ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ

05/15/2020 12:57:23 AM

ਕੋਟਕਪੂਰਾ  (ਨਰਿੰਦਰ ਬੈੜ੍ਹ)- ਪਿੰਡ ਢਿੱਲਵਾਂ ਕਲਾਂ ਵਿਖੇ ਆਪਣੀ ਭੈਣ ਘਰ ਆਏ ਇਕ ਨੌਜਵਾਨ ਬਲਦੇਵ ਸਿੰਘ (ਅੰਦਾਜਨ ਉਮਰ 30 ਸਾਲ) ਜੋ ਕਿ ਪਿੰਡ ਲੰਡੇ ਦਾ ਰਹਿਣ ਵਾਲਾ ਸੀ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸਨੂੰ ਸਾਂਹ ਲੈਣ ਵਿਚ ਤਕਲੀਫ ਹੋਈ ਸੀ, ਜਿਸ ਤੋਂ ਬਾਅਦ ਉਸਨੂੰ ਇੱਕ ਨਿੱਜੀ ਡਾਕਟਰ ਤੋਂ ਦਵਾਈ ਵੀ ਦਿਵਾਈ ਗਈ ਪਰ ਕੁਝ ਸਮੇਂ ਬਾਅਦ ਹੀ ਉਸਦੀ ਮੌਤ ਹੋ ਗਈ। ਇਸ ਨੌਜਵਾਨ ਦੇ ਕੋਰੋਨਾ ਨਾਲ ਪੀੜ੍ਹਤ ਹੋਣ ਦੇ ਸ਼ੱਕ ਦੇ ਚਲਦੇ ਸਿਹਤ ਵਿਭਾਗ ਨੇ ਉਸਦੇ ਸਰੀਰ ’ਚੋਂ ਕੋਵਿਡ-19 ਤਹਿਤ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ ਅਤੇ ਉਸਦਾ ਆਪਣੀ ਨਿਗਰਾਨੀ ਹੇਠ ਸਾਵਧਾਨੀਆਂ ਨਾਲ ਅੰਤਿਮ ਸਸਕਾਰ ਵੀ ਕਰਵਾਇਆ ਦਿੱਤਾ ਗਿਆ। ਮੌਤੇ ਤੋਂ ਬਾਅਦ ਪਿੰਡ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਐੱਸ.ਐੱਮ.ਓ. ਬਾਜਾਖਾਨਾ ਡਾ. ਅਵਤਾਰਜੀਤ ਸਿੰਘ, ਡੀ.ਐੱਸ.ਪੀ. ਕੋਟਕਪੂਰਾ ਬਲਕਾਰ ਸਿੰਘ ਸੰਧੂ, ਥਾਣਾ ਸਦਰ ਮੁਖੀ ਐੱਸ.ਆਈ. ਅਮਰਜੀਤ ਸਿੰਘ ਦੀ ਅਗਵਾਈ ’ਚ ਸਿਹਤ ਤੇ ਪੁਲਸ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚੀ। ਇਸ ਮਾਮਲੇ ਵਿਚ ਐੱਸ. ਐੱਮ. ਓ. ਡਾ. ਅਵਤਾਰਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਇਹ ਨੌਜਵਾਨ ਸ਼੍ਰੀ ਆਨੰਦਪੁਰ ਸਾਹਿਬ ਵਿਚ ਹੋਏ ਹੋਲੇ-ਮਹੱਲੇ ਤੋਂ ਵਾਪਸ ਆਇਆ ਸੀ। ਹਾਲਾਂਕਿ ਇਹ ਹਿਸਟਰੀ ਪੁਰਾਣੀ ਹੋ ਚੁੱਕੀ ਹੈ ਪਰ ਫਿਰ ਵੀ ਸਿਹਤ ਵਿਭਾਗ ਨੇ ਅਤਿਹਾਤ ਦੇ ਤੌਰ ’ਤੇ ਇਸ ਕੇਸ ਨੂੰ ਪਾਜ਼ੇਟਿਵ ਤੌਰ ’ਤੇ ਡੀਲ ਕੀਤਾ ਹੈ ਅਤੇ ਉਸਦੇ ਮ੍ਰਿਤਕ ਸਰੀਰ ਤੋਂ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਨਾਲ ਹੀ ਨੌਜਵਾਨ ਦਾ ਕੋਵਿਡ-19 ਤਹਿਤ ਹਦਾਇਤਾਂ ਅਨੁਸਾਰ ਅੰਤਿਮ ਸਸਕਾਰ ਵੀ ਕਰਵਾਇਆ ਗਿਆ ਹੈ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਕੋਆਰੰਟਾਈਨ ਕਰ ਦਿੱਤਾ ਗਿਆ ਹੈ।


Bharat Thapa

Content Editor

Related News