1947 ਹਿਜਰਤਨਾਮਾ-72 : ਗ਼ਫ਼ੂਰਾਂ ਬੀਬੀ

07/01/2023 1:26:44 PM

'ਭਲੇ ਸਿੱਖਾਂ ਕਰਕੇ ਅਸੀਂ ਪਾਕਿਸਤਾਨੀ ਨਾ ਬਣ ਸਕੇ'

"ਅਸੀਂ ਤੇਲੀ ਮੁਸਲਮਾਨ ਹੁੰਨੇ ਆਂ। ਰੌਲਿਆਂ ਵੇਲੇ ਮੈਂ ਕੋਈ 12-13 ਸਾਲ ਦੀ ਹੋਊਂ। ਮੇਰਾ ਪੇਕਾ ਪਿੰਡ ਕੰਦੋਲਾ (ਕੰਦੋਲਾ- ਫ਼ਰਾਲਾ) ਨੂਰਮਹਿਲ ਏ। ਪਾਸਲਾ, ਮੁਆਈ, ਬਿਲਗਾ ਗੁਆਂਢੀ ਪਿੰਡ ਸੁਣੀਂਦੇ। ਕਣਕ ਪਸਾਉਣ ਅਤੇ ਫੁਟਕਲ ਖ਼ਰੀਦੋ-ਫਰੋਖ਼ਤ ਲਈ ਅਕਸਰ ਬਿਲਗਾ ਹੀ ਜਾਂਦੇ। ਫੁੰਮ੍ਹਣ ਸਾਡਾ ਬਾਪ ਹੋਇਐ। 5 ਭੈਣਾਂ ਤੇ 5 ਭਾਈਆਂ ਦਾ ਵਡੇਰਾ ਪਰਿਵਾਰ ਸੀ, ਸਾਡਾ। ਹੁਣ ਕੇਵਲ ਮੈਂ ਅਤੇ ਮੇਰਾ ਛੋਟਾ ਭਰਾ ਹਮੀਦ ਈ ਬਾਕੀ ਹਾਂ। ਉਹ ਭਲੇ, ਆਪਸੀ ਪਿਆਰ ਅਤੇ ਸਾਂਝਾਂ ਵਾਲੇ ਦਿਨ ਸਨ। ਕੱਚੇ ਘਰਾਂ ਅੰਦਰ-ਬਾਹਰ ਹੱਡ ਭੰਨਵੀਂ ਮਿਹਨਤ ਮਜੂਰੀ ਕਰਕੇ ਵੀ ਗ਼ੁਰਬਤ ਨਾਲ਼ ਘੁਲਣਾ ਹੀ ਜਿਨ੍ਹਾਂ ਦਾ ਦਸਤੂਰ ਹੁੰਦਾ।

ਸਕੂਲ ਅਸੀਂ ਕੋਈ ਨਾ ਗਏ। ਵੈਸੇ ਵੀ ਪਿੰਡਾਂ ਵਿੱਚ ਤਦੋਂ ਕੁੜੀਆਂ ਨੂੰ ਸਕੂਲ ਭੇਜਣ ਦਾ ਰਿਵਾਜ਼ ਨਹੀਂ ਸੀ। ਹਾਂ ਅੱਬਾ ਵਲੋਂ ਘਰ ਦੇ ਨੇੜੇ ਹੀ ਇਕ ਬਗ਼ਲ ਵਿਚ ਤੇਲ ਦਾ ਕੋਹਲੂ ਅਤੇ ਰੂੰ ਪਿੰਜਣੀ ਚਲਾਈ ਜਾਂਦੀ। ਕਈ ਵਾਰ ਉਥੇ ਕੰਮ ਵਿਚ ਹੱਥ ਵਟਾ ਦਿੰਦੇ।

