ਵੋਮੈਨ ਸੈੱਲ ''ਚ ਪਤਨੀ ਵਲੋਂ ਕੀਤੀ ਸ਼ਿਕਾਇਤ ਦੀ ਜਵਾਬਦੇਹੀ ਲਈ ਆਏ ਪਤੀ ਦੀ ਮੌਤ

08/27/2020 12:11:11 PM

ਫ਼ਰੀਦਕੋਟ (ਰਾਜਨ): ਸਥਾਨਕ ਪੁਲਸ ਵਿਭਾਗ ਦੇ ਵੋਮੈਨ ਸੈੱਲ ਵਿਚ ਪਤੀ-ਪਤਨੀ ਦੇ ਘਰੇਲੂ ਕਲੇਸ਼ ਦੇ ਚੱਲਦਿਆਂ ਪਤਨੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਨਿਪਟਾਰੇ ਲਈ ਆਏ ਪਤੀ ਦੀ ਦਫਤਰ ਦੇ ਬਾਹਰ ਹੀ ਕਿਸੇ ਗੱਲੋਂ ਹੋਈ ਤਕਰਾਰ ਦੌਰਾਨ ਘਬਰਾਹਟ ਮਹਿਸੂਸ ਕਰਨ ਉਪਰੰਤ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਤੇ ਸਥਾਨਕ ਥਾਣਾ ਸਿਟੀ ਵਿਖੇ ਮ੍ਰਿਤਕ ਦੀ ਪਤਨੀ ਸਮੇਤ ਚਾਰ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਇਹ ਮੁਕੱਦਮਾ ਬਲਜੀਤ ਕੌਰ ਪਤਨੀ ਕਿੱਕਰ ਸਿੰਘ ਪੁੱਤਰ ਸਵ. ਭਾਗ ਸਿੰਘ ਵਾਸੀ ਆਲਮਗੜ੍ਹ ਥਾਣਾ ਅਬੋਹਰ ਦੇ ਇਨ੍ਹਾਂ ਬਿਆਨਾਂ 'ਤੇ ਕਿ ਕੋਈ ਬੱਚਾ ਨਾ ਹੋਂਣ ਦੀ ਸੂਰਤ ਵਿਚ ਉਸਦੇ ਪਤੀ ਕਿੱਕਰ ਸਿੰਘ ਦਾ ਵਿਆਹ ਰਾਜਬੀਰ ਕੌਰ ਪੁੱਤਰੀ ਅਜਮੇਰ ਸਿੰਘ ਵਾਸੀ ਪਿੰਡ ਰਣ ਸਿੰਘ ਵਾਲਾ ਨਾਲ ਹੋਇਆ ਸੀ। ਬਿਆਨ ਕਰਤਾ ਅਨੁਸਾਰ ਕਿੱਕਰ ਸਿੰਘ ਨਾਲ ਰਾਜਬੀਰ ਕੌਰ ਦਾ ਅਕਸਰ ਲੜਾਈ ਝਗੜਾ ਰਹਿੰਦਾ ਸੀ ਅਤੇ ਉਸਨੇ ਇਸ ਝਗੜੇ ਕਾਰਣ ਫਰੀਦਕੋਟ ਵੋਮੈਨ ਸੈੱਲ ਵਿਖੇ ਇਕ ਦਰਖਾਸਤ ਦਿੱਤੀ ਸੀ ਜਿਸ ਸਬੰਧੀ ਬੁਲਾਏ ਜਾਣ 'ਤੇ ਕਿੱਕਰ ਸਿੰਘ ਆਪਣੇ ਪਰਿਵਾਰ ਸਮੇਤ ਵੋਮੈਨ ਸੈੱਲ ਫਰੀਦਕੋਟ ਵਿਖੇ ਆਇਆ ਹੋਇਆ ਸੀ।

ਬਿਆਨ ਕਰਤਾ ਅਨੁਸਾਰ ਜਦੋਂ ਕਿੱਕਰ ਸਿੰਘ ਵੋਮੈਨ ਸੈੱਲ ਦਫਤਰ ਦੇ ਬਾਹਰ ਬੈਠਾ ਹੋਇਆ ਸੀ ਤਾਂ ਉਸਦੀ ਦਸਖਾਸਤ ਕਰਤਾ ਪਤਨੀ ਰਾਜਬੀਰ ਕੌਰ ਆਪਣੇ ਪਰਿਵਾਰਕ ਮੈਂਬਰਾਂ ਬਲਵਿੰਦਰ ਸਿੰਘ, ਅਜਮੇਰ ਸਿੰਘ ਅਤੇ ਬਲਜਿੰਦਰ ਸਿੰਘ ਸਮੇਤ ਆਈ ਅਤੇ ਕਿੱਕਰ ਸਿੰਘ ਨਾਲ ਹੋਈ ਤਕਰਾਰ ਮੌਕੇ ਮੇਹਣੇਂ ਮਾਰਣੇ ਸ਼ੁਰੂ ਕਰ ਦਿੱਤੇ। ਬਿਆਨ ਕਰਤਾ ਅਨੁਸਾਰ ਜਦੋਂ ਇਹ ਸਾਰੇ ਕਿੱਕਰ ਸਿੰਘ ਨੂੰ ਧਮਕੀਆਂ ਦੇਣ ਲੱਗ ਪਏ ਤਾਂ ਕਿੱਕਰ ਸਿੰਘ ਨੂੰ ਅਚਾਨਕ ਘਬਰਾਹਟ ਮਹਿਸੂਸ ਹੋਈ ਅਤੇ ਜਦੋਂ ਉਸਨੂੰ ਤੁਰੰਤ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਉਸਦੀ ਮੌਤ ਹੋ ਗਈ। ਇਸ ਘਟਨਾਂ 'ਤੇ ਰਾਜਬੀਰ ਕੌਰ ਅਤੇ ਉਸਦੇ ਉਕਤ ਤਿੰਨ ਹੋਰ ਪਰਿਵਾਰਕ ਮੈਂਬਰਾਂ 'ਤੇ ਮੁਕੱਦਮਾ ਦਰਜ ਕਰਨ ਉਪਰੰਤ ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।


Shyna

Content Editor

Related News