2022 ''ਚ ਨੌਜਵਾਨਾਂ ਨੂੰ ਤਰਜੀਹ ਦੇਵੇਗੀ ਆਮ ਆਦਮੀ ਪਾਰਟੀ : ਭਗਵੰਤ ਮਾਨ

07/14/2020 1:50:22 AM

ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੌਜਵਾਨ ਵਰਗ ਨੂੰ ਤਰਜੀਹ ਦੇਵੇਗੀ। ਭਗਵੰਤ ਮਾਨ ਸੋਮਵਾਰ ਨੂੰ ਚੰਡੀਗੜ੍ਹ ਵਿਚ ਮੀਡੀਆ ਦੇ ਰੂਬਰੂ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਉਮਰ ਪੱਖੋਂ ਸਭ ਤੋਂ ਛੋਟੀ ਪਾਰਟੀ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਅੱਜ ਦੇਸ਼ ਦੀ ਸਭ ਤੋਂ ਵੱਡੀ ਉਮੀਦ ਬਣ ਚੁੱਕੀ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਏ ਭਗਵੰਤ ਮਾਨ ਨੇ ਕਿਹਾ ਕਿ ਬਿਨਾਂ ਸ਼ੱਕ ਬੀਤੇ ਸਮੇਂ ਵਿਚ ਆਮ ਆਦਮੀ ਪਾਰਟੀ ਕੋਲੋਂ ਵੀ ਗ਼ਲਤੀਆਂ ਹੋਈਆਂ ਹੋਣਗੀਆਂ ਕਿਉਂਕਿ ਗ਼ਲਤੀਆਂ ਵੀ ਕੰਮ ਕਰਨ ਵਾਲਿਆਂ ਕੋਲੋਂ ਹੀ ਹੁੰਦੀਆਂ ਹਨ ਪਰ ਆਮ ਆਦਮੀ ਪਾਰਟੀ ਨੇ ਆਪਣੇ ਤਜਰਬਿਆਂ ਅਤੇ ਗ਼ਲਤੀਆਂ ਤੋਂ ਕਾਫ਼ੀ ਸਬਕ ਸਿੱਖੇ ਹਨ। ਮਾਨ ਨੇ ਕਿਹਾ ਕਿ ਦੂਸਰੀਆਂ ਰਿਵਾਇਤੀ ਪਾਰਟੀਆਂ ਆਪਣੇ ਸਵਾਰਥਾਂ ਅਤੇ ਸੱਤਾ ਪ੍ਰਾਪਤੀ ਲਈ ਨੌਜਵਾਨਾਂ ਨੂੰ ਵਰਤਦੀਆਂ ਰਹੀਆਂ ਹਨ, ਪਰੰਤੂ ਆਮ ਆਦਮੀ ਪਾਰਟੀ ਨੇ ਨੌਜਵਾਨਾਂ ਨੂੰ ਉਹ ਮੌਕੇ ਦਿੱਤੇ ਹਨ ਜੋ ਅਕਾਲੀ-ਕਾਂਗਰਸੀ ਆਗੂਆਂ ਨੇ ਆਪਣੇ ਧੀਆਂ-ਪੁੱਤਰਾਂ ਲਈ ਰਾਖਵੇਂ ਰੱਖੇ ਹੋਏ ਸਨ।

ਪੰਜਾਬ ਅਤੇ ਦਿੱਲੀ ਦੇ ਨੌਜਵਾਨ ਵਿਧਾਇਕ ਇਸ ਦੀ ਪ੍ਰਤੱਖ ਮਿਸਾਲ ਹਨ। ਇਕ ਜਵਾਬ ਵਿਚ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਮੇਤ ਪਾਰਟੀ ਦੇ ਲਗਭਗ ਸਾਰੇ ਹੀ ਆਗੂ ਗੈਰ-ਸਿਆਸੀ ਪਰਿਵਾਰਾਂ ਨਾਲ ਸਬੰਧਤ ਹਨ, ਜਿੰਨ੍ਹਾਂ ਨੇ ਆਪਣੇ-ਆਪਣੇ ਰੁਤਬੇ ਅਹੁਦੇ ਅਤੇ ਕੰਮਕਾਰ ਤਿਆਗ ਕੇ ਦੇਸ਼ ਦਾ ਭਵਿੱਖ ਸੰਵਾਰਨ ਦਾ ਬੀੜਾ ਚੁੱਕਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਬਹੁਤ ਸਾਰੇ ਆਗੂ ਖ਼ਾਸ ਕਰ ਕੇ ਨੌਜਵਾਨ ਆਗੂ ਜਿਸ ਉਸਾਰੂ ਉਮੀਦ ਨਾਲ ਅਕਾਲੀ-ਕਾਂਗਰਸੀਆਂ ਵਿਚ ਗਏ ਹਨ, ਉਹ ਬੇਹੱਦ ਨਿਰਾਸ਼ ਅਤੇ ਦੁਖੀ ਹਨ। ਉਹ ਦੇਖ ਚੁੱਕੇ ਹਨ ਕਿ ਪਸੀਨਾ ਉਹ ਵਹਾਉਂਦੇ ਹਨ ਪਰੰਤੂ ਫ਼ਾਇਦਾ ਦੋ-ਚਾਰ ਪਰਿਵਾਰ ਉਠਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਹਿਤੈਸ਼ੀ ਅਤੇ ਲੋਕ ਹਿਤੈਸ਼ੀ ਉਸਾਰੂ ਸੋਚ ਵਾਲੇ ਹਰੇਕ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਨ।


 


Deepak Kumar

Content Editor

Related News