ਮੰਗਾਂ ਸਬੰਧੀ ਗੱਲਾ ਮਜ਼ਦੂਰ ਯੂਨੀਅਨ ਨੇ ਮਾਰਕੀਟ ਕਮੇਟੀ ਦਫਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ

09/17/2018 4:56:29 AM

 ਕੋਟਕਪੂਰਾ, (ਨਰਿੰਦਰ)- ਗੱਲਾ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਸਬੰਧੀ ਮਾਰਕੀਟ ਕਮੇਟੀ ਦਫਤਰ, ਕੋਟਕਪੂਰਾ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ  ਯੂਨੀਅਨ ਦੇ ਪ੍ਰਧਾਨ ਮੁਕੰਦ ਸਿੰਘ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਮਜ਼ਦੂਰ ਵੱਧ ਰਹੀ ਮਹਿੰਗਾਈ ਕਾਰਨ ਗਰੀਬੀ ਰੇਖਾ ਤੋਂ ਹੋਰ ਹੇਠਾਂ ਆ ਰਿਹਾ ਹੈ, ਜਿਸ ਕਾਰਨ ਮਜ਼ਦੂਰ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ, ਸਿਹਤ ਸਹੂਲਤਾਂ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਸਹੀ ਤਰੀਕੇ ਨਾਲ ਨਹੀਂ ਕਰ ਸਕਦਾ। 
ਉਨ੍ਹਾਂ ਕਿਹਾ ਕਿ ਸਰਕਾਰ ਨੇ ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਵਿਚ ਨਾ-ਮਾਤਰ ਵਾਧਾ ਕਰ ਕੇ ਗਰੀਬ ਮਾਰੂ ਨੀਤੀ ਅਪਣਾਈ ਹੈ। ਉਨਾਂ ਮੰਗ ਕੀਤੀ ਕਿ ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਵਿਚ 25 ਫੀਸਦੀ ਵਾਧਾ ਕੀਤਾ ਜਾਵੇ, ਤੇਲ ਜਾਂ ਬਿਜਲੀ ਦੀ ਖਪਤ ਮਜ਼ਦੂਰ ਤੋਂ ਨਾ ਲਈ ਜਾਵੇ, ਈ. ਪੀ. ਐੱਫ. ਫੰਡ ਲਾਗੂ ਕੀਤਾ ਜਾਵੇ ਤਾਂ ਜੋ ਗਰੀਬ ਮਜ਼ਦੂਰ ਆਪਣਾ ਬੁਢਾਪਾ ਆਸਾਨੀ ਨਾਲ ਬਤੀਤ ਕਰ ਸਕਣ, ਕਿਸਾਨਾਂ ਵੱਲੋਂ ਮੰਡੀਆਂ ਵਿਚ ਲਿਆਂਦੀ ਗਿੱਲੀ ਫਸਲ ਦੀ ਸੁਕਾਈ ਦਾ ਰੇਟ ਲਾਗੂ ਕੀਤਾ ਜਾਵੇ। 
ਇਸ ਸਮੇਂ ਆਗੂਅਾਂ ਨੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ-ਪੱਤਰ ਜ਼ਿਲਾ ਮੰਡੀ ਅਫਸਰ ਕੁਲਬੀਰ ਸਿੰਘ ਮੱਤਾ ਨੂੰ ਦਿੱਤਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਸਡ਼ਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਦੌਰਾਨ ਮੀਤ ਪ੍ਰਧਾਨ ਰਾਣਾ ਸਿੰਘ, ਖਜ਼ਾਨਚੀ ਗੁਰਤੇਜ ਸਿੰਘ ਬਿੱਟੂ, ਸਰਬਜੀਤ ਸਿੰਘ, ਕ੍ਰਿਸ਼ਨ ਸਿੰਘ, ਲਾਲੀ ਸਿੰਘ, ਅਮਰਜੀਤ ਸਿੰਘ, ਭੋਲਾ ਸਿੰਘ, ਬਿੰਦਰ ਸਿੰਘ ਆਦਿ ਹਾਜ਼ਰ ਸਨ।