ਜਾਅਲੀ ਹਸਤਾਖਰ ਕਰ ਕੇ ਪਤਨੀ ਨੇ ਕਢਵਾਏ ਐੱਲ. ਆਈ. ਸੀ. ਦੇ ਰੁਪਏ, ਕੇਸ ਦਰਜ

12/13/2018 6:07:43 AM

ਲੁਧਿਆਣਾ, (ਰਿਸ਼ੀ)- ਵਪਾਰੀ ਦੇ ਜਾਅਲੀ ਹਸਤਾਖਰ ਕਰ ਕੇ ਪਤਨੀ ਨੇ ਉਸਦੀ ਐੱਲ. ਆਈ. ਸੀ. ਦੀਆਂ ਸਾਰੀਆਂ ਪਾਲਿਸੀਆਂ ਦੇ ਲੱਖਾਂ ਰੁਪਏ ਕੱਢਵਾ ਲਏ। ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਸ ਨੇ ਤਜਿੰਦਰਪਾਲ ਸਿੰਘ ਵਾਸੀ ਪਾਸੀ ਨਗਰ ਦੀ ਸ਼ਿਕਾਇਤ ’ਤੇ ਪਤਨੀ ਜਸਪਾਲ ਕੌਰ ਵਾਸੀ ਬੀ. ਆਰ. ਐੱਸ. ਨਗਰ ਖਿਲਾਫ ਧੋਖਾਦੇਹੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਕਪਿਲ ਕੁਮਾਰ ਅਨੁਸਾਰ ਪੁਲਸ ਨੂੰ 9 ਅਕਤੂਬਰ 2018 ਨੂੰ ਦਿੱਤੀ ਸ਼ਿਕਾਇਤ ਵਿਚ ਪੀਡ਼ਤ ਨੇ ਦੱਸਿਆ ਕਿ ਉਸਦਾ ਵਿਆਹ ਜਸਪਾਲ ਕੌਰ ਨਾਲ ਸਾਲ 2000 ਵਿਚ ਹੋਇਆ ਸੀ। ਉਸਦੇ ਦੋ ਬੇਟੀਆਂ ਹਨ ਅਤੇ ਕੰਪਿਊਟਰ ਹਾਰਡਵੇਅਰ ਦੀ ਮਾਡਲ ਟਾਊਨ ਵਿਚ ਦੁਕਾਨ ਸੀ। 16 ਅਗਸਤ 2014 ਨੂੰ ਕੰਮ  ਕਾਰਨ ਉਹ ਚਾਈਨਾ ਚਲਾ ਗਿਆ, ਜਿਸ  ਤੋਂ ਬਾਅਦ ਕਦੇ ਉਹ ਭਾਰਤ ਆਉਂਦਾ ਅਤੇ ਫਿਰ ਚਲਾ ਜਾਂਦਾ। ਵਪਾਰੀ ਅਨੁਸਾਰ ਪਿੱਛਿਓਂ ਉਸਦੀ ਪਤਨੀ ਨੇ ਦੁਕਾਨ ਵਿਚ ਪਏ ਲੱਖਾਂ ਦੇ ਸਾਮਾਨ ਨੂੰ ਖੁਰਦ-ਬੁਰਦ ਕਰਨ ਦੇ ਨਾਲ-ਨਾਲ 17 ਲੱਖ ਦੀ ਕੀਮਤ ਦੀਅਾਂ ਐੱਲ. ਆਈ. ਸੀ. ਦੀਆਂ ਸਾਰੀਆਂ ਪਾਲਿਸੀਆਂ ’ਤੇ ਉਸਦੇ ਜਾਅਲੀ ਹਸਤਾਖਰ ਕਰ ਕੇ ਪੈਸੇ ਕੱਢਵਾ ਲਏ। ਜਸਪਾਲ  ਕੌਰ ਉਸਦੇ ਹਸਤਾਖਰ ਕਰ ਕੇ ਪਹਿਲਾਂ ਵੀ ਉਸਦੀ ਫਾਰਚੂਨਰ ਕਾਰ ਵੇਚ ਚੁੱਕੀ ਹੈ, ਜਿਸ ਮਾਮਲੇ ਵਿਚ ਉਸ ਦੇ ਖਿਲਾਫ ਥਾਣਾ ਡਵੀਜ਼ਨ ਨੰ. 5 ਵਿਚ ਪਹਿਲਾਂ ਹੀ ਕੇਸ ਦਰਜ ਹੋ ਚੁੱਕਾ ਹੈ।