1947 ਹਿਜਰਤਨਾਮਾ - 76 : ਬਲਕਾਰ ਸਿੰਘ ਧੰਜੂ

11/03/2023 12:50:25 PM

ਆਜ਼ਾਦੀ ਦੇ ਓਹਲੇ

'ਨਾਲ਼ ਬਰਛਿਆਂ ਦੇ ਸੀਨੇ ਸੱਲ੍ਹ ਲੱਗੇ'-

"ਮੈਂ ਬਲਕਾਰ ਸਿੰਘ ਧੰਜੂ ਪੁੱਤਰ ਕੇਸਰ ਸਿੰਘ/ਮਾਈ ਨਰੈਣ ਕੌਰ, ਪੁੱਤਰ ਜੀਵਨ ਸਿੰਘ ਹਾਲ ਆਬਾਦ ਗੰਨਾਂ ਪਿੰਡ- ਫ਼ਿਲੌਰ ਤੋਂ ਮੁਖ਼ਾਤਿਬ ਹਾਂ। ਜੱਦੀ ਪਿੰਡ ਸਾਡਾ, ਜੋਧਾ ਨਗਰੀ ਨਜ਼ਦੀਕ ਟਾਂਗਰਾ ਜ਼ਿਲ੍ਹਾ ਅੰਮ੍ਰਿਤਸਰ ਐ। ਅਤਰ ਕੌਰ ਨਾਮੇ, ਸਾਡੇ ਪਿਤਾ ਜੀ ਦੀ ਭੂਆ ਜੋ ਵਿਸਾਖਾ ਸਿੰਘ ਨੂੰ ਵਿਆਹੀ ਹੋਈ ਸੀ। 90 ਚੱਕ ਲੈਲਪੁਰ ਵਿਚ ਉਹ ਅੱਧੇ ਮੁਰੱਬੇ ਦੀ ਵਾਹੀ ਕਰਦੇ। ਸਨ ਉਹ ਲਾਵਲਦ। ਜਦ ਉਹ ਅਧੇੜ ਉਮਰ 'ਚ ਪਹੁੰਚੇ ਤਾਂ ਉਨ੍ਹਾਂ ਵਿਚਾਰ ਕੀਤੀ ਕਿ ਆਪਣੇ ਕਿਸੇ ਭਤੀਜੇ ਨੂੰ ਸੱਦ ਭੇਜੀਏ। ਜੋ ਕੰਮ ਵਿਚ ਹੱਥ ਵਟਾਵੇ, ਮਲਕੀਅਤ ਦਾ ਵਾਰਸ ਬਣੇ। ਕਰਦਿਆਂ, ਸੋਚਦਿਆਂ ਕੁੱਝ ਹੋਰ ਸਾਲ ਇਵੇਂ ਹੀ ਲੰਘ ਗਏ। ਸ. ਵਿਸਾਖਾ ਸਿੰਘ ਜੀ ਪੂਰੇ ਹੋ ਗਏ। ਮਾਈ ਅਤਰ ਕੌਰ ਹੁਰਾਂ ਆਪਣੇ ਭਤੀਜੇ ਭਾਵ ਮੇਰੇ ਪਿਤਾ ਜੀ, ਸ. ਕੇਸਰ ਸਿਹੁੰ ਨੂੰ ਆਪਣੇ ਪਾਸ ਬੁਲਾ ਲਿਆ। ਅੱਗੋਂ ਪਿਤਾ ਜੀ ਨੇ ਆਪਣੇ ਭਰਾਵਾਂ ਗੰਡਾ ਸਿੰਘ, ਹਾਕਮ ਸਿੰਘ ਅਤੇ ਉੱਤਮ ਸਿੰਘ ਨੂੰ ਵੀ ਓਧਰ ਹੀ ਸੱਦਿਆ। ਉਹੀ ਅੱਧੇ ਮੁਰੱਬਾ ਦੀ ਵਾਹੀ ਕਰਨ ਲੱਗੇ। ਪਿਤਾ ਜੀ ਨੇ ਆਪਣੇ ਬਹਿਨੋਈ ਰਾਹੀਂ ਇਕ ਬੰਦੇ ਨਾਲ ਸੌਦਾ ਕੀਤਾ। ਉਨ੍ਹਾਂ ਆਪਣੇ ਅੱਧਾ ਮੁਰੱਬਾ ਅਤੇ 20,000 ਰੁਪਏ ਦੇ ਬਦਲੇ, ਚੱਕ 3/53 ਤਸੀਲ ਨਨਕਾਣਾ ਸਾਹਿਬ, ਜ਼ਿਲ੍ਹਾ ਸ਼ੇਖੂਪੁਰਾ ਵਿੱਚ ਪੰਜ ਮੁਰੱਬਿਆਂ ਦਾ ਜੰਗਲ ਲੈ ਲਿਆ। ਉਹ ਆਪਣੀ ਭੂਆ ਅਤੇ ਸਾਰੇ ਭਰਾਵਾਂ ਨਾਲ ਉਥੇ ਜਾ ਵਸੇ। ਕਈ ਸਾਲ ਹੱਡ ਭੰਨਵੀ ਮਿਹਨਤ ਉਪਰੰਤ ਉਨ੍ਹਾਂ ਜੰਗਲ ਨੂੰ ਵਾਹੀਯੋਗ ਜ਼ਮੀਨ ਵਿੱਚ ਤਬਦੀਲ ਕਰ ਦਿੱਤਾ। ਫ਼ਸਲਾਂ ਚ ਬਹੁਤਾ ਨਰਮਾ, ਝੋਨਾ, ਮੱਕੀ , ਕਣਕ, ਕਮਾਦ ਵਗੈਰਾ ਹੀ ਬੀਜਦੇ। ਜ਼ਿਲ੍ਹਾ ਤਾਂ ਸਾਡਾ ਸ਼ੇਖੂਪੁਰਾ ਸੀ ਪਰ, ਸ਼ੇਖੂਪੁਰਾ ਨਾਲੋਂ ਸਾਨੂੰ ਲੈਲਪੁਰ ਦੀ ਤਸੀਲ ਜੜ੍ਹਾਂਵਾਲਾ ਨਜ਼ਦੀਕ ਪੈਂਦੀ। ਬਜ਼ੁਰਗ ਜਿਣਸ ਜੜ੍ਹਾਂਵਾਲਾ ਮੰਡੀ ਵਿੱਚ ਹੀ ਵੇਚਦੇ। ਲੋਅਰ ਬਾਰੀ ਦੋਆਬ ਨਹਿਰ ਜੋ ਰਾਵੀ ਚੋਂ ਨਿੱਕਲਦੀ, ਖੇਤਾਂ ਨੂੰ ਸੈਰਾਬ ਕਰਦੀ। ਗੁਆਂਢੀ ਪਿੰਡਾਂ ਵਿੱਚ, ਚੱਕ ਇੱਕ, ਦੋ, ਚੂਚਕਾਂ ਅਤੇ ਕਿਲ੍ਹਾ ਦੇਸਾ ਸਿੰਘ ਵੱਜਦੇ।


ਪਿੰਡ ਦੇ ਚੌਧਰੀਆਂ ਵਿੱਚ ਮੇਰਾ ਚਾਚਾ ਗੰਡਾ ਸਿੰਘ ਲੰਬੜਦਾਰ ਅਤੇ ਸੂਬੇਦਾਰ ਬੰਤਾ ਸਿੰਘ ਪੈਨਸ਼ਨੀਆਂ ਹੁੰਦੇ। ਪਿੰਡ ਦੀ ਆਬਾਦੀ ਵਿਚ 14-15 ਘਰ ਜੱਟ ਸਿੱਖਾਂ ਦੇ, ਇੰਨ੍ਹੇ ਕੁ ਹੀ ਕੰਬੋਜ ਸਿੱਖਾਂ ਦੇ ਅਤੇ ਬਾਕੀ4-4, 5-5 ਘਰ ਕਾਮਿਆਂ ਦੇ ਧੰਦਿਆਂ ਅਧਾਰਿਤ ਸਨ। ਜਿੰਨ੍ਹਾਂ ਵਿੱਚ ਬਾਲਮੀਕ, ਝੀਰ, ਲੁਹਾਰ, ਤਖਾਣ ਹੁੰਦੇ। ਸੰਗੂ ਹਿੰਦੂ ਤਖਾਣਾ, ਜਦ ਕਿ ਦੀਨ ,ਸ਼ਰੀਫ਼ ਅਤੇ ਸ਼ਹੀਦਾ ਆਟਾ ਚੱਕੀ ਨਾਲ ਲੁਹਾਰਾ ਕੰਮ ਵੀ ਕਰਦੇ। ਨਾਮੋ ਝੀਰੀ ਭੱਠੀ ਤੇ ਦਾਣੇ ਭੁੰਨਦੀ। ਉਹਦੇ ਘਰੋਂ ਹਰਨਾਮਾ ਖ਼ੂਹ ਤੋਂ ਘਰਾਂ ਵਿੱਚ, ਘੜਿਆਂ ਨਾਲ ਪਾਣੀ ਢੋਂਹਦਾ। ਖੇਤ ਚੋਂ ਬਾਲਣ ਚੁੱਕਦਿਆਂ, ਸੱਪ ਲੜਣ ਨਾਲ ਹਰਨਾਮੇ ਦੀ ਮੌਤ, ਰੌਲਿਆਂ ਤੋਂ ਪਹਿਲਾਂ ਹੀ ਹੋ ਗਈ। ਆਦਿ ਧਰਮੀਆਂ ਚੋਂ ਚਨੂੰ ਅਤੇ ਸੁਲੱਖਣ ਸਾਡੇ ਪੱਕੇ ਖੇਤ ਕਾਮੇ ਸਨ। ਹੋਰਾਂ ਨਾਲ ਮੁਸਲਿਮ ਬੀਬੀਆਂ ਵੀ ਖੇਤਾਂ ਚੋਂ ਨਰਮਾ ਚੁਗਣ, ਮਿਰਚਾਂ ਤੋੜਣ ਜਾਂਦੀਆਂ। ਤਿੰਨ ਹੱਟੀਆਂ, 'ਰੋੜਾ ਬਰਾਦਰੀ ਚੋਂ ਮਹਿੰਗਾ ਸਿੰਘ, ਹੀਰਾ ਸਿੰਘ ਅਤੇ ਇਕ ਹੱਟੀ ਆਦਿ ਧਰਮੀਆਂ ਚੋਂ ਮੱਧਰੇ ਕੱਦ ਦੇ ਪਿਓ-ਪੁੱਤ ਕਰਦੇ। ਇੱਕ ਮੱਜ੍ਹਬੀ ਸਿੱਖ ਬਲਦਾਂ ਦੇ ਖੁਰੀਆਂ ਲਾਉਂਦਾ। ਪਿੰਡ ਵਿੱਚ ਇਕ ਗੁਰਦੁਆਰਾ ਸਾਹਿਬ ਜਿਥੇ ਭਾਈ ਮਹਿਤਾਬ ਸਿੰਘ ਜੀ ਬੱਚਿਆਂ ਨੂੰ ਗੁਰਮੁਖੀ, ਗਤਕਾ ਸਿਖਾਉਂਦੇ। ਇਕ ਪ੍ਰਾਇਮਰੀ ਸਕੂਲ ਜਿੱਥੇ ਉਸਤਾਦ ਗੰਗਾ ਧਰ ਤਾਲੀਮ ਦਿੰਦੇ। ਮਿਡਲ ਸਕੂਲ ਬੁੱਚੋਕੇ ਪਿੰਡ ਵਿੱਚ ਸੀ ਜਿੱਥੇ ਉਸਤਾਦ ਜੈ ਦਯਾਲ ਅਤੇ ਇਕ ਸਰਦਾਰ ਜੀ ਤੁਰਲੇ ਵਾਲੀ ਪੱਗ ਬੰਨ੍ਹਿਆਂ ਕਰਦੇ। ਇੱਕ ਮਸੀਤ ਜੋ ਪਿੰਡੋਂ ਜ਼ਰਾ ਹੱਟਵੀਂ ਸੀ, 'ਚ ਮੌਲਵੀ ਸਾਬ੍ਹ ਮੁਸਲਿਮ ਬੱਚਿਆਂ ਨੂੰ ਅਲਫ਼ ਅੱਲ੍ਹਾ ਸਿਖਾਉਂਦੇ। ਦੋ ਖੂਹ ਸਨ ਜਿਨ੍ਹਾਂ ਨੂੰ ਨਹਾਉਣ, ਧੋਣ ਅਤੇ ਪੀਣ ਲਈ ਪਾਣੀ ਵਰਤਦੇ। ਰੌਲ਼ੇ ਰੱਪੇ ਪਹਿਲਾਂ ਪੋਠੋਹਾਰ ਇਲਾਕੇ 'ਚ ਪਏ। ਮੁਸਲਿਮ ਧਾੜਵੀਆਂ ਆਲ਼ੇ-ਦੁਆਲ਼ੇ ਮਾਰ-ਮਰੱਈਆ ਅਤੇ ਲੁੱਟ-ਮਾਰ ਸ਼ੁਰੂ ਕਰਤੀ। ਸਿੱਖਾਂ ਦੇ ਪਿੰਡ ਘੇਰ ਕੇ, ਫੂਕ ਦਿੱਤੇ। ਸਿੱਖ ਹਿੰਦੂਆਂ ਨੂੰ ਕੋਹ-ਕੋਹ ਕੇ ਸ਼ਹੀਦ ਕੀਤਾ ਗਿਆ। ਸੱਭ ਤੋਂ ਵੱਧ ਜ਼ੁਲਮੋਂ ਸਿਤਮ ਬੀਬੀਆਂ ਤੇ ਹੋਇਆ। ਬੜੀ ਦਰਿੰਦਗੀ ਨਾਲ ਉਨ੍ਹਾਂ ਦੀ ਬੇਪਤੀ ਕੀਤੀ ਜਾਂ ਉਨ੍ਹਾਂ ਤਾਈਂ ਜ਼ਬਰੀ ਉਠਾ ਲਿਆ ਗਿਆ। ਬਦਲੇ ਵਿੱਚ ਚੜ੍ਹਦੇ ਪੰਜਾਬ ਵੀ ਹਿੰਦੂ ਸਿੱਖਾਂ ਵਲੋਂ ਵੀ ਉਹੋ ਕੁੱਝ ਦੁਹਰਾਇਆ ਗਿਆ। ਫ਼ਿਰਕੂ ਅੱਗ ਦਾ ਸੇਕ ਸਾਡੇ ਪਿੰਡਾਂ ਵੱਲ ਵੀ ਪਹੁੰਚਾ। ਸਿੱਖ ਘੱਟ ਗਿਣਤੀ ਵਾਲੇ ਪਿੰਡਾਂ ਉਪਰ ਹਮਲੇ ਸ਼ੁਰੂ ਹੋਏ। ਸਾਡੇ  ਗੁਆਂਢੀ ਪਿੰਡ ਦੇ ਹੱਟੀਆਂ ਵਾਲੇ 'ਰੋੜੇ ਲੁੱਟ ਲਏ।ਉਹ ਆਪਣਾ ਬੋਰੀ ਬਿਸਤਰਾ ਚੁੱਕ ਕੇ ਸਾਡੇ ਪਿੰਡ ਆਣ ਖੜ੍ਹੇ।

ਧਾੜਵੀ ਸਾਡੇ ਪਿੰਡ ਦੁਆਲ਼ੇ ਵੀ ਗੇੜੇ ਮਾਰਨ। ਸੂਬੇਦਾਰ ਬੰਤਾ ਸਿੰਘ ਨੇ ਖ਼ਤਰਾ ਭਾਂਪਦਿਆਂ ਪਹਿਲਾਂ ਹੀ ਚਾਰ ਹਲਕੀਆਂ ਤੋਪਾਂ ਅਤੇ ਕੁੱਝ ਅਸਲੇ ਦਾ ਪ੍ਰਬੰਧ ਕਰ ਰੱਖਿਆ ਸੀ। ਕੁੱਝ ਨੌਜਵਾਨਾਂ ਨੂੰ ਹਥਿਆਰ ਚਲਾਉਣ ਦੀ ਟਰੇਨਿੰਗ ਵੀ ਉਸ ਦਿੱਤੀ। ਇੱਕ ਦਿਨ ਕੁੱਝ ਧਾੜਵੀ ਲੁੱਟ ਖੋਹ ਦੀ ਨੀਅਤ ਨਾਲ ਆਏ। ਸੂਬੇਦਾਰ ਨੇ ਉਨ੍ਹਾਂ ਤਾਈਂ ਡਰਾਉਣ ਲਈ ਤੋਪ ਚਲਾਉਣੀ ਚਾਹੀ ਪਰ ਭਾਰੀ ਬਰਸਾਤ ਹੋਣ ਤੇ ਬਾਰੂਦ ਗਿੱਲਾ ਹੋਣ ਨਾਲ ਤੋਪ ਨਾ ਚੱਲੀ। ਫਿਰ ਇੱਕ ਦਿਨ ਇਵੇਂ ਆਏ, ਤੋਪ ਚੋਂ ਤਿੰਨ ਗੋਲ਼ੇ ਦਾਗੇ। ਧਾੜਵੀਆਂ ਵਿੱਚ ਦਹਿਸ਼ਤ ਪੈ ਗਈ। ਮੁੜ ਉਨ੍ਹਾਂ ਸਾਡੇ ਵੱਲ ਮੂੰਹ ਨਾ ਕੀਤਾ। ਮੇਰਾ ਵੱਡਾ ਭਰਾ ਕਿਸ਼ਨ ਸਿੰਘ ਬੜਾ ਕੈਂਹਦ ਬੰਦਾ ਸੀ। ਲੜਨ ਭਿੜਨ ਅਤੇ ਕਬੱਡੀ ਖੇਡਣ 'ਚ ਉਸਦਾ ਕੋਈ ਸਾਨ੍ਹੀ ਨਹੀਂ ਸੀ। ਸਾਡੇ ਚੱਕ ਦੀ ਕਬੱਡੀ ਵਿੱਚ ਪੂਰੀ ਧੱਕ ਸੀ। ਨਨਕਾਣਾ ਸਾਹਿਬ ਵੀ ਉਹ ਹਰ ਸਾਲ ਜਥਾ ਲੈ ਕੇ ਜਾਂਦਾ। ਜਦ ਰੌਲ਼ੇ ਪਏ ਤਾਂ ਗੁਆਂਢੀ ਪਿੰਡ ਦਾ ਬਦਮਾਸ਼ ਬਿਰਤੀ ਵਾਲਾ ਪਠਾਣ ਚੌਧਰੀ ਅਲ ਜਾਫ਼ਰ ਖਾਂ ਜ਼ਨਾਨੀਆਂ 'ਤੇ ਭੈੜੀ ਨਜ਼ਰ ਰੱਖਦਾ। ਆਲ਼ੇ-ਦੁਆਲਿਓਂ ਕਈ ਜ਼ਨਾਨੀਆਂ, ਉਹਦੇ ਬਦਮਾਸ਼ ਉਠਾ ਕੇ ਉਸ ਦੀ ਹਵੇਲੀ ਲੈ ਆਏ। ਇਕ ਬਜ਼ੁਰਗ ਨੇ ਨਨਕਾਣਾ ਸਾਹਿਬ ਗੁਰਦੁਆਰਾ ਜਾ ਕੇ ਜਥੇਦਾਰ ਕਿਸ਼ਨ ਸਿੰਘ ਪਾਸ ਫਰਿਆਦ ਕੀਤੀ। ਅਗਲੇ ਦਿਨ ਕਿਸ਼ਨ ਸਿੰਘ ਨੇ ਸਾਰੀ ਬਣਤ ਬਣਾਈ। ਇਕ ਬੰਦਾ ਭੇਜਿਆ ਜੋ ਮੌਕਾ ਦੇਖ ਆਇਆ। ਰਾਤ ਵੇਲੇ 6-7 ਚੋਣਵੇਂ ਜਵਾਨ ਨਾਲ ਲੈ ਜਾ ਕੇ ਉਸ ਦੀ ਹਵੇਲੀ ਉਪਰ ਹਮਲਾ ਬੋਲ ਕੇ, ਚੁਬਾਰੇ ਵਿਚ ਕੈਦ ਕਰ ਰੱਖੀਆਂ ਸਾਰੀਆਂ ਜ਼ਨਾਨੀਆਂ ਨੂੰ ਨਨਕਾਣਾ ਸਾਹਿਬ ਲੈ ਆਇਆ।

ਕੁੱਝ ਦਿਨ ਪਿੱਛੋਂ ਧਾੜਵੀ 'ਕੱਠੇ ਹੋ ਕੇ ਉਸੀ ਪਠਾਣ ਚੌਧਰੀ ਅਲ ਜਾਫ਼ਰ ਖਾਂ ਪਾਸ ਗਏ। ਉਨ੍ਹਾਂ ਸ਼ਕਾਇਤ ਕੀਤੀ ਕਿ ਤ੍ਰੈ ਚੱਕ ਉਠਦਾ ਨਹੀਂ। ਚੌਧਰੀ ਨੇ ਛਿੱਥਾ ਹੋ ਕੇ ਕਿਹਾ ਕਿ ਇਹ ਤਾਂ ਉਸ ਦੇ ਵੱਸ ਦਾ ਕੰਮ ਨਹੀਂ, ਉਹ ਬਲੋਚ ਮਿਲਟਰੀ ਬਲਾਉਂਦਾ ਹੈ। ਬਲੋਚ ਮਿਲਟਰੀ ਬੜੀ ਤੁਅੱਸਬੀ ਸੀ। ਉਹ ਮੁਸਲਿਮ ਧਾੜਵੀਆਂ ਦੀ ਸਿੱਧੀ ਹਮਾਇਤ ਕਰਦੀ। ਪਿੰਡ ਵੀ ਇਹ ਕਨਸੋਅ ਪਹੁੰਚ ਗਈ। ਪਿੰਡ ਵਾਲਿਆਂ ਉਠਣ ਦਾ ਫੈਸਲਾ ਕਰ ਲਿਆ। ਇਕ ਦਿਨ ਸ਼ਾਮ ਨੂੰ ਘਰ-ਬਾਰ, ਮਾਲ ਡੰਗਰ ਪਿੰਡ ਦੇ ਮੁਸਲਿਮਾਂ ਲਈ ਛੱਡ ਕੇ, ਜ਼ਰੂਰੀ ਸਮਾਨ ਦੇ ਗੱਡੇ ਲੱਦ ਲਏ। ਭੰਬੇ ਦਾ ਕਿਲ੍ਹਾ ਸਰਦਾਰਾਂ ਦਾ ਗੜ੍ਹ ਸੀ। ਪਿੰਡ ਨੂੰ ਆਖ਼ਰੀ ਫ਼ਤਿਹ ਬੁਲਾ, ਉਧਰ ਨੂੰ ਕਾਫ਼ਲਾ ਤੁਰ ਪਿਆ। ਭੰਬੇ ਦੇ ਕਿਲ੍ਹੇ ਪਹੁੰਚੇ ਤਾਂ ਸਰਦਾਰਾਂ ਰੋਸ ਕੀਤਾ ਕਿ ਅਸੀਂ ਕਾਸ ਨੂੰ ਪਿੰਡ ਛੱਡਿਆ? ਅਖੇ ਫਿਰ ਵਾਪਸ ਜਾਓ। ਪਰ ਵਾਪਸੀ ਲਈ ਬਜ਼ੁਰਗ ਨਾ ਮੰਨੇ। ਇਥੇ ਹੀ ਸਾਨੂੰ ਪਤਾ ਲੱਗਾ ਕਿ ਸਾਰਾ ਤ੍ਰੈ ਚੱਕ ਧਾੜਵੀਆਂ ਨੇ ਲੁੱਟ ਲਿਆ। ਭੰਬੇਕਿਆਂ ਪਾਸ ਤਿੰਨ ਗੱਡੇ ਅਸਲੇ ਦੇ ਸੀ ਜਿਸ 'ਤੇ ਉਹ ਨਾਜ਼ ਕਰਦੇ। ਉਥੇ ਹੀ ਰਾਤ ਰੇਡੀਓ 'ਤੇ ਖ਼ਬਰ ਆਮ ਹੋਈ ਕਿ ਪਾਕਿਸਤਾਨ ਬਣ ਗਿਆ ਹੈ, ਸੱਭ ਹਿੰਦੂ ਸਿੱਖ ਉਠ ਕੇ ਇਧਰ ਆ ਜਾਣ। ਹਿੰਦੂ ਸਿੱਖਾਂ ਨੂੰ ਸਲਾਮਤੀ ਨਾਲ ਕੱਢਣ ਲਈ ਗਿਆਨੀ ਕਰਤਾਰ ਸਿੰਘ ਭੱਜਾ ਫਿਰਦਾ। ਪਜਾਮਾ ਵੀ ਓਸ ਬਹੁਤਾ ਮੋਢੇ 'ਤੇ ਹੀ ਟੰਗਿਆ ਹੁੰਦਾ। ਇਸ ਪਿੰਡ ਵੀ ਦੋ ਦਫ਼ਾ ਉਹ ਉਠਣ ਲਈ ਕਹਿ ਗਏ ਸਨ। ਤੀਜੇ ਦਿਨ ਭੰਬੇਕੇ ਵੀ ਸਾਡੇ ਨਾਲ ਹੋ ਤੁਰੇ। ਇੱਕ ਮੀਲ ਲੰਬਾ ਕਾਫ਼ਲਾ ਬੱਲੋ ਕੀ ਹੈੱਡ ਲਈ ਤੁਰਿਆ। ਰਸਤੇ ਚ ਕੁੱਝ ਧਾੜਵੀਆਂ ਸਾਡੇ ਕਾਫ਼ਲੇ ਦਾ ਪਿਛਲਾ ਗੱਡਾ ਲੁੱਟ ਲਿਆ। ਰਸਤੇ 'ਚ ਹੀ ਮੁਹੰਮਦ ਅਲੀ ਜਿਨਾਹ ਦਾ ਕਾਫ਼ਲਾ ਲੰਘਿਆ। ਉਸ ਤਾਈਂ ਸੁਰੱਖਿਆ ਲਈ ਬੇਨਤੀ ਕੀਤੀ। ਤਾਂ ਉਸ ਕਿਹਾ ਪੰਡਤ ਨਹਿਰੂ ਨੂੰ ਕਹੋ। ਦੂਜੇ ਦਿਨ ਹੀ ਡੋਗਰਾ ਮਿਲਟਰੀ ਦੇ 4-5 ਫੌਜੀ ਸਾਡੇ ਕਾਫ਼ਲੇ ਦੀ ਸੁਰੱਖਿਆ ਲਈ ਲੱਗੇ। ਬਰਸਾਤ ਬਹੁਤ ਹੋਈ ਪਰ ਸਾਡੇ ਕਾਫ਼ਲੇ ਦੇ ਪਿੰਡੋਂ ਤੁਰਨ ਤੋਂ ਬਾਅਦ ਮੀਂਹ ਨਹੀਂ ਪਿਆ। ਹੁਣ ਮਹੀਨਾ ਵੀ ਅੱਸੂ ਚੜ੍ਹ ਚੁੱਕਾ ਸੀ। ਬਰਸਾਤ ਦਾ ਜੋਰ ਲੱਗ ਚੁੱਕਾ ਸੀ। ਨੀਵੇਂ ਖੇਤ ਖਲਿਆਨ ਸੱਭ ਪਾਣੀ ਨਾਲ ਹਾਲੇ ਭਰੇ ਹੋਏ ਸਨ। ਪਸ਼ੂ ਅਤੇ ਮਨੁੱਖੀ ਲਾਸ਼ਾਂ ਥਾਂ ਪੁਰ ਥਾਂ ਬਦਬੋ ਮਾਰਦੀਆਂ। ਹੈਜਾ ਵੀ ਫੈਲਿਆ ਹੋਇਆ। ਕਾਫ਼ਲੇ 'ਚ ਕਈ ਬੁੱਢੇ-ਠੇਰੇ, ਬਿਮਾਰ-ਠਮਾਰ ਵਬਾ ਦੀ ਭੇਟ ਚੜ੍ਹ ਗਏ।

ਕੋਈ ਮਰਦਾ ਤਾਂ ਉਥੇ ਹੀ ਦਫ਼ਨ ਕਰ ਦਿੱਤਾ ਜਾਂਦਾ। ਬੱਲੋ ਕੀ ਹੈੱਡ ਟੱਪ ਕੇ ਇੱਕ ਬਰਸਾਤੀ ਨਾਲਾ ਆਇਆ। ਉਸ ਵਿਚ ਫੁੱਲੀਆਂ, ਤਰਦੀਆਂ ਮਨੁੱਖੀ ਲਾਸ਼ਾਂ ਵੇਖੀਆਂ। ਫਾਕੇ, ਹੁੰਮਸ, ਥਕਾਨ ਭੋਗਦਿਆਂ ਡਰ ਅਤੇ ਸਹਿਮ ਦੇ ਸਾਏ ਹੇਠ ਕਸੂਰ-ਖਾਲੜਾ-ਤਰਨਤਾਰਨ ਹੁੰਦੇ ਹੋਏ ਡੇਰਾ ਬਿਆਸ ਜਾ ਕਯਾਮ ਕੀਤਾ। ਉਥੇ ਰੱਜਵੀਂ ਰੋਟੀ ਖਾਧੀ, ਘੋੜੇ ਵੇਚ ਕੇ ਸੁੱਤੇ। ਹਫ਼ਤਾ ਕੁ ਪਿੱਛੋਂ ਭਲਾਈ ਪੁਰ ਡੋਗਰਾ ਜਾ ਬਹੇ ਮੁਸਲਮਾਨਾਂ ਦੀ ਛੱਡੀ ਜ਼ਮੀਨ ਅਤੇ ਘਰ ਸਾਂਭਿਆ। ਸਾਡੇ ਕੁਨਬੇ ਦੇ ਕੁੱਝ ਪਰਿਵਾਰ ਚੰਗਾਲੀ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਬੈਠੇ ਸਨ। ਉਨ੍ਹਾਂ ਸੁਨੇਹਾ ਭੇਜਿਆ ਕਿ ਉਨ੍ਹਾਂ ਪਾਸ ਆਜੋ। ਮੇਰਾ ਵੱਡਾ ਭਾਈ ਕਿਸ਼ਨ ਸਿੰਘ ਲੁੱਦੇਹਾਣਾ ਤੋਂ ਫਿਰੋਜਪੁਰ ਵਾਲ਼ੀ ਗੱਡੀ ਫੜ, ਕਾਸੂ-ਬੇਗੂ ਟੇਸ਼ਣ ਤੇ ਉੱਤਰਿਆ। ਤੁਰ ਕੇ ਚੰਗਾਲੀ ਪਿੰਡ ਗਿਆ। ਆਪਣੇ ਬੰਦਿਆਂ ਨੂੰ ਮਿਲਿਆ। ਮੁਸਲਿਮਾਂ ਵਲੋਂ ਖਾਲੀ ਕੀਤੀ ਜ਼ਮੀਨ ਅਤੇ ਘਰ ਸਾਂਭਿਆ। ਪਿੱਛੋਂ ਸਾਡਾ ਸਾਰਾ ਪਰਿਵਾਰ ਵੀ ਸੱਦ ਭੇਜਿਆ। ਅਸੀਂ ਉਥੇ ਜਾ ਰਹੇ। ਦੋ ਕੁ ਸਾਲਾਂ ਪਿੱਛੋਂ ਅਲਾਟਮੈਂਟ ਦੀ ਪੱਕੀ ਪਰਚੀ ਗੰਨਾ ਪਿੰਡ- ਫ਼ਿਲੌਰ ਦੀ ਪੈ ਗਈ। ਸੋ ਇਥੇ ਆ ਆਬਾਦ ਹੋਏ। ਤ੍ਰੈ ਚੱਕ ਵਿੱਚ ਬਾਪ ਹੋਰਾਂ ਦੇ ਪੰਜ ਭਰਾਵਾਂ ਦੀ ਪੰਜ ਮੁਰੱਬੇ ਜ਼ਮੀਨ ਸੀ। ਇਧਰ ਆ ਕੇ ਜ਼ਮੀਨ ਕਾਟ-ਕੱਟ ਕੇ ਅੱਧੋ ਡੂਢ ਹੀ ਮਿਲੀ। ਇਥੇ ਹੀ ਮੇਰੀ ਸ਼ਾਦੀ ਸਰਦਾਰਨੀ ਬਲਵੰਤ ਕੌਰ ਨਾਲ ਹੋਈ। ਚਾਰ ਪੁੱਤਰ ਅਤੇ ਦੋ ਧੀਆਂ ਦਾ ਜਨਮ ਹੋਇਆ। ਹੁਣ ਮੈਂ ਆਪਣੀ ਜ਼ਿੰਦਗੀ ਦਾ ਚੌਥਾ ਪੰਧ ਆਪਣੇ ਪੁੱਤਰ ਸਤਿੰਦਰ ਸਿੰਘ, ਨੂੰਹ ਰਾਣੀ ਪਰਮਜੀਤ ਕੌਰ, ਪੋਤਰਾ ਯਾਦ ਕਰਨ ਸਿੰਘ, ਪੋਤ ਨੂੰਹ ਬੀਬਾ ਰਾਜਵਿੰਦਰ ਕੌਰ ਦੀ ਬਾਲ ਫੁਲਵਾੜੀ ਵਿੱਚ ਹੰਢਾਅ ਰਿਹੈਂ। ਘਰ 'ਚ ਇਤਫ਼ਾਕ ਹੈ। ਨੂੰਹ ਰਾਣੀਆਂ ਸੇਵਾ ਭਾਵ ਵਾਲ਼ੀ ਆਂ ਨੇ। ਇਹੋ ਮੇਰੀ ਲੰਬੀ ਉਮਰ ਦਾ ਰਾਜ਼ ਹੈ। ਬਾਕੀ ਬੱਲਿਆ, ਉਹ ਸਮਾਂ ਬੜਾ ਭਿਆਨਕ ਸੀ, ਜਦ ਮਾਵਾਂ ਨੇ ਪੁੱਤਰਾਂ ਨੂੰ ਨਾ ਪਛਾਣਿਆ। ਅੱਜ ਵੀ ਉਹ ਵੇਲ਼ਾ ਯਾਦ ਕਰਦਿਆਂ ਝੁਣਝਣੀ ਛਿੜ ਜਾਂਦੀ ਹੈ।"

ਮੁਲਾਕਾਤੀ : ਸਤਵੀਰ ਸਿੰਘ ਚਾਨੀਆਂ
92569-73526

Anuradha

This news is Content Editor Anuradha