ਚਾਈਨਾ ਦੀ ਕੁਆਲਿਟੀ ਨੇ ਯਾਰਨ ਤੇ ਗਾਰਮੈਂਟ ਇੰਡਸਟਰੀ ਕੀਤੀ ਧੁੰਦਲੀ, ਮੰਦੇ ਦੀ ਮਾਰ ਝੱਲ ਰਿਹਾ ਵਪਾਰ ਬੰਦ ਹੋਣ ਕੰਢੇ !

07/15/2023 11:49:12 PM

ਲੁਧਿਆਣਾ (ਗੌਤਮ)-ਹੌਜ਼ਰੀ ਅਤੇ ਗਾਰਮੈਂਟ ’ਚ ਵਿਸ਼ਵ ਭਰ ਵਿਚ ਆਪਣੀ ਪਛਾਣ ਬਣਾਉਣ ਵਾਲਾ ਪੰਜਾਬ ਦਾ ਮਾਨਚੈਸਟਰ ਕਹਾਉਣ ਵਾਲਾ ਲੁਧਿਆਣਾ ਇਸ ਸਮੇਂ ਮੰਦੇ ਦੀ ਮਾਰ ਝੱਲ ਰਿਹਾ ਹੈ। ਵਿਸ਼ਵ ਭਰ ’ਚ ਆਰਥਿਕ ਨਰਮੀ ਦੇ ਨਾਲ-ਨਾਲ ਇਸ ’ਤੇ ਚੀਨ ਦੇ ਧਾਗੇ ਅਤੇ ਗਾਰਮੈਂਟ ਦੀ ਫਿਨਿਸ਼ਿੰਗ ਅਤੇ ਕੁਆਲਿਟੀ ਨੇ ਇਹ ਇੰਡਸਟਰੀ ਧੁੰਦਲੀ ਕਰ ਦਿੱਤੀ ਹੈ। ਹਾਲਾਤ ਇਹ ਹਨ ਕਿ ਮੰਦੇ ਕਾਰਨ ਪਹਿਲਾਂ ਗਰਮੀਆਂ ਦਾ ਸੀਜ਼ਨ ਫਲਾਪ ਹੋ ਗਿਆ ਅਤੇ ਹੁਣ ਸਰਦੀਆਂ ਦੇ ਸੀਜ਼ਨ ਨੂੰ ਲੈ ਕੇ ਵੀ ਕੋਈ ਰਿਸਪਾਂਸ ਨਹੀਂ ਮਿਲ ਰਿਹਾ। ਚੀਨ ਦੇ ਉਤਪਾਦਨਾਂ ਕਾਰਨ ਸਥਾਨਕ ਇੰਡਸਟਰੀ ’ਤੇ ਡੂੰਘਾ ਅਸਰ ਪੈ ਰਿਹਾ ਹੈ। ਚੀਨ ਦੇ ਧਾਗੇ ਅਤੇ ਗਾਰਮੈਂਟ ਦੀ ਸਪਲਾਈ ਕਾਰਨ ਸਥਾਨਕ ਕਈ ਮਿੱਲਾਂ ਬੰਦ ਹੋ ਚੁੱਕੀਆਂ ਹਨ, ਜਿਸ ਕਾਰਨ ਲੇਬਰ ਦੀ ਹਾਲਤ ਵੀ ਵਿਗੜ ਰਹੀ ਹੈ। ਵਪਾਰੀਆਂ ਦੀ ਪੂੰਜੀ ਬਾਜ਼ਾਰ ’ਚ ਫਸੀ ਹੋਈ ਹੈ।

