ਨੌਜਵਾਨਾਂ ਨੇ ਘਰ ’ਚ ਦਾਖ਼ਲ ਹੋ ਕੇ ਪਰਿਵਾਰਕ ਮੈਂਬਰਾਂ ਨੂੰ ਜ਼ਖ਼ਮੀ ਕਰਕੇ ਘਰੇਲੂ ਸਾਮਾਨ ਦੀ ਕੀਤੀ ਭੰਨ੍ਹਤੋੜ

04/08/2021 3:19:07 PM

ਤਪਾ ਮੰਡੀ (ਸ਼ਾਮ,ਗਰਗ): ਬੁੱਧਵਾਰ ਰਾਤ ਕੋਈ 10 ਵਜੇ ਦੇ ਕਰੀਬ ਆਨੰਦਪੁਰ ਬਸਤੀ ’ਚ ਬਸਤੀ ਦੇ ਹੀ ਕੁਝ ਨੌਜਵਾਨਾਂ ਨੇ ਘਰ ’ਚ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਕੇ ਘਰੇਲੂ ਸਾਮਾਨ ਦੀ ਭੰਨ੍ਹਤੋੜ ਕਰਕੇ ਖਿਲਾਰ ਦੇਣ ਬਾਰੇ ਜਾਣਕਾਰੀ ਮਿਲੀ ਹੈ। ਹਸਪਤਾਲ ’ਚ ਜੇਰੇ ਇਲਾਜ ਪ੍ਰਵਾਸੀ ਮਜ਼ਦੂਰ ਫੂਲਾ ਪਾਸਵਾਨ ਪੁੱਤਰ ਗੰਗਾ ਪਾਸਵਾਨ ਨੇ ਦੱਸਿਆ ਕਿ ਰਾਤ ਕੋਈ 10 ਵਜੇ ਦੇ ਕਰੀਬ ਉਹ ਪਰਿਵਾਰਿਕ ਮੈਂਬਰਾਂ ਸਮੇਤ ਰੋਟੀ ਖਾ ਰਹੇ ਸੀ ਤਾਂ ਬਸਤੀ ਦੇ ਹੀ 5-6 ਨੌਜਵਾਨ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਅਤੇ ਡਾਂਗਾ ਫੜੀਆਂ ਹੋਈਆਂ ਸਨ। ਘਰ ਦੀ ਮੂਹਰਲੀ ਕੰਧ ਢਾਹ ਕੇ ਅੰਦਰ ਦਾਖ਼ਲ ਹੋ ਕੇ ਰੋਟੀ ਖਾਂਦੇ ਪਰਿਵਾਰ ’ਤੇ ਹਮਲਾ ਕਰ ਦਿੱਤਾ ਅਤੇ ਘਰ ਦਾ ਸਾਰਾ ਘਰੇਲੂ ਸਾਮਾਨ ਦੀ ਭੰਨ੍ਹਤੋੜ ਕਰਕੇ ਖਿਲਾਰ ਦਿੱਤਾ,ਜਦ ਆਂਢ-ਗੁਆਂਢ ਦੇ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਅਤੇ ਹਮਲਾਵਰ ਭੱਜ ਗਏ।

ਇਸ ਹਮਲੇ ’ਚ ਉਸ ਦੀ ਪਤਨੀ ਸੀਮਾ ਦੇਵੀ ਅਤੇ ਪੁੱਤਰ ਵਿੱਕੀ ਕੁਮਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਤਪਾ ਦਾਖਲ ਕਰਵਾਇਆ ਗਿਆ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਵਿੱਕੀ ਨੇ ਦੱਸਿਆ ਕਿ ਉਹ ਇੱਕ ਸਾਊੰਡ ਵਾਲੇ ਕੋਲ ਨੌਕਰੀ ਕਰਦਾ ਸੀ ,ਉਹ ਹੱਟ ਕੇ ਨਗਰ ਕੌਸਲ ‘ਚ ਲੱਗ ਗਿਆ,ਪਰ ਸਾਊੰਡ ਮਾਲਕ ਉਸ ਨੂੰ ਓਵਰਟਾਈਮ ਦੇ ਕੇ ਕੰਮ ਕਰਵਾਉਂਦਾ ਸੀ, ਪਰ ਜੋ ਉਸ ਕੋਲ ਨੌਜਵਾਨ ਲੱਗਾ ਸੀ ਉਹ ਉਸ ਦਾ ਵਿਰੋਧ ਕਰਨ ਲੱਗ ਪਿਆ। ਇਸ ਰੰਜਿਸ਼ ਨੂੰ ਲੈ ਕੇ ਬਸਤੀ ਦੇ ਨੌਜਵਾਨਾਂ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।

ਜ਼ਖ਼ਮੀ ਨੌਜਵਾਨ ਨੇ ਹਮਲਾਵਰਾਂ ਤੇ ਨਸ਼ਾ ਵੇਚਣ ਦੇ ਵੀ ਦੋਸ਼ ਲਗਾਏ। ਘਟਨਾ ਦਾ ਪਤਾ ਲੱਗਦੇ ਹੀ ਡੀ.ਐਸ.ਪੀ. ਤਪਾ ਬਲਜੀਤ ਸਿੰਘ ਬਰਾੜ,ਥਾਣਾ ਮੁੱਖੀ ਤਪਾ ਜਗਜੀਤ ਸਿੰਘ ਘੁੰਮਾਣ,ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਘਟਨਾ ਥਾਂ ਦਾ ਜਾਇਜ਼ਾ ਲੈ ਕੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਅਤੇ ਕਿਹਾ ਕਿ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਸਥਿਤੀ ਖ਼ਰਾਬ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਹਾਜ਼ਰ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਦਾ ਕਹਿਣਾ ਹੈ ਜ਼ਖ਼ਮੀਆਂ ਦੇ ਬਿਆਨ ਕਲਮਬੰਦ ਕਰ ਲਏ ਗਏ ਹਨ,ਐਕਸਰੇ ਰਿਪੋਰਟ ਆਉਣ ਤੇ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਅਤੇ ਵਿਰੋਧੀ ਪਾਰਟੀ ਦੇ ਵੀ 2 ਨੌਜਵਾਨ ਹਸਪਤਾਲ ’ਚ ਦਾਖ਼ਲ ਹਨ। ਇਸ ਘਟਨਾ ਨੂੰ ਲੈ ਕੇ ਬਸਤੀ ਨਿਵਾਸੀਆਂ ’ਚ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ।


Shyna

Content Editor

Related News