ਜਦ ਰੌਲੇ ਰੱਪੇ ਪਏ ਤਾਂ ਆਲ਼ੇ ਦੁਆਲ਼ੇ ਮਾਰ ਮਰੱਈਆ ਸ਼ੁਰੂ ਹੋਇਆ। ਘਰ ਗੱਲਾਂ ਹੁੰਦੀਆਂ ਕਿ ਪਾਕਿਸਤਾਨ ਬਣੇਗਾ। ਹੁਣ ਮੁਸਲਮਾਨਾਂ ਨੂੰ ਉਠਣਾ ਪੈਣਾ। ਪਿੰਡਾਂ ਵਿੱਚ ਪਹਿਰੇ ਲੱਗਦੇ। ਸੂਰਜ ਛਿਪੇ ਕੋਈ ਬਾਹਰ ਨਿਕਲਣ ਦਾ ਹਿਆਂ ਨਾ ਕਰਦਾ। ਬਿਲਗਾ ਤਕੜਾ ਜੱਟ ਸਿੱਖਾਂ ਦਾ ਪਿੰਡ ਸੀ। ਉਥੋਂ ਦੇ ਚੋਬਰਾਂ ਦਾ ਸਾਰਾ ਇਲਾਕਾ ਭੈਅ ਖਾਂਦਾ। ਬਹੁਤੇ ਬੋਲਿ ਸੋ ਨਿਹਾਲ ਪਰ ਕਈ ਦਫ਼ਾ ਦੂਰ ਦੁਰਾਡਿਓਂ ਅੱਲ੍ਹਾ ਹੂ ਅਕਬਰ ਦੇ ਨਾਅਰੇ ਸੁਣਨ ਨੂੰ ਮਿਲਦੇ। ਵੈਸੇ ਬਹੁਤੇ ਪਿੰਡਾਂ ਵਿੱਚ ਤਾਂ ਸਿੱਖ ਕਿਆਂ ਮੁਸਲਮਾਨਾਂ ਦੀ ਰੱਖਿਆ ਹੀ ਕੀਤੀ। ਲੁੱਟ-ਖੋਹ ਜਾਂ ਬਹੂ ਬੇਟੀਆਂ ਦੇ ਉਧਾਲੇ਼ ਕਰਨ ਦੀ ਬਿਰਤੀ ਵਾਲਿਆਂ ਹੀ ਮੁਸਲਮਾਨਾਂ ਦਾ ਕਤਲੇਆਮ ਕੀਤਾ।'ਜਿਹੀਆਂ ਕਤਲੇਆਮ ਅਤੇ ਜਬਰੀ ਉਧਾਲਿਆਂ ਦੀਆਂ ਡਰਾਉਣੀਆਂ ਖ਼ਬਰਾਂ ਅੱਬਾ ਅਕਸਰ ਘਰ ਸਾਂਝੀਆਂ ਕਰਦੇ। ਅਸੀਂ ਕੋਲ਼ ਬਹਿੰਦੇ ਤਾਂ ਸਾਨੂੰ ਦਬਕ ਕੇ ਪਰਾਂ ਕਰਦੇ।

ਸਾਡੇ ਪਿੰਡ ਮੁਸਲਮਾਨਾਂ ਦਾ ਕੇਵਲ ਸਾਡਾ ਹੀ ਘਰ ਸੀ। ਤਦੋਂ ਪਿੰਡ ਦੇ ਚੌਧਰੀ ਜਥੇਦਾਰ ਚੰਦਾ ਸਿੰਘ ਅਤੇ ਪਹਿਲਵਾਨ ਮੋਹਣ ਸਿੰਘ ਵਗੈਰਾ ਨੇ ਸਾਡੀ ਹਰ ਤਰ੍ਹਾਂ ਰੋਟੀ ਟੁੱਕ ਅਤੇ ਨਿੱਕ ਸੁੱਕ ਮੁਹੱਇਆ ਕਰਵਾਉਂਦਿਆਂ ਰੱਖਿਆ ਕੀਤੀ। ਜਦੋਂ ਤੱਕ ਰੌਲੇ ਠੰਢੇ ਨਾ ਪਏ, ਅਸੀਂ ਉਨ੍ਹਾਂ ਦੇ ਘਰਾਂ, ਖੂਹਾਂ ਜਾਂ ਖੇਤਾਂ ਵਿੱਚ ਲੁਕੇ ਰਹੇ। ਮੋਹਣ ਸਿੰਘ ਨੇ ਆਪਣੇ ਤੂੜੀ ਵਾਲੇ ਕੁੱਪ ਵਿਚ ਸਾਨੂੰ 8 ਦਿਨ ਛੁਪਾਈ ਰੱਖਿਆ।

ਮੇਰਾ ਨਿਕਾਹ 1953 ਦੇ ਕਰੀਬ ਜੰਡਿਆਲਾ ਮੰਜਕੀ (ਜਲੰਧਰ) ਦੇ ਗੁਲਜ਼ਾਰ ਮੁਹੰਮਦ ਵਲਦ ਗ਼ੁਲਾਮ ਮੁਹੰਮਦ ਨਾਲ ਹੋਇਆ। ਜੋ ਭੱਟੀ ਗੋਤੀਏ ਤੇਲੀ ਹੀ ਨੇ। ਮੇਰਾ ਸ਼ੌਹਰ ਆਪਣੇ ਛੋਟੇ ਭਰਾਵਾਂ ਸਰਦਾਰ ਮੁਹੰਮਦ ਅਤੇ ਸਦੀਕ ਨਾਲ ਮਿਲ ਕੇ ਤਦੋਂ ਪਿੰਡ ਵਿੱਚ ਤੇਲ ਵਾਲਾ ਕੋਹਲੂ, ਖਰਾਸ, ਰੂੰ ਪਿੰਜਣੀ ਬਗੈਰਾ ਬਲਦਾਂ ਨਾਲ ਹੀ ਚਲਾਉਂਦੇ। ਰੌਲਿਆਂ ਵੇਲੇ ਜੰਡਿਆਲਾ ਵਿਚ ਵੀ ਮੁਸਲਮਾਨ ਕਾਮਿਆਂ ਦੇ ਕੁੱਝ ਘਰ ਹੁੰਦੇ। ਪਰ ਮੇਰਾ ਸਹੁਰਾ ਪਰਿਵਾਰ ਇੱਥੇ ਹੀ ਰਿਹਾ। ਮੇਰੇ ਸਹੁਰਾ ਪਰਿਵਾਰ ਨੂੰ ਮਾਰਨ ਲਈ, ਇਨਸਾਨ ਤੋਂ ਬਣੇ ਹੈਵਾਨਾਂ ਨੇ ਬੜੀ ਜੱਦੋ ਜਹਿਦ ਕੀਤੀ। ਪਰ ਸ਼ਾਬਾਸ਼ ਕਾਸ਼ੀਕਿਆਂ ਦੇ ਸ.ਤਰਲੋਚਨ ਸਿੰਘ ਜੌਹਲ ਦੇ ਜਿਨ੍ਹਾਂ ਆਪਣੀ ਜਾਨ ਤੇ ਖੇਡ ਕੇ ਮੇਰੇ ਸਹੁਰੇ ਪਰਿਵਾਰ ਨੂੰ ਬਚਾਇਆ। ਆਪਣੇ ਖੂਹ ਉਤੇ ਮਹੀਨਾ ਭਰ ਲੁਕਾਈ ਰੱਖਿਆ, ਲੰਗਰ ਪਾਣੀ ਵੀ ਢੋਇਆ।

ਜ਼ਿੰਦਗੀ ਆਪਣੀ ਤੋਰੇ ਤੁਰਦੀ ਗਈ। ਜੰਡਿਆਲਾ ਮੰਜਕੀ ਦੇ ਜੌਹਲਾਂ ਨੇ,ਓਧਰ ਸਾਂਦਲ ਬਾਰ ਦੇ ਜ਼ਿਲ੍ਹਾ ਲੈਲਪੁਰ ਦੀ ਤਸੀਲ ਜੜ੍ਹਾਂਵਾਲਾ 'ਚ 99 ਚੱਕ ਵੀ ਆਬਾਦ ਕਰ ਰੱਖਿਆ ਸੀ ਜੋ ਕਿ ਅੱਜਕਲ੍ਹ 99 ਚੱਕ ਪੱਕਾ ਜੰਡਿਆਲਾ ਵੱਜਦਾ ਐ। ਸਾਰੇ ਜੌਹਲ ਵੀ ਓਧਰੋਂ ਉੱਠ ਕੇ ਇਧਰ ਆਪਣੇ ਜੱਦੀ ਪਿੰਡ ਜੰਡਿਆਲਾ ਆ ਗਏ। ਪਿੰਡ ਦੇ ਪਿੰਡੇ ਤੇ ਮੁੜ ਰੌਣਕ ਪਰਤ ਆਈ। ਕਈ ਜੌਹਲਾਂ ਨੂੰ ਜ਼ਮੀਨਾਂ ਦੀਆਂ ਪੱਕੀਆਂ ਪਰਚੀਆਂ ਦੂਰ ਦੁਰਾਡੇ ਮੁਸਲਮਾਨਾਂ ਵਲੋਂ ਖ਼ਾਲੀ ਕੀਤੇ ਪਿੰਡਾਂ ਵਿੱਚ ਪੈ ਗਈਆਂ। ਉਹ ਉਧਰ ਹਿਜਰਤ ਕਰ ਰਹੇ। 

ਹੌਲੀ-ਹੌਲੀ ਸੱਭ ਕੁੱਝ ਆਮ ਵਾਂਗ ਹੋ ਗਿਆ। ਇਹੀ ਸਾਡੀ ਅਤੇ ਸਾਡੇ ਬਜ਼ੁਰਗਾਂ ਦੀ ਜੰਮਣ ਭੋਇੰ ਹੈ। ਇਥੇ ਹੀ ਅਸਾਂ ਮਾਰਨੈਂ। ਪਾਕਿਸਤਾਨ ਵੀ ਜੀਵੇ ਉਥੇ ਵੀ ਸਾਡੀਆਂ ਰਿਸ਼ਤੇ ਦਾਰੀਆਂ ਹਨ। ਪਰ ਸਾਨੂੰ ਤੇ ਚੜ੍ਹਦਾ ਪੰਜਾਬ ਈ ਰਾਸ ਏ। ਇਥੇ ਸਾਨੂੰ ਗ਼ੈਰ ਮੁਸਲਮਾਨਾਂ ਵਲੋਂ ਕੋਈ ਪ੍ਰੇਸ਼ਾਨੀ ਨਹੀਂ। ਇੱਜ਼ਤ ਦਿੰਦੇ ਹਾਂ ਤਾਂ ਇੱਜ਼ਤ ਮਿੱਲਦੀ ਐ। 76 ਸਾਲ ਰੌਲਿਆਂ ਨੂੰ ਗੁਜ਼ਰ ਗਏ ਪਰ ਰੌਲਿਆਂ ਉਪਰੰਤ ਇਥੇ ਅੱਜ ਤੱਕ ਸਿੱਖ-ਮੁਸਲਿਮ ਦਾ ਫਸਾਦ ਕਦੇ ਡਿੱਠਾ ਨਾ ਸੁਣਿਆਂ। ਸਿਰ ਦਾ ਸਾਈਂ ਤਾਂ 2008 ਵਿੱਚ ਪੂਰਾ ਹੋ ਗਿਆ। ਮੇਰੀਆਂ ਤਿੰਨੇ ਬੇਟੀਆਂ ਵਿਆਹੀਆਂ ਗਈਆਂ। ਬੇਟੇ ਮੁਹੰਮਦ ਬੂਟਾ ਅਤੇ ਸਲੀਮ ਮੁਹੰਮਦ ਵੀ ਆਪਣੇ ਆਪਣੇ ਟੱਬਰਾਂ ਵਿਚ ਚੰਗੀ ਨਿਭਾਈ ਜਾਂਦੇ ਨੇ। ਹੁਣ ਮੈਂ ਆਪਣੇ ਧੀਆਂ ਪੁੱਤਰਾਂ ਦੋਹਤਿਆਂ ਪੋਤਰਿਆਂ ਦੀ ਵਡ ਅਕਾਰੀ ਬਾਲ ਫੁਲਵਾੜੀ ਵਿੱਚ ਪੁਰ ਖ਼ਲੂਸ ਹਾਂ।

-ਆਜ ਤੋਂ ਐਸ਼ ਸੇ ਗੁਜਰਤੀ ਹੈ ਅਪਨੀ,
ਔਰ ਕੱਲ੍ਹ ਕੀ ਮੇਰੀ ਬਲਾ ਜਾਨੇ।"

ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
 92569-73526

rajwinder kaur

This news is Content Editor rajwinder kaur