ਗੌਰ ਹੋਵੇ ਕਿ ਚਾਈਨਾ ਤੋਂ ਸਵੈਡ, ਹੇਅਰ, ਸ਼ਨੀਲ, ਬੂਲੀ, ਟੈਂਸਿਲ, ਯਾਰਨ ਅਤੇ ਕੱਪੜਾ ਭਾਰੀ ਮਾਤਰਾ ’ਚ ਇੰਪੋਰਟ ਕੀਤਾ ਜਾ ਰਿਹਾ ਹੈ। ਇਸ ਧਾਗੇ ਦੀ ਫਿਨਿਸ਼ਿੰਗ ਅਤੇ ਕੁਆਲਿਟੀ ਵਧੀਆ ਹੋਣ ਕਾਰਨ ਸਥਾਨਕ ਧਾਗਾ ਇਨ੍ਹਾਂ ਨੂੰ ਮਾਤ ਨਹੀਂ ਪਾ ਰਿਹਾ। ਉਲਟਾ ਇਸ ਦੇ ਰੇਟ ਵੀ ਘੱਟ ਹੋਣ ਕਾਰਨ ਸਥਾਨਕ ਮਿੱਲਾਂ ਇਨ੍ਹਾਂ ਦਾ ਮੁਕਾਬਲਾ ਨਹੀਂ ਕਰ ਪਾ ਰਹੀਆਂ। ਇਹੀ ਕਾਰਨ ਹੈ ਕਿ ਹੌਜ਼ਰੀ ਅਤੇ ਗਾਰਮੈਂਟ ਨਾਲ ਜੁੜੇ ਕਾਰੋਬਾਰੀ ਚਾਈਨਾ ਦੇ ਧਾਗੇ ਨੂੰ ਪਹਿਲ ਦੇ ਰਹੇ ਹਨ ਪਰ ਇਸ ਕਾਰਨ ਇਨ੍ਹਾਂ ਮਿੱਲਾਂ ਅਤੇ ਹੌਜ਼ਰੀ ਯੂਨਿਟਾਂ ’ਚ ਕੰਮ ਕਰਨ ਵਾਲੀ ਲੇਬਰ ਦਾ ਭਵਿੱਖ ਵੀ ਖਰਾਬ ਹੋ ਰਿਹਾ ਹੈ। ਕੰਮ ਨਾ ਹੋਣ ਕਾਰਨ ਲੇਬਰ ਵਾਪਸ ਆਪਣੇ ਰਾਜਾਂ ਨੂੰ ਜਾ ਰਹੀ ਹੈ, ਜਿਸ ਨਾਲ ਆਰਥਿਕ ਸਥਿਤੀ ਹੋਰ ਵੀ ਵਿਗੜ ਸਕਦੀ ਹੈ।

ਕੇਂਦਰ ਸਰਕਾਰ ਨਹੀਂ ਲੈ ਰਹੀ ਸਾਰ

ਕੇਂਦਰ ਸਰਕਾਰ ਵੱਲੋਂ ਚੀਨ ਤੋਂ ਆਉਣ ਵਾਲੇ ਧਾਗੇ ਅਤੇ ਗਾਰਮੈਂਟ ਦੀ ਸਪਲਾਈ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਤਾਂ ਆਉਣ ਵਾਲੇ ਸਮੇਂ ’ਚ ਇਹ ਉਦਯੋਗ ਪੂਰੀ ਤਰ੍ਹਾਂ ਬੰਦ ਹੋ ਜਾਣਗੇ। ਕੇਂਦਰੀ ਸਰਕਾਰ ਨੂੰ ਚਾਈਨਾ ਤੋਂ ਆ ਰਹੇ ਮਾਲ ਦੀ ਐਂਟੀ ਡੰਪਿੰਗ ਡਿਊਟੀ ਨੂੰ ਵਧਾਉਣਾ ਚਾਹੀਦਾ ਹੈ ਤਾਂ ਕਿ ਇਸ ਦੀ ਆਮਦ ਨੂੰ ਘੱਟ ਕੀਤਾ ਜਾ ਸਕੇ। ਵਪਾਰੀਆਂ ’ਚ ਰੋਸ ਹੈ ਕਿ ਕੇਂਦਰ ਸਰਕਾਰ ਕਿਸੇ ਵੀ ਹਾਲਾਤ ’ਚ ਕਿਸਾਨਾਂ ਨੂੰ ਮੁਆਵਜ਼ਾ ਤੱਕ ਦੇਣ ਨੂੰ ਤਿਆਰ ਹੋ ਜਾਂਦੀ ਹੈ ਪਰ ਹੌਜ਼ਰੀ ਅਤੇ ਗਾਰਮੈਂਟ ਨਾਲ ਜੁੜੇ ਵਪਾਰੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾਂਦੀ। ਹੁਣ ਤੱਕ ਇਸ ਉਦਯੋਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਕੇਂਦਰੀ ਇੰਡਸਟਰੀ ਮੰਤਰੀ ਨੇ ਕਦੇ ਵੀ ਵਪਾਰੀਆਂ ਨਾਲ ਮੀਟਿੰਗ ਕਰ ਕੇ ਇਸ ਦੀ ਸਾਰ ਨਹੀਂ ਲਈ।
-ਰਾਜੇਸ਼ ਢਾਂਡਾ, ਮੁਖੀ ਹੌਜ਼ਰੀ ਐਕਸਪੋਰਟਰ

