ਮੇਰੇ ਨਾਲ ਤੇ ਵੇਖ ਵਿਖਾਈਆ ਕਿਸੇ ਹੋਰ ਨਾਲ। ਅੱਜ ਜਸਪਾਲ ਤੇ ਉਸਦੀ ਮਾਂ ਕੋਲ਼ੋਂ ਜ਼ਿੰਦਗੀ ਦਾ ਸਭ ਤੋਂ ਵੱਡਾ ਤੇ ਅਹਿਮ ਸਬਕ ਲੈ ਕੇ ਜਾ ਰਹੀ ਸੀ ਜੋ ਕਿਸੇ ਵੀ ਕਿਤਾਬ ਵਿੱਚ ਨਹੀਂ ਸੀ ਪਰ ਮੇਰੇ ਤਨ ਤੇ ਮਨ ਉੱਤੇ ਜ਼ਰੂਰ ਇੱਕ ਨਵਾਂ ਪੰਨਾ ਲਿਖਿਆ ਗਿਆ ਸੀ। ਜੋ ਇੱਕ ਪਛਤਾਵਾ ਤੇ ਮੇਰੀ ਭੁੱਲ ਸੀ, ਜੋ ਮੇਰੇ  ਮਾਪਿਆਂ ਤੋਂ ਛੁਪਾਇਆ ।ਅਸਲੀਅਤ ਵਿੱਚ ਉਹ ਕੋਈ ਕੰਮ ਜਾਂ ਕੋਈ ਰਿਸ਼ਤਾ ਹੀ ਨਹੀਂ ਹੁੰਦਾ ਜੋ ਕਿਸੇ ਕੋਲ਼ੋ ਲੁਕੋਕੇ ਕੀਤਾ ਜਾਵੇ।ਅੱਜ ਮੈਨੂੰ ਪਛਤਾਵਾ ਸੀ ਤੇ ਹੋਰਾਂ ਲਈ ਸਬਕ, ਪਰ ਧਿਆਨ ਸਾਨੂੰ ਕੁੜੀਆਂ ਨੂੰ ਆਪ ਰੱਖਣਾ ਪਵੇਗਾ ਕੀ ਅਸੀਂ ਵਿੱਦਿਆ ਦੇ ਮੰਦਰ ਵਿੱਚ ਜ਼ਿੰਦਗੀ ਬਣਾਉਣੀ ਹੈ ਜਾਂ ਖ਼ਰਾਬ ਕਰਨੀ ਹੈ।

ਕਲਮਕਾਰ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444

ਨੋਟ: ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ? ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News