ਅਣਪਛਾਤੇ ਨੌਜਵਾਨ ਦੀ ਬੁਰੀ ਤਰ੍ਹਾਂ ਗਲੀ-ਸੜੀ ਹਾਲਤ ''ਚ ਮਿਲੀ ਲਾਸ਼

10/07/2020 1:51:28 PM

ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ): ਅੱਜ ਦੁਪਹਿਰੇ ਤਿੰਨ ਵਜੇ ਦੇ ਕਰੀਬ ਸਥਾਨਕ ਕਲੱਬ ਚੌਂਕ ਨੇੜੇ ਕਲੱਬ ਦੀ ਦੀਵਾਰ ਦੇ ਨਾਲ-ਨਾਲ ਪਏ ਦੋ ਚਾਹ ਵਾਲੇ ਖੋਖਿਆਂ ਵਿਚਕਾਰ ਕਾਫੀ ਸਮੇਂ ਤੋਂ ਬੰਦ ਪਏ ਇਕ ਖੋਖੇ ਦੇ ਪਿਛਲੇ ਪਾਸੇ ਝਾੜੀਆਂ 'ਚ ਕਰੀਬ 35 ਸਾਲਾ ਇਕ ਅਣਪਛਾਤੇ ਵਿਅਕਤੀ ਦੀ ਬੁਰੀ ਤਰ੍ਹਾਂ ਗਲੀ-ਸੜੀ ਹੋਈ ਬਦਬੂ ਮਾਰਦੀ ਲਾਸ਼ ਬਰਾਮਦ ਹੋਈ ਹੈ। ਬਾਅਦ ਦੁਪਹਿਰ ਇਕ ਚਾਹ ਦੇ ਖੋਖੇ ਵਾਲਾ ਸੱਤਾਰ ਨਾਮੀ ਵਿਅਕਤੀ ਬਿਜਲੀ ਦੀ ਤਾਰ ਠੀਕ ਕਰਨ ਲਈ ਖੋਖੇ ਦੇ ਜਦੋਂ ਉੱਪਰ ਚੜ੍ਹਿਆ ਤਾਂ ਅਚਾਨਕ ਉਸਦੀ ਨਜ਼ਰ ਝਾੜੀਆਂ 'ਚ ਮ੍ਰਿਤਕ ਹਾਲਤ 'ਚ ਪਏ ਇੱਕ ਵਿਅਕਤੀ 'ਤੇ ਪਈ। ਇਹ ਦੇਖ ਉਸ ਨੇ ਤੁਰੰਤ ਆਲੇ-ਦੁਆਲੇ ਦੇ 
ਦੁਕਾਨਦਾਰਾਂ ਨੂੰ ਸੂਚਿਤ ਕੀਤਾ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ।

ਲਾਸ਼ ਦਾ ਚਿਹਰਾ ਤੇ ਪੂਰਾ ਸਰੀਰ ਬੁਰੀ ਤਰ੍ਹਾਂ ਗਲ-ਸੜ ਜਾਣ ਕਾਰਨ ਸ਼ਨਾਖਤ ਨਹੀਂ ਸੀ ਹੋ ਸਕੀ। ਮ੍ਰਿਤਕ ਦੀ ਲਾਸ਼ 'ਚੋਂ ਮਾਰਦੀ ਭੈੜੀ ਬਦਬੂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਸਦੀ ਮੌਤ ਕਈ ਦਿਨ ਪਹਿਲਾਂ ਹੋਈ ਹੈ। ਖਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਸੀ ਲੱਗ ਸਕਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਜਗ੍ਹਾ ਤੋਂ ਲਾਸ਼ ਮਿਲੀ ਹੈ ਉਥੇ ਸਵੇਰੇ ਪੰਜ ਵਜੇ ਤੋਂ ਲੈ ਕੇ ਦੇਰ ਰਾਤ ਤੱਕ ਲੋਕ ਚਾਹ ਪੀਣ ਲਈ ਬੈਠੇ ਰਹਿੰਦੇ ਹਨ ਪਰੰਤੂ ਕਿਸੇ ਨੂੰ ਵੀ ਲਾਸ਼ ਦਾ ਪਤਾ ਨਹੀਂ ਲੱਗਾ ਅਤੇ ਨਾ ਹੀ ਕਿਸੇ ਨੂੰ ਬਦਬੂ ਆਈ। ਮੌਕੇ 'ਤੇ ਪੁੱਜੇ ਡੀ.ਐੱਸ.ਪੀ. ਪਵਨਜੀਤ ਵੱਲੋਂ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਪੁਲਸ ਨੇ ਲਾਸ਼ ਨੂੰ ਪੋਸਟ-ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਜਿਥੇ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਵਾਸਤੇ ਫਰਿੱਜ 'ਚ ਰੱਖਿਆ ਗਿਆ ਹੈ। ਡੀ.ਐੱਸ.ਪੀ. ਪਵਨਜੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਾਸ਼ ਦਾ ਚਿਹਰਾ ਬੁਰੀ ਤਰ੍ਹਾਂ ਖ਼ਰਾਬ ਹੋ ਜਾਣ ਕਾਰਨ ਫਿਲਹਾਲ ਸ਼ਨਾਖਤ ਨਹੀਂ ਹੋ ਰਹੀ। ਪੋਸਟ-ਮਾਰਟਮ ਉਪਰੰਤ ਮੌਤ ਦੇ ਕਾਰਨਾਂ ਦਾ ਪਤਾ ਲੱਗਣ 'ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News