30 ਸਾਲਾਂ ਦੇ ਨੌਜਵਾਨ ਨੇ ਰੇਲ ਅੱਗੇ ਛਾਲ ਮਾਰ ਕੀਤੀ ਖੁਦਕਸ਼ੀ

08/06/2020 11:57:56 PM

ਦੋਰਾਹਾ,(ਵਿਨਾਇਕ)- ਸ਼ਹਿਰ 'ਚ ਵੀਰਵਾਰ ਨੂੰ ਅੰਬਾਲਾ-ਲੁਧਿਆਣਾ ਰੇਲ ਮਾਰਗ 'ਤੇ ਪੈਂਦੇ ਪਿੰਡ ਜਸਪਾਲੋ ਰੇਲਵੇ ਸਟੇਸ਼ਨ ਨੇੜੇ ਰੇਲਵੇ ਟਰੈਕ ਨੰਬਰ-347 'ਤੇ ਪਿੰਡ ਕੋਟ ਸੇਖੋਂ ਦੇ ਇਕ 30 ਸਾਲਾ ਨੌਜਵਾਨ ਨੇ ਰੇਲ ਇੰਜਣ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਪਿੰਡ ਕੋਟ ਸੇਖੋਂ ਜ਼ਿਲਾ ਲੁਧਿਆਣਾ ਵਜੋਂ ਹੋਈ ਹੈ। ਰੇਲਵੇ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਚੌਕੀ ਦੋਰਾਹਾ ਦੇ ਇੰਚਾਰਜ ਜਗਪਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਰੇਲਵੇ ਪੁਲਸ ਨੂੰ ਪਤਾ ਲੱਗਣ ਉਪਰੰਤ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਭਾਲ ਕੀਤੀ ਗਈ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਇਸ ਹਾਦਸੇ ਸੰਬੰਧੀ ਧਾਰਾ 174 ਸੀ.ਆਰ.ਪੀ.ਸੀ ਅਧੀਨ ਕਾਰਵਾਈ ਅਮਲ ਵਿੱਚ ਲਿਆ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਖੰਨਾ ਵਿਖੇ ਰਖਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਨਜਿੰਦਰ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਉਸ ਨੇ ਵੀਰਵਾਰ ਨੂੰ ਲੁਧਿਆਣਾ ਰੇਲਵੇ ਮਾਰਗ 'ਤੇ ਪਿੰਡ ਜਸਪਾਲੋਂ ਨੇੜੇ ਰੇਲ ਇੰਜਣ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਬੇਟੀਆਂ ਨੂੰ ਛੱਡ ਗਿਆ ਹੈ।


Deepak Kumar

Content Editor

Related News