ਔਰਤ ਨੇ ਗਲਤੀ ਨਾਲ ਨਿਗਲੀ ਜ਼ਹਿਰੀਲੀ ਦਵਾਈ, ਮੌਤ

02/15/2020 8:00:57 PM

ਸਮਾਣਾ,(ਦਰਦ)- ਬੀਮਾਰੀ ਤੋਂ ਪੀੜ੍ਹਤ ਇਕ ਸਥਾਨਕ ਔਰਤ ਵੱਲੋਂ ਆਪਣੀ ਦਵਾਈ ਦੀ ਜਗ੍ਹਾ ਤੇ ਗਲਤੀ ਨਾਲ ਘਰ ਵਿਚ ਪਈ ਕੌਈ ਜ਼ਹਿਰੀਲੀ ਦਵਾਈ ਨਿਗਲਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਸਿਟੀ ਪੁਲਸ ਦੇ ਜਾਂਚ ਅਧਿਕਾਰੀ ਹੈਡ ਕਾਂਸਟੇਬਲ ਧਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਜਿੰਦਰ ਕੌਰ ਦੇ ਪਤੀ ਗੁਰਮੁੱਖ ਸਿੰਘ ਨਿਵਾਸੀ ਅਮਨ ਕਲੋਨੀ ਸਮਾਣਾ ਵੱਲੋਂ ਸਿਟੀ ਪੁਲਸ ਨੂੰ ਦਰਜ਼ ਕਰਵਾਏ ਬਿਆਨਾਂ ਅਨੁਸਾਰ ਉਸ ਦੀ ਪਤਨੀ ਬਲਜਿੰਦਰ ਕੌਰ (45) ਡਿਸਕ ਦੀ ਬਿਮਾਰੀ ਤੋਂ ਪੀੜ੍ਹਤ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਸ਼ੁਕਰਵਾਰ ਸ਼ਾਮ ਤਕਲੀਫ ਹੋਣ ਵੇਲੇ ਉਹ ਆਪਣੀ ਦਵਾਈ ਦੀ ਜਗ੍ਹਾ ਗਲਤੀ ਨਾਲ ਘਰ ਵਿਚ ਪਈ ਇਕ ਜ਼ਹਿਰੀਲੀ ਦਵਾਈ ਨਿਗਲ ਗਈ। ਹਾਲਤ ਵਿਗੜਣ ਤੋਂ ਬਾਅਦ ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਔਰਤ ਦੀ ਨਾਜੁਕ ਹਾਲਤ ਨੂੰ ਵੇਖਦਿਆਂ ਪਟਿਆਲਾ ਰੈਫਰ ਕਰ ਦਿੱਤਾ। ਰਾਤ ਸਮੇਂ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਗੁਰਮੁੱਖ ਸਿੰਘ ਦੇ ਅਨੁਸਾਰ ਘਰ ਵਿਚ ਉਹ ਦੋਵੇਂ ਪਤੀ ਪਤਨੀ ਹੀ ਰਹਿੰਦੇ ਸਨ । ਉਨ੍ਹਾਂ ਦੀ ਬੇਟੀ ਦਾ ਵਿਆਹ ਹੋ ਚੁੱਕਿਆ ਹੈ ਅਤੇ ਦੋਵੇਂ ਬੇਟੇ ਵਿਦੇਸ਼ ਵਿਚ ਹਨ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਸਾ ਹਵਾਲੇ ਕਰ ਦਿੱਤੀ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Bharat Thapa

Content Editor

Related News