 ਕੁਆਲਿਟੀ ਕਾਰਨ ਚਾਈਨਾ ਦੇ ਉਤਪਾਦਨ ਸਥਾਨਕ ਵਪਾਰੀਆਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ। ਰੇਟ ਘੱਟ ਹੋਣ ਕਾਰਨ ਵੀ ਇਨ੍ਹਾਂ ਦੀ ਮੰਗ ਜ਼ਿਆਦਾ ਹੈ। ਹਾਲਾਂਕਿ ਸਥਾਨਕ ਮਿੱਲਾਂ ਇਨ੍ਹਾਂ ਧਾਗਿਆਂ ਦਾ ਮੁਕਾਬਲਾ ਕਰਨ ਲਈ ਟਿੱਲ ਦਾ ਜ਼ੋਰ ਲਾ ਰਹੀਆਂ ਹਨ ਪਰ ਕੱਚੇ ਮਾਲ ਤੋਂ ਲੈ ਕੇ ਤਿਆਰ ਮਾਲ ਤੱਕ ਲਾਗਤ ਜ਼ਿਆਦਾ ਹੋਣ ਕਾਰਨ ਇਹ ਲੋਕ ਸਫਲ ਨਹੀਂ ਹੋ ਰਹੇ। ਵਧ ਰਹੀ ਮਹਿੰਗਾਈ ਕਾਰਨ ਕਾਰੋਬਾਰ ਕਰਨਾ ਆਏ ਦਿਨ ਮੁਸ਼ਕਲ ਹੋ ਰਿਹਾ ਹੈ।
-ਵਿਪਨ ਵਿਨਾਇਕ, ਚੇਅਰਮੈਨ ਨਿਟ ਐਂਡ ਫੈਬ ਐਸੋਸੀਏਸ਼ਨ

 ਯੂਰਪ ਨੇ ਬੰਗਲਾ ਦੇਸ਼, ਪਾਕਿਸਤਾਨ ਸਮੇਤ ਕੁਝ ਅੰਡਰ ਡਿਵੈੱਲਪਮੈਂਟ ਕੰਟਰੀ ਦੇ ਸਾਮਾਨ ’ਤੇ ਐਕਸਪੋਰਟ ਡਿਊਟੀ ਨਾਮਾਤਰ ਕਰ ਦਿੱਤੀ ਹੈ, ਜਦੋਂਕਿ ਭਾਰਤ ਦੇ ਸਾਮਾਨ ’ਤੇ ਇਹ ਕਾਫੀ ਜ਼ਿਆਦਾ ਹੈ। ਇਸ ਲਈ ਜੇਕਰ ਸਾਡੇ ਉਤਪਾਦਨ ਦੀਆਂ ਲਾਗਤ ਕੀਮਤਾਂ ਘੱਟ ਕੀਤੀਆਂ ਜਾਂਦੀਆਂ ਹਨ ਤਾਂ ਹੀ ਇਨ੍ਹਾਂ ਦੇਸ਼ਾਂ ਦਾ ਮੁਕਾਬਲਾ ਕਰ ਸਕਾਂਗੇ। ਉੱਪਰੋਂ, ਬੰਗਲਾ ਦੇਸ਼ ਤੋਂ ਗਾਰਮੈਂਟ ਦੀ ਐਕਸਪੋਰਟ ਦਿਨ-ਬ-ਦਿਨ ਵਧ ਰਹੀ ਹੈ ਅਤੇ ਲੁਧਿਆਣਾ ਤੋਂ ਇਹ ਕਾਰੋਬਾਰ ਹੋਰਨਾਂ ਸ਼ਹਿਰਾਂ ’ਚ ਸ਼ਿਫਟ ਹੋ ਰਿਹਾ ਹੈ।
-ਮੁਨੀਸ਼ ਜੈਨ, ਕੱਪੜਾ ਸਪਲਾਇਰ

