ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਪਤਨੀ ਦੀ ਮੌਤ, ਪਤੀ ਗੰਭੀਰ ਜ਼ਖਮੀ

03/02/2022 10:11:43 AM

ਭਵਾਨੀਗੜ੍ਹ (ਵਿਕਾਸ) : ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪਿੰਡ ਬਾਲਦ ਕਲਾਂ ਨੇੜੇ ਮੋਟਰਸਾਈਕਲ ’ਤੇ ਜਾ ਰਹੇ ਪਤੀ-ਪਤਨੀ ਨੂੰ ਇਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ’ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਇਲਾਜ ਦੌਰਾਨ ਪਤਨੀ ਦੀ ਮੌਤ ਹੋ ਗਈ। ਪੁਲਸ ਨੇ ਹਾਦਸੇ ਸਬੰਧੀ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਜਗਪ੍ਰੀਤ ਪੁੱਤਰ ਗੁਰਮੇਲ ਸਿੰਘ ਵਾਸੀ ਲਲੌਛੀ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਭਰਾ ਗੁਰਪ੍ਰੀਤ ਸਿੰਘ ਤੇ ਭਰਜਾਈ ਨਮਿੰਦਰ ਕੌਰ ਆਪਣੇ ਮੋਟਰਸਾਈਕਲ ’ਤੇ ਭਵਾਨੀਗੜ੍ਹ ਤੋਂ ਲਲੌਛੀ ਨੂੰ ਜਾ ਰਹੇ ਸੀ ਤੇ ਉਹ ਵੀ ਆਪਣੇ ਮੋਟਰਸਾਈਕਲ ’ਤੇ ਉਨ੍ਹਾਂ ਨਾਲ ਜਾ ਰਿਹਾ ਸੀ।

ਇਹ ਵੀ ਪੜ੍ਹੋ : ਮੋਗਾ ’ਚ ਅਗਵਾ ਕੀਤੀ ਗਈ ਕੁੜੀ ਦੇ ਮਾਮਲੇ ’ਚ ਵੱਡਾ ਖੁਲਾਸਾ, ਸਾਹਮਣੇ ਆਇਆ ਹੈਰਾਨ ਕਰਦਾ ਸੱਚ

ਜਗਪ੍ਰੀਤ ਨੇ ਦੱਸਿਆ ਕਿ ਬਾਲਦ ਪਿੰਡ ਨੇੜੇ ਹਨੀ ਢਾਬੇ ਤੋਂ ਥੋੜਾ ਅੱਗੇ ਪਹੁੰਚੇ ਤਾਂ ਤੇਜ਼ ਰਫ਼ਤਾਰ ਸਵਿੱਫਟ ਕਾਰ ਦੇ ਚਾਲਕ ਨੇ ਬੜੀ ਲਾਪ੍ਰਵਾਹੀ ਨਾਲ ਆਪਣੀ ਕਾਰ ਉਸਦੇ ਭਰਾ ਦੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਨਾਲ ਉਸਦਾ ਭਰਾ ਭਰਜਾਈ ਦੋਵੇਂ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ। ਕਾਰ ਦਾ ਚਾਲਕ ਮੌਕੇ ਤੋਂ ਕਾਰ ਸਮੇਤ ਭੱਜ ਗਿਆ। ਹਾਦਸੇ ’ਚ ਗੰਭੀਰ ਜ਼ਖਮੀ ਹੋਏ ਉਸਦੇ ਭਰਾ ਭਰਜਾਈ ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ ਜਿਥੇ ਬੀਤੀ ਰਾਤ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਸਦੀ ਭਰਜਾਈ ਨਮਿੰਦਰ ਕੌਰ ਨੇ ਦਮ ਤੋੜ ਦਿੱਤਾ ਤੇ ਉਸਦਾ ਭਰਾ ਗੁਰਪ੍ਰੀਤ ਸਿੰਘ ਪਟਿਆਲਾ ਵਿਖੇ ਜ਼ੇਰੇ ਇਲਾਜ ਹੈ। ਪੁਲਸ ਨੇ ਜਗਪ੍ਰੀਤ ਸਿੰਘ ਦੇ ਬਿਆਨਾਂ ’ਤੇ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

Anuradha

This news is Content Editor Anuradha