ਰੰਜ਼ਿਸ਼ ਕਾਰਨ ਨੌਜਵਾਨ ''ਤੇ ਚਲਾਈਆਂ ਗੋਲੀਆਂ, ਜ਼ਖਮੀ

03/15/2018 1:36:44 PM

ਮੁੱਦਕੀ (ਹੈਪੀ) - ਅੱਜ ਮੁੱਦਕੀ ਦੇ ਪੁਰਾਣੇ ਮੇਨ ਰੋਡ 'ਤੇ ਸ਼ਿਵਾਲਿਕ ਸਕੂਲ ਦੇ ਨੇੜੇ ਪੁਰਾਣੀ ਰੰਜਿਸ਼ ਦੇ ਚਲਦੇ ਇਕ ਹਮਲਾਵਰ ਨੇ ਇਕ ਨੌਜਵਾਨ ਗੁਰਲਾਲ ਸਿੰਘ ਪੁੱਤਰ ਰੂੜ ਸਿੰਘ ਵਾਸੀ ਪਿੰਡ ਮਾਹਲਾ ਕਲਾਂ ਜ਼ਿਲਾ ਮੋਗਾ 'ਤੇ ਰਿਵਾਲਵਰ ਨਾਲ ਗੋਲੀਆਂ ਚਲਾ ਕੇ ਜ਼ਖਮੀ ਕਰਨ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਕਰੀਬ 11.50 ਵਜੇ ਦੀ ਹੈ। ਲੋਕਾਂ ਨੂੰ ਇਕੱਠੀਆਂ 4-5 ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਹਮਲਾਵਰ ਨੌਜਵਾਨ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਆਇਆ ਸੀ ਤੇ ਪਤਾ ਲੱਗਾ ਹੈ ਕਿ ਉਹ ਵੀ ਜ਼ਖਮੀ ਦੇ ਪਿੰਡ ਮਾਹਲਾ ਕਲਾਂ ਦਾ ਹੀ ਵਾਸੀ ਹੈ ਪਰ ਅਜੇ ਤੱਕ ਉਸਦੀ ਪੂਰੀ ਪਛਾਣ ਨਹੀਂ ਹੋ ਸਕੀ ਹੈ। ਇਸ ਵਾਰਦਾਤ ਦੇ ਸਮੇਂ ਮੌਕੇ 'ਤੇ ਹਾਜ਼ਰ ਲੋਕਾਂ ਦੇ ਦੱਸਿਆ ਕਿ ਜਦ ਹਮਲਾਵਰ ਨੇ ਗੁਰਲਾਲ ਸਿੰਘ 'ਤੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਕਤ ਨੌਜਵਾਨ ਨੇ ਆਪਣੇ ਆਪ ਨੂੰ ਬਚਾਉਣ ਲਈ ਹਮਲਾਵਰ 'ਤੇ ਇੱਟਾਂ ਆਦਿ ਚਲਾਈਆਂ। ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਜ਼ਖਮੀ ਹਾਲਤ 'ਚ ਗੁਰਲਾਲ ਸਿੰਘ ਨੂੰ ਇਲਾਜ ਲਈ ਫਰੀਦਕੋਟ ਦੇ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ। ਸੂਚਨਾ ਮਿਲਣ 'ਤੇ ਪੁਲਸ ਚੌਕੀ ਮੁੱਦਕੀ ਦੇ ਇੰਚਾਰਜ਼ ਕੁਲਵੰਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਪੱਤਰਕਾਰਾਂ ਨੂੰ ਦੱਸਿਆ ਕਿ ਗੁਰਲਾਲ ਸਿੰਘ ਦੇ ਬਿਆਨਾਂ ਤੋਂ ਹੀ ਹਮਲਾਵਰ ਦੇ ਬਾਰੇ ਪਤਾ ਲੱਗ ਸਕਦਾ ਹੈ। 


Related News