  ਚਾਈਨਾ ’ਚ ਯਾਰਨ ਅਤੇ ਗਾਰਮੈਂਟ ’ਤੇ ਸਰਕਾਰ ਵੱਲੋਂ ਕਾਫੀ ਘੱਟ ਟੈਕਸ ਲਿਆ ਜਾਂਦਾ ਹੈ, ਜਦੋਂਕਿ ਸਾਡੇ ਇਥੇ ਜੀ. ਐੱਸ. ਟੀ. ਤੋਂ ਇਲਾਵਾ ਹੋਰ ਲਾਗਤਾਂ ਮਹਿੰਗੀਆਂ ਹਨ। ਇਹੀ ਕਾਰਨ ਹੈ ਕਿ ਚਾਈਨਾ ਤੋਂ ਆਉਣ ਵਾਲਾ ਉਤਪਾਦਨ ਸਸਤਾ ਮਿਲਦਾ ਹੈ ਅਤੇ ਸਥਾਨਕ ਉਤਪਾਦ ਮਹਿੰਗੇ ਹਨ। ਸਰਕਾਰ ਨੂੰ ਸਥਾਨਕ ਬਾਜ਼ਾਰ ਨੂੰ ਬਚਾਉਣ ਲਈ ਨੀਤੀਆਂ ’ਚ ਬਦਲਾਅ ਕਰਨਾ ਹੈ ਅਤੇ ਵਪਾਰੀਆਂ ਨਾਲ ਸਮੇਂ-ਸਮੇਂ ’ਤੇ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਜਾਣਨਾ ਜ਼ਰੂਰੀ ਹੈ।
-ਚੰਦਰ ਜੈਨ, ਗਾਰਮੈਂਟ ਐਕਸਪੋਰਟਰ

 ਚਾਈਨਾ ਅਤੇ ਸਥਾਨਕ ਉਤਪਾਦਾਂ ਦੇ ਰੇਟਾਂ ’ਚ ਫਰਕ ਘੱਟ ਹੈ ਪਰ ਕੁਆਲਿਟੀ ਚਾਈਨਾ ਦੀ ਵਧੀਆ ਹੈ, ਜਿਸ ਕਾਰਨ ਵਪਾਰੀਆਂ ਦਾ ਝੁਕਾਅ ਇਸ ਵੱਲ ਰਹਿੰਦਾ ਹੈ। ਲੋਕਲ ਮਾਰਕੀਟ ’ਚ ਕੱਚੇ ਮਾਲ ਤੋਂ ਲੈ ਕੇ ਮਾਲ ਤਿਆਰ ਕਰਨ ਤੱਕ ਦੀਆਂ ਕੀਮਤਾਂ ਚਾਈਨਾਂ ਤੋਂ ਕਿਤੇ ਵੱਧ ਹਨ ਪਰ ਕੁਆਲਿਟੀ ਅਤੇ ਫਿਨਿਸ਼ਿੰਗ ’ਚ ਵੀ ਕਮੀ ਰਹਿ ਜਾਂਦੀ ਹੈ। ਹਾਲਤ ਇਹ ਹੈ ਕਿ ਕਈ ਕੱਪੜਾ ਬਣਾਉਣ ਵਾਲੇ ਯੂਨਿਟ ਬੰਦ ਹੋਣ ਕੰਢੇ ਹਨ।
-ਇੰਦਰਪਾਲ ਜੈਨ, ਗਾਰਮੈਂਟ ਕਾਰੋਬਾਰੀ
 
ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਲਈ ਧਾਗਾ ਉਦਪਾਦਕਾਂ ਅਤੇ ਕੱਪੜਾ ਉਤਪਾਦਕਾਂ ਨੂੰ ਸਹੂਲਤਾਂ ਦੇਵੇ। ਬਿਜਲੀ ਦੇ ਰੇਟ ਘੱਟ ਕਰੇ, ਇੰਸਪੈਕਟਰੀ ਰਾਜ ਖਤਮ ਕਰੇ, ਬੈਂਕਿੰਗ ਦੀਆਂ ਵਿਆਜ ਦਰਾਂ ਘੱਟ ਕਰੇ ਤਾਂਕਿ ਵਪਾਰੀ ਦੂਜੇ ਦੇਸ਼ਾਂ ਨਾਲ ਮੁਕਾਬਲਾ ਕਰ ਸਕਣ। ਸਥਾਨਕ ਉਪਾਦਕਾਂ ਦੀ ਕੁਆਲਿਟੀ ਅਤੇ ਫਿਨਿਸ਼ਿੰਗ ਵਧਾਉਣ ਲਈ ਲੈਬ ਅਤੇ ਸਿੱਖਿਅਤ ਲੋਕਾਂ ਨੂੰ ਉਤਸ਼ਾਹਿਤ ਕਰੇ, ਜੋ ਸਮੇਂ-ਸਮੇਂ ’ਤੇ ਆਪਣੇ ਉਤਪਾਦਾਂ ਦੀ ਕੁਆਲਿਟੀ ਨੂੰ ਵਧੀਆ ਬਣਾਉਣ ਲਈ ਕੰਮ ਕਰੇ। ਇਸ ਲਈ ਟ੍ਰੇਨਿੰਗ ਸੈਂਟਰ ਸਥਾਪਤ ਕਰ ਕੇ ਲੋਕਾਂ ਨੂੰ ਟ੍ਰੇਨਿੰਗ ਦੇਵੇ।
-ਨੀਰਜ ਆਹੂਜਾ, ਪ੍ਰਧਾਨ ਗਾਂਧੀ ਨਗਰ ਮਾਰਕੀਟ ਐਸੋਸੀਏਸ਼ਨ

 ਹੌਜ਼ਰੀ ਅਤੇ ਗਾਰਮੈਂਟ ਇੰਡਸਟਰੀ ਦੀ ਦੇਸ਼ ਦੀ ਆਰਥਿਕ ਵਿਵਸਥਾ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਹੈ। ਪਹਿਲਾਂ ਹੀ ਵਿਸ਼ਵ ’ਚ ਆਰਥਿਕ ਨਰਮੀ ਅਤੇ ਮਹਿੰਗਾਈ ਕਾਰਨ ਦਰਾਮਦ ਅਤੇ ਬਰਾਮਦ ਕਾਫੀ ਥੱਲੇ ਡਿੱਗ ਰਹੀ ਹੈ, ਜਿਸ ਦਾ ਅਸਰ ਇੰਡਸਟਰੀ ’ਤੇ ਵੀ ਸਾਫ ਦਿਖਾਈ ਦੇਣ ਲੱਗਾ ਹੈ। ਸਮਾਂ ਰਹਿੰਦੇ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਕਾਰਨ ਮੀਡੀਅਮ ਇੰਸਡਟਰੀ ਇਸ ਦਾ ਮੁਕਾਬਲਾ ਨਹੀਂ ਕਰ ਪਾ ਰਹੀ।
-ਵਰਿੰਦਰ ਭਨੋਟ, ਹੌਜ਼ਰੀ ਕਾਰੋਬਾਰੀ

 ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਵਪਾਰ ਪਹਿਲਾਂ ਹੀ ਮੰਦੇ ਦੀ ਮਾਰ ਝੱਲ ਰਿਹਾ ਹੈ। ਕਈ ਵੱਡੇ ਯੂਨੀਟ ਪਹਿਲਾਂ ਹੀ ਪੰਜਾਬ ਤੋਂ ਸ਼ਿਫਟ ਹੋ ਚੁੱਕੇ ਹਨ। ਉੱਪਰੋਂ ਚਾਈਨਾ ਦੇ ਉਤਪਾਦਨਾਂ ਨੇ ਇਸ ਕਾਰੋਬਾਰ ਨਾਲ ਜੁੜੇ ਹਰ ਉਤਪਾਦਨ ’ਤੇ ਆਪਣੀ ਪਕੜ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੂੰ ਪਹਿਲ ਦੇ ਆਧਾਰ ’ਤੇ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂਕਿ ਧਾਗੇ ਅਤੇ ਗਾਰਮੈਂਟ ਇੰਡਸਟਰੀ ਨੂੰ ਬਚਾਇਆ ਜਾ ਸਕੇ।
-ਸੁਨੀਲ ਮਹਿਰਾ, ਪ੍ਰਧਾਨ ਪੰਜਾਬ ਵਪਾਰ ਮੰਡਲ

Manoj

This news is Content Editor Manoj