ਭੀਖੀ ਵਿਖੇ ਹੋਏ ਰੁਜ਼ਗਾਰ ਮੇਲੇ ''ਚ ਭਾਰੀ ਗਿਣਤੀ ''ਚ ਪੁੱਜੇ ਨੌਜਵਾਨ

09/26/2019 8:56:38 PM

ਮਾਨਸਾ, (ਮਿੱਤਲ)- ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਰੁਜ਼ਗਾਰ ਮੇਲਾ ਸ਼ਿਵ ਸ਼ਕਤੀ ਗਰੁੱਪ ਆਫ਼ ਕਾਲਜਿਜ਼ ਭੀਖੀ ਵਿਖੇ ਲਗਾਇਆ ਗਿਆ, ਜਿੱਥੇ ਭਾਰੀ ਗਿਣਤੀ 'ਚ ਨੌਜਵਾਨ ਸ਼ਾਮਲ ਹੋਏ।
ਮੇਲੇ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਨੌਕਰੀ ਮੇਲੇ 'ਚ ਅੱਜ 3500 ਤੋਂ ਵੱਧ ਉਮੀਦਵਾਰਾਂ ਨੇ ਵੱਡੀ ਗਿਣਤੀ 'ਚ ਵੱਖ-ਵੱਖ ਨੌਕਰੀਆਂ ਲਈ ਭਾਗ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਘਰ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਰਾਜ ਸਰਕਾਰ ਨੇ ਹਰ ਜ਼ਿਲੇ 'ਚ ਜ਼ਿਲਾ ਰੁਜ਼ਗਾਰ ਉਤਪਤੀ ਬਿਊਰੋ ਸਥਾਪਤ ਕੀਤੇ ਹਨ ਜੋ ਉਮੀਦਵਾਰਾਂ ਅਤੇ ਕੰਪਨੀਆਂ ਵਿਚਾਲੇ ਕੰਮ ਕਰ ਰਹੇ ਹਨ ਤੇ ਨੌਕਰੀਆਂ ਦੇ ਮੌਕਿਆ ਬਾਰੇ ਨੌਜਵਾਨਾਂ ਨੂੰ ਸਹੀ ਸੇਧ ਦੇ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਮਾਰੂਤੀ ਸੁਜ਼ੂਕੀ, ਲਾਰਸਨ ਐਂਡ ਟੁਬਰੋ ਵਰਗੀਆਂ ਨਾਮਵਰ ਕੰਪਨੀਆਂ ਨੇ ਸ਼ਿਰਕਤ ਕੀਤੀ ਹੈ। ਇਸ ਤੋਂ ਇਲਾਵਾ ਆਈ.ਸੀ.ਆਈ.ਸੀ.ਆਈ ਬੈਂਕ, ਐਚ.ਡੀ.ਐਫ਼.ਸੀ. ਬੈਂਕ, ਕੈਪੀਟਲ ਬੈਂਕ, ਸਾਈਂ ਐਂਟਰਪ੍ਰਾਈਜਿਜ਼ ਵੀ ਮੇਲੇ ਦਾ ਹਿੱਸਾ ਬਣੇ। ਸਮੂਹ ਉਮੀਦਵਾਰਾਂ ਨੇ ਪਹਿਲਾਂ ਰਿਸੈਪਸ਼ਨ ਕਾਊਂਟਰ ਤੇ ਰਿਪੋਰਟ ਕੀਤਾ, ਜਿੱਥੇ ਉਨ੍ਹਾਂ ਦੇ ਫਾਰਮ ਭਰੇ ਗਏ ਅਤੇ ਉਨ੍ਹਾਂ ਨੂੰ ਅੱਗੇ ਸਬੰਧਤ ਸ਼ਾਖਾਵਾਂ 'ਚ ਭੇਜਿਆ ਗਿਆ। ਸੀਨੀਅਰ ਸੈਕੰਡਰੀ ਸਕੂਲਾਂ ਦੇ ਵੱਡੀ ਗਿਣਤੀ 'ਚ ਸਕੂਲੀ ਵਿਦਿਆਰਥੀ ਵੀ ਆਪਣੇ ਆਪ ਨੂੰ ਭਵਿੱਖ ਦੀਆਂ ਨੌਕਰੀਆਂ ਲਈ ਤਿਆਰ ਕਰਨ ਦੇ ਤਰੀਕਿਆਂ ਬਾਰੇ ਸਿੱਖਣ ਲਈ ਨੌਕਰੀ ਮੇਲੇ 'ਚ ਹਿੱਸਾ ਲੈਣ ਲਈ ਆਏ ਸਨ। ਸਵੈ ਰੁਜ਼ਗਾਰ ਵਾਲਿਆਂ ਨੂੰ ਸਵੈ ਰੁਜ਼ਗਾਰ ਦੇ ਅਵਸਰਾਂ ਲਈ ਉਪਲਬਧ ਵੱਖ-ਵੱਖ ਬੈਂਕਿੰਗ ਲੋਨ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 19 ਸਤੰਬਰ ਨੂੰ ਰਾਇਲ ਗਰੁੱਪ ਆਫ਼ ਕਾਲਜਿਜ਼ ਵਿਖੇ ਹੋਏ ਨੌਕਰੀ ਮੇਲੇ 'ਚ 5825 ਉਮੀਦਵਾਰਾਂ ਦੀ ਭਾਰੀ ਸ਼ਮੂਹਲੀਅਤ ਵੇਖੀ ਗਈ। ਇਨ੍ਹਾਂ 'ਚੋਂ 4615 ਦੀ ਇੰਟਰਵਿਊ ਲਈ ਗਈ ਸੀ ਅਤੇ 3018 ਦੀ ਚੋਣ ਕੀਤੀ ਗਈ ਸੀ। ਚੁਣੇ ਗਏ 3018 ਉਮੀਦਵਾਰਾਂ 'ਚੋਂ 2113 ਪੁਰਸ਼ ਅਤੇ 905 ਔਰਤਾਂ ਸ਼ਾਮਲ ਹਨ। ਕੁੱਲ 1597 ਉਮੀਦਵਾਰ ਰੱਦ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 303 ਉਮੀਦਵਾਰਾਂ ਦੀ ਸਵੈ ਰੁਜ਼ਗਾਰ ਲਈ ਪਹਿਚਾਣ ਕੀਤੀ ਗਈ ਹੈ ਅਤੇ 71 ਉਨ੍ਹਾਂ ਉਮੀਦਵਾਰਾਂ ਦੀ ਪਹਿਚਾਣ ਕੀਤੀ ਗਈ ਹੈ ਜੋ ਵੱਖ-ਵੱਖ ਹੁਨਰਾਂ ਦੀ ਸਿਖਲਾਈ ਪ੍ਰਾਪਤ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਚਾਹਵਾਨ ਪੰਜਾਬ ਸਰਕਾਰ ਦੇ ਪੋਰਟਲ www.ghargharrozgar.punjab.gov.in ਜਾਂ ਜ਼ਿਲ੍ਹਾ ਰੁਜ਼ਗਾਰ ਬਿਊਰੋ ਮਾਨਸਾ ਜੋ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੇਵਾ ਕੇਂਦਰ ਦੇ ਉਪਰਲੀ ਮੰਜ਼ਿਲ ਤੇ ਸਥਿਤ ਹੈ ਤੇ ਜਾ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ 01652-232315 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਸ਼ਿਵ ਸ਼ਕਤੀ ਗਰੁੱਪ ਆਫ਼ ਕਾਲਜਿਜ਼ ਤੋਂ ਸ੍ਰੀ ਸੋਮ ਨਾਥ ਗੁਪਤਾ, ਜ਼ਿਲ੍ਹਾਂ ਰੋਜ਼ਗਾਰ ਅਫ਼ਸਰ ਮੇਜਰ ਹਰਪ੍ਰੀਤ ਸਿੰਘ (ਰਿਟਾ.) ਮੌਜੂਦ ਸਨ।


Bharat Thapa

Content Editor

Related News