ਨੌਜਵਾਨ ਨੇ ਸੁੱਤੇ ਪਏ ਪਰਿਵਾਰ ''ਤੇ ਕੀਤਾ ਜਾਨਲੇਵਾ ਹਮਲਾ, ਮਾਂ ਦੀ ਮੌਤ

11/09/2019 7:33:29 PM

ਬਨੂੜ/ਰਾਜਪੁਰਾ, (ਗੁਰਪਾਲ, ਨਿਰਦੋਸ਼, ਚਾਵਲਾ)— ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਤੇਪਲਾ ਦੇ ਇਕ ਨੌਜਵਾਨ ਨੇ ਬੀਤੀ ਰਾਤ ਆਪਣੇ ਪਰਿਵਾਰ 'ਤੇ ਕਾਤਲਾਨਾ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮਾਤਾ ਦੀ ਮੌਤ ਹੋ ਗਈ ਤੇ ਪਤਨੀ, ਦੋ ਧੀਆਂ ਤੇ ਪੁੱਤਰ ਗੰਭੀਰ ਜ਼ਖਮੀ ਹੋ ਗਏ।
ਥਾਣਾ ਮੁਖੀ ਪ੍ਰੇਮ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਸਵਰਗਵਾਸੀ ਜਗਦੀਸ਼ ਚੰਦ ਵੱਲੋਂ ਕੀਤੇ ਗਏ ਹਮਲੇ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਉਦੋਂ ਮਿਲੀ ਜਦੋਂ ਸਵੇਰੇ ਪਿੰਡ ਦੇ ਵਸਨੀਕਾਂ ਨੇ ਦੇਖਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਚੋਂ ਕੋਈ ਵੀ ਨਹੀਂ ਜਾਗਿਆ। ਜਦੋਂ ਪਿੰਡ ਵਾਸੀਆਂ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਉੱਥੇ ਖੂਨ ਨਾਲ ਲੱਥ-ਪੱਥ ਪਰਿਵਾਰਕ ਮੈਂਬਰ ਪਏ ਸਨ। ਘਟਨਾ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਥਾਣਾ ਸ਼ੰਭੂ ਦੀ ਪੁਲਸ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤਾਂ ਉਸ ਦੀ ਮਾਤਾ ਨਾਇਬ ਕੌਰ (50) ਦੀ ਮੌਤ ਹੋ ਚੁੱਕੀ ਸੀ ਤੇ ਪਤਨੀ ਕੁਲਵਿੰਦਰ ਕੌਰ (30) ਪੁੱਤਰੀ ਅਲਸਕਾ (10), ਬਲਸਕਾ (8) ਤੇ ਪੁੱਤਰ ਜੈਵੀਰ ਸਿੰਘ (6) ਗੰਭੀਰ ਰੂਪ 'ਚ ਜ਼ਖਮੀ ਹੋਏ ਪਏ ਸਨ, ਜਿਨ੍ਹਾਂ ਨੂੰ ਰਾਜਪੁਰਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ 'ਚ ਰੈਫਰ ਕਰ ਦਿੱਤਾ।
ਥਾਣਾ ਮੁਖੀ ਨੇ ਦੱਸਿਆ ਕਿ ਹਰਜਿੰਦਰ ਸਿੰਘ ਵਾਸੀ ਸਿਰਕੱਪੜਾ ਥਾਣਾ ਸਨੌਰ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੇ ਵਾਪਰਣ ਨਾਲ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ ਕਿਉਂਕਿ ਦੋਸ਼ੀ ਨੌਜਵਾਨ ਬਹੁਤ ਸਾਊ ਅਤੇ ਕੰਮ ਕਰਨ ਵਾਲਾ ਸੀ, ਉਸ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦੇਣ ਪਿੱਛੇ ਕੀ ਕਾਰਣ ਸੀ ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।


KamalJeet Singh

Content Editor

Related News