ਬੇਸਹਾਰਾ ਪਸ਼ੂ ਅੱਗੇ ਆਉਣ ਕਾਰਨ ਪਲਟੀ ਸਕਾਰਪੀਓ, ਗੱਡੀ ’ਚ ਸਵਾਰ ਨੌਜਵਾਨ ਮੁੰਡੇ-ਕੁੜੀ ਦੀ ਮੌਤ

10/14/2022 12:55:28 PM

ਗਿੱਦੜਬਾਹਾ(ਚਾਵਲਾ) : ਬੀਤੀ ਰਾਤ ਗਿੱਦੜਬਾਹਾ-ਮਲੋਟ ਰੋਡ ’ਤੇ ਸਥਿਤ ਪਿੰਡ ਥੇੜੀ ਨੇੜੇ ਸਕਾਰਪਿਓ ਕਾਰ ਅੱਗੇ ਬੇਸਹਾਰਾ ਪਸ਼ੂ ਆਉਣ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਨੌਜਵਾਨ ਮੁੰਡਾ ਕੁੜੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦਕਿ ਕਾਰ ਸਵਾਰ ਤਿੰਨ ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਗੋਪਿੰਦਰ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਕਾਰਪੀਓ ਰਾਹੀਂ ਤਰਨਤਾਰਨ ਤੋਂ ਸ੍ਰੀਗੰਗਾਨਗਰ ਵਿਖੇ ਇਕ ਵਿਆਹ ਸਮਾਰੋਹ ਵਿਚ ਸ਼ਿਰਕਤ ਕਰਨ ਲਈ ਜਾ ਰਹੇ ਸਨ।

ਇਹ ਵੀ ਪੜ੍ਹੋ- NRI ਮੁੰਡੇ ਨਾਲ ਵਿਆਹ ਲਈ ਸੁੰਦਰ ਕੁੜੀਆਂ ਦੇ ਮੁਕਾਬਲੇ ਦਾ ਪੋਸਟਰ ਵਾਇਰਲ ਹੋਣ 'ਤੇ ਪੁਲਸ ਦੀ ਵੱਡੀ ਕਾਰਵਾਈ

ਜਦੋਂ ਕਾਰ ਪਿੰਡ ਥੇੜੀ ਤੋਂ ਕੁਝ ਅੱਗੇ ਸੇਮ ਨਾਲੇ ਦੇ ਪੁਲ ਦੇ ਨਜ਼ਦੀਕ ਪੁੱਜੀ ਤਾਂ ਕਾਰ ਅੱਗੇ ਅਚਾਨਕ ਇਕ ਬੇਸਹਾਰਾ ਪਸ਼ੂ ਆ ਗਿਆ, ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਅਤੇ ਕਾਰ ਡਿਵਾਈਡਰ ਨੂੰ ਪਾਰ ਕਰਦੀ ਹੋਈ ਦੂਜੀ ਸੜਕ ’ਤੇ ਜਾ ਡਿੱਗੀ। ਇਸ ਹਾਦਸੇ ਵਿਚ ਕਾਰ ਸਵਾਰ ਗੋਪਿੰਦਰ ਸਿੰਘ ਉਰਫ ਗੋਪੀ ਪੁੱਤਰ ਸੁਖਦੇਵ ਸਿੰਘ ਵਾਸੀ ਤਰਨਤਾਰਨ, ਰੁਪਿੰਦਰਜੀਤ ਕੌਰ ਪੁੱਤਰੀ ਗੁਰਵਿੰਦਰ ਸਿੰਘ ਵਾਸੀ ਮੋਹਣਪੁਰਾ (ਤਰਨਤਾਰਨ), ਨਵਜੋਤ ਕੌਰ ਪਤਨੀ ਗੋਪਿੰਦਰ ਸਿੰਘ, ਜੋਗਿੰਦਰ ਕੌਰ ਪਤਨੀ ਕੇਵਲ ਸਿੰਘ ਅਤੇ ਪਰਮਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਤਰਨਤਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ- ਡਾ. ਗੁਰਪ੍ਰੀਤ ਵਾਂਡਰ ਵੱਲੋਂ VC ਦੇ ਅਹੁਦੇ ਦੀ ਉਮੀਦਵਾਰੀ ਵਾਪਸ ਲੈਣ 'ਤੇ ਮਜੀਠੀਆ ਦਾ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ

ਘਟਨਾ ਦੀ ਸੂਚਨਾ ਮਿਲਣ ’ਤੇ ਗਿੱਦੜਬਾਹਾ ਦੇ ਡੀ. ਐੱਸ. ਪੀ. ਜਸਵੀਰ ਸਿੰਘ ਪੰਨੂੰ ਮੌਕੇ ’ਤੇ ਪੁੱਜੇ। ਉਨ੍ਹਾਂ ਰਾਹਤ ਫਾਊਂਡੇਸ਼ਨ ਦੇ ਅਨਮੋਲ ਜੁਨੇਜਾ ਬਬਲੂ, ਮੁਨੀਸ਼ ਵਰਮਾ ਤੇ ਐਂਬੂਲੈਂਸ ਚਾਲਕ ਕਾਲਾ ਚੌਧਰੀ ਅਤੇ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਜ਼ਖ਼ਮੀਆਂ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਗੰਭੀਰ ਜ਼ਖ਼ਮੀ ਗੋਪਿੰਦਰ ਸਿੰਘ, ਰੁਪਿੰਦਰਜੀਤ ਕੌਰ ਅਤੇ ਪਰਮਵੀਰ ਸਿੰਘ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ। ਜ਼ਖ਼ਮੀਆਂ ਵਿਚੋਂ ਗੋਪਿੰਦਰ ਸਿੰਘ ਅਤੇ ਰੁਪਿੰਦਰਜੀਤ ਕੌਰ ਅਤੇ ਪਰਮਵੀਰ ਸਿੰਘ ਦੀ ਆਦੇਸ਼ ਹਸਪਤਾਲ ਬਠਿੰਡਾ ਵਿਖੇ ਮੌਤ ਹੋ ਗਈ। ਥਾਣਾ ਗਿੱਦੜਬਾਹਾ ਪੁਲਸ ਨੇ ਮ੍ਰਿਤਕ ਗੋਪਿੰਦਰ ਸਿੰਘ ਅਤੇ ਰੁਪਿੰਦਰਜੀਤ ਕੌਰ ਦੀ ਲਾਸ਼ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto