ਉਧਾਰ ਲਏ ਪੈਸੇ ਮੰਗਣ ਅਤੇ ਭੈਣ ਨਾਲ ਦੋਸਤੀ ਦੇ ਸ਼ੱਕ ''ਚ ਨੌਜਵਾਨ ਦਾ ਕਤਲ ਕਰਨ ਵਾਲਾ ਕਾਬੂ

09/20/2020 12:07:29 AM

ਪਾਇਲ,(ਵਿਨਾਇਕ)- ਥਾਣਾ ਪਾਇਲ ਦੀ ਪੁਲਸ ਪਾਰਟੀ ਨੇ ਪਿੰਡ ਧਮੋਟ ਕਲਾਂ ਨਹਿਰ ਤੋਂ ਜਾਂਦੀ ਪਹੀ 'ਤੇ ਪਿਛਲੇ ਦਿਨੀਂ ਹੋਏ ਇਕ ਨੌਜਵਾਨ ਦੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਮ੍ਰਿਤਕ ਨੌਜਵਾਨ ਦਾ ਦੋਸਤ ਹੀ ਹੈ, ਜਿਸ ਨੇ ਘਰੇਲੂ ਪਰਚੂਨ ਲਈ ਉਧਾਰ ਲਏ ਹੋਏ ਪੈਸੇ ਵਾਰ-ਵਾਰ ਮੰਗਣ ਅਤੇ ਭੈਣ ਨਾਲ ਦੋਸਤੀ ਦੇ ਸ਼ੱਕ 'ਚ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਖੰਨਾ ਦੇ ਐਸ. ਐਸ. ਪੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਰਿੰਦਰ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਪਿੰਡ ਲਹਿਲ ਥਾਣਾ ਮਲੌਦ ਜਿਲਾ ਲੁਧਿਆਣਾ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਦਾ ਵੱਡਾ ਲੜਕਾ ਸਤਵਿੰਦਰ ਸਿੰਘ ਮਿਤੀ 03.09.20 ਨੂੰ ਵਕਤ ਕਰੀਬ 11 ਵਜੇ ਬਿਜਲੀ ਬਿੱਲ ਭਰਨ ਲਈ ਆਪਣੀ ਸਕੂਟਰੀ 'ਤੇ ਧਮੋਟ ਕਲਾਂ ਗਿਆ ਸੀ, ਦਾ ਪਿੰਡ ਧਮੋਟ ਕਲਾਂ ਨਹਿਰ ਤੋਂ ਜਾਂਦੀ ਪਹੀ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਸਿਰ 'ਚ ਕਿਸੇ ਹੱਥਿਆਰ ਨਾਲ ਸੱਟ ਮਾਰਕੇ ਕਤਲ ਕਰ ਦਿੱਤਾ ਸੀ। ਇਸ ਘਟਨਾ ਸਬੰਧੀ ਮੁੱਕਦਮਾ ਨੰਬਰ 133 ਧਾਰਾ 302,34 ਆਈ. ਪੀ. ਸੀ. ਥਾਣਾ ਪਾਇਲ ਦਰਜ ਰਜਿਸਟਰ ਕਰਕੇ ਮੁਕੱਦਮੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
ਐਸ.ਐਸ.ਪੀ ਖੰਨਾ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਨੂੰ ਹਲ ਕਰਨ ਲਈ ਮਨਪ੍ਰੀਤ ਸਿੰਘ ਪੁਲਸ ਕਪਤਾਨ (ਆਈ) ਖੰਨਾ ਦੀ ਨਿਗਰਾਨੀ 'ਚ ਗਠਿਤ ਕਮੇਟੀ 'ਚ ਮਨਮੋਹਨ ਸਰਨਾ ਉਪ ਪੁਲਸ ਕਪਤਾਨ (ਆਈ) ਖੰਨਾ, ਹਰਦੀਪ ਸਿੰਘ ਚੀਮਾ ਉਪ ਪੁਲਸ ਕਪਤਾਨ ਪਾਇਲ, ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਖੰਨਾ ਅਤੇ ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਪਾਇਲ ਵੱਲੋਂ ਡੁੰਘਾਈ ਨਾਲ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਤਵਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਲਹਿਲ, ਥਾਣਾ ਮਲੌਦ ਨੂੰ ਬਲਜੀਤ ਸਿੰਘ ਉਰਫ ਕਾਲਾ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਲਹਿਲ ਨੇ ਸਿਰ ਦੇ ਪਿੱਛੇ ਹਥੌੜੇ ਨਾਲ ਵਾਰ ਕਰਕੇ ਕਤਲ ਕੀਤਾ ਸੀ।

ਪੁਲਸ ਪਾਰਟੀ ਨੇ ਜਦੋਂ ਮ੍ਰਿਤਕ ਦੇ ਦੋਸਤ ਬਲਜੀਤ ਸਿੰਘ ਉਰਫ ਕਾਲਾ ਨੂੰ ਹਿਰਾਸਤ 'ਚ ਲੈ ਕੇ ਪੁੱਛ ਗਿੱਛ ਕੀਤੀ ਤਾਂ ਦੋਸ਼ੀ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਮ੍ਰਿਤਕ ਪਾਸੋਂ ਆਪਣੇ ਘਰ ਵਾਸਤੇ ਘਰੇਲੂ ਪਰਚੂਨ ਦੀ ਖਰੀਦਦਾਰੀ ਕਰਨ ਲਈ ਪੈਸੇ ਉਧਾਰ ਲਏ ਸਨ। ਮ੍ਰਿਤਕ ਦੀ ਮਾਂ ਪਾਸੋ ਵੀ ਕੁੱਝ ਪੈਸੇ ਉਧਾਰੇ ਲਏ ਹੋਏ ਸਨ ਅਤੇ ਸਤਵਿੰਦਰ ਸਿੰਘ ਕੁਝ ਦਿਨਾਂ ਤੋਂ ਆਪਣੇ ਉਧਰੀ ਦੇ ਦਿੱਤੇ ਹੋਏ ਰੁਪਏ ਬਾਰ ਬਾਰ ਮੰਗ ਕੇ ਉਸਨੂੰ ਪਰੇਸ਼ਾਨ ਕਰ ਰਿਹਾ ਸੀ। ਇਸ ਤੋਂ ਇਲਾਵਾ ਉਸ ਦੀ ਭੈਣ ਜਦੋਂ ਵੀ ਦੁਕਾਨ 'ਤੇ ਰਾਸ਼ਨ ਲੈਣ ਜਾਂਦੀ ਸੀ ਤਾਂ ਮ੍ਰਿਤਕ ਉਸ ਦੀ ਭੈਣ ਨੂੰ ਬੁਰਾ ਭਲਾ ਬੋਲਦਾ ਸੀ ਅਤੇ ਉਸ ਨੂੰ ਇਹ ਸ਼ੱਕ ਸੀ ਕਿ ਉਸ ਦੀ ਭੈਣ ਦੀ ਮ੍ਰਿਤਕ ਨਾਲ ਦੋਸਤੀ ਸੀ। ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਸਤਵਿੰਦਰ ਸਿੰਘ ਨੂੰ ਪਲੈਨਿੰਗ ਦੇ ਤਹਿਤ ਪਿੰਡ ਧਮੋਟ ਨਹਿਰ ਪਹੀ ਤੇ ਬੁਲਾ ਕੇ ਉਸ ਦੇ ਸਿਰ ਦੇ ਪਿੱਛੇ ਹਥੌੜੇ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਖੁਦ (ਦੋਸ਼ੀ) ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਇਸ ਸਬੰਧੀ ਮਨਪ੍ਰੀਤ ਸਿੰਘ ਪੁਲਸ ਕਪਤਾਨ (ਆਈ) ਖੰਨਾ ਨੇ ਦੱਸਿਆ ਕਿ ਪਾਇਲ ਪੁਲਸ ਵੱਲੋਂ ਦੋਸ਼ੀ ਦਾ ਪੁਲਸ ਰਿਮਾਂਡ ਹਾਸਲ ਕਰਕੇ ਵਰਦਾਤ ਵਿੱਚ ਵਰਤਿਆ ਗਿਆ ਹੱਥਿਆਰ, ਮੋਟਰਸਾਈਕਲ ਅਤੇ ਹੋਰ ਸਮਾਨ ਜਲਦ ਬਰਾਮਦ ਕਰ ਲਿਆ ਜਾਵੇਗਾ।


Deepak Kumar

Content Editor

Related News