ਹੰਦਵਾੜਾ ਮੁਕਾਬਲੇ ਦੇ ਸ਼ਹੀਦ ਸੈਨਿਕ ਦੇ ਪਰਿਵਾਰ ਨਾਲ ਡਾ. ਭਾਰਗਵ ਨੇ ਕੀਤਾ ਦੁੱਖ ਸਾਂਝਾ

05/04/2020 7:32:18 PM

ਮਾਨਸਾ,(ਸੰਦੀਪ ਮਿੱਤਲ)- ਹੰਦਵਾੜਾ ਵਿਖੇ ਅੱਤਵਾਦੀਆਂ ਨਾਲ ਲੋਹਾ ਲੈ ਕੇ ਵੀਰਗਤੀ ਪ੍ਰਾਪਤ ਕਰਨ ਵਾਲੇ ਮਹਾਨ ਸ਼ਹੀਦ ਨਾਇਕ ਰਾਜੇਸ਼ ਕੁਮਾਰ ਦੇ ਜੱਦੀ ਪਿੰਡ ਰਾਜਰਾਣਾ ਵਿਖੇ ਜ਼ਿਲਾ ਪੁਲਸ ਮੁਖੀ ਡਾ.ਨਰਿੰਦਰ ਭਾਰਗਵ ਨੇ ਖੁਦ ਪਹੁੰਚ ਕੇ ਸ਼ਹੀਦ ਸੈਨਿਕ ਵੀਰ ਦੇ ਸ਼ੋਕ—ਗ੍ਰਸਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਿਸ 'ਚ ਸ਼ਹੀਦ ਦਾ ਪਿਤਾ ਰਾਮ ਸਿੰਘ, ਮਾਤਾ ਵਿਦਾਸੀ ਦੇਵੀ, ਭਰਾ ਸੁਭਾਸ਼ ਕੁਮਾਰ, ਦੇਵੀ ਲਾਲ ਅਤੇ 2 ਸ਼ਾਦੀਸ਼ੁਦਾ ਭੈਣਾਂ ਸ਼ਾਮਲ ਸਨ। ਉਨ੍ਹਾਂ ਪੂਰੇ ਪਰਿਵਾਰ ਨੂੰ ਦਿਲਾਸਾ ਦਿੱਤਾ ਕਿ ਉਨ੍ਹਾਂ ਦੇ ਪੁੱਤਰ ਨੇ ਐਨੀ ਵੱਡੀ ਕੁਰਬਾਨੀ ਦਿੱਤੀ ਹੈ ਜਿਸ ਤੇ ਅੱਜ ਪੂਰੇ ਪਿੰਡ, ਜ਼ਿਲੇ, ਰਾਜ ਅਤੇ ਦੇਸ਼ ਨੂੰ ਮਾਣ ਹੈ। ਐਸ.ਐਸ.ਪੀ. ਮਾਨਸਾ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿਹਾ ਕਿ ਮਾਨਸਾ ਪੁਲਸ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਹਰ ਦੁੱਖ ਤਕਲੀਫ ਦੂਰ ਕਰਨ ਲਈ ਹਮੇਸ਼ਾ ਵਚਨਬੱਧ ਰਹੇਗੀ। ਉਨ੍ਹਾਂ ਕਿਹਾ ਕਿ ਇਸ ਸ਼ਹੀਦ ਦੀ ਸ਼ਹਾਦਤ ਲਾਸਾਨੀ ਹੈ ਅਤੇ ਇਹ ਦੇਸ਼ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਸਾਨੂੰ ਅਜਿਹੇ ਯੋਧਿਆਂ ਤੇ ਹਮੇਸ਼ਾ ਮਾਣ ਹੈ। ਦੱਸਣਯੋਗ ਹੈ ਕਿ ਪੰਜਾਬ ਦਾ ਇਹ ਵੀਰ ਨਾਇਕ ਰਾਜੇਸ਼ ਕੁਮਾਰ ਜੋ 21—ਰਾਸ਼ਟਰੀ ਰਾਈਫਲਜ਼ ਵਿਚ ਸੇਵਾਵਾਂ ਨਿਭਾ ਰਿਹਾ ਸੀ। ਦੱਸਣਯੋਗ ਹੈ ਕਿ ਸ਼ਹੀਦ ਨਾਇਕ ਰਾਜੇਸ਼ ਕੁਮਾਰ ਸਾਲ—2010 ਵਿਚ ਫੌਜ 'ਚ ਭਰਤੀ ਹੋਇਆ ਸੀ ਅਤੇ 29 ਸਾਲ ਦੀ ਭਰ ਜਵਾਨੀ 'ਚ ਉਸਨੇ ਆਪਣੀ ਕੀਮਤੀ ਜਾਨ ਦੇਸ਼ ਦੇ ਲੇਖੇ ਲਗਾ ਦਿੱਤੀ।


Bharat Thapa

Content Editor